‘ਅੰਗਦਾਨ-ਮਹਾਦਾਨ’ ਕੁਝ ਸ਼ਖਸੀਅਤਾਂ!
Tuesday, Jul 15, 2025 - 07:37 AM (IST)

ਅੰਗਦਾਨ ਦੋ ਤਰ੍ਹਾਂ ਦਾ ਹੁੰਦਾ ਹੈ। ਪਹਿਲੀ ਸਥਿਤੀ ’ਚ ਕੋਈ ਜ਼ਿੰਦਾ ਵਿਅਕਤੀ ਆਪਣੇ ਸਰੀਰ ਦਾ ਕੋਈ ਅੰਗ ਦਾਨ ਕਰਦਾ ਹੈ। ਇਸ ’ਚ ਆਮ ਤੌਰ ’ਤੇ ਜ਼ਿੰਦਾ ਵਿਅਕਤੀ ‘ਕਿਡਨੀ’ ਜਾਂ ‘ਜਿਗਰ’ (ਲਿਵਰ) ਦਾ ਕੁਝ ਹਿੱਸਾ ਦਾਨ ਕਰਦਾ ਹੈ ਕਿਉਂਕਿ ਅੰਗਦਾਨੀ ਇਕ ‘ਕਿਡਨੀ’ ਦੇ ਸਹਾਰੇ ਵੀ ਜ਼ਿੰਦਾ ਰਹਿ ਸਕਦਾ ਹੈ ਅਤੇ ‘ਲਿਵਰ’ ਸਾਡੇ ਸਰੀਰ ਦਾ ਇਕ ਅਜਿਹਾ ਅੰਗ ਹੈ ਜਿਸ ’ਚ ਆਪਣੇ ਆਪ ਵਿਕਸਤ ਹੋਣ ਦੀ ਸਮਰੱਥਾ ਹੁੰਦੀ ਹੈ।
ਦੂਜੀ ਸਥਿਤੀ ’ਚ ਮ੍ਰਿਤਕ ਵਿਅਕਤੀ ਦੇ ਸਭ ਅੰਗ ਦਾਨ ਕੀਤੇ ਜਾ ਸਕਦੇ ਹਨ ਪਰ ਸ਼ਰਤ ਇਹ ਹੈ ਕਿ ਰੋਗੀ ਨੂੰ ਡਾਕਟਰਾਂ ਵਲੋਂ ‘ਬ੍ਰੇਨ ਡੈੱਡ’ ਐਲਾਨਿਆ ਗਿਆ ਹੋਵੇ। ਭਾਰਤ ’ਚ ਹਰ ਸਾਲ ਲਗਭਗ ਡੇਢ ਲੱਖ ਲੋਕ ਹਾਦਸਿਆਂ ਕਾਰਨ ‘ਬ੍ਰੇਨ ਡੈੱਡ’ ਹੋ ਜਾਂਦੇ ਹਨ ਪਰ ਇਨ੍ਹਾਂ ’ਚੋਂ ਬਹੁਤ ਘੱਟ ਮ੍ਰਿਤਕਾਂ ਦੇ ਵੀ ਅੰਗਾਂ ਦਾ ਦਾਨ ਕੀਤਾ ਜਾਂਦਾ ਹੈ।
ਕਈ ਵਾਰ ਕਿਸੇ ਹਾਦਸੇ ’ਚ ਵਿਅਕਤੀ ਦੇ ‘ਬ੍ਰੇਨ ਡੈੱਡ’ ਹੋ ਜਾਣ ’ਤੇ ਉਸ ਦਾ ਬਚਣਾ ਔਖਾ ਹੁੰਦਾ ਹੈ। ਉਦੋਂ ਅਜਿਹੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਦਾਨ ਕੀਤੇ ਉਨ੍ਹਾਂ ਦੇ ਅੰਗ ਮੌਤ ਦੇ ਕੰਢੇ ਪਏ ਕਿਸੇ ਰੋਗੀ ਦਾ ਜੀਵਨ ਬਚਾ ਸਕਦੇ ਹਨ, ਇਸ ਲਈ ‘ਅੰਗਦਨ’ ਨੂੰ ‘ਮਹਾਦਾਨ’ ਕਿਹਾ ਿਗਆ ਹੈ।
ਹਾਦਸਿਆਂ ’ਚ ਵੱਡੀ ਗਿਣਤੀ ’ਚ ਮੌਤਾਂ ‘ਬ੍ਰੇਨ ਡੈੱਥ’ ਦੇ ਕਾਰਨ ਹੁੰਦੀਆਂ ਹਨ। ‘ਬ੍ਰੇਨ ਡੈੱਡ’ ਵਿਅਕਤੀ ਦਾ ਲਿਵਰ ਤਿੰਨ ਵਿਅਕਤੀਆਂ ਦੇ ਕੰਮ ਆ ਸਕਦਾ ਹੈ। ਦਾਨ ਕੀਤੀ ਗਈ ਚਮੜੀ 5 ਸਾਲ ਤੱਕ ਸੁਰੱਖਿਅਤ ਰਹਿੰਦੀ ਹੈ ਅਤੇ ਸੜੇ ਹੋਏ ਵਿਅਕਤੀਆਂ ਦੇ ਕੰਮ ਆ ਸਕਦੀ ਹੈ।
ਹਾਲਾਂਕਿ ਭਾਰਤ ’ਚ ਅੰਗਦਾਨ ਦਾ ਪ੍ਰਚਲਨ ਬਹੁਤ ਘੱਟ ਹੈ ਪਰ ਅਜਿਹੇ ਜਾਗਰੂਕ ਲੋਕ ਵੀ ਇੱਥੇ ਜ਼ਰੂਰ ਮੌਜੂਦ ਹਨ ਜੋ ਆਪਣੇ ਸਵਰਗੀ ਪਿਆਰਿਆਂ ਦੇ ਅੰਗਾਂ ਦਾ ਦਾਨ ਕਰ ਕੇ ਦੂਜਿਆਂ ਨੂੰ ਨਵਾਂ ਜੀਵਨ ਪ੍ਰਦਾਨ ਕਰਦੇ ਹਨ, ਜਿਨ੍ਹਾਂ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ:
* 2 ਫਰਵਰੀ , 2025 ਨੂੰ ‘ਸੂਰਤ’ ਵਿਖੇ ਡਾਕਟਰਾਂ ਵਲੋਂ ‘ਸੋਨਲ ਬੇਨ’ ਨਾਮੀ ਔਰਤ ਨੂੰ ‘ਬ੍ਰੇਨ ਡੈੱਡ’ ਐਲਾਨੇ ਜਾਣ ’ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵਲੋਂ ਉਨ੍ਹਾਂ ਦੇ ਅੰਗ ਦਾਨ ਦਾ ਫੈਸਲਾ ਕੀਤਾ ਿਗਆ, ਿਜਸ ਪਿੱਛੋਂ ਉਨ੍ਹਾਂ ਦੇ ਜਿਗਰ, ਦੋਹਾਂ ਕਿਡਨੀਆਂ ਅਤੇ ਦੋਹਾਂ ਅੱਖਾਂ ਦੇ ਦਾਨ ਨਾਲ 5 ਲੋੜਵੰਦਾਂ ਨੂੰ ਜੀਵਨਦਾਨ ਮਿਲਿਆ।
* 13 ਮਾਰਚ ਨੂੰ ‘ਬਾੜਮੇਰ’ (ਰਾਜਸਥਾਨ) ਜ਼ਿਲੇ ਦੀ ‘ਸ਼ਾਂਤੀ ਦੇਵੀ’ ਦੇ ਬ੍ਰੇਨ ਡੈੱਡ ਹੋਣ ਿਪੱਛੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੇ ਜਿਗਰ, ਕਿਡਨੀ ਅਤੇ ਦਿਲ ਦਾ ਦਾਨ ਕਰ ਕੇ 3 ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦਿੱਤੀ।
* 1 ਜੂਨ ਨੂੰ ‘ਗਾਜ਼ੀਆਬਾਦ’ ਦੇ ਹਸਪਤਾਲ ’ਚ ਇਲਾਜ ਅਧੀਨ ਇਕ ਬ੍ਰੇਨ ਡੈੱਡ ਐਲਾਨੀ ਗਈ 35 ਸਾਲਾ ਔਰਤ ਦੇ ਪਰਿਵਾਰ ਨੇ ਉਨ੍ਹਾਂ ਦਾ ਦਿਲ ਦਾਨ ਕਰ ਕੇ ‘ਫੋਰਟਿਸ ਹਾਰਟ ਇੰਸਟੀਚਿਊਟ ਦਿੱਲੀ’ ’ਚ ਗੰਭੀਰ ਰੂਪ ਨਾਲ ਬੀਮਾਰ 49 ਸਾਲਾ ਰੋਗੀ ਦੀ ਜਾਨ ਬਚਾ ਲਈ।
* 29 ਮਈ ਨੂੰ ‘ਜੈਪੁਰ’ (ਰਾਜਸਥਾਨ) ਦੇ ਇਕ ਹਸਪਤਾਲ ’ਚ ‘ਬੂਧੋ ਦੇਵੀ’ ਨਾਮੀ 84 ਸਾਲਾ ਇਕ ਔਰਤ ਨੇ ਆਪਣੀ 40 ਸਾਲ ਦੀ ਬੇਟੀ ‘ਗੁੱਡੀ’ ਨੂੰ ਆਪਣੀ ਇਕ ਕਿਡਨੀ ਦੇ ਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ।
* 8 ਜੂਨ ਨੂੰ ‘ਬੈਂਗਲੁਰੂ’ ਵਿਖੇ ਇਕ ‘ਬ੍ਰੇਨ ਡੈੱਡ’ ਡੋਨਰ ਦੇ ਅੰਗਾਂ ਨਾਲ 5 ਵਿਅਕਤੀਆਂ ਨੂੰ ਜੀਵਨ ਦਾਨ ਮਿਲਿਆ। ਉਸ ਦੀ ਇਕ ਕਿਡਨੀ ਅਤੇ ਅੱਖ ਦੇ ਕਾਰਨੀਆ ਨੂੰ ਬੈਂਗਲੁਰੂ ਤੋਂ ਦਿੱਲੀ ’ਚ 2 ਲੋੜਵੰਦਾਂ ਨੂੰ ਲਾਇਆ ਿਗਆ ਜਦੋਂ ਕਿ ਉਸ ਦੀ ਦੂਜੀ ਕਿਡਨੀ ਅਤੇ ਦੂਜੀ ਅੱਖ ਦੇ ਕਾਰਨੀਆ ਅਤੇ ਚਮੜੀ ਨੂੰ ਬੈਂਗਲੁਰੂ ਦੇ ਇਕ ਹੋਰ ਹਸਪਤਾਲ ’ਚ 3 ਵੱਖ-ਵੱਖ ਰੋਗੀਆਂ ’ਚ ਟਰਾਂਸਪਲਾਂਟ ਕੀਤਾ ਿਗਆ।
* 3 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਤੋਂ ਇਲਾਜ ਲਈ ਚੰਡੀਗੜ੍ਹ ਪੀ.ਜੀ.ਆਈ. ’ਚ ਲਿਆਂਦੇ ਗਏ ‘ਬ੍ਰੇਨ ਡੈੱਡ’ ਨੌਜਵਾਨ ਰਾਹੀਂ ਤਿੰਨ ਲੋੜਵੰਦਾਂ ਨੂੰ ਜ਼ਿੰਦਗੀ ਮਿਲੀ। ਉਸ ਦੀ ਇਕ ‘ਕਿਡਨੀ’ ਅਤੇ ‘ਪੈਂਕ੍ਰਿਆਜ਼’ ਨੂੰ ਪੀ.ਜੀ.ਆਈ. ’ਚ ਇਲਾਜ ਅਧੀਨ ਦੋ ਵੱਖ-ਵੱਖ ਮਰੀਜ਼ਾਂ ’ਚ ਲਾਇਆ ਿਗਆ ਜਦੋਂ ਕਿ ਦਿਲ ਿਵਸ਼ੇਸ਼ ਵਿਵਸਥਾ ਰਾਹੀਂ ਦਿੱਲੀ ਭੇਜ ਕੇ ਇਕ ਹਸਪਤਾਲ ’ਚ ਦਾਖਲ 26 ਸਾਲਾ ਨੌਜਵਾਨ ਨੂੰ ਲਾਇਆ ਿਗਆ।
* 12 ਜੁਲਾਈ ਨੂੰ ਦਿਲ ਦੀ ਬੀਮਾਰੀ ਤੋਂ ਪੀੜਤ ‘ਸ਼ਾਮਲੀ’ (ਉੱਤਰ ਪ੍ਰਦੇਸ਼) ਦੀ ਇਕ ਮੁਟਿਆਰ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ‘ਦਿੱਲੀ’ ’ਚ, ‘ਚੰਡੀਗੜ੍ਹ’ ਦੇ ਇਕ ‘ਬ੍ਰੇਨ ਡੈੱਡ’ ਨੌਜਵਾਨ ਦਾ ਦਿਲ ਲਾ ਕੇ ਨਵਾਂ ਜੀਵਨ ਿਦੱਤਾ ਿਗਆ।
ਮ੍ਰਿਤਕ ਸਰੀਰ ਨੂੰ ਸਾੜਨ ਨਾਲ ਉਹ ਅੰਗ ਵੀ ਨਸ਼ਟ ਹੋ ਜਾਂਦੇ ਹਨ ਜਿਨ੍ਹਾਂ ’ਚ ਜਾਨ ਹੋਣ ਕਾਰਨ ਉਨ੍ਹਾਂ ਰਾਹੀਂ ਕਿਸੇ ਲੋੜਵੰਦ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ‘ਬ੍ਰੇਨ ਡੈੱਡ’ ਿਵਅਕਤੀ ਜਾਂ ਮੌਤ ਹੋਣ ’ਤੇ ਵਿਅਕਤੀ ਦੇ ਅੰਗਾਂ ਦਾ ਦਾਨ ਜ਼ਰੂਰ ਕਰ ਦੇਣਾ ਚਾਹੀਦਾ ਹੈ ਕਿਉਂਕਿ ‘ਅੰਗਦਾਨ’ ਨੂੰ ‘ਮਹਾਦਾਨ’ ਕਿਹਾ ਜਾਂਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ-ਜਾਣ ਪਛਾਣ ਵਾਲਿਆਂ ਨੂੰ ਅੰਗਦਾਨ ਦੀ ਪ੍ਰਥਾ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ।
–ਵਿਜੇ ਕੁਮਾਰ