ਗੱਲਬਾਤ ਹੋਵੇ ਤਾਂ ਹੱਲ ਨਿਕਲੇਗਾ

01/07/2021 3:26:47 AM

ਪ੍ਰਭਾਤ ਝਾਅ

ਮਹਾਨ ਭਾਰਤੀ ਸੱਭਿਅਤਾ ਅਤੇ ਪ੍ਰੰਪਰਾ ’ਚ ਖੇਤੀਬਾੜੀ ਨੂੰ ਮਨੁੱਖੀ ਭਲਾਈ ਦਾ ਸਾਧਨ ਮੰਨਿਆ ਗਿਆ ਹੈ। ਯਜੁਰਵੇਦ ’ਚ ਕਿਹਾ ਗਿਆ ਹੈ -

‘ਕ੍ਰਿਸ਼ਯੈ ਤਵਾ ਕਸ਼ੇਮਾਯ ਤਵਾ ਰਈਯੈ ਤਵਾ ਪੋਸ਼ਾਯ ਤਵਾ’।

ਭਾਵ ਰਾਜਾ ਦਾ ਮੁੱਖ ਫਰਜ਼ ਖੇਤੀਬਾੜੀ ਦੀ ਤਰੱਕੀ, ਲੋਕਾਂ ਦੀ ਭਲਾਈ ਅਤੇ ਧਨ-ਦੌਲਤ ’ਚ ਵਾਧਾ ਕਰਨਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ ਨੂੰ ਛੱਡ ਕੇ ਅੰਬਾਨੀ, ਅਡਾਨੀ ਅਤੇ ਦੇਸ਼ ਦੇ ਉਦਯੋਗਪਤੀਆਂ ਦੇ ਨਾਲ ਖੜ੍ਹੇ ਹੋਣਗੇ, ਇਹ ਓਨਾ ਹੀ ਵੱਡਾ ਝੂਠ ਹੈ ਜਿੰਨਾ ਵੱਡਾ ਕੋਈ ਇਹ ਕਹੇ ਕਿ ਸੂਰਜ ਪੂਰਬ ਤੋਂ ਨਹੀਂ ਪੱਛਮ ਵੱਲੋਂ ਚੜ੍ਹ ਰਿਹਾ ਹੈ। ਭਾਰਤ ਖੇਤੀਬਾੜੀ ਪ੍ਰਧਾਨ ਅਤੇ ਰਿਸ਼ੀਆਂ-ਮੁਨੀਆਂ ਦਾ ਦੇਸ਼ ਹੈ। ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਕੇਂਦਰ ’ਚ ਆਈਆਂ ਪਰ ਅਟਲ ਜੀ ਨੂੰ ਛੱਡ ਕੇ ਕਿਸੇ ਪ੍ਰਧਾਨ ਮੰਤਰੀ ਨੇ ਪਿੰਡ, ਗਰੀਬ ਅਤੇ ਕਿਸਾਨ ਵੱਲ ਧਿਆਨ ਨਹੀਂ ਦਿੱਤਾ।

ਭਾਸ਼ਣ ਸਾਰੇ ਦਿੰਦੇ ਰਹੇ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਪਰ ‘ਕਿਸਾਨਾਂ’ ਦੇ ਖੇਤਾਂ ਦੀ ਚਿੰਤਾ ਸਾਲਾਂ ਬਾਅਦ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ, ਭਾਰਤ ’ਚ ਕਿਸਾਨ ਜੋ ਭਾਰਤ ਦੀ ਮਿੱਟੀ ਦੀ ਸ਼ਾਨ ਹੈ, ਨੂੰ ਅੰਧਕਾਰ ’ਚ ਸੁੱਟ ਕੇ ਕੋਈ ਚਾਹੇ ਕਿ ਉਹ ਸਰਕਾਰ ’ਚ ਬਣਿਆ ਰਹੇਗਾ, ਇਹ ਸੰਭਵ ਨਹੀਂ ਹੈ, ਇਹੀ ਕਾਰਨ ਹੈ ਕਿ ਆਪਣੇ 6 ਸਾਲਾਂ ਦੇ ਕਾਰਜਕਾਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿਤ ’ਚ ਜਿੰਨੇ ਫੈਸਲੇ ਲਏ ਉਨ੍ਹਾਂ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਨਹੀਂ ਲਏ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੇਸ਼ ਦਾ ਅਤੁੱਟ ਵਿਸ਼ਵਾਸ ਹੈ। ਦੁਨੀਆ ’ਚ ਕੋਈ ਅਜਿਹੀ ਤੱਕੜੀ ਨਹੀਂ ਬਣੀ ਜੋ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੂੰ ਤੋਲਣ ਦੀ ਤਾਕਤ ਰੱਖਦੀ ਹੈ। ਜੋ ਨਰਿੰਦਰ ਮੋਦੀ ਇਹ ਕਹਿੰਦੇ ਹਨ ਕਿ ਕਿਸਾਨ ਸ਼ਕਤੀ ਹੀ ਰਾਸ਼ਟਰ ਦੀ ਸ਼ਕਤੀ ਹੈ, ਉਨ੍ਹਾਂ ਦੇ ਬਾਰੇ ’ਚ ਅਜਿਹਾ ਸੋਚਣਾ ਹੀ ਪਾਪ ਹੈ।

ਆਪਣੇ ਅੰਨਦਾਤਾ ਅਤੇ ਮਿੱਟੀ ਦੇ ਕਿਸਮਤ ਵਿਧਾਤਾ ਦੀ ਜ਼ਿੰਦਗੀ ਨੂੰ ਬਦਲਣ ਲਈ ਲਿਆਂਦੇ ਗਏ ਤਿੰਨੇ ਖੇਤੀਬਾੜੀ ਬਿੱਲਾਂ ਦਾ ਸੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਾਹਮਣੇ ਸੰਸਦ ਅਤੇ ਸੜਕ ਦੋਵਾਂ ’ਤੇ ਖੁੱਲ੍ਹ ਕੇ ਰੱਖਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਅਸੀਂ ਕਿਸਾਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਸਰਕਾਰ ਨਾਲ ਗੱਲਬਾਤ ਕਰਨ ਅਤੇ ਦੱਸਣ ਕਿ ਇਨ੍ਹਾਂ ਤਿੰਨਾਂ ਕਾਨੂੰਨਾਂ ’ਚ ਕਿਹੜਾ ਹਿੱਸਾ ਉਨ੍ਹਾਂ ਦੇ ਵਿਰੁੱਧ ਹੈ, ਅਸੀਂ ਸੋਧ ਲਈ ਤਿਆਰ ਹਾਂ।

ਇਸ ਤੋਂ ਵਧ ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਕੀ ਕਹਿ ਸਕਦੇ ਹਨ? ਬਾਵਜੂਦ ਇਸ ਦੇ ਕਿਸਾਨਾਂ ਦਾ ਆਪਣੀ ਗੱਲਾਂ ’ਤੇ ਅੜੇ ਰਹਿਣਾ ਕੀ ਉਚਿਤ ਕਿਹਾ ਜਾ ਸਕਦਾ ਹੈ? ਵਿਸ਼ਵ ਭਰ ’ਚ ਜੰਗ ਹੋਵੇ ਜਾਂ ਅੰਦੋਲਨ ਜਿੰਨੇ ਦਿਨ ਵੀ ਚੱਲੇ ਹੋਣ, ਅਖੀਰ ’ਚ ਚਰਚਾ (ਗੱਲਬਾਤ) ਨਾਲ ਹੀ ਟੇਬਲ ’ਤੇ ਖਤਮ ਹੋਏ ਹਨ। ਕਿਸਾਨਾਂ ਦਾ ਇਸ ਤਰ੍ਹਾਂ ‘ਅੜਣਾ’ ਕੀ ਉਚਿਤ ਕਿਹਾ ਜਾ ਸਕਦਾ ਹੈ। ਕੀ ਸਰਕਾਰ ਨੂੰ ਕਿਸਾਨ ਯੂਨੀਅਨਾਂ ਨੂੰ ਆਪਣੀਆਂ ਸੋਧਾਂ ਦੇ ਬਾਰੇ ’ਚ ਨਹੀਂ ਦੱਸਣਾ ਚਾਹੀਦਾ? ਅੱਜ ਹਰੇਕ ਭਾਰਤਵਾਸੀ ਦੀ ਜ਼ੁਬਾਨ ’ਤੇ ਇਕ ਹੀ ਗੱਲ ਹੈ ਕਿ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦਾ ਅਹਿਤ ਕਦੇ ਨਹੀਂ ਕਰ ਸਕਦੀ। ਕਿਸਾਨਾਂ ਦਾ ਅਹਿਤ ਭਾਵ ਰਾਸ਼ਟਰ ਦਾ ਅਹਿਤ।

ਜੋ ਪ੍ਰਧਾਨ ਸੇਵਕ ਆਪਣੀ ਜ਼ਿੰਦਗੀ ਦਾ ਹਰ ਪਲ ਭਾਰਤ ਮਾਤਾ ਲਈ ਜਿਊਂਦਾ ਹੋਵੇ, ਉਹ ਅੰਨਦਾਤਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਿਵੇਂ ਕਰ ਸਕਦਾ ਹੈ? ਨਰਿੰਦਰ ਮੋਦੀ ਨੂੰ ਅੱਜ ਦੇਸ਼ ਦਾ ਬੱਚਾ-ਬੱਚਾ ਸਲਾਮ ਕਰਦਾ ਹੈ ਕਿ ਪਿਛਲੇ 6 ਸਾਲਾਂ ’ਚ ਵਿਸ਼ਵ ’ਚ ਭਾਰਤੀ ਦੀ ਤਸਵੀਰ ਅਤੇ ਤਕਦੀਰ ਬਦਲ ਦਿੱਤੀ। ਕਿਸਾਨਾਂ ਨੂੰ ਆਪਣੇ ਪ੍ਰਧਾਨ ਮੰਤਰੀ ’ਤੇ ਅਤੁੱਟ ਵਿਸ਼ਵਾਸ ਹੈ ਅਤੇ ਅੱਗੇ ਵੀ ਰੱਖਣਾ ਚਾਹੀਦਾ ਹੈ। ਸਾਨੂੰ ਇਹ ਪਤਾ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਕਿਸਾਨਾਂ ’ਤੇ ਬੇਇਨਸਾਫੀ ਕੋਈ ਨਹੀਂ ਕਰ ਸਕਦਾ। ਕਿਸਾਨਾਂ ਦੇ ਸਭ ਤੋਂ ਵੱਡੇ ਰਾਖੇ ਅਤੇ ਹਿਤੈਸ਼ੀ ਹਨ। ਜੇਕਰ ਕੁਝ ਲੋਕਾਂ ਨੇ ਭਰਮ ਫੈਲਾਇਆ ਵੀ ਹੈ ਤਾਂ ਸਰਕਾਰ ਉਸ ਭਰਮ ਦੇ ਨਿਵਾਰਨ ਲਈ 24 ਘੰਟੇ ਖੜ੍ਹੀ ਹੈ। ਵਿਰੋਧੀ ਧਿਰ ਨੂੰ ਵੀ ਚਾਹੀਦਾ ਹੈ ਕਿ ਉਹ ਭੋਲੇ-ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਉਨ੍ਹਾਂ ਨੂੰ ਸਹੀ ਰਾਹ ਦੱਸੇ।

ਕਿਸਾਨ ਪੱਖੀ ਕੇਂਦਰ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਸੰਵੇਦਨਸ਼ੀਲ ਹੈ। ਧਰਨੇ ਨੂੰ ਟਾਲਣ ਲਈ ਸਰਕਾਰ ਵਲੋਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਰੇਲ ਅਤੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕੀਤੀ।

ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆਪਣੇ ਵਲੋਂ ਕਿਸਾਨ ਸੰਗਠਨਾਂ ਨੂੰ ਧਰਨਾ ਖਤਮ ਕਰਨ ਦੀ ਬੇਨਤੀ ਕਰ ਚੁੱਕੇ ਹਨ ਜਿਥੇ ਇਕ ਪਾਸੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੇਸ਼ ਦੇ ਕਿਸਾਨਾਂ ਦੇ ਨਾਂ 8 ਪੰਨਿਆਂ ਦਾ ਪੱਤਰ ਲਿਖ ਕੇ ਹਾਂਪੱਖੀ ਪਹਿਲ ਕੀਤੀ। ਉਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਿੱਜੀ ਤੌਰ ’ਤੇ ਕਿਸਾਨ ਸੰਗਠਨਾਂ ਨਾਲ ਮਿਲ ਕੇ ਹੱਲ ਕੱਢਣ ਦਾ ਸਾਰਥਕ ਯਤਨ ਕੀਤਾ ਹੈ।

ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਗੱਲਬਾਤ ਦੁਨੀਆ ਦੀ ਹਰ ਸਮੱਸਿਆ ਦਾ ਸਰਵਉੱਤਮ ਹੱਲ ਹੈ। ਸਮਾਜ ਦਾ ਗਠਨ ਹੀ ਗੱਲਬਾਤ ਨਾਲ ਹੁੰਦਾ ਹੈ। ਭਾਰਤੀ ਚਿੰਤਨ ਪ੍ਰਪੰਰਾ ’ਚ ਗੱਲਬਾਤ ਦਾ ਵਿਆਪਕ ਮਹੱਤਵ ਰਿਹਾ ਹੈ। ਗੱਲਬਾਤ ਭਾਰਤੀ ਦਰਸ਼ਨ ਦਾ ਬਹੁਤ ਹੀ ਸਹਿਣਸ਼ੀਲ ਪੱਖ ਰਿਹਾ ਹੈ ਜਿਸ ਦੇ ਕਾਰਨ ਭਾਰਤ ਵਿਸ਼ਵ ਗੁਰੂ ਅਖਵਾਇਆ।


Bharat Thapa

Content Editor

Related News