ਸੱਤਾ ਹਾਸਲ ਕਰਨ ਲਈ ਆਗੂਆਂ ਦੀ ਤੰਗ ਸੋਚ
Tuesday, Nov 19, 2024 - 07:31 PM (IST)
ਦੇਸ਼ ਵਿਚ ਸਿਆਸੀ ਪਾਰਟੀਆਂ ਦਾ ਇਕੋ ਇਕ ਉਦੇਸ਼ ਸੱਤਾ ਹਾਸਲ ਕਰਨਾ ਹੈ। ਇਸ ਦੇ ਲਈ ਭਾਵੇਂ ਦੇਸ਼ ਵਿਚ ਮੌਜੂਦ ਫਿਰਕਾਪ੍ਰਸਤੀ ਦੇ ਪਾੜੇ ਨੂੰ ਹੋਰ ਚੌੜਾ ਕਿਉਂ ਨਾ ਕਰਨਾ ਪਵੇ। ਫਿਰਕੂ ਨਜ਼ਰੀਏ ਤੋਂ ਵੀ ਮਾਮੂਲੀ ਹਰਕਤਾਂ ਆਗੂਆਂ ਲਈ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਦਾ ਕਾਰਨ ਬਣ ਜਾਂਦੀਆਂ ਹਨ। ਇਸ ਦੇ ਉਲਟ ਫਿਰਕਾਪ੍ਰਸਤੀ ਦੀ ਅੱਗ ਨੂੰ ਕਾਬੂ ਕਰਨ ਦੇ ਕੀਤੇ ਯਤਨ ਹਾਸ਼ੀਏ ’ਤੇ ਹੀ ਰਹਿ ਜਾਂਦੇ ਹਨ।
ਮਹਾਰਾਸ਼ਟਰ ਅਤੇ ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦੀਆਂ ਮੀਟਿੰਗਾਂ ਦੌਰਾਨ ਆਗੂਆਂ ਨੇ ਹਿੰਦੂ-ਮੁਸਲਿਮ ਏਕਤਾ ਨੂੰ ਵੰਡਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਾਰੀਆਂ ਧਿਰਾਂ ਇਕ ਦੂਜੇ ਵਿਰੁੱਧ ਜ਼ਹਿਰ ਉਗਲਣ ਵਿਚ ਪਿੱਛੇ ਨਹੀਂ ਰਹੀਆਂ। ਇਸ ਦੇ ਉਲਟ ਜੇਕਰ ਸਿਆਸੀ ਪਾਰਟੀਆਂ ਚਾਹੁੰਦੀਆਂ ਤਾਂ ਦੇਸ਼ ਵਿਚ ਫਿਰਕੂ ਏਕਤਾ ਅਤੇ ਗੰਗਾ-ਯਮੁਨਾ ਸੰਸਕ੍ਰਿਤੀ ਦੀ ਮਿਸਾਲ ਪੇਸ਼ ਕਰ ਸਕਦੀਆਂ ਸਨ ਪਰ ਸ਼ਾਇਦ ਅਜਿਹੀ ਮਿਸਾਲ ਵੋਟਾਂ ਇਕੱਠੀਆਂ ਕਰਨ ਵਿਚ ਕਾਰਗਰ ਸਾਬਤ ਨਹੀਂ ਹੁੰਦੀ, ਇਸ ਲਈ ਅਜਿਹੀਆਂ ਮਿਸਾਲਾਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ।
ਅਜਿਹੀ ਹੀ ਇਕ ਮਿਸਾਲ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ ਦੇ ਮਹਾਰਾਣੀ ਲਕਸ਼ਮੀ ਬਾਈ ਮੈਡੀਕਲ ਕਾਲਜ ਵਿਚ ਅੱਗ ਲੱਗਣ ਦੀ ਘਟਨਾ ਵਿਚ ਸਾਹਮਣੇ ਆਈ ਪਰ ਕਿਸੇ ਵੀ ਪਾਰਟੀ ਨੇ ਇਸ ਨੂੰ ਮੁੱਦਾ ਨਹੀਂ ਬਣਾਇਆ। ਮੈਡੀਕਲ ਕਾਲਜ ਦੇ ਨੀਓਨੇਟਲ ਇੰਟੈਂਸਿਵ ਕੇਅਰ ਯੂਨਿਟ ਵਿਚ ਅੱਗ ਲੱਗਣ ਕਾਰਨ ਕਰੀਬ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਦਰਜਨ ਦੇ ਕਰੀਬ ਬੱਚੇ ਗੰਭੀਰ ਜ਼ਖ਼ਮੀ ਹੋ ਗਏ।
ਇਸ ਹਾਦਸੇ ਦੌਰਾਨ ਆਪਣੀਆਂ ਦੋ ਨਵਜੰਮੀਆਂ ਧੀਆਂ ਦਾ ਇਲਾਜ ਕਰਵਾਉਣ ਆਏ ਮੁਸਲਿਮ ਨੌਜਵਾਨ ਯਾਕੂਬ ਮਨਸੂਰੀ ਨੇ ਅਥਾਹ ਹਿੰਮਤ ਦਿਖਾਉਂਦੇ ਹੋਏ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕਈ ਨਵਜੰਮੇ ਬੱਚਿਆਂ ਦੀ ਜਾਨ ਬਚਾਈ। ਉਸ ਨੇ ਇਹ ਨਹੀਂ ਦੇਖਿਆ ਕਿ ਨਵਜਨਮੇ ਬੱਚੇ ਹਿੰਦੂ ਹਨ ਜਾਂ ਮੁਸਲਮਾਨ। ਬੱਚਿਆਂ ਦੀ ਜਾਨ ਬਚਾਉਂਦੇ ਹੋਏ ਇਸੇ ਵਾਰਡ ’ਚ ਦਾਖਲ ਯਾਕੂਬ ਦੀਆਂ ਜੌੜੀਆਂ ਬੇਟੀਆਂ ਦੀ ਜਾਨ ਚਲੀ ਗਈ। ਆਪਣੀਆਂ ਬੇਟੀਆਂ ਦੀ ਬਲੀ ਦੇ ਕੇ ਹੋਰ ਨਵਜੰਮੇ ਬੱਚਿਆਂ ਦੀ ਜਾਨ ਬਚਾਉਣ ਵਾਲੇ ਯਾਕੂਬ ਦਾ ਇਹ ਦਲੇਰੀ ਭਰਿਆ ਕਾਰਨਾਮਾ ਲੀਡਰਾਂ ਲਈ ਚੋਣ ਮੁੱਦਾ ਨਹੀਂ ਬਣ ਸਕਿਆ।
ਜੇਕਰ ਆਗੂ ਚਾਹੁੰਦੇ ਤਾਂ ਅਜਿਹੀਆਂ ਮਿਸਾਲਾਂ ਦੇ ਕੇ ਦੇਸ਼ ਵਿਚ ਇਕ ਮਿਸਾਲ ਕਾਇਮ ਕਰ ਸਕਦੇ ਸਨ। ਆਗੂਆਂ ਨੂੰ ਅਜਿਹੇ ਦਲੇਰ ਅਤੇ ਇਕਜੁੱਟਤਾ ਵਧਾਉਣ ਵਾਲੇ ਯਤਨਾਂ ਰਾਹੀਂ ਵੋਟਾਂ ਹਾਸਲ ਕਰਨ ਬਾਰੇ ਸ਼ੱਕ ਹੈ। ਇਹੀ ਕਾਰਨ ਹੈ ਕਿ ਅਜਿਹੇ ਮੁੱਦੇ ਸਿਆਸੀ ਪਾਰਟੀਆਂ ਦੇ ਏਜੰਡੇ ਤੋਂ ਗਾਇਬ ਰਹਿੰਦੇ ਹਨ, ਜਿਨ੍ਹਾਂ ਨਾਲ ਦੇਸ਼ ਵਿਚ ਭਾਈਚਾਰਕ ਸਾਂਝ ਅਤੇ ਏਕਤਾ ਵਧੇ। ਇਸ ਦੇ ਉਲਟ ਸਿਆਸੀ ਪਾਰਟੀਆਂ ਦੀ ਕੋਸ਼ਿਸ਼ ਹਿੰਦੂ-ਮੁਸਲਿਮ ਸਿਆਸਤ ਖੇਡ ਕੇ ਵੋਟਾਂ ਲਈ ਧਰੁਵੀਕਰਨ ਕਰਨ ਦੀ ਹੁੰਦੀ ਹੈ।
ਸਿਆਸੀ ਪਾਰਟੀਆਂ ਨੇ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਜਿਹਾ ਧਰੁਵੀਕਰਨ ਕਰਨ ਲਈ ਆਪਣੀ ਪੂਰੀ ਤਾਕਤ ਵਰਤੀ। ਸ਼ਿਵ ਸੈਨਾ (ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ ਨੂੰ ਗੱਦਾਰਾਂ ਤੋਂ ਮੁਕਤ ਕਰਨਾ ਚਾਹੁੰਦੇ ਹਾਂ। ਮਹਾਰਾਸ਼ਟਰ ਵਿਚ ਕੋਈ ਵੀ ਗੱਦਾਰ ਮੁੜ ਕੇ ਨਹੀਂ ਘੁੰਮਣਾ ਚਾਹੀਦਾ। ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੇ ਸ਼ਿਵ ਸੈਨਾ ਬੀ.ਟੀ. ਦੇ ਮੁਖੀ ਊਧਵ ਠਾਕਰੇ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੁਰਸੀ ਲਈ ਉਨ੍ਹਾਂ ਹਿੰਦੂਤਵ ਨੂੰ ਤਿਆਗ ਦਿੱਤਾ ਹੈ।
ਬਾਲਾ ਸਾਹਿਬ ਦੇ ਨਾਂ ਅੱਗੇ ‘ਹਿੰਦੂ ਹਿਰਦੇ ਸਮਰਾਟ’ ਦੀ ਥਾਂ ‘ਜਨਾਬ ਬਾਲਾ ਸਾਹਿਬ’ ਲਿਖਣ ਲੱਗ ਪਏ ਹਨ। ਵੋਟ ਜੇਹਾਦ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਮੁਸਲਮਾਨ ਮੌਲਾਨਾ ਫਤਵਾ ਜਾਰੀ ਕਰ ਰਹੇ ਹਨ ਤਾਂ ਮੈਂ ਵੀ ਫਤਵਾ ਜਾਰੀ ਕਰਦਾ ਹਾਂ। ਹਿੰਦੂ ਮਹਾਰਾਸ਼ਟਰ ਦੀ ਸੱਤਾ ਸਾਡੇ ਹੱਥ ’ਚ ਦੇਣ। ਸੱਤਾ ’ਚ ਆਉਣ ਦੇ 48 ਘੰਟਿਆਂ ਦੇ ਅੰਦਰ-ਅੰਦਰ ਮਸਜਿਦਾਂ ਤੋਂ ਲਾਊਡਸਪੀਕਰ ਉਤਾਰ ਦੇਵਾਂਗਾ।
ਊਧਵ ਠਾਕਰੇ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ‘‘ਮੈਂ ਉਰਦੂ ’ਚ ਹੋਰਡਿੰਗ ਦੇਖੇ ਹਨ ਅਤੇ ਬਾਲਾ ਸਾਹਿਬ ਦੇ ਨਾਂ ਤੋਂ ਪਹਿਲਾਂ ‘ਹਿੰਦੂ ਹਿਰਦੇ ਸਮਰਾਟ’ ਦੀ ਥਾਂ ‘ਜਨਾਬ ਬਾਲਾ ਸਾਹਿਬ ਠਾਕਰੇ’ ਲਿਖਿਆ ਹੋਇਆ ਹੈ। ਜੇਕਰ ਅੱਜ ਬਾਲਾ ਸਾਹਿਬ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਨੂੰ ਤਾੜਨਾ ਕਰਦੇ। ਇਕ ਮੌਲਾਨਾ ਊਧਵ ਠਾਕਰੇ ਦੀ ਸ਼ਿਵ ਸੈਨਾ ਬਾਰੇ ਫਤਵਾ ਜਾਰੀ ਕਰ ਰਿਹਾ ਹੈ। ਉਹ ਇਕ ਫਤਵਾ ਪਲਟ ਜਾਰੀ ਕਰ ਰਹੇ ਹਨ ਕਿ ਸਾਰੇ ਮੁਸਲਮਾਨਾਂ ਨੂੰ ਇਕੱਠੇ ਹੋ ਕੇ ਐੱਮ.ਵੀ.ਏ. ਨੂੰ ਵੋਟ ਪਾਉਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਫਤਵਾ ਮਸਜਿਦਾਂ ਤੋਂ ਨਿਕਲ ਰਿਹਾ ਹੈ।’’
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਊਧਵ ਠਾਕਰੇ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਬਾਲਾ ਸਾਹਿਬ ਹੁੰਦੇ ਤਾਂ ਉਹ ਊਧਵ ਨੂੰ ਜੰਗਲ ’ਚ ਜਾ ਕੇ ਜੰਗਲੀ ਜੀਵਾਂ ਦੀਆਂ ਤਸਵੀਰਾਂ ਖਿੱਚਣ ਲਈ ਕਹਿੰਦੇ। ਸ਼ਿੰਦੇ ਨੇ ਕਿਹਾ ਕਿ ਊਧਵ ਠਾਕਰੇ ਨੇ ਬਾਲਾ ਸਾਹਿਬ ਦੇ ਵਿਚਾਰਾਂ ਨੂੰ ਤਿਆਗ ਕੇ ਸ਼ਿਵ ਸੈਨਾ ਦਾ ਧਨੁਸ਼-ਤੀਰ ਕਾਂਗਰਸ ਦੇ ਗਲ਼ ਵਿਚ ਬੰਨ੍ਹ ਦਿੱਤਾ। ਬਾਲਾ ਸਾਹਿਬ ਨੂੰ ਬਦਨਾਮ ਕਰਨ ਵਾਲੀ ਕਾਂਗਰਸ ਨਾਲ ਹੀ ਉਹ ਜਾ ਮਿਲੇ।
ਸੀ.ਐੱਮ. ਸ਼ਿੰਦੇ ਨੇ ਕਿਹਾ ਕਿ ਬਾਲਾ ਸਾਹਿਬ ਕਹਿੰਦੇ ਸਨ ਕਿ ਮੈਂ ਆਪਣੀ ਪਾਰਟੀ ਨੂੰ ਕਦੇ ਵੀ ਕਾਂਗਰਸ ਨਹੀਂ ਬਣਨ ਦਿਆਂਗਾ ਪਰ ਊਧਵ ਜੀ ਆਪਣੇ ਹਿੱਤ ’ਚ ਕੰਮ ਕਰ ਰਹੇ ਹਨ ਅਤੇ ਸੀ.ਐੱਮ. ਦੀ ਕੁਰਸੀ ਲੈਣ ਲਈ ਕਾਂਗਰਸ ਦੇ ਨਾਲ ਚਲੇ ਗਏ, ਉਨ੍ਹਾਂ ਨੂੰ ਲੱਗਾ ਕਿ ਸਾਡੇ ਬਿਨਾਂ ਸਰਕਾਰ ਨਹੀਂ ਬਣੇਗੀ। ਊਧਵ ਜੀ ਨੇ ਭਾਜਪਾ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਬਾਲਾ ਸਾਹਿਬ ਦੀ ਬਰਸੀ ’ਤੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ’ਤੇ ਸ਼੍ਰੀ ਸ਼ਿੰਦੇ ਨੇ ਕਿਹਾ, ''ਇਹ ਚੰਗੀ ਗੱਲ ਹੈ। ਉਨ੍ਹਾਂ ਨੇ ਅਜੇ ਤੱਕ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਪਤਾ ਨਹੀਂ ਸ਼ਿਵ ਸੈਨਾ ਪ੍ਰਤੀ ਉਨ੍ਹਾਂ ਦੇ ਦਿਲ ਵਿਚ ਕੀ ਭਾਵਨਾ ਸੀ।
ਪਰ ਜੇਕਰ ਉਨ੍ਹਾਂ ’ਚ ਹਿੰਮਤ ਹੈ ਤਾਂ ਬਾਲਾ ਸਾਹਿਬ ਨੂੰ ‘ਹਿੰਦੂ ਹਿਰਦੇ ਸਮਰਾਟ’ ਕਹਿ ਕੇ ਬੁਲਾਉਣ। ਊਧਵ ਜੀ ਵੀ ਇਹ ਨਹੀਂ ਕਹਿੰਦੇ। ਜ਼ਿਕਰਯੋਗ ਹੈ ਕਿ ਅਪ੍ਰੈਲ 2023 ’ਚ ਪ੍ਰੈੱਸ ਕਾਨਫਰੰਸ ’ਚ ਊਧਵ ਠਾਕਰੇ ਨੇ ਕਿਹਾ ਸੀ ਕਿ ਜਿਸ ਦਿਨ ਬਾਬਰੀ ਮਸਜਿਦ ਢਾਹੀ ਗਈ ਸੀ, ਉਸ ਦਿਨ ਮੈਂ ਬਾਲਾ ਸਾਹਿਬ ਕੋਲ ਗਿਆ ਸੀ। ਉਨ੍ਹਾਂ ਦੱਸਿਆ ਕਿ ਬਾਬਰੀ ਮਸਜਿਦ ਡਿੱਗ ਚੁੱਕੀ ਹੈ। ਇਸ ਤੋਂ ਬਾਅਦ ਸੰਜੇ ਰਾਊਤ ਦਾ ਫੋਨ ਆਇਆ। ਬਾਲਾ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਬਾਬਰੀ ਮਸਜਿਦ ਸ਼ਿਵ ਸੈਨਿਕਾਂ ਨੇ ਢਾਹ ਦਿੱਤੀ ਹੈ ਤਾਂ ਉਨ੍ਹਾਂ ਨੂੰ ਮਾਣ ਹੈ। ਹਾਲਾਂਕਿ ਦੂਜੇ ਪਾਸੇ ਊਧਵ ਠਾਕਰੇ ਹੁਣ ਸੂਬੇ ਭਰ ਦੇ ਮੁਸਲਿਮ ਵੋਟਰਾਂ ਨੂੰ ਇਕੱਠੇ ਹੋਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਮੁਸਲਿਮ ਭਾਈਚਾਰੇ ਦੇ ਵੋਟਰਾਂ ਦੀ ਵੀ ਉਨ੍ਹਾਂ ਦੀਆਂ ਮੀਟਿੰਗਾਂ ਅਤੇ ਦੌਰਿਆਂ ਵਿਚ ਚੰਗੀ ਹਾਜ਼ਰੀ ਹੈ। ਦਰਅਸਲ, ਧਰਮ ਦੇ ਆਧਾਰ ’ਤੇ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ‘ਬਟੇਂਗੇ ਤੋਂ ਕਟੇਂਗੇ’ ਦੇ ਨਾਅਰੇ ਨਾਲ ਸ਼ੁਰੂ ਹੋਈ ਸੀ।
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਆਪਣੀਆਂ ਦੋ ਬੇਟੀਆਂ ਨੂੰ ਝਾਂਸੀ ਦੇ ਅਗਨੀ ਕਾਂਡ ਵਿਚ ਕੁਰਬਾਨ ਕਰਨ ਵਾਲੇ ਅਤੇ ਹੋਰ ਨਵਜੰਮੀਆਂ ਬੱਚੀਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਅ ’ਤੇ ਲਾਉਣ ਵਾਲੇ ਯਾਕੂਬ ਮਨਸੂਰੀ ਦੀ ਦਲੇਰੀ ਭਰੀ ਕਾਰਵਾਈ ਨੂੰ ਕੋਈ ਵੀ ਪਾਰਟੀ ਮੁੱਦਾ ਨਹੀਂ ਬਣਾ ਸਕੀ। ਦੇਸ਼ ਦੇ ਆਗੂਆਂ ਦਾ ਸੁਭਾਅ ਹੀ ਅਜਿਹਾ ਹੋ ਗਿਆ ਹੈ ਕਿ ਉਹ ਧੂੰਆਂ ਦੇਖਦੇ ਹੀ ਮਿਸ਼ਾਲਾਂ ਫੜਨ ਲੱਗ ਜਾਂਦੇ ਹਨ। ਇਹ ਤੈਅ ਹੈ ਕਿ ਜਿੰਨੀ ਦੇਰ ਤੱਕ ਅਜਿਹੀ ਸੌੜੀ ਸੋਚ ਸੱਤਾ ਪ੍ਰਾਪਤੀ ਲਈ ਕਾਇਮ ਰਹੇਗੀ, ਦੇਸ਼ ਦੀ ਏਕਤਾ ਦਾ ਸੱਭਿਆਚਾਰ ਇਕ ਆਦਰਸ਼ ਮਿਸਾਲ ਨਹੀਂ ਬਣ ਸਕੇਗਾ।
ਯੋਗੇਂਦਰ ਯੋਗੀ