ਸਲਮਾਨ ਰਸ਼ਦੀ ’ਤੇ ਹੋਏ ਹਮਲਿਆਂ ’ਤੇ ਮੇਰਾ ਨਜ਼ਰੀਆ

Friday, Nov 15, 2024 - 05:46 PM (IST)

ਸਲਮਾਨ ਰਸ਼ਦੀ ’ਤੇ ਹੋਏ ਹਮਲਿਆਂ ’ਤੇ ਮੇਰਾ ਨਜ਼ਰੀਆ

ਜਦੋਂ ਸਲਮਾਨ ਰਸ਼ਦੀ ਦਾ ਪਹਿਲਾ ਨਾਵਲ ‘ਮਿਡਨਾਈਟਸ ਚਿਲਡਰਨ’ ਪ੍ਰਕਾਸ਼ਿਤ ਹੋਇਆ ਤਾਂ ਮੈਂ ਉਸ ਦੀ ਇਕ ਕਾਪੀ ਖਰੀਦੀ। ਮੈਨੂੰ ਇਹ ਪੜ੍ਹਨ ਲਾਇਕ ਨਹੀਂ ਜਾਪਿਆ! ਰਸ਼ਦੀ ਨੇ ਉਸ ਨਾਵਲ ਦੇ ਬਾਅਦ 21 ਨਾਵਲ ਲਿਖੇ ਹਨ ਪਰ ਕਿਉਂਕਿ ਉਨ੍ਹਾਂ ਦੀ ਸ਼ੈਲੀ ਮੈਨੂੰ ਪਸੰਦ ਨਹੀਂ ਆਈ, ਇਸ ਲਈ ਮੈਂ ਉਨ੍ਹਾਂ ’ਤੇ ਕੋਈ ਧਿਆਨ ਨਹੀਂ ਦਿੱਤਾ ਅਤੇ ਮੈਂ ਕੋਈ ਵੀ ਨਾਵਲ ਨਹੀਂ ਖਰੀਦਿਆ।

ਮੈਂ ਦੀਵਾਲੀ ਸਮਾਗਮ ਦੌਰਾਨ ਗੋਆ ’ਚ ਸੀ। 31 ਅਕਤੂਬਰ ਨੂੰ ਮੇਰੀ ਪਤਨੀ ਮੇਲਬਾ ਦੀ ਦੂਜੀ ਬਰਸੀ ਸੀ। ਮੈਂ ਉਨ੍ਹਾਂ ਦੇ ਅਤੇ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਦੁਪਹਿਰ ਦੇ ਭੋਜਨ ਲਈ ਸੱਦਿਆ ਸੀ। ਇਹ ਤੋਹਫਾ ਦੇਣ ਦਾ ਮੌਕਾ ਨਹੀਂ ਸੀ ਪਰ ਮੇਰੀ ਪਤਨੀ ਦੀ ਭਤੀਜੀ ਸਲਮਾਨ ਰਸ਼ਦੀ ਦੀ ਨਵੀਂ ਕਿਤਾਬ ‘ਨਾਈਫ’ ਦੀ ਇਕ ਕਾਪੀ ਲੈ ਕੇ ਆਈ, ਜਿਸ ’ਚ 2 ਸਾਲ ਪਹਿਲਾਂ ਨਿਊਯਾਰਕ ’ਚ ਉਨ੍ਹਾਂ ਦੇ ਕਤਲ ਦੀ ਕੋਸ਼ਿਸ਼ ਦਾ ਵਰਨਣ ਹੈ।

ਕਿਤਾਬ ਦੇ ਵਿਸ਼ੇ ਨੇ ਮੇਰੀ ਜਿਗਿਆਸਾ ਜਗਾਈ। ਮੈਂ ਖੁਦ ਦੋ ਕਤਲ ਦੇ ਯਤਨਾਂ ਦਾ ਸਾਹਮਣਾ ਕੀਤਾ ਸੀ, ਪਹਿਲਾ ਅਕਤੂਬਰ 1986 ’ਚ ਜਲੰਧਰ (ਪੰਜਾਬ) ’ਚ ਅਤੇ ਦੂਜਾ ਅਗਸਤ 1991 ’ਚ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ’ਚ। ਰਸ਼ਦੀ ਨੇ ਆਪਣੇ ਅਨੁਭਵ ਬਾਰੇ ਲਿਖਿਆ, ਜਦੋਂ ਉਹ ਮੰਚ ’ਤੇ ਖੜ੍ਹੇ ਹੋ ਕੇ ਇਕ ਸੰਭਾਵਿਤ ਕਾਤਲ ਨੂੰ ਚਾਕੂ ਲੈ ਕੇ ਆਪਣੇ ਵੱਲ ਦੌੜਦੇ ਹੋਏ ਦੇਖ ਰਹੇ ਸਨ। ਮੈਨੂੰ ਲੱਗਦਾ ਹੈ ਕਿ ਪੀੜਤਾਂ ਦੀਆਂ ਪ੍ਰਤੀਕਿਰਿਆਂਵਾਂ ਉਨ੍ਹਾਂ ਦੇ ਕਿੱਤੇ ਅਤੇ ਮਾਨਸਿਕ ਬਣਾਵਟ ਦੇ ਨਾਲ-ਨਾਲ ਹਮਲਾਵਰ ਜਾਂ ਹਮਲਾਵਰਾਂ ਦੀ ਪ੍ਰੇਰਣਾ ਅਨੁਸਾਰ ਵੱਖ-ਵੱਖ ਹੋਣਗੀਆਂ।

ਮੇਰੇ ਮਾਮਲੇ ’ਚ, ਸੰਭਾਵਿਤ ਖਤਰਨਾਕ ਹਮਲੇ ਇਕ ਵਿਵਹਾਰਕ ਜੋਖਮ ਸਨ ਜੋ ਭਾਵਨਾਤਮਕ ਤੌਰ ’ਤੇ ਗੁੱਸੇ ’ਚ ਆਏ ਅੱਤਵਾਦੀਆਂ ਦੇ ਸੰਚਾਲਨ ਵਾਲੇ ਇਲਾਕਿਆਂ ’ਚ ਹੋਣ ਵਾਲੇ ਸਨ। ਮੈਨੂੰ ਯਾਦ ਹੈ ਕਿ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸੁਝਾਅ ਦਿੱਤਾ ਸੀ ਕਿ ਮੈਂ ਆਪਣੀ ਨਿੱਜੀ ਸੁਰੱਖਿਆ ਲਈ ਐੱਸ. ਪੀ. ਜੀ. ਜਾਂ ਐੱਨ. ਐੱਸ. ਜੀ. ਕੋਲੋਂ ‘ਬਲੈਕ ਕੈਟਸ’ ਦੀ ਇਕ ਟੁਕੜੀ ਨੂੰ ਆਪਣੇ ਨਾਲ ਪੰਜਾਬ ਲੈ ਜਾਵਾਂ।

ਮੈਂ ਨਿਮਰਤਾ ਸਹਿਤ ਪ੍ਰਧਾਨ ਮੰਤਰੀ ਦੀ ਤਜਵੀਜ਼ ਨੂੰ ਨਾਂਹ ਕਰ ਦਿੱਤੀ। ਮੈਨੂੰ ਪੰਜਾਬ ਪੁਲਸ ਦਾ ਮਨੋਬਲ ਵਧਾਉਣ ਲਈ ਭੇਜਿਆ ਜਾ ਰਿਹਾ ਸੀ। ਖਾਲਿਸਤਾਨੀ ਅੱਤਵਾਦੀਆਂ ਵਿਰੁੱਧ ਲੜਾਈ ’ਚ ਉਨ੍ਹਾਂ ਦੀ ਅਗਵਾਈ ਕਰਨ ਲਈ ਪੰਜਾਬ ਦੇ ਪੁਲਸ ਬਲ ਦੀ ਵਫਾਦਾਰੀ ਹਾਸਲ ਕਰਨਾ ਮੇਰੇ ਲਈ ਜ਼ਰੂਰੀ ਸੀ। ਜੇਕਰ ਮੈਂ ਚੰਡੀਗੜ੍ਹ ’ਚ ‘ਬਲੈਕ ਕੈਟਸ’ ਨਾਲ ਪਹੁੰਚਦਾ ਤਾਂ ਇਹ ਉਨ੍ਹਾਂ ਲੋਕਾਂ ਲਈ ਇਕ ਸੰਕੇਤ ਹੁੰਦਾ ਜਿਨ੍ਹਾਂ ਦੀ ਕਮਾਨ ਸੰਭਾਲਣ ਲਈ ਮੈਨੂੰ ਭੇਜਿਆ ਗਿਆ ਸੀ ਕਿ ਮੈਂ ਉਨ੍ਹਾਂ ’ਤੇ ਭਰੋਸਾ ਨਹੀਂ ਕਰਦਾ ਅਤੇ ਇਸ ਨਾਲ ਮੇਰਾ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਫਲ ਹੋ ਜਾਂਦਾ।

ਪੰਜਾਬ ’ਚ ਕਾਰਜਭਾਰ ਸੰਭਾਲਣ ਦੇ ਅਗਲੇ ਦਿਨ ਸਵੇਰੇ ਗਣਤੰਤਰ ਦਿਵਸ ’ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਮੈਨੂੰ ਫੋਨ ਕਰ ਕੇ ਉਸ ਨੌਕਰੀ ’ਚ ਹੋਣ ਵਾਲੇ ਖਤਰੇ ਬਾਰੇ ਚਿਤਾਵਨੀ ਦਿੱਤੀ, ਜਿਸ ਨੂੰ ਮੈਂ ਪ੍ਰਵਾਨ ਕੀਤਾ ਸੀ। ਮੈਂ ਜਵਾਬ ਦਿੱਤਾ ਿਕ ਇਕ ਫੌਜੀ ਕਿਸੇ ਨੌਕਰੀ ਨੂੰ ਸਿਰਫ ਇਸ ਲਈ ਨਹੀਂ ਠੁਕਰਾ ਸਕਦਾ ਕਿਉਂਕਿ ਉਹ ਖਤਰਨਾਕ ਹੈ।

ਲਿਬਨਾਨੀ-ਅਮਰੀਕੀ ਨੌਜਵਾਨ ਜਿਸ ਨੇ ਸਲਮਾਨ ਰਸ਼ਦੀ ਦੀ ‘ਸੈਟੇਨਿਕ ਵਰਸੇਜ਼’ ਦੇ ਪ੍ਰਕਾਸ਼ਿਤ ਹੋਣ ਦੇ ਬਾਅਦ ਉਨ੍ਹਾਂ ਨੂੰ ਮਾਰਨ ਲਈ ਅਯਾਤੁੱਲਾ ਖੁਮੈਨੀ ਦੇ ਫਤਵੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਸੀ, ਉਹ ਆਪਣੇ ਹੀ ਪਿਤਾ ਤੋਂ ਪ੍ਰਭਾਵਿਤ ਸੀ, ਜਿਸ ਨੇ ਲੜਕੇ ਅਤੇ ਉਸ ਦੀ ਮਾਂ ਤੇ ਭੈਣਾਂ ਨੂੰ ਅਮਰੀਕਾ ’ਚ ਛੱਡ ਦਿੱਤਾ ਅਤੇ ਲਿਬਨਾਨ ਪਰਤ ਆਇਆ ਸੀ।

ਸਲਮਾਨ ਰਸ਼ਦੀ ਨੇ ਇਸ ਜਾਨਲੇਵਾ ਹਮਲੇ ’ਚ ਆਪਣੀ ਇਕ ਅੱਖ ਗੁਆ ਦਿੱਤੀ ਸੀ। ਉਨ੍ਹਾਂ ਨੇ ਆਪਣੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਚਾਕੂ ਦੇ ਇਕ ਦਰਜਨ ਤੋਂ ਵੱਧ ਵਾਰ ਝੱਲੇ, ਜੋ ਇਕ ਵਿਗੜੇ ਹੋਏ ਨੌਜਵਾਨ ਵਲੋਂ ਬੇਤਰਤੀਬ ਢੰਗ ਨਾਲ ਨਿਰਦੇਸ਼ਿਤ ਕੀਤੇ ਗਏ ਸਨ। ਸਲਮਾਨ ਰਸ਼ਦੀ ਖੁਸ਼ਕਿਸਮਤ ਸਨ ਕਿ ਉਨ੍ਹਾਂ ਨੂੰ ਉਹ ਮਿਲਿਆ ਜਿਸ ਨੂੰ ਉਹ ਖੁਦ ‘ਦੂਜਾ ਮੌਕਾ’ ਕਹਿੰਦੇ ਹਨ।

ਮੇਰਾ ਆਪਣਾ ‘ਪਿਆਰ’ ਜਿਸ ਨੇ ਮੈਨੂੰ 62 ਸਾਲ ਦੇ ਵਿਆਹ ਦੇ ਬਾਅਦ ਇਕੱਲਾ ਛੱਡ ਦਿੱਤਾ, ਉਹ ਮੇਰੇ ਕਤਲ ਦੇ ਦੋਵਾਂ ਯਤਨਾਂ ਦੌਰਾਨ ਮੌਜੂਦ ਸੀ। ਜਲੰਧਰ ’ਚ ਪਹਿਲਾ ਵਾਰ ਪੂਰੀ ਤਰ੍ਹਾਂ ਅਣਕਿਆਸਾ ਸੀ। ਇਹ ਸਖਤ ਸੁਰੱਖਿਆ ਵਾਲੇ ਪੰਜਾਬ ਹਥਿਆਰਬੰਦ ਪੁਲਸ (ਪੀ. ਏ. ਪੀ.) ਦੇ ਹੈੱਡਕੁਆਰਟਰ ’ਚ ਹੋਇਆ ਸੀ। ਮੈਨੂੰ ਪਤਾ ਸੀ ਕਿ ਅੰਡਰਗ੍ਰਾਊਂਡ ਹੋਏ ਖਾਲਿਸਤਾਨੀਆਂ ਨੇ ਮੈਨੂੰ ਮਾਰਨ ਲਈ ਟ੍ਰੇਂਡ ਹੱਤਿਆਰਿਆਂ ਦੇ ਅੱਧੀ ਦਰਜਨ ਸਮੂਹ ਸੰਗਠਿਤ ਕੀਤੇ ਸਨ ਪਰ ਮੈਂ ਕਦੀ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਉਹ ਮੈਨੂੰ ਮਾਰਨ ਲਈ ਦੋ ਭਿਆਨਕ ਰੁਕਾਵਟਾਂ ਨੂੰ ਪਾਰ ਕਰ ਜਾਣਗੇ।

ਅੱਤਵਾਦੀਆਂ ਨੇ ਦੀਵਾਰਾਂ ਦੀ ਰਾਖੀ ਕਰ ਰਹੇ ਪੰਜਾਬ ਦੇ ਪੁਲਸ ਮੁਲਾਜ਼ਮਾਂ ਨੂੰ ਗੋਲੀ ਮਾਰ ਦਿੱਤੀ, ਉੱਪਰ ਚੜ੍ਹ ਕੇ ਮੇਰੇ ਅਤੇ ਮੇਰੀ ਪਤਨੀ ’ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਗੋਲੀਆਂ ਦੀ ਪਹਿਲੀ ਆਵਾਜ਼ ਸੁਣਦੇ ਹੀ ਮੈਂ ਜ਼ਮੀਨ ’ਤੇ ਲੇਟ ਗਿਆ ਅਤੇ ਆਪਣੀ ਪਤਨੀ ਨੂੰ ਵੀ ਅਜਿਹਾ ਕਰਨ ਲਈ ਉੱਚੀ ਆਵਾਜ਼ ’ਚ ਕਿਹਾ ਪਰ ਮੈਨੂੰ ਜ਼ਮੀਨ ’ਤੇ ਪਿਆ ਦੇਖ ਕੇ ਉਹ ਜਾਂਚ ਕਰਨ ਲਈ ਆਈ ਅਤੇ ਉਸ ਦੇ ਪੈਰ ’ਚ ਗੋਲੀ ਲੱਗ ਗਈ।

ਦੂਜਾ ਹਮਲਾ ਬੁਖਾਰੈਸਟ ’ਚ ਹੋਇਆ, ਜੋ ਪੂਰਬੀ ਯੂਰਪੀ ਦੇਸ਼ ਰੋਮਾਨੀਆ ਦੀ ਰਾਜਧਾਨੀ ਹੈ। ਕੁਝ ਦਿਨ ਪਹਿਲਾਂ ਮੈਨੂੰ ਸਾਡੀ ਬਾਹਰੀ ਖੁਫੀਆ ਏਜੰਸੀ, ਆਰ. ਏ. ਡਬਲਿਊ. ਅਤੇ ਰੋਮਾਨੀਆਈ ਵਿਦੇਸ਼ ਦਫਤਰ ਵਲੋਂ ਭਾਰਤੀਆਂ ਦੇ ਇਕ ਸਮੂਹ ਦੀ ਮੌਜੂਦਗੀ ਬਾਰੇ ਚਿਤਾਵਨੀ ਦਿੱਤੀ ਗਈ ਸੀ ਜੋ ਮੈਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ। ਜਦ 2 ਕਾਰਾਂ ’ਚ ਸਵਾਰ ਪੰਜ ਖਾਲਿਸਤਾਨੀ ਕਮਾਂਡੋ ਫੋਰਸ ਦੇ ਲੋਕਾਂ ਨੇ ਹਮਲਾ ਕੀਤਾ ਤਾਂ ਮੈਂ ਆਪਣੀ 62 ਸਾਲ ਦੀ ਉਮਰ ਦੇ ਬਾਵਜੂਦ ਭੱਜ ਗਿਆ। ਮੇਰੀ ਪਤਨੀ ਮੇਰੇ ਪਿੱਛੇ ਦੌੜੀ ਪਰ ਜਲਦ ਹੀ ਕੇ. ਸੀ. ਐੱਫ. ਰਾਅ ਦੇ ਵਿਅਕਤੀਆਂ ਨੇ ਆਪਣੀਆਂ ਏ. ਕੇ. 56 ਰਾਈਫਲਾਂ ਨਾਲ ਉਨ੍ਹਾਂ ਨੂੰ ਫੜ ਲਿਆ। ਉਹ ਮੇਰੇ ’ਤੇ ਗੋਲੀਆਂ ਚਲਾਉਂਦੇ ਰਹੇ ਪਰ ਸਿਰਫ ਇਕ ਗੋਲੀ ਮੇਰੀ ਕਮਰ ’ਤੇ ਲੱਗੀ।

ਮੈਨੂੰ ਉਨ੍ਹਾਂ ’ਚੋਂ ਕਿਸੇ ਦੇ ਖਿਲਾਫ ਕੋਈ ਨਿੱਜੀ ਸ਼ਿਕਾਇਤ ਨਹੀਂ ਸੀ। ਉਹ ਇਕ ਅਣ-ਐਲਾਨੀ ਜੰਗ ’ਚ ਲੜਾਕੇ ਸਨ। ਸਲਮਾਨ ਰਸ਼ਦੀ ਨੇ ਆਪਣੀ ਕਿਤਾਬ ’ਚ ਆਪਣੇ ਸੰਭਾਵਿਤ ਕਾਤਲ ਦੇ ਨਾਲ ਇਕ ਕਾਲਪਨਿਕ ਗੱਲਬਾਤ ਨੂੰ ਸ਼ਾਮਲ ਕੀਤਾ ਹੈ। ਇਹ ਉਨ੍ਹਾਂ ਦੀ ਕਿਤਾਬ ਦਾ ਇਕ ਹਿੱਸਾ ਸੀ ਜਿਸ ਨੇ ਮੈਨੂੰ ਦਿਲਚਸਪੀ ਦਿੱਤੀ। ਇਹ ਧਰਮ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਪ੍ਰਗਟ ਕਰਦਾ ਹੈ ਅਤੇ ਦੱਸਦਾ ਹੈ ਕਿ ਉਨ੍ਹਾਂ ਨੇ ਸ੍ਰਿਸ਼ਟੀ ਦੇ ਸਿਧਾਂਤ ਨੂੰ ਕਿਉਂ ਤਿਆਗ ਦਿੱਤਾ ਜਿਸ ਨੂੰ ਵਧੇਰੇ ਸੰਗਠਿਤ ਧਰਮ ਮੰਨਦੇ ਹਨ। ਆਪਣੀਆਂ ਖੁਦ ਦੀਆਂ ਮਾਨਤਾਵਾਂ ਅਨੁਸਾਰ, ਤੁਸੀਂ ਉਨ੍ਹਾਂ ਨਾਲ ਸਹਿਮਤ ਹੋ ਸਕਦੇ ਹੋ ਜਾਂ ਨਹੀਂ ਵੀ।

ਜੂਲੀਓ ਰਿਬੈਰੋ (ਸਾਬਕਾ ਡੀ. ਜੀ. ਪੀ. ਪੰਜਾਬ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ)


author

Rakesh

Content Editor

Related News