ਮੇਰਾ ਫ਼ੋਨ ਮੈਨੂੰ ਮੇਰੀ ਪਤਨੀ ਨਾਲੋਂ ਬਿਹਤਰ ਜਾਣਦਾ ਹੈ...!

Friday, Aug 28, 2026 - 07:45 PM (IST)

ਮੇਰਾ ਫ਼ੋਨ ਮੈਨੂੰ ਮੇਰੀ ਪਤਨੀ ਨਾਲੋਂ ਬਿਹਤਰ ਜਾਣਦਾ ਹੈ...!

‘‘ਕਾਸ਼ ਤੁਸੀਂ ਕੱਲ ਸ਼ਾਮ ਬਾਹਰ ਨਾ ਗਏ ਹੁੰਦੇ!’’ ਮੇਰੀ ਪਤਨੀ ਨੇ ਕਿਹਾ।

ਮੈਂ ਉਸ ਵੱਲ ਉਸ ਮਾਸੂਮ ਅੰਦਾਜ਼ ਨਾਲ ਦੇਖਿਆ ਜਿਸ ਨੂੰ ਪਤੀਆਂ ਨੇ ਸਦੀਆਂ ਤੋਂ ਪਰਿਪੱਕ ਕੀਤਾ ਹੈ।

‘‘ਕੱਲ ਸ਼ਾਮ? ’’ ਮੈਂ ਤਿੰਨ ਕੀਮਤੀ ਸਕਿੰਟ ਖਰੀਦਦਿਆਂ ਪੁੱਛਿਆ।

‘‘ਹਾਂ,’’ ਉਸ ਨੇ ਕਿਹਾ। ‘‘ਕੱਲ ਸ਼ਾਮ। ਤੁਸੀਂ ਕਿੱਥੇ ਸੀ?’’

‘‘ਮੈਂ ਇਕ ਨਵੀਂ ਕਿਤਾਬ ਬਾਰੇ ਸੋਚ ਰਿਹਾ ਸੀ।’’ ਮੈਂ ਜਵਾਬ ਦਿੱਤਾ।

‘‘ਕਿੱਥੇ?’’

ਇਸ ਤੋਂ ਪਹਿਲਾਂ ਕਿ ਮੈਂ ਕੋਈ ਸਨਮਾਨਜਨਕ ਉੱਤਰ ਘੜ ਪਾਉਂਦਾ, ਮੇਰੇ ਫ਼ੋਨ ਨੇ ਖੁਦ ਹੀ ਦੱਸ ਦਿੱਤਾ।

‘‘ਤੁਸੀਂ ਸ਼ਾਮ 7:12 ਵਜੇ ਤੋਂ ਰਾਤ 9:03 ਵਜੇ ਤੱਕ ਰਾਇਲ ਗਾਰਡਨ ਰੈਸਟੋਰੈਂਟ ਦਾ ਦੌਰਾ ਕੀਤਾ।’’ ਇਸ ਨੇ ਆਪਣੇ ਲੋਕੇਸ਼ਨ ਇਤਿਹਾਸ ਰਾਹੀਂ ਐਲਾਨ ਕੀਤਾ।

ਮੇਰੀ ਪਤਨੀ ਨੇ ਮੈਨੂੰ ਦੇਖਿਆ।

ਮੈਂ ਆਪਣੇ ਫ਼ੋਨ ਨੂੰ ਦੇਖਿਆ।

ਫ਼ੋਨ ਖੁਦ ਤੋਂ ਬਹੁਤ ਖੁਸ਼ ਲੱਗ ਰਿਹਾ ਸੀ।

‘‘ਮੈਂ ਸਮਝਾ ਸਕਦਾ ਹਾਂ।’’ ਮੈਂ ਕਿਹਾ।

ਮੇਰੇ ਫ਼ੋਨ ਨੇ ਤੁਰੰਤ ਰੈਸਟੋਰੈਂਟ ਦੀਆਂ ਤਸਵੀਰਾਂ, ਬਿੱਲ, ਮੇਰੇ ਵੱਲੋਂ ਲਿਆ ਗਿਆ ਰਸਤਾ ਅਤੇ ਉੱਥੇ ਮੇਰੇ ਅਗਲੇ ਭੋਜਨ ’ਤੇ ਵੀਹ ਫੀਸਦੀ ਦੀ ਛੋਟ ਦੇਣ ਵਾਲਾ ਇਕ ਇਸ਼ਤਿਹਾਰ ਪ੍ਰਦਰਸ਼ਿਤ ਕਰ ਦਿੱਤਾ।

ਮੇਰੀ ਪਤਨੀ ਨੇ ਆਪਣੀਆਂ ਬਾਹਾਂ ਸਮੇਟ ਲਈਆਂ।

‘‘ਤੁਹਾਡੇ ਨਾਲ ਕੌਣ ਸੀ?’’

ਖੁਸ਼ਕਿਸਮਤੀ, ਮੇਰਾ ਫ਼ੋਨ ਇਸ ਦਾ ਉੱਤਰ ਨਹੀਂ ਦੇ ਸਕਿਆ।

ਫਿਰ ਫੇਸ਼ੀਅਲ ਰਿਕਗਨੀਸ਼ਨ ਨੇ ਮੇਜ਼ ਦੇ ਚਾਰੇ ਪਾਸੇ ਬੈਠੇ ਤਿੰਨ ਦੋਸਤਾਂ ਦੀ ਪਛਾਣ ਕੀਤੀ, ਜਿਨ੍ਹਾਂ ’ਚੋਂ ਇਕ ਥੋੜ੍ਹਾ ਲਾਲ ਦਿਸ ਰਿਹਾ ਸੀ, ਮੰਨੋ ਉਸ ਨੇ ਥੋੜ੍ਹੀ ਜ਼ਿਆਦਾ ਪੀ ਲਈ ਹੋਵੇ।

ਹੁਣ ਵਿਆਹ ’ਚ ਕੋਈ ਰਾਜ਼ ਨਹੀਂ ਰਹੇ। ਇਸ ਲਈ ਨਹੀਂ ਕਿ ਪਤੀ ਵਧੇਰੇ ਇਮਾਨਦਾਰ ਹੋ ਗਏ ਹਨ, ਸਗੋਂ ਇਸ ਲਈ ਕਿ ਫ਼ੋਨ ਸਰਕਾਰੀ ਗਵਾਹ ਬਣ ਗਏ ਹਨ।

ਮੇਰਾ ਫ਼ੋਨ ਮੇਰੇ ਬਾਰੇ ਸਭ ਕੁਝ ਜਾਣਦਾ ਹੈ। ਇਹ ਜਾਣਦਾ ਹੈ ਕਿ ਮੈਂ ਕਿੱਥੇ ਜਾਂਦਾ ਹਾਂ, ਕੀ ਖਰੀਦਦਾ ਹਾਂ, ਕੀ ਪੜ੍ਹਦਾ ਹਾਂ ਅਤੇ ਮੈਂ ਲੋਕਾਂ ਦੇ ਸਵਿਮਿੰਗ ਪੂਲ ’ਚ ਡਿੱਗਣ ਦੇ ਵੀਡੀਓ ਕਿੰਨੀ ਦੇਰ ਤੱਕ ਘੂਰਦਾ ਹਾਂ।

ਇਹ ਜਾਣਦਾ ਹੈ ਕਿ ਮੈਂ ਕਦੋਂ ਉੱਠਦਾ ਹਾਂ ਕਿਉਂਕਿ ਮੈਂ ਆਪਣੀਅਾਂ ਐਨਕਾਂ ਤੱਕ ਪਹੁੰਚਣ ਤੋਂ ਪਹਿਲਾਂ ਉਸ ਤੱਕ ਪਹੁੰਚਦਾ ਹਾਂ। ਇਹ ਜਾਣਦਾ ਹੈ ਕਿ ਮੈਂ ਕਦੋਂ ਸੌਂਦਾ ਹਾਂ ਕਿਉਂਕਿ ਰਾਤ ਨੂੰ ਇਹ ਆਖਰੀ ਚਿਹਰਾ ਹੁੰਦਾ ਹੈ ਜਿਸ ਨੂੰ ਮੈਂ ਦੇਖਦਾ ਹਾਂ।

ਕਦੇ-ਕਦੇ ਇਹ ਮੇਰੇ ਜਾਣਨ ਤੋਂ ਪਹਿਲਾਂ ਹੀ ਜਾਣ ਜਾਂਦਾ ਹੈ ਕਿ ਮੈਨੂੰ ਕੀ ਚਾਹੀਦਾ ਹੈ।

ਕੱਲ, ਮੈਂ ਆਪਣੀ ਪਤਨੀ ਨੂੰ ਫੁਸਫੁਸਾ ਕੇ ਕਿਹਾ, ‘‘ਸ਼ਾਇਦ ਸਾਨੂੰ ਇਕ ਨਵਾਂ ਸੋਫ਼ਾ ਖਰੀਦਣਾ ਚਾਹੀਦਾ ਹੈ।’’

ਕੁਝ ਹੀ ਮਿੰਟਾਂ ਦੇ ਅੰਦਰ, ਮੇਰੇ ਫ਼ੋਨ ਨੇ ਮੈਨੂੰ ਚਾਲੀ ਸੋਫ਼ੇ, ਬਾਰ੍ਹਾਂ ਫਰਨੀਚਰ ਦੀਆਂ ਦੁਕਾਨਾਂ ਅਤੇ ਇਕ ਆਦਮੀ ਨੂੰ ਇਹ ਸਮਝਾਉਂਦੇ ਹੋਏ ਦਿਖਾਇਆ ਕਿ ਮੇਰਾ ਮੌਜੂਦਾ ਸੋਫ਼ਾ ਮੇਰੀ ਰੀੜ੍ਹ ਦੀ ਹੱਡੀ ਨੂੰ ਕਿਉਂ ਨਸ਼ਟ ਕਰ ਰਿਹਾ ਸੀ।

ਮੈਂ ਸੋਫ਼ੇ ਦੀ ਖੋਜ ਨਹੀਂ ਕੀਤੀ ਸੀ। ਮੈਂ ਤਾਂ ਬਸ ਉਸ ਬਾਰੇ ਗੱਲ ਕੀਤੀ ਸੀ।

ਮੈਂ ਹੁਣ ਆਪਣੇ ਫ਼ੋਨ ਦੇ ਕੋਲ ਹੌਲੀ ਜਿਹੀ ਬੋਲਦਾ ਹਾਂ।

ਮੈਨੂੰ ਡਰ ਹੈ ਕਿ ਜੇ ਮੈਂ ਕਹਾਂ, ‘‘ਮੈਂ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਹਾਂ।’’ ਤਾਂ ਇਹ ਮੈਨੂੰ ਕਿਸੇ ਹਸਪਤਾਲ ’ਚ ਭਰਤੀ ਕਰਵਾ ਦੇਵੇਗਾ।

ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ’ਤੇ ਕਬਜ਼ਾ ਕਰਨ ਤੋਂ ਡਰਦੇ ਹਾਂ ਪਰ ਅਸੀਂ ਇਸ ਦਾ ਮੁੱਖ ਜਾਸੂਸ ਆਪਣੀ ਜੇਬ ’ਚ ਰੱਖਦੇ ਹਾਂ। ਇਹ ਸਾਡੇ ਸੁਨੇਹੇ ਪੜ੍ਹਦਾ ਹੈ, ਸਾਡੇ ਵਾਕਾਂ ਨੂੰ ਪੂਰਾ ਕਰਦਾ ਹੈ, ਸਾਡੀ ਵਰਤਣੀ ਸੁਧਾਰਦਾ ਹੈ ਅਤੇ ਸਾਨੂੰ ਉਨ੍ਹਾਂ ਜਨਮਦਿਨਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੂੰ ਅਸੀਂ ਆਮ ਤੌਰ ’ਤੇ ਭੁੱਲ ਜਾਂਦੇ ਹਾਂ।

ਮੇਰੀ ਪਤਨੀ ਕਦੇ-ਕਦੇ ਪੁੱਛਦੀ ਹੈ, ‘‘ਕੀ ਤੁਹਾਨੂੰ ਯਾਦ ਹੈ ਜੋ ਮੈਂ ਤੁਹਾਨੂੰ ਅੱਜ ਸਵੇਰੇ ਦੱਸਿਆ ਸੀ?’’

ਮੈਨੂੰ ਯਾਦ ਨਹੀਂ ਰਹਿੰਦਾ।

ਪਰ ਮੇਰੇ ਫ਼ੋਨ ਨੂੰ ਯਾਦ ਹੈ ਕਿ ਮੈਂ ਨੌਂ ਸਾਲ ਪਹਿਲਾਂ ਕੀ ਖੋਜਿਆ ਸੀ।

ਇਹੀ ਤ੍ਰਾਸਦੀ ਹੈ। ਸਾਡੀਆਂ ਮਸ਼ੀਨਾਂ ਜ਼ਿਆਦਾ ਯਾਦ ਰੱਖ ਰਹੀਆਂ ਹਨ ਜਦੋਂ ਕਿ ਅਸੀਂ ਘੱਟ ਯਾਦ ਰੱਖ ਰਹੇ ਹਾਂ। ਅਸੀਂ ਆਪਣੇ ਫ਼ੋਨ ਦੀ ਬੈਟਰੀ ਫੀਸਦੀ ਜਾਣਦੇ ਹਾਂ ਪਰ ਆਪਣੇ ਕੋਲ ਬੈਠੇ ਵਿਅਕਤੀ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਚਿੰਤਾਵਾਂ ਨੂੰ ਨਹੀਂ ਜਾਣਦੇ।

ਸ਼ਾਇਦ ਸਾਨੂੰ ਕਦੇ-ਕਦੇ ਫ਼ੋਨ ਨੂੰ ਹੇਠਾਂ ਰੱਖ ਕੇ ਚਾਰੇ ਪਾਸੇ ਦੇਖਣਾ ਚਾਹੀਦਾ ਹੈ। ਉੱਥੇ ਕੋਈ ਬੋਲਣ, ਮੁਸਕਰਾਉਣ ਜਾਂ ਸਾਡਾ ਹੱਥ ਫੜਨ ਦੀ ਉਡੀਕ ਕਰ ਸਕਦਾ ਹੈ ਅਤੇ ਸਾਡੇ ਫ਼ੋਨ ਦੇ ਉਲਟ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਉਹ ਸਭ ਕੁਝ ਯਾਦ ਨਾ ਰਹੇ ਜੋ ਅਸੀਂ ਗਲਤ ਕੀਤਾ ਸੀ।

ਪਰ ਉਨ੍ਹਾਂ ਨੂੰ ਇਹ ਜ਼ਰੂਰ ਯਾਦ ਰਹੇਗਾ ਕਿ ਅਸੀਂ ਉਨ੍ਹਾਂ ਦੇ ਨਾਲ ਉੱਥੇ ਸੀ...!

–ਰਾਬਰਟ ਕਲੀਮੈਂਟਸ


author

Anmol Tagra

Content Editor

Related News