ਕ੍ਰਿਕਟ ਪ੍ਰਤੀ ਮੇਰੀ ਉਦਾਸੀਨਤਾ
Friday, Feb 28, 2025 - 05:48 PM (IST)

ਕੁਝ ਦਹਾਕੇ ਪਹਿਲਾਂ ਕ੍ਰਿਕਟ ਦਾ ਸ਼ੌਕੀਨ ਬਣਨ ਤੋਂ ਬਾਅਦ, ਮੈਂ ਇਕ ਅਜਿਹੀ ਸਥਿਤੀ ਤੋਂ ਪੀੜਤ ਹਾਂ ਜਿਸ ਨੂੰ ਅਸੀਂ ਕ੍ਰਿਕਟ ਉਦਾਸੀਨਤਾ ਕਹਿ ਸਕਦੇ ਹਾਂ, ਜਿਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਵਿਅਕਤੀ ਖੇਡ ਤੋਂ ਪੂਰੀ ਤਰ੍ਹਾਂ ਦੂਰ ਹੋ ਗਿਆ ਹੈ। ਕ੍ਰਿਕਟ ਪ੍ਰਤੀ ਉਦਾਸੀਨਤਾ ਇੰਨੀ ਤੀਬਰ ਹੈ ਕਿ ਵਿਅਕਤੀ ਨੇ ਟੈਲੀਵਿਜ਼ਨ ’ਤੇ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਦੀ ਇਕ ਵੀ ਗੇਂਦ ਨਹੀਂ ਦੇਖੀ।
ਬਹੁਤ ਜ਼ਿਆਦਾ ਕ੍ਰਿਕਟ : ਇਹ ਇਕ ਵਿਆਪਕ ਸੂਚੀ ਨਹੀਂ ਹੈ। ਆਈ. ਪੀ. ਐੱਲ., ਆਸਟ੍ਰੇਲੀਆ ਵਿਚ ਬਿਗ ਬੈਸ਼, ਵੈਸਟ ਇੰਡੀਜ਼ ਵਿਚ ਸੀ. ਪੀ. ਐੱਲ., ਇੰਗਲੈਂਡ ਵਿਚ ਟੀ-20 ਬਲਾਸਟ, ਦੱਖਣੀ ਅਫਰੀਕਾ ਵਿਚ ਐੱਸ. ਏ. 20, ਪਾਕਿਸਤਾਨ ਸੁਪਰ ਲੀਗ, ਯੂ. ਏ. ਈ. ਵਿਚ ਇੰਟਰਨੈਸ਼ਨਲ ਲੀਗ ਟੀ-20, ਲੰਕਾ ਪ੍ਰੀਮੀਅਰ ਲੀਗ, ਬੰਗਲਾਦੇਸ਼ ਪ੍ਰੀਮੀਅਰ ਲੀਗ। ਹਰ 100 ਹਫ਼ਤਿਆਂ ਵਿਚ ਇਕ ਵਿਸ਼ਵ ਕੱਪ, ਦੇਸ਼ ਬਨਾਮ ਦੇਸ਼ ਅਤੇ ਤੁਸੀਂ ਹੋਰ ਸਾਰੇ ਕ੍ਰਿਕਟ ਟੂਰਨਾਮੈਂਟਾਂ ਅਤੇ ਮੈਚਾਂ ਬਾਰੇ ਇਕ ਹੋਰ ਪੈਰਾ ਜੋੜ ਸਕਦੇ ਹੋ ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਕੀਤਾ ਹੈ ਪਰ ਮੌਜੂਦਾ ਸਥਿਤੀ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ, ਮੈਂ ਆਪਣੇ ਕ੍ਰਿਕਟ ਦੇ ਪੁਰਾਣੇ ਦਿਨਾਂ ਨੂੰ ਯਾਦ ਕਰਨਾ ਪਸੰਦ ਕਰਾਂਗਾ।
ਸਟ੍ਰੀਟ ਕ੍ਰਿਕਟ : ਦੱਖਣੀ ਕੋਲਕਾਤਾ ਦੀਆਂ ਤੰਗ ਗਲੀਆਂ ਵਿਚ ਟੈਨਿਸ ਬਾਲ ਕ੍ਰਿਕਟ ਖੇਡਣਾ, ਜਿੱਥੇ ਮੈਂ ਵੱਡਾ ਹੋਇਆ ਸੀ, ਕ੍ਰਿਕਟ-ਮੇਨੀਆ ਦੀ ਸ਼ੁਰੂਆਤ ਸੀ। ਪਾਰਾ (ਇਲਾਕੇ ਲਈ ਬੰਗਾਲੀ ਸ਼ਬਦ) ’ਚ ਸਟ੍ਰੀਟ ਕ੍ਰਿਕਟ ਦੇ ਆਪਣੇ ਨਿਯਮ ਸਨ। ਇਕ ਬੱਲਾ, ਇਕ ਕੈਂਬਿਸ ਬਾਲ (ਕੈਨਵਸ ਟੈਨਿਸ ਬਾਲ ਦਾ ਸਥਾਨਕ ਨਾਂ) ਅਤੇ ਕੋਈ ਸਟੰਪ ਨਹੀਂ। ਇਸ ਦੀ ਬਜਾਏ, ਜਮੀਰ ਲੇਨ ਵਿਖੇ ਇਕ-ਦੂਜੇ ਉੱਪਰ ਰੱਖੀਆਂ 8 ਇੱਟਾਂ ਹਮੇਸ਼ਾ ‘ਵਿਕਟਾਂ’ ਵਜੋਂ ਕੰਮ ਕਰਦੀਆਂ ਸਨ। ਅਤੇ, ਬੇਸ਼ੱਕ, ਜਦੋਂ ਤੁਹਾਡਾ ਸਾਥੀ ਅੰਪਾਇਰ ਹੋਵੇ ਤਾਂ ਤੁਹਾਨੂੰ ਕਦੇ ਵੀ ਐੱਲ. ਬੀ. ਡਬਲਯੂ ਆਊਟ ਨਹੀਂ ਦਿੱਤਾ ਜਾ ਸਕਦਾ ਸੀ।
ਵਿਸ਼ਵ ਕੱਪ 1983 : ਤੁਸੀਂ 25 ਜੂਨ 1983 ਨੂੰ ਕੀ ਕਰ ਰਹੇ ਸੀ? ਮੇਰੇ ਦੋ ਭਰਾ, ਚਾਰ ਦੋਸਤ ਅਤੇ ਮੈਂ (ਸਾਰੇ ਸਾਡੇ 20ਵਿਆਂ ਦੇ ਸ਼ੁਰੂ ਵਿਚ) ਓ ’ਬ੍ਰਾਇਨ ਪਰਿਵਾਰ ਦੇ ਘਰ ਇਕੱਠੇ ਪਰੂਡੈਂਸ਼ੀਅਲ ਵਰਲਡ ਕੱਪ ਫਾਈਨਲ ਦੇਖ ਰਹੇ ਸੀ। ਮੇਰੀ ਮਾਂ ਹਮੇਸ਼ਾ ਫੁੱਟਬਾਲ ਨੂੰ ਪਹਿਲ ਦਿੰਦੀ ਸੀ।
ਭਾਰਤ ਨੇ 60 ਓਵਰਾਂ ਵਿਚ 183 ਦੌੜਾਂ ਬਣਾਈਆਂ। ਯਕੀਨਨ ਵੈਸਟ ਇੰਡੀਜ਼ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਦੀ ਉਮੀਦ ਕਰ ਰਿਹਾ ਸੀ। ਪਾਰੀ ਦੀ ਬ੍ਰੇਕ ਦੌਰਾਨ ਮੇਰੇ ਪਿਤਾ ਜੀ ਨੇ ਐਲਾਨ ਕੀਤਾ ਕਿ ਜੇ ਅਸੀਂ ਜਿੱਤੇ ਤਾਂ ਮੈਂ ਜੌਨੀ ਵਾਕਰ ਦੀ ਇਕ ਬੋਤਲ ਖੋਲ੍ਹਾਂਗਾ। ਮੈਂ ਵੀ ਐਲਾਨ ਕੀਤਾ ਕਿ ਜੇ ਭਾਰਤ ਜਿੱਤਦਾ ਹੈ, ਤਾਂ ਮੈਂ ਮੁੱਖ ਸੜਕ ’ਤੇ ਸਟ੍ਰੀਕ ਕਰਨ ਦਾ ਵਾਅਦਾ ਕਰਦਾ ਹਾਂ! ਕਪਿਲ ਦੇਵ ਲਾਰਡਸ ਦੀ ਬਾਲਕੋਨੀ ਵਿਚ ਖੜ੍ਹੇ ਸਨ। ਮਹਾਨ ਕੁਇਜ਼ ਮਾਸਟਰ ਪਿਤਾ ਜੀ ਨੇ ਜਸ਼ਨ ਮਨਾਉਣ ਲਈ ਆਪਣੀ ਨਵੀਂ ਬੋਤਲ ਖੋਲ੍ਹੀ। ਇਕ 22 ਸਾਲਾ ਨੌਜਵਾਨ ਨੇ ਆਪਣੀ ਗੱਲ ਰੱਖੀ ਅਤੇ ਸ਼ਾਇਦ ਸ਼ਹਿਰ ਦਾ ਪਹਿਲਾ ਸਪੋਰਟਿੰਗ ਸਟ੍ਰੀਕਰ ਬਣ ਗਿਆ।
ਆਸਟ੍ਰੇਲੀਆਈ ਸਬੰਧ : ਮੇਰਾ ਭਰਾ ਐਂਡੀ 30 ਸਾਲ ਪਹਿਲਾਂ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਇਕ ਦਹਾਕੇ ਤੋਂ ਵੱਧ ਸਮੇਂ ਲਈ ਭਾਰਤ ਵਿਚ ਇਕ ਖੇਡ ਪੱਤਰਕਾਰ ਸੀ। ਉਸ ਕੋਲ ਕ੍ਰਿਕਟ ਅਤੇ ਕ੍ਰਿਕਟਰਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਹਨ, ਸਾਰੀਆਂ ਦਿਲਚਸਪ, ਬਹੁਤ ਸਾਰੀਆਂ ਅਣਪ੍ਰਕਾਸ਼ਿਤ, ਇੱਥੇ 2 ਛਪਣਯੋਗ ਕਿੱਸੇ ਹਨ।
ਸੁਨੀਲ ਗਾਵਸਕਰ, ਹਰਸ਼ਾ ਭੋਗਲੇ ਅਤੇ ਕੁਝ ਪੱਤਰਕਾਰ ਪਰਥ ਸਥਿਤ ਉਸ ਦੇ ਘਰ ਆਏ। ਉਹ ਘਰ ਦੀ ਬਣੀ ਹੋਈ ਕੜ੍ਹੀ ਲਈ ਤਰਸ ਰਹੇ ਸਨ। ਐਂਡੀ ਦੀ ਪਤਨੀ ਨੇ ਲੀਜੈਂਡ ਗਾਵਸਕਰ ਨੂੰ ਪੁੱਛਿਆ, ‘‘ਕੀ ਤੁਸੀਂ ਇਸ ਵਿਚੋਂ ਕੁਝ ਹੋਰ ਲਓਗੇ?’’ ਗਾਵਸਕਰ ਨੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਸੁਨੀਲ ਕਹੋ। ਲਿਟਲ ਮਾਸਟਰ ਦੀ ਖਿੱਚ ਨੇ ਉਨ੍ਹਾਂ ਨੂੰ ਇਕ ਨਵਾਂ ਪ੍ਰਸ਼ੰਸਕ ਬਣਾ ਦਿੱਤਾ।
ਜਦੋਂ ਐਂਡੀ ਨੇ ਆਪਣੇ ਆਸਟ੍ਰੇਲੀਆ ’ਚ ਜੰਮੇ 7 ਵਰ੍ਹਿਆਂ ਦੇ ਪੁੱਤਰ ਨੂੰ ਵਾਕਾ ’ਚ ਸੌਰਵ ਗਾਂਗੁਲੀ ਨਾਲ ਮਿਲਾਇਆ ਤਾਂ ਸੌਰਵ ਨੇ ਏਡਨ ਨੂੰ ਪੁੱਛਿਆ, ‘‘ਕੀ ਤੁਸੀਂ ਆਸਟ੍ਰੇਲੀਆ ਲਈ ਖੇਡਣਾ ਚਾਹੋਗੇ ਜਾਂ ਭਾਰਤ ਲਈ? ਕਿਉਂਕਿ ਮੈਨੂੰ ਪਤਾ ਹੈ ਕਿ ਤੇਰੇ ਪਿਤਾ ਜੀ ਕਿਸ ਟੀਮ ਦੀ ਹਮਾਇਤ ਕਰਦੇ ਹਨ!”
ਸਿਖਾਂਦਰੂ ਪੱਤਰਕਾਰ : ਇਕ ਸਿਖਾਂਦਰੂ ਪੱਤਰਕਾਰ ਵਜੋਂ ਮੇਰੀ ਪਹਿਲੀ ਨੌਕਰੀ ਸਪੋਰਟਸ ਵਰਲਡ ਵਿਚ ਸੀ, ਜੋ ਕਿ ਹੁਣ ਬੰਦ ਹੋ ਚੁੱਕੀ ਮੈਗਜ਼ੀਨ ਹੈ। Çਇਸ ਦਾ ਸੰਪਾਦਨ ਮਨਸੂਰ ਅਲੀ ਖਾਨ (ਟਾਈਗਰ) ਪਟੌਦੀ ਕਰਦੇ ਸਨ। ਕ੍ਰਿਕਟ ਦੇ ਮਹਾਨ ਖਿਡਾਰੀ ਅਤੇ ਸੰਪਾਦਕ ਦਿੱਲੀ ਵਿਚ ਰਹਿੰਦੇ ਸਨ। ਮੈਂ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਸਿਰਫ਼ ਦੋ ਵਾਰ ਹੀ ਮਿਲਿਆ ਸੀ। ਮੈਗਜ਼ੀਨ ਦੇ ਐਸੋਸੀਏਟ ਐਡੀਟਰ, ਡੇਵਿਡ ਮੈਕਮੋਹਨ ਨੇ ਇਕ ਨਵੇਂ ਖਿਡਾਰੀ ਨੂੰ ਉਤਸ਼ਾਹਿਤ ਕੀਤਾ।
ਆਈ. ਪੀ. ਐੱਲ. ਪ੍ਰਸ਼ੰਸਕ ਨਹੀਂ : ਆਈ. ਪੀ. ਐੱਲ. ਮੇਰੀ ਕ੍ਰਿਕਟ ਪ੍ਰਤੀ ਉਦਾਸੀਨਤਾ ਦਾ ਇਕ ਵੱਡਾ ਕਾਰਨ ਹੈ। ਹਾਲਾਂਕਿ, 2014 ਵਿਚ ਮੇਰੀ ਧੀ ਬੈਂਗਲੁਰੂ ਵਿਚ 2014 ਦਾ ਆਈ. ਪੀ. ਐੱਲ. ਫਾਈਨਲ (ਕੇ. ਕੇ. ਆਰ. ਬਨਾਮ ਕਿੰਗਜ਼ ਇਲੈਵਨ ਪੰਜਾਬ) ਦੇਖਣ ਲਈ ਉਤਸੁਕ ਸੀ। ਇਹ ਇਕੋ-ਇਕ ਮੌਕਾ ਸੀ ਜਦੋਂ ਮੈਂ ਕੋਲਕਾਤਾ ਤੋਂ ਬਾਹਰ ਕਿਸੇ ਸਟੇਡੀਅਮ ਵਿਚ ਕ੍ਰਿਕਟ ਮੈਚ ਦੇਖਿਆ। ਕੇ. ਕੇ. ਆਰ. ਨੇ ਆਰਾਮ ਨਾਲ ਜਿੱਤ ਹਾਸਲ ਕੀਤੀ। ਕਿਸ ਨੇ ਸੋਚਿਆ ਹੋਵੇਗਾ ਕਿ ਯੂਸੁਫ਼ ਪਠਾਨ, ਜਿਸ ਨੇ ਉਸ ਸ਼ਾਮ 22 ਗੇਂਦਾਂ ’ਤੇ 36 ਦੌੜਾਂ ਬਣਾਈਆਂ ਸਨ, ਇਕ ਦਹਾਕੇ ਬਾਅਦ ਸੰਸਦ ਵਿਚ ਮੇਰੇ ਸਹਿਯੋਗੀ ਹੋਣਗੇ।
ਮੇਰਾ ਚੈਂਪੀਅਨ ਗੁਆਂਢੀ : ਉਹ ਮੇਰਾ ਗੁਆਂਢੀ ਹੈ। ਉਸ ਦਾ ਘਰ ਅਤੇ ਮੇਰਾ ਦਫ਼ਤਰ ਇਕੋ ਹੀ ਚਾਰਦੀਵਾਰੀ ਨਾਲ ਜੁੜੇ ਹੋਏ ਹਨ। ਉਹ ਹਰ ਰੋਜ਼ ਅਹਾਤੇ ਵਿਚ ਪੰਛੀਆਂ ਨੂੰ ਦਾਣਾ ਪਾਉਂਦਾ ਹੈ। ਉਹ ਪੌਦਿਆਂ ਦੀ ਦੇਖਭਾਲ ਕਰਦਾ ਹੈ। ਉਸ ਨੇ ਟੈਸਟ ਕ੍ਰਿਕਟ ਅਤੇ ਵਨਡੇ ਮੈਚਾਂ ਵਿਚ ਭਾਰਤ ਲਈ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ। ਉਹ ਅੱਗੇ ਜਾ ਕੇ ਇਕ ਬਹੁਤ ਹੀ ਸਫਲ ਕੁਮੈਂਟੇਟਰ ਬਣ ਗਿਆ। ਇਸ ਸਭ ਤੋਂ ਵੱਧ, ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਸਾਬਤ ਕੀਤਾ ਹੈ ਕਿ ‘ਕੈਂਸਰ ਤੋਂ ਬਾਅਦ ਵੀ ਜ਼ਿੰਦਗੀ ਜਿਊਣ ਯੋਗ ਹੈ।’ ਇਕ ਚੈਂਪੀਅਨ। ਮੇਰਾ ਦੋਸਤ, ਅਰੁਣ ਲਾਲ।
ਸੰਸਦ ਮੈਂਬਰ ਬਨਾਮ ਸੰਸਦ ਮੈਂਬਰ : ਇਕ ਪੁਰਾਣਾ ਪ੍ਰਸ਼ਨੋਤਰੀ ਸਵਾਲ ਹੈ। ਰਘੂਰਾਮਈਆ ਟਰਾਫੀ ਲਈ ਕਿਹੜੀਆਂ ਦੋ ਟੀਮਾਂ ਮੁਕਾਬਲਾ ਕਰਦੀਆਂ ਹਨ? ਉੱਤਰ : ਲੋਕ ਸਭਾ ਦੇ ਮੈਂਬਰ ਬਨਾਮ ਰਾਜ ਸਭਾ ਦੇ ਮੈਂਬਰ। ਇਕ ਅਜਿਹਾ ਤੱਥ ਜੋ ਸਿਰਫ਼ ਕਾਗਜ਼ ’ਤੇ ਇਕ ਪ੍ਰਸ਼ਨੋਤਰੀ ਸਵਾਲ ਹੀ ਰਹਿ ਗਿਆ ਹੈ। ਸੰਸਦ ਵਿਚ ਆਪਣੇ 15 ਸਾਲਾਂ ਵਿਚ, ਮੈਂ ਇਸ ਬਾਰੇ ਕਦੇ ਨਹੀਂ ਸੁਣਿਆ। ਸ਼ਾਇਦ ਇਸ ਮਹਾਨ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦਾ ਸਮਾਂ ਆ ਗਿਆ ਹੈ। ਆਖ਼ਿਰਕਾਰ, 3 ਮੌਜੂਦਾ ਸੰਸਦ ਮੈਂਬਰ ਵਿਸ਼ਵ ਕੱਪ ਜੇਤੂ ਹਨ। ਕੀਰਤੀ ਆਜ਼ਾਦ (1983), ਹਰਭਜਨ ਸਿੰਘ (2007 ਅਤੇ 2011) ਅਤੇ ਯੂਸੁਫ਼ ਪਠਾਨ (2007 ਅਤੇ 2011)। ਸ਼ਾਇਦ ਇਹ ਮੇਰੀ ਕ੍ਰਿਕਟ ਪ੍ਰਤੀ ਉਦਾਸੀਨਤਾ ਨੂੰ ਠੀਕ ਕਰਨ ਲਈ ਜ਼ਰੂਰੀ ਦਵਾਈ ਹੈ।
ਡੈਰੇਕ ਓ ’ਬ੍ਰਾਇਨ (ਸੰਸਦ ਮੈਂਬਰ ਅਤੇ ਟੀ.ਐੱਮ.ਸੀ. ਸੰਸਦੀ ਦਲ (ਰਾਜ ਸਭਾ) ਦੇ ਆਗੂ)