ਮੁਸਲਮਾਨ ਭਰਾ ਜ਼ਰਾ ਸੋਚਣ
Monday, Dec 16, 2024 - 03:53 PM (IST)
ਹਰ ਜਮਾਤ ’ਚ ਸ਼ਰੀਫ ਲੋਕਾਂ ਦੀ ਘਾਟ ਨਹੀਂ ਹੁੰਦੀ। ਮੁਸਲਮਾਨਾਂ ’ਚ ਵੀ ਨਹੀਂ ਹੈ। ਭਾਵੇਂ ਭਾਰਤ ਦੇ ਹੋਣ ਜਾਂ ਪਾਕਿਸਤਾਨ ਦੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਇਮਤਿਆਜ਼ ਅਹਿਮਦ ਉਨ੍ਹਾਂ ਮੁਸਲਮਾਨਾਂ ’ਚੋਂ ਸਨ ਜਿਨ੍ਹਾਂ ਨੇ ਭਾਰਤ ’ਚ ਇਸਲਾਮ ਦੀ ਹਾਲਤ ’ਤੇ ਸਾਲਾਂਬੱਧੀ ਡੂੰਘਾਈ ਨਾਲ ਅਧਿਐਨ ਕੀਤਾ। ਇਸ ਅਧਿਐਨ ਦੇ ਆਧਾਰ ’ਤੇ ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ। ਇਨ੍ਹਾਂ ਕਿਤਾਬਾਂ ’ਚ ਉਨ੍ਹਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ’ਚ ਰਹਿਣ ਵਾਲੇ ਮੁਸਲਮਾਨਾਂ ਦੀ ਸਮਾਜਿਕ ਜ਼ਿੰਦਗੀ, ਸੋਚ ਅਤੇ ਪਹਿਲਕਦਮੀਆਂ ਦੂਜੇ ਦੇਸ਼ਾਂ ਦੇ ਮੁਸਲਮਾਨਾਂ ਨਾਲੋਂ ਵੱਖਰੀਆਂ ਹਨ ਅਤੇ ਭਾਰਤੀ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਕੱਟੜਤਾ ਤੋਂ ਗ੍ਰਸਤ ਹੋ ਕੇ ਈਰਖਾ ਦੀ ਭਾਵਨਾ ਰੱਖਣ ਵਾਲੇ ਮੁਸਲਮਾਨਾਂ ਦੀ ਗਿਣਤੀ ਬੜੀ ਥੋੜ੍ਹੀ ਹੈ। ਭਾਰਤ ’ਚ ਰਹਿਣ ਵਾਲੇ ਵਧੇਰੇ ਮੁਸਲਮਾਨ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਪਾਕਿਸਤਾਨ ’ਚ ਰਹਿ ਗਏ ਮੁਸਲਮਾਨਾਂ ਨਾਲੋਂ ਕਿਤੇ ਵਧੀਆ ਹੈ। ਜਿੰਨੀ ਆਜ਼ਾਦੀ ਅਤੇ ਅੱਗੇ ਵਧਣ ਦੇ ਮੌਕੇ ਉਨ੍ਹਾਂ ਨੂੰ ਭਾਰਤ ’ਚ ਮਿਲੇ ਹਨ ਇੰਨੇ ਕੱਟੜਪੰਥ ਪਾਕਿਸਤਾਨ ’ਚ ਨਹੀਂ ਮਿਲਦੇ।
ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਪੂਰੇ ਦੇਸ਼ ਦਾ ਸਮਾਜ ਹਿੰਦੂ ਅਤੇ ਮੁਸਲਮਾਨ ਦੋ ਧੜਿਆਂ ’ਚ ਵੰਡਿਆ ਹੋਇਆ ਹੈ। ਇਨ੍ਹਾਂ ਦੋਵਾਂ ਧੜਿਆਂ ਦੇ ਦਰਮਿਆਨ ਸਥਾਈ ਈਰਖਾ ਅਤੇ ਆਪਣੇ-ਆਪਣੇ ਧੜੇ ਦੇ ਅੰਦਰ ਭਾਰੀ ਇਕਜੁੱਟਤਾ ਹੈ। ਦੋਵਾਂ ਧਿਰਾਂ ਦੇ ਧਾਰਮਿਕ ਆਗੂ ਇਸ ਮਾਨਤਾ ਨੂੰ ਵਧਾਉਣ ’ਚ ਕਾਫੀ ਤਤਪਰ ਰਹਿੰਦੇ ਹਨ। ਹਕੀਕਤ ਇਹੀ ਹੈ। ਕਸ਼ਮੀਰ ਦੇ ਇਕ ਮੁਸਲਮਾਨ ਨੂੰ ਇਹ ਦੇਖ ਕੇ ਹੈਰਾਨੀ ਹੋਵੇਗੀ ਕਿ ਤਾਮਿਲਨਾਡੂ ਦੇ ਮੁਸਲਮਾਨਾਂ ਦੇ ਘਰ ਬਰਾਤ ਦਾ ਸਵਾਗਤ ਕੇਲੇ ਦੇ ਪੱਤੇ, ਨਾਰੀਅਲ ਅਤੇ ਇਲਾਇਚੀ ਨਾਲ ਉਵੇਂ ਹੀ ਕੀਤਾ ਜਾਂਦਾ ਹੈ ਜਿਵੇਂ ਕਿਸੇ ਹਿੰਦੂ ਦੇ ਘਰ ’ਚ।
ਕਸ਼ਮੀਰ ਦਾ ਮੁਸਲਮਾਨ ਤਾਮਿਲਨਾਡੂ ਦੇ ਮੁਸਲਮਾਨ ਦੇ ਘਰ ਦਾ ਭੋਜਨ ਖਾ ਕੇ ਤ੍ਰਿਪਤ ਨਹੀਂ ਹੁੰਦਾ, ਠੀਕ ਉਵੇਂ ਹੀ ਜਿਵੇਂ ਤਾਮਿਲਨਾਡੂ ਦਾ ਮੁਸਲਮਾਨ ਤਮਿਲ ਘਰ ’ਚ ਭੋਜਨ ਖਾ ਕੇ ਹੀ ਖੁਸ਼ ਹੁੰਦਾ ਹੈ। ਗੱਲ-ਗੱਲ ’ਤੇ ਉਤੇਜਿਤ ਹੋ ਜਾਣ ਵਾਲੀ ਬੰਗਾਲ ਦੀ ਆਮ ਜਨਤਾ ਦੇ ਨਾਲ ਜੇਕਰ ਤੁਸੀਂ ਰੇਲ ਗੱਡੀ ਦੇ ਸਾਧਾਰਨ ਡੱਬੇ ’ਚ ਸਫਰ ਕਰ ਰਹੇ ਹੋ ਅਤੇ ਤੁਹਾਡੀ ਬਹਿਸ ਕਿਸੇ ਸਥਾਨਕ ਵਿਅਕਤੀ ਨਾਲ ਹੋ ਜਾਵੇ ਤਾਂ ਤੁਸੀਂ ਖੁਦ ਨੂੰ ਇਕੱਲਾ ਮਹਿਸੂਸ ਕਰੋਗੇ।
ਤੁਹਾਡੇ ਵਿਰੋਧ ’ਚ ਹਿੰਦੂ ਅਤੇ ਮੁਸਲਮਾਨ ਦੋਵਾਂ ਭਾਈਚਾਰਿਆਂ ਦੇ ਲੋਕ ਇਕੱਠੇ ਹੋ ਕੇ ਖੜ੍ਹੇ ਹੋ ਜਾਣਗੇ। ਉਥੇ ਸਵਾਲ ਇਸ ਗੱਲ ਦਾ ਨਹੀਂ ਹੋਵੇਗਾ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ। ਤੁਸੀਂ ਗੈਰ-ਬੰਗਾਲੀ ਹੋ, ਇਸ ਲਈ ਤੁਹਾਡੇ ਪ੍ਰਤੀ ਸਥਾਨਕ ਲੋਕਾਂ ਦੀ ਹਮਦਰਦੀ ਹੋ ਹੀ ਨਹੀਂ ਸਕਦੀ। ਹਰ ਸੂਬੇ ਦਾ ਇਹੀ ਹਾਲ ਹੈ। ਭਾਸ਼ਾ, ਪਹਿਰਾਵਾ, ਭੋਜਨ, ਆਚਾਰ-ਵਿਚਾਰ ਦੇ ਮਾਮਲੇ ’ਚ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਰਹਿਣ ਵਾਲੇ ਲੋਕ ਵੱਖ-ਵੱਖ ਭਾਈਚਾਰਿਆਂ ’ਚ ਵੰਡੇ ਹਨ, ਜਿਵੇਂ ਕਿ ਤਮਿਲ, ਕੰਨੜ, ਕੇਰਲੀ, ਮਰਾਠੀ, ਗੁਜਰਾਤੀ, ਉੜੀਆ, ਬੰਗਾਲੀ, ਅਸਮੀਆ, ਬਿਹਾਰੀ, ਪੰਜਾਬੀ, ਹਰਿਆਣਵੀ ਆਦਿ।
ਜਦ ਤੱਕ ਕੋਈ ਕੱਟੜਤਾ ਦੀ ਘੁੱਟੀ ਪਿਆਉਣ ਨਾ ਜਾਵੇ, ਸਥਾਨਕ ਜਨਤਾ ਆਪਣੇ ਧਰਮ ਦੇ ਸੌੜੇ ਘੇਰੇ ’ਚ ਸੁੰਗੜ ਕੇ ਨਹੀਂ ਰਹਿੰਦੀ ਸਗੋਂ ਪ੍ਰਦੇਸੀ ਵਿਰੁੱਧ ਸਥਾਨਕ ਲੋਕਾਂ ਦੀ ਇਕਜੁੱਟਤਾ ਦਾ ਪ੍ਰਦਰਸ਼ਨ ਕਰਦੀ ਹੈ। ਇਸ ਲਈ ਇਹ ਕਹਿਣਾ ਕਿ ਸਾਰੇ ਮੁਸਲਮਾਨ ਇਕੋ ਜਿਹੋ ਹਨ, ਠੀਕ ਨਹੀਂ। ਠੀਕ ਇਸ ਤਰ੍ਹਾਂ ਇਹ ਸੋਚਣਾ ਭਰਮ ਹੈ ਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਸਾਰੇ ਲੋਕਾਂ ’ਚ ਭਾਰੀ ਇਕਜੁੱਟਤਾ ਹੁੰਦੀ ਹੈ। ਕੁਰਾਨ ਸ਼ਰੀਫ ਅਨੁਸਾਰ ਖੁਦਾ ਦੀ ਨਜ਼ਰ ’ਚ ਉਸਦਾ ਹਰ ਬੰਦਾ ਬਰਾਬਰ ਹੈਸੀਅਤ ਰੱਖਦਾ ਹੈ। ਕੋਈ ਵਿਤਕਰਾ ਨਹੀਂ। ਮੁਸਲਮਾਨ ਦਾਅਵਾ ਵੀ ਕਰਦੇ ਹਨ ਕਿ ਉਹ ਇਕ ਪੰਗਤ ’ਚ ਬੈਠ ਕੇ ਨਮਾਜ਼ ਅਦਾ ਕਰਦੇ ਹਨ ਅਤੇ ਇਕ ਹੀ ਪੰਗਤ ’ਚ ਖਾਂਦੇ ਹਨ ਪਰ ਇਹ ਵੀ ਹਕੀਕਤ ਹੈ ਕਿ ਉਨ੍ਹਾਂ ਦੀ ਇਕਜੁੱਟਤਾ ਕੁਝ ਖਾਸ ਮਕਸਦ ਤੱਕ ਸੁੰਗੜ ਕੇ ਰਹਿ ਜਾਂਦੀ ਹੈ।
ਨਿਯਮ ਨਾਲ ਮੁਸਲਮਾਨਾਂ ’ਚ ਜਾਤੀ ਵਿਵਸਥਾ ਨਹੀਂ ਹੋਣੀ ਚਾਹੀਦੀ ਕਿਉਂਕਿ ਭਾਰਤ ’ਚ ਰਹਿਣ ਵਾਲੇ ਬਹੁਗਿਣਤੀ ਮੁਸਲਮਾਨ ਸਥਾਨਕ ਮੂਲ ਦੇ ਹੀ ਲੋਕ ਹਨ, ਜਿਨ੍ਹਾਂ ਨੇ ਕਈ ਕਾਰਨਾਂ ਕਰ ਕੇ ਇਸਲਾਮ ਪ੍ਰਵਾਨ ਕਰ ਲਿਆ ਸੀ ਅਤੇ ਜਦੋਂ ਉਹ ਮੁਸਲਮਾਨ ਬਣੇ ਤਾਂ ਆਪਣੇ ਨਾਲ ਉਹ ਨਾ ਸਿਰਫ ਆਪਣੀ ਜੀਵਨਸ਼ੈਲੀ ਲੈ ਕੇ ਗਏ ਸਗੋਂ ਜਾਤੀ ਵਿਵਸਥਾ ਨੂੰ ਵੀ ਲੈ ਗਏ। ਇਸੇ ਲਈ ਮੁਸਲਿਮ ਸਮਾਜ ’ਚ ਵੀ ਕਈ ਜਾਤੀਆਂ ਹਨ ਜਿਵੇਂ ਕਿ ਜੁਲਾਹੇ, ਤਰਖਾਣ, ਲੁਹਾਰ, ਰੂੰ ਪੇਂਜੇ, ਨਾਈ ਆਦਿ।
ਮੁਸਲਮਾਨਾਂ ’ਚ ਵੀ ਅਖੌਤੀ ਉੱਚੀਆਂ ਅਤੇ ਨੀਵੀਆਂ ਜਾਤੀਆਂ ਹੁੰਦੀਆਂ ਹਨ। ਉੱਚੀਆਂ ਜਾਤੀਆਂ ’ਚ ਪ੍ਰਮੁੱਖ ਹਨ-ਸਈਅਦ, ਲੋਧੀ, ਪਠਾਨ ਵਗੈਰਾ। ਹੁਣ ਜੇਕਰ ਕੋਈ ਗਰੀਬ ਮੁਸਲਮਾਨ ਜੁਲਾਹਾ ਕਿਸੇ ਪਠਾਨ ਜਾਂ ਸਈਅਦ ਦੇ ਪੁੱਤਰ ਨਾਲ ਆਪਣੀ ਧੀ ਦੇ ਨਿਕਾਹ ਦਾ ਸੱਦਾ ਲੈ ਕੇ ਜਾਵੇ ਤਾਂ ਉਸ ਨੂੰ ਕਾਮਯਾਬੀ ਨਹੀਂ ਮਿਲੇਗੀ।
ਹਿੰਦੂਆਂ ਵਾਂਗ ਹੀ ਮੁਸਲਮਾਨਾਂ ’ਚ ਬਹੁਗਿਣਤੀ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਧਰਮ ਨਾਲੋਂ ਵੱਧ ਰੋਜ਼ੀ-ਰੋਟੀ ਦੀ ਫਿਕਰ ਹੈ। ਉਹ ਭਾਵੇਂ ਪਾਕਿਸਤਾਨ ’ਚ ਰਹਿ ਰਹੇ ਹੋਣ ਜਾਂ ਭਾਰਤ ’ਚ। ਲਾਹੌਰ ’ਚ ਵਸੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਮੁਬਾਰਕ ਅਲੀ ਦੱਸਦੇ ਹਨ ਕਿ ਪਾਕਿਸਤਾਨ ਦੀ ਪੜ੍ਹੀ-ਲਿਖੀ ਆਬਾਦੀ ਤਾਲਿਬਾਨ ਦੀਆਂ ਨੀਤੀਆਂ ਦੀ ਸਮਰਥਕ ਨਹੀਂ ਹੈ।
ਉਨ੍ਹਾਂ ਨੂੰ ਡਰ ਹੈ ਕਿ ਜੇਕਰ ਕੱਟੜਤਾ ਇਸੇ ਤਰ੍ਹਾਂ ਵਧਦੀ ਗਈ ਅਤੇ ਉਸ ਨੂੰ ਰੋਕਿਆ ਨਾ ਗਿਆ ਤਾਂ ਪਾਕਿਸਤਾਨ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਚੂਰ-ਚੂਰ ਹੋ ਜਾਵੇਗੀ। ਬਦਕਿਸਮਤੀ ਨਾਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸਾਰੇ ਸਿਆਸੀ ਲੋਕ ਅਤੇ ਮਜ਼੍ਹਬਾਂ ਦੇ ਠੇਕੇਦਾਰ ਦੇਸ਼ ਦੀ ਜਨਤਾ ਨੂੰ ਧਾਰਮਿਕ ਅਤੇ ਜਾਤੀ ਧੜਿਆਂ ’ਚ ਵੰਡਦੇ ਜਾ ਰਹੇ ਹਨ, ਜਿਸ ਦਾ ਭਾਰੀ ਖਮਿਆਜ਼ਾ ਦੇਸ਼ ਦੀ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਭਾਰਤ ਦੇ ਮੁਸਲਮਾਨਾਂ ਨੂੰ ਚਾਹੀਦਾ ਹੈ ਕਿ ਉਹ ਕੱਟੜਪੰਥੀਆਂ ਅਤੇ ਅੱਤਵਾਦੀਆਂ ਤੋਂ ਬਚ ਕੇ ਰਹਿਣ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਭਾਰਤ ਦੇ ਮੁਸਲਮਾਨ ਸਮੇਂ ਦੇ ਇਸ ਨਾਜ਼ੁਕ ਦੌਰ ’ਚ ਪਰਪੱਕਤਾ ਅਤੇ ਹੁਸ਼ਿਆਰੀ ਦਾ ਸਬੂਤ ਦੇਣਗੇ ਤਾਂ ਕਿ ਹਰ ਪਰਿਵਾਰ ’ਚ ਖੁਸ਼ਹਾਲੀ ਅਤੇ ਅਮਨ-ਚੈਨ ਵਧੇ, ਨਫਰਤ ਅਤੇ ਵੈਰ ਨਹੀਂ।