ਹਿਮਾਚਲ ਪ੍ਰਦੇਸ਼ ਕਾਂਗਰਸ ’ਚ ਕੁਤਰੇ ਜਾ ਸਕਦੇ ਹਨ ਕਈਆਂ ਦੇ ਖੰਭ

Saturday, Nov 09, 2024 - 06:50 PM (IST)

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਿਮਾਚਲ ਪ੍ਰਦੇਸ਼ ਦੀਆਂ ਜ਼ਿਲ੍ਹਾ ਅਤੇ ਬਲਾਕ ਇਕਾਈਆਂ ਸਮੇਤ ਸਮੁੱਚੀ ਪ੍ਰਦੇਸ਼ ਕਾਂਗਰਸ ਕਮੇਟੀ (ਪੀ. ਸੀ. ਸੀ.) ਇਕਾਈ ਨੂੰ ਭੰਗ ਕਰ ਦਿੱਤਾ ਹੈ। ਹੁਣ ਸਰਕਾਰ ’ਚ ਬਦਲਾਅ ਦੀ ਅਗਲੀ ਕਤਾਰ ਲੱਗ ਗਈ ਹੈ। ਸੂਤਰਾਂ ਮੁਤਾਬਕ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ’ਚ ਮੰਤਰੀ ਮੰਡਲ ’ਚ ਫੇਰਬਦਲ ਹੋ ਸਕਦਾ ਹੈ। ਇਕਾਈ ਦੇ ਪੁਨਰਗਠਨ ਦੇ ਹਿੱਸੇ ਵਜੋਂ, ਪਾਰਟੀ ਪ੍ਰਧਾਨ ਪ੍ਰਤਿਭਾ ਸਿੰਘ ਦੇ ਖੰਭ ਕੁਤਰੇ ਜਾ ਸਕਦੇ ਹਨ। ਕਾਂਗਰਸ ਹਾਈਕਮਾਨ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਾਜੀਵ ਸ਼ੁਕਲਾ ਨੂੰ ਵੀ ਬਦਲਣ ਦੀ ਤਿਆਰੀ ਕਰ ਰਹੀ ਹੈ। ਇੱਥੇ ਪਾਰਟੀ ਸੰਸਦੀ ਚੋਣਾਂ ਵਿਚ 4 ਵਿਚੋਂ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ। ਰਾਜ ਵਿਚ ਰਾਜ ਸਭਾ ਸੀਟ ਜਿੱਤਣ ਲਈ ਲੋੜੀਂਦੀ ਗਿਣਤੀ ਹੋਣ ਦੇ ਬਾਵਜੂਦ ਕਾਂਗਰਸ ਨਹੀਂ ਜਿੱਤ ਸਕੀ ਅਤੇ ਹਾਰ ਗਈ।

ਸਪਾ ਦੀ ‘ਹੋਰਡਿੰਗ ਵਾਰ’: ‘ਬਟੇਂਗੇ ਤੋ ਕਟੇਂਗੇ’ ਦੇ ਨਾਅਰੇ ਨੂੰ ਲੈ ਕੇ ਚੱਲ ਰਹੀ ਜ਼ੁਬਾਨੀ (ਸ਼ਬਦ) ਜੰਗ ਦੇ ਵਿਚਕਾਰ ਸਮਾਜਵਾਦੀ ਪਾਰਟੀ ਨੇ ਨਵਾਂ ਨਾਅਰਾ ਦਿੱਤਾ ਹੈ, ‘ਨਾ ਬਟੇਂਗੇ, ਨਾ ਕਟੇਂਗੇ, ਏਕ ਹੈਂ ਔਰ ਏਕ ਰਹੇਂਗੇ।’ ਇਸ ਦਾ ਜਵਾਬ ਦੇਣ ਲਈ ਲਖਨਊ ’ਚ ਸਪਾ ਹੈੱਡਕੁਆਰਟਰ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦੀਆਂ ਇਕੱਠੀਆਂ ਤਸਵੀਰਾਂ ਵਾਲੇ ਪੋਸਟਰ ਲਗਾਏ ਗਏ ਅਤੇ ਪਹਿਲਾਂ ਯੂ. ਪੀ. ਦੇ ਜਾਤੀਗਤ ਮੁੱਦਿਆਂ ਵੱਲ ਧਿਆਨ ਵਾਪਸ ਲਿਆਉਣ ਦਾ ਯਤਨ ਕੀਤਾ ਗਿਆ। ਸਪਾ ਦੇ ਹੋਰਡਿੰਗ ਵਿਚ ਅੱਗੇ ਲਿਖਿਆ ਸੀ, ‘ਬਟੇਂਗੇ ਤੋ ਗੈਸ ਸਿਲੰਡਰ 1200 ਮੇਂ ਮਿਲੇਗਾ। ਏਕ ਹੋਂਗੇ ਤੋ 400 ਮੇਂ ਮਿਲੇਗਾ।’

ਇਕ ਹੋਰ ਹੋਰਡਿੰਗ ਵਿਚ ਲਿਖਿਆ ਸੀ, ‘ਗੰਗਾ-ਯਮੁਨਾ ਤਹਿਜ਼ੀਬ ਨੂੰ ਨਾ ਤਾਂ ਵੰਡਣ ਦਿਆਂਗੇ, ਨਾ ਹੀ ਅਸੀਂ ਸਮਾਜ ਦੀ ਏਕਤਾ ਨੂੰ ਕੱਟਣ ਦਿਆਂਗੇ।’ ਇਸ ਦੌਰਾਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਹਾਰਾਸ਼ਟਰ ’ਚ ਇਕ ਚੋਣ ਰੈਲੀ ਦੌਰਾਨ ਆਪਣਾ ਨਾਅਰਾ ‘ਬਟੇਂਗੇ ਤੋ ਕਟੇਂਗੇ’ ਦੁਹਰਾਇਆ। ਵੀਰਵਾਰ ਨੂੰ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਸੂਬੇ ਦੇ ਲੋਕ ਅਜਿਹੀਆਂ ਟਿੱਪਣੀਆਂ ਦੀ ਸ਼ਲਾਘਾ ਨਹੀਂ ਕਰਦੇ। ਅਜੀਤ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ਛਤਰਪਤੀ ਸ਼ਿਵਾਜੀ ਮਹਾਰਾਜ, ਰਾਜਰਿਸ਼ੀ ਸ਼ਾਹੂ ਮਹਾਰਾਜ ਅਤੇ ਮਹਾਤਮਾ ਫੂਲੇ ਦਾ ਹੈ। ਤੁਸੀਂ ਮਹਾਰਾਸ਼ਟਰ ਦੀ ਤੁਲਨਾ ਦੂਜੇ ਰਾਜਾਂ ਨਾਲ ਨਾ ਕਰੋ, ਮਹਾਰਾਸ਼ਟਰ ਦੇ ਲੋਕ ਇਸ ਨੂੰ ਪਸੰਦ ਨਹੀਂ ਕਰਦੇ।

ਬਿਹਾਰ ’ਚ ਇਕ ਹੋਰ ਸਿਆਸੀ ਪਾਰਟੀ : ਪ੍ਰਸ਼ਾਂਤ ਕਿਸ਼ੋਰ ਵੱਲੋਂ ਜਨਸਭਾ ਦੀ ਸ਼ੁਰੂਆਤ ਨਾਲ ਸੂਬੇ ’ਚ ਇਕ ਹੋਰ ਸਿਆਸੀ ਪਾਰਟੀ ‘ਆਪ ਸਬ ਕੀ ਆਵਾਜ਼’ (ਏ. ਐੱਸ. ਏ.) ਦਾ ਉਭਾਰ ਹੋਇਆ ਹੈ। ਸਾਬਕਾ ਕੇਂਦਰੀ ਮੰਤਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਪਿਛਲੇ ਮਹੀਨੇ ਜਨਤਾ ਦਲ (ਯੂ) ਛੱਡਣ ਤੋਂ ਬਾਅਦ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਸੀ। ਇਤਫਾਕਨ, 66 ਸਾਲਾ ਸਿੰਘ ਕੁਰਮੀ ਜਾਤੀ ਨਾਲ ਸਬੰਧਤ ਹਨ, ਜੋ ਕਿ ਹੋਰ ਪੱਛੜੀਆਂ ਸ਼੍ਰੇਣੀਆਂ ਅਧੀਨ ਆਉਂਦੀ ਹੈ ਅਤੇ ਪਟੇਲ ਨੂੰ ਆਪਣਾ ਆਦਰਸ਼ ਮੰਨਦੇ ਹਨ। ਨਿਤੀਸ਼ ਵੀ ਇਸੇ ਜਾਤੀ ਨਾਲ ਸਬੰਧਤ ਹਨ। ਕੁਰਮੀ ਬਿਹਾਰ ਦੀ ਆਬਾਦੀ ਦਾ ਲਗਭਗ 3 ਫੀਸਦੀ ਹਨ ਪਰ ਆਰਥਿਕ ਤੌਰ ’ਤੇ ਖੁਸ਼ਹਾਲ ਹਨ। ਉਹ ਜ਼ਿਮੀਂਦਾਰਾਂ ਵਿਚ ਗਿਣੇ ਜਾਂਦੇ ਹਨ, ਸਮਾਜਿਕ-ਰਾਜਨੀਤਕ ਤੌਰ ’ਤੇ ਜਾਗਰੂਕ ਹੁੰਦੇ ਹਨ ਅਤੇ ਉੱਪਰ ਵੱਲ ਵਧਣ ਵਾਲੇ ਸਮਝੇ ਜਾਂਦੇ ਹਨ।

ਆਰ. ਸੀ. ਪੀ. ਸਿੰਘ, ਜਿਨ੍ਹਾਂ ਨੇ ਬਿਹਾਰ ਦੇ ਸ਼ਰਾਬਬੰਦੀ ਕਾਨੂੰਨ ਅਤੇ ਵਿਗੜ ਰਹੀ ਜਨਤਕ ਸਿੱਖਿਆ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਦਾ ਟੀਚਾ ਅਗਲੀਆਂ ਚੋਣਾਂ ਵਿਚ 243 ਵਿਧਾਨ ਸਭਾ ਸੀਟਾਂ ਵਿਚੋਂ 140 ’ਤੇ ਉਮੀਦਵਾਰ ਖੜ੍ਹੇ ਕਰਨ ਦਾ ਹੈ। ਆਰ. ਸੀ. ਪੀ. ਅਤੇ ਪ੍ਰਸ਼ਾਂਤ ਦੋਵੇਂ ਇਕ ਸਮੇਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਜ਼ਦੀਕੀ ਸਾਥੀ ਸਨ, ਪਰ ਹੁਣ ਦੋਵੇਂ ਸਿਆਸੀ ਵਿਰੋਧੀ ਹਨ।

ਜਰਾਂਗੇ ਦਾ ਹੈਰਾਨੀਜਨਕ ਕਦਮ : ਇਕ ਹੈਰਾਨੀਜਨਕ ਕਦਮ ਵਿਚ, ਮਰਾਠਾ ਕੋਟਾ ਕਾਰਕੁੰਨ ਮਨੋਜ ਜਰਾਂਗੇ-ਪਾਟਿਲ ਨੇ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਫੈਸਲਾਕੁੰਨ ਚੋਣਾਂ ’ਚੋਂ ਨਾਂ ਵਾਪਸ ਲੈ ਲਿਆ ਪਰ ਉਸ ਨੇ ਕਿਹਾ ਹੈ ਕਿ ਉਹ 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ 10-15 ਉਮੀਦਵਾਰਾਂ ਦੀ ਹਮਾਇਤ ਕਰੇਗਾ। ਇਸ ਕਦਮ ਨਾਲ ਕਾਂਗਰਸ, ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. (ਐੱਸ. ਪੀ.) ਅਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ. ਬੀ. ਟੀ.) ਸਮੇਤ ਵਿਰੋਧੀ ਧਿਰਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ ਕਿਉਂਕਿ ਇਹ ਭਾਜਪਾ ਵਿਰੋਧੀ ਵੋਟਾਂ ਦੀ ਵੰਡ ਨੂੰ ਰੋਕੇਗਾ।

ਹਾਲਾਂਕਿ ਜਰਾਂਗੇ-ਪਾਟਿਲ ਨੇ ਸਪੱਸ਼ਟ ਕੀਤਾ ਕਿ ਮਰਾਠਾ ਰਾਖਵਾਂਕਰਨ ਦੀ ਮੰਗ ਕਰਨ ਵਾਲੀ ਮੁਹਿੰਮ ਜਾਰੀ ਰਹੇਗੀ। ਦੂਜੇ ਪਾਸੇ ਮਹਾਰਾਸ਼ਟਰ ਵਿਚ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਦੇ ਮਾੜੇ ਪ੍ਰਦਰਸ਼ਨ ਦੇ ਪਿੱਛੇ ਮਰਾਠਾ ਵੋਟਾਂ ਨੂੰ ਮੁੱਖ ਕਾਰਕ ਵਜੋਂ ਦੇਖਿਆ ਗਿਆ, ਜਿੱਥੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧੜੇ ਨੇ ਪ੍ਰਮੁੱਖਤਾ ਨਾਲ ਬੜ੍ਹਤ ਹਾਸਲ ਕੀਤੀ।

ਮਰਾਠੇ ਸੂਬੇ ਦੀ ਕੁੱਲ ਆਬਾਦੀ ਦਾ 30.33 ਫੀਸਦੀ ਹਨ। ਮਹਾਰਾਸ਼ਟਰ ਵਿਚ ਸੱਤਾਧਾਰੀ ਮਹਾਯੁਤੀ ਅਤੇ ਵਿਰੋਧੀ ਧਿਰ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਵਿਚਕਾਰ ਮੁਕਾਬਲਾ ਦੋ-ਧਰੁਵੀ ਮੰਨਿਆ ਜਾਂਦਾ ਹੈ। ਭਾਜਪਾ ਇਸ ਸਮੇਂ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨਾਲ ਗੱਠਜੋੜ ਵਿਚ ਹੈ। ਸ਼ਿਵ ਸੈਨਾ (ਯੂ. ਬੀ. ਟੀ.), ਐੱਨ. ਸੀ. ਪੀ. (ਸ਼ਰਦ ਪਵਾਰ) ਅਤੇ ਕਾਂਗਰਸ ਵਿਰੋਧੀ ਐੱਮ. ਵੀ. ਏ. ਗੱਠਜੋੜ ਦਾ ਹਿੱਸਾ ਹਨ।

ਮਹਾਯੁਤੀ ਵਿਚਾਲੇ ਲੜਾਈ : ਮਹਾਰਾਸ਼ਟਰ ’ਚ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਭਾਜਪਾ ਅਤੇ ਅਜੀਤ ਪਵਾਰ ਦੀ ਐੱਨ. ਸੀ. ਪੀ. ਯੁਕਤ ਸਾਂਝੇ ਸੱਤਾਧਾਰੀ ਗੱਠਜੋੜ ਮਹਾਯੁਤੀ ਵਿਚਕਾਰ ਲੜਾਈ ਛਿੜ ਗਈ ਹੈ, ਜੋ ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਸ਼ਿਵ ਸੈਨਾ (ਯੂ. ਬੀ. ਟੀ.), ਐੱਨ. ਸੀ. ਪੀ. (ਐੱਸ. ਪੀ.) ਅਤੇ ਕਾਂਗਰਸ ਦੀ ਵਿਰੋਧੀ ਐੱਮ. ਵੀ. ਏ. ਬਹੁਮਤ ਹਾਸਲ ਕਰਨ ਅਤੇ ਮੌਜੂਦਾ ਸਰਕਾਰ ਨੂੰ ਡੇਗਣ ਦੀ ਇੱਛਾ ਰੱਖਦੀ ਹੈ।

ਸ਼ਿਵ ਸੈਨਾ (ਯੂ. ਬੀ. ਟੀ.) ਦੇ ਊਧਵ ਠਾਕਰੇ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ, ਜਿਸ ਵਿਚ ਪੁਰਸ਼ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ, ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਅਤੇ ਧਾਰਾਵੀ ਦੇ ਪੁਨਰ ਵਿਕਾਸ ਪ੍ਰਾਜੈਕਟ ਨੂੰ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਠਾਕਰੇ ਨੇ ਕਿਹਾ ਕਿ ਜੇਕਰ ਐੱਮ. ਵੀ. ਏ. ਸੱਤਾ ਵਿਚ ਆਉਂਦੀ ਹੈ, ਤਾਂ ਇਹ ਕੋਲੀਵਾੜਾ ਅਤੇ ਗਾਥੋਨ ਦੇ ਸਮੂਹਿਕ ਵਿਕਾਸ ਨੂੰ ਖਤਮ ਕਰ ਦੇਵੇਗੀ।

ਦੂਜੇ ਪਾਸੇ ਐੱਨ. ਸੀ. ਪੀ. (ਐੱਸ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ਦੇ ਲੋਕ ਬਦਲਾਅ ਦੀ ਉਮੀਦ ਕਰ ਰਹੇ ਹਨ ਅਤੇ ਵਿਰੋਧੀ ਐੱਮ. ਵੀ. ਏ. ਆਗਾਮੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਇਹ ਬਦਲ ਦੇਣ ਲਈ ਕੰਮ ਕਰੇਗੀ। ਪਵਾਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਦੇਸ਼ ਵਿਚ ਜਾਤੀ ਜਨਗਣਨਾ ਦੀ ਮੰਗ ਦੀ ਵੀ ਹਮਾਇਤ ਕੀਤੀ।

ਰਾਹਿਲ ਨੋਰਾ ਚੋਪੜਾ


Rakesh

Content Editor

Related News