ਸੋਨੀਆ ਗਾਂਧੀ ਸਾਹਮਣੇ ਕਈ ਚੁਣੌਤੀਆਂ

08/14/2019 7:06:35 AM

ਕਲਿਆਣੀ ਸ਼ੰਕਰ 
ਸੋਨੀਆ ਗਾਂਧੀ ਨੇ 2 ਸਾਲਾਂ ਬਾਅਦ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਵਾਪਸੀ ਕੀਤੀ ਹੈ। ਇਸ ਸਮੇਂ ਦੌਰਾਨ ਉਹ ਪਿਛੋਕੜ ’ਚ ਚਲੀ ਗਈ ਸੀ ਅਤੇ 2017 ’ਚ ਰਾਹੁਲ ਗਾਂਧੀ ਨੂੰ ਕਮਾਨ ਸੌਂਪ ਕੇ ਸਾਰਾ ਮੈਦਾਨ ਉਸ ਦੇ ਲਈ ਖੁੱਲ੍ਹਾ ਛੱਡ ਦਿੱਤਾ ਸੀ। ਜਦੋਂ ਤਕ ਪਾਰਟੀ ਦੀਆਂ ਆਗਾਮੀ ਜਥੇਬੰਦਕ ਚੋਣਾਂ ਨਹੀਂ ਹੁੰਦੀਆਂ, ਉਹ ਪਾਰਟੀ ਦੇ ਮਾਮਲਿਆਂ ਨੂੰ ਦੇਖੇਗੀ। ਸੋਨੀਆ ਨੇ 1998 ’ਚ ਸਿਆਸਤ ਵਿਚ ਕਦਮ ਰੱਖਿਆ ਸੀ, ਜਦੋਂ ਪਾਰਟੀ ਦੀ ਸਥਿਤੀ ਠੀਕ ਨਹੀਂ ਸੀ ਅਤੇ ਉਹ ਇਸਦੇ ਖੋਰੇ ਨੂੰ ਰੋਕਣ ਵਿਚ ਸਮਰੱਥ ਰਹੀ। ਇਥੋਂ ਤਕ ਕਿ ਉਹ ਦੋ ਵਾਰ (2004-2014) ਪਾਰਟੀ ਨੂੰ ਸੱਤਾ ’ਚ ਲਿਆਈ। ਹੁਣ ਜਦਕਿ ਉਹ ਨਾ ਚਾਹੁੰਦੇ ਹੋਏ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਵਾਪਿਸ ਆਈ ਹੈ, ਆਉਣ ਵਾਲੇ ਦਿਨਾਂ ਅਤੇ ਮਹੀਨਿਆਂ ਵਿਚ ਉਸਦੇ ਦੇ ਸਾਹਮਣੇ ਕੀ ਚੁਣੌਤੀਆਂ ਹੋਣਗੀਆਂ? ਸੋਨੀਆ ਲਈ ਪਹਿਲੀ ਚੁਣੌਤੀ, ਜੋ 19 ਸਾਲ ਲਈ ਸਭ ਤੋਂ ਲੰਮੇ ਸਮੇਂ ਤਕ ਕਾਂਗਰਸ ਪ੍ਰਧਾਨ ਰਹੀ, ਆਮ ਕਾਂਗਰਸੀ ਵਰਕਰਾਂ ਦਾ ਮਨੋਬਲ ਬਹਾਲ ਕਰਨਾ ਹੋਵੇਗਾ। ਉਸ ਨੂੰ ਸਾਰੀਆਂ ਪੀੜ੍ਹੀਆਂ ਦੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦਾ ਸਨਮਾਨ, ਵਿਸ਼ਵਾਸ ਅਤੇ ਵਫ਼ਾਦਾਰੀ ਹਾਸਿਲ ਹੈ।

ਵਰਕਰਾਂ ਦਾ ਮਨੋਬਲ

2019 ਦੀਆਂ ਚੋਣਾਂ ’ਚ ਸ਼ਰਮਨਾਕ ਹਾਰ ਤੋਂ ਬਾਅਦ, ਜਦੋਂ ਪਾਰਟੀ ਨੂੰ ਸਿਰਫ 52 ਸੀਟਾਂ ਮਿਲੀਆਂ ਅਤੇ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ 75 ਦਿਨਾਂ ਤਕ ਲੀਡਰਸ਼ਿਪ ਦਾ ਸੰਕਟ ਰਿਹਾ, ਵਰਕਰਾਂ ਦਾ ਮਨੋਬਲ ਹੋਰ ਡਿੱਗ ਗਿਆ। ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਤੋਂ ਬਾਅਦ ਵਰਕਰ ਕਮੇਟੀ ਅਖੀਰ ਸੋਨੀਆ ਗਾਂਧੀ ਨੂੰ ਵਾਪਿਸ ਲੈ ਆਈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕੀ ਸੋਨੀਆ ਪਾਰਟੀ ਦੀ ਸਿਹਤ ਬਹਾਲ ਕਰਨ ਦੇ ਸਮਰੱਥ ਹੋਵੇਗੀ? ਉਨ੍ਹਾਂ ਨੂੰ ਵਰਕਰਾਂ ਦੇ ਨਾਲ ਉਤਸ਼ਾਹਿਤ ਕਰਨ ਵਾਲੀ ਗੱਲਬਾਤ ਦੀ ਲੋੜ ਹੈ, ਜਿਨ੍ਹਾਂ ਨੂੰ ਸ਼ਾਇਦ ਉਨ੍ਹਾਂ ’ਚ ਵਿਸ਼ਵਾਸ ਹੈ, ਜੋ ਉਨ੍ਹਾਂ ਦੇ ਮਨੋਬਲ ਨੂੰ ਵਧਾਏਗਾ। ਦੂਜਾ ਅਤੇ ਜ਼ਿਆਦਾ ਮਹੱਤਵਪੂਰਨ ਮਹਾਰਾਸ਼ਟਰ, ਝਾਰਖੰਡ ਅਤੇ ਹਰਿਆਣਾ ’ਚ ਅਗਲੇ 2 ਮਹੀਨਿਆਂ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਕਾਂਗਰਸ ਅਜੇ ਵੀ ਇਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੈ, ਜਦਕਿ ਭਾਜਪਾ ਦੀ ਤਿੰਨਾਂ ਸੂਬਿਆਂ ਵਿਚ ਜਿੱਤ ਹਾਸਿਲ ਕਰਨ ਦੀ ਪੂਰੀ ਤਿਆਰੀ ਹੈ। ਸੋਨੀਆ ਨੂੰ ਸਹੀ ਕੰਮ ਲਈ ਸਹੀ ਲੋਕਾਂ ਨੂੰ ਲਗਾਉਣਾ ਹੋਵੇਗਾ ਅਤੇ ਜਥੇਬੰਦਕ ਤੌਰ ’ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੋਵੇਗਾ। ਇਸ ਵਿਚ ਧੜੇਬੰਦੀ ਚੱਲ ਰਹੀ ਹੈ ਅਤੇ ਵਰਕਰਾਂ ਤੇ ਨੇਤਾਵਾਂ ਦਾ ਘਟਾਅ ਹੋ ਰਿਹਾ ਹੈ। ਚੋਣ ਤਿਆਰੀਆਂ ਨੂੰ ਦੇਖਣ ਲਈ ਉਨ੍ਹਾਂ ਨੂੰ ਮਜ਼ਬੂਤ ਜਨਰਲ ਸਕੱਤਰਾਂ ਦੀ ਨਿਯੁਕਤੀ ਕਰਨੀ ਹੋਵੇਗੀ। ਜੇਕਰ ਕਾਂਗਰਸ ਇਕ ਵੀ ਸੂਬਾ ਜਿੱਤ ਸਕੀ ਤਾਂ ਇਹ ਪਾਰਟੀ ਦਾ ਮਨੋਬਲ ਵਧਾਉਣ ਲਈ ਦੂਰਗਾਮੀ ਸਾਬਿਤ ਹੋਵੇਗਾ।

ਸਾਰਿਆਂ ਨੂੰ ਨਾਲ ਰੱਖਣਾ ਹੋਵੇਗਾ

ਤੀਸਰਾ,ਉਨ੍ਹਾਂ ਨੂੰ ਸਭ ਨੂੰ ਨਾਲ ਰੱਖਣਾ ਹੋਵੇਗਾ ਕਿਉਂਕਿ ਹੁਣ ਜਦਕਿ ਪੁਰਾਣੇ ਕਾਂਗਰਸੀ ਆਪੋ-ਆਪਣੇ ਰਾਹ ’ਤੇ ਹਨ, ਉਨ੍ਹਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਨਿਰਾਸ਼ ਨੌਜਵਾਨ ਵਰਗ ‘ਹਰੀਆਂ-ਭਰੀਆਂ ਚਰਾਂਦਾਂ’ ਦੀ ਭਾਲ ਵਿਚ ਨਾ ਜਾਣ। ਪਹਿਲਾਂ ਹੀ ਅਜਿਹੀਆਂ ਅਫਵਾਹਾਂ ਹਨ ਕਿ ਕੁਝ ਨੌਜਵਾਨ ਨੇਤਾ ਭਾਜਪਾ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਨੂੰ ਇਨ੍ਹਾਂ ਨੌਜਵਾਨ ਨੇਤਾਵਾਂ ਨੂੰ ਮਹੱਤਵ ਦੇ ਕੇ ਕਾਂਗਰਸ ਵਿਚ ਹੀ ਰਹਿਣ ਲਈ ਮਨਾਉਣ ਦੇ ਸਮਰੱਥ ਹੋਣਾ ਚਾਹੀਦਾ ਹੈ। ਚੌਥਾ, ਖੋਰੇ ’ਤੇ ਕੰਟਰੋਲ ਕਰਨਾ ਮਹੱਤਵਪੂਰਨ ਹੈ। ਉਹ 1998 ’ਚ ਅਜਿਹਾ ਕਰਨ ਵਿਚ ਸਫਲ ਰਹੀ ਸੀ, ਜਦੋਂ ਉਸ ਨੇ ਸੀਤਾਰਾਮ ਕੇਸਰੀ ਤੋਂ ਕਮਾਨ ਸੰਭਾਲੀ ਸੀ। ਉਸ ਨੇ ਅਜਿਹਾ ਇਕ ਅਜਿਹੇ ਸਮੇਂ ’ਤੇ ਕੀਤਾ, ਜਦੋਂ ਪਾਰਟੀ ਵਿਰੋਧੀ ਧਿਰ ਵਿਚ ਸੀ ਤੇ ਬਹੁਤ ਸਾਰੇ ਸੀਨੀਅਰ ਨੇਤਾ ਪਾਰਟੀ ਨੂੰ ਛੱਡ ਰਹੇ ਸਨ। ਹੁਣ ਵੀ ਸੰਜੇ ਸਿੰਘ ਅਤੇ ਭੁਵਨੇਸ਼ਵਰ ਕਾਲਿਤਾ ਵਰਗੇ ਕੁਝ ਸੰਸਦ ਮੈਂਬਰ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਕਈ ਹੋਰਨਾਂ ਦੇ ਜਾਣ ਦੀ ਸੰਭਾਵਨਾ ਹੈ। ਮਹਾਰਾਸ਼ਟਰ, ਗੋਆ, ਤੇਲੰਗਾਨਾ ਸਮੇਤ ਜ਼ਿਆਦਾਤਰ ਸੂਬਿਆਂ ਵਿਚ ਕਈ ਕਾਂਗਰਸੀ ਡੁੱਬਦੇ ਹੋਏ ਜਹਾਜ਼ ਨੂੰ ਛੱਡ ਰਹੇ ਹਨ। ਸਵਾਲ ਇਹ ਹੈ ਕਿ ਕੀ ਉਹ ਉਨ੍ਹਾਂ ਨੂੰ ਰੋਕਣ ਵਿਚ ਸਫਲ ਹੋਵੇਗੀ?

ਭਾਜਪਾ ਨੂੰ ਚੁਣੌਤੀ

ਪੰਜਵਾਂ, ਉਸ ਨੂੰ ਭਾਜਪਾ ਨੂੰ ਚੁਣੌਤੀ ਦੇਣ ਵਾਲੀ ਦੇ ਤੌਰ ’ਤੇ ਕਾਂਗਰਸ ਪਾਰਟੀ ਦੀ ਸਥਿਤੀ ਨੂੰ ਬਹਾਲ ਕਰਨਾ ਚਾਹੀਦਾ ਹੈ ਅਤੇ ਇਸ ਦੇ ਲਈ ਲੋੜ ਹੈ ਪਾਰਟੀ ਨੂੰ ਇਕਜੁੱਟ ਕਰਨ ਦੀ। ਉਹ ਪਹਿਲਾਂ ਵੀ ਪੰਚਮੜੀ ਅਤੇ ਸ਼ਿਮਲਾ ਵਿਚ ਕਨਕਲੇਵਸ ਆਯੋਜਿਤ ਕਰ ਕੇ ਅਜਿਹਾ ਕਰਨ ਵਿਚ ਸਫਲ ਰਹੀ ਸੀ, ਜਿਸ ਵਿਚ ਪਾਰਟੀ ਨੇਤਾਵਾਂ ਦੇ ਵਿਚਾਰਕ ਸੈਸ਼ਨ ਆਯੋਜਿਤ ਕੀਤੇ ਗਏ ਅਤੇ ਅਜਿਹੇ ਹੀ ਇਕ ਸੈਸ਼ਨ ਦੀ ਹੁਣ ਲੋੜ ਹੈ। ਵਿਸ਼ੇਸ਼ ਤੌਰ ’ਤੇ ਲੋਕ ਸਭਾ ਚੋਣਾਂ ’ਚ ਸ਼ਰਮਨਾਕ ਹਾਰ ਤੋਂ ਬਾਅਦ। ਪਾਰਟੀ ਨੂੰ ਅਜੇ ਆਤਮ-ਮੰਥਨ ਕਰ ਕੇ ਆਪਣੀਆਂ ਗਲਤੀਆਂ ਸੁਧਾਰਨੀਆਂ ਚਾਹੀਦੀਆਂ ਹਨ। ਛੇਵਾਂ, ਉਸ ਨੂੰ ਜ਼ਰੂਰੀ ਤੌਰ ’ਤੇ ਆਪਣੇ ਬੱਚਿਆਂ ਦੀ ਭੂਮਿਕਾ ਨੂੰ ਪਰਿਭਾਸ਼ਿਤ ਕਰਨਾ ਪਵੇਗਾ, ਨਹੀਂ ਤਾਂ ਸੱਤਾ ਦੇ ਤਿੰਨ ਕੇਂਦਰ ਬਣ ਜਾਣਗੇ। ਰਾਹੁਲ ਨੇ ਕਿਹਾ ਹੈ ਕਿ ਉਹ ਪਾਰਟੀ ਲਈ ਕੰਮ ਕਰਦੇ ਰਹਿਣਗੇ। ਪ੍ਰਿਯੰਕਾ ਗਾਂਧੀ ਵਢੇਰਾ ਪਹਿਲਾਂ ਹੀ ਜਨਰਲ ਸਕੱਤਰ ਹੈ ਪਰ ਮਾਂ ਤਕ ਆਪਣੀ ਪਹੁੰਚ ਦੇ ਕਾਰਣ ਉਹ ਸਿਰਫ ਇਕ ਜਨਰਲ ਸਕੱਤਰ ਹੀ ਨਹੀਂ ਹੈ। ਸੱਤਵਾਂ, ਉਸਨੂੰ ਆਪਣੀ ਗੱਠਜੋੜ ਦੀ ਰਣਨੀਤੀ ’ਤੇ ਮੁੜ ਕੰਮ ਕਰਨਾ ਹੋਵੇਗਾ ਅਤੇ ਜਿੱਥੇ ਕਾਂਗਰਸ ਮਜ਼ਬੂਤ ਨਹੀਂ ਹੈ, ਉਥੇ ਉਸ ਨੂੰ ਛੋਟੇ ਅਤੇ ਖੇਤਰੀ ਦਲਾਂ ਦੇ ਨਾਲ ਗੱਠਜੋੜਾਂ ’ਤੇ ਧਿਆਨ ਦੇਣਾ ਹੋਵੇਗਾ। ਪਾਰਟੀ ਨੂੰ ਜ਼ਰੂਰੀ ਤੌਰ ’ਤੇ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹੀ ਇਕੋ ਇਕ ਰਾਹ ਹੋਵੇਗਾ, ਜੋ ਇਸ ਦੇ ਮੌਕਿਆਂ ਵਿਚ ਸੁਧਾਰ ਕਰ ਸਕਦਾ ਹੈ।

ਅੰਤਿਮ ਪਰ ਆਖਰੀ ਨਹੀਂ, ਪਾਰਟੀ ਦੇ ਮੁੜ ਗਠਨ ਅਤੇ ਵੋਟਰਾਂ ਦੇ ਨਾਲ ਮੁੜ ਸੰਪਰਕ ਬਣਾਉਣ ’ਤੇ ਧਿਆਨ ਦੇਣਾ ਜ਼ਰੂਰੀ ਹੈ। 2019 ਦੀਆਂ ਚੋਣਾਂ ’ਚ ਕਾਂਗਰਸ ਨੂੰ 17 ਸੂਬਿਆਂ ’ਚ ਇਕ ਵੀ ਸੀਟ ਨਹੀਂ ਮਿਲੀ। ਪਿਛਲੇ 5 ਸਾਲਾਂ ਵਿਚ ਭਾਜਪਾ ਨੇ ਵਰਣਨਯੋਗ ਤੌਰ ’ਤੇ ਆਪਣੇ ਆਧਾਰ ਨੂੰ ਵਿਆਪਕ ਬਣਾਇਆ ਹੈ ਅਤੇ ਉਨ੍ਹਾਂ ਸੂਬਿਆਂ ਵਿਚ ਵੀ ਜਿੱਤ ਹਾਸਿਲ ਕੀਤੀ ਹੈ, ਜਿਨ੍ਹਾਂ ਵਿਚ ਪਹਿਲਾਂ ਉਹ ਕਦੇ ਨਹੀਂ ਜਿੱਤੀ ਸੀ ਅਤੇ ਕਾਂਗਰਸ ਦੀ ਜਗ੍ਹਾ ਰਾਸ਼ਟਰੀ ਰਾਜਨੀਤੀ ’ਚ ਮੁੱਖ ਧੁਰੀ ਦੇ ਤੌਰ ’ਤੇ ਉੱਭਰੀ ਹੈ। ਉੱਤਰੀ ਅਤੇ ਪੂਰਬੀ ਸੂਬਿਆਂ ’ਚ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਕਾਂਗਰਸ ਨੂੰ ਇਕ ਨਵੀਂ ਯੋਜਨਾ ਨਾਲ ਅੱਗੇ ਆਉਣਾ ਹੋਵੇਗਾ। ਅਜਿਹਾ ਕਰਨ ਲਈ 2024 ਦੀਆਂ ਚੋਣਾਂ ਤਕ 5 ਸਾਲ ਬਾਕੀ ਹਨ, ਭਾਵੇਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਮਹੱਤਵਪੂਰਨ ਹਨ। ਇਹ ਟੀਚਾ ਹਾਸਿਲ ਕਰਨ ਲਈ ਪਾਰਟੀ ਨੂੰ ਸੰਕਲਪ ਭਾਵ ਨਾਲ ਕੰਮ ਕਰਨਾ ਹੋਵੇਗਾ। ਇਸ ਸਭ ਲਈ ਉਸ ਨੂੰ ਇਕ ਚੰਗੀ ਟੀਮ ਦੀ ਲੋੜ ਹੈ। ਜਿੱਥੇ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੀ ਮੰਡਲੀ ਨੂੰ ਸਾਰੀ ਤਾਕਤ ਆਪਣੇ ਹੱਥ ਵਿਚ ਲੈਣ ਦੀ ਆਸ ਹੋਵੇਗੀ, ਉਸ ਨੂੰ ਆਪਣੀ ਕੇਂਦਰੀ ਟੀਮ ਵਿਚ ਪੁਰਾਣੇ ਅਤੇ ਨੌਜਵਾਨ ਕਾਂਗਰਸੀ ਨੇਤਾਵਾਂ ਦੇ ਮਿਸ਼ਰਣ ਨੂੰ ਰੱਖਣਾ ਹੋਵੇਗਾ। ਇਨ੍ਹਾਂ ਸਾਰੇ ਉਪਾਵਾਂ ਨੂੰ ਅਤਿਅੰਤ ਜ਼ਰੂਰੀ ਤੌਰ ’ਤੇ ਅਪਣਾਉਣਾ ਹੋਵੇਗਾ ਕਿਉਂਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਫੀ ਸਮਾਂ ਨਹੀਂ ਹੈ।
 


Related News