ਮਨਮੋਹਨ ਸਿੰਘ ਭਾਵ ਗੱਲ ਘੱਟ-ਕੰਮ ਜ਼ਿਆਦਾ

Saturday, Dec 28, 2024 - 03:24 PM (IST)

ਮਨਮੋਹਨ ਸਿੰਘ ਭਾਵ ਗੱਲ ਘੱਟ-ਕੰਮ ਜ਼ਿਆਦਾ

ਇਕ ਸ਼ਾਨਦਾਰ ਸ਼ਖਸੀਅਤ ਜਿਸ ਦੀ ਚੁੱਪ ਉਸਦੀ ਸਭ ਤੋਂ ਵੱਡੀ ਤਾਕਤ ਸੀ। ਨੁਕਤਾਚੀਨੀ ਦਾ ਕਦੇ ਵੀ ਜਵਾਬ ਨਾ ਦੇਣਾ। ਆਰਥਿਕ ਮਾਮਲਿਆਂ ਵਿਚ ਅਜਿਹੀ ਮੁਹਾਰਤ ਕਿ ਦੁਨੀਆ ਦਾ ਥਾਣੇਦਾਰ ਅਖਵਾਉਣ ਵਾਲਾ ਦੇਸ਼ ਵੀ ਲੋਹਾ ਮੰਨੇ। ਅੱਜ ਭਾਰਤ ਨੂੰ ਆਰਥਿਕ ਤੌਰ ’ਤੇ ਵਿਸ਼ਵ ਪੱਧਰ ’ਤੇ ਝੰਡਾ ਲਹਿਰਾਉਣ ਤੱਕ ਲੈ ਜਾਣ ਵਾਲੇ ਸੂਤਰਧਾਰ ਅਤੇ ਸਾਦਗੀ ਅਤੇ ਸਰਲਤਾ ਇੰਨੀ ਕਿ ਨਾਸ਼ਤੇ ’ਚ ਬੇਹੀ ਰੋਟੀ ਬੜੇ ਚਾਅ ਨਾਲ ਖਾਣ ਤੋਂ ਝਿਜਕ ਨਹੀਂ। ਯਕੀਨਨ, ਡਾ. ਮਨਮੋਹਨ ਸਿੰਘ ਭਾਰਤ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀਆਂ ਵਿਚੋਂ ਇਕ, ਉਹ ਦੁਰਲੱਭ ਸਿਆਸਤਦਾਨ ਸਨ ਜੋ ਨੀਤੀ ਨਾਲ ਰਾਜ ਕਰਨ ਵਿਚ ਮਾਹਿਰ ਸਨ।

ਵਿੱਤ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਵਿਸ਼ਵ ਆਰਥਿਕ ਮੰਦੀ ਦੌਰਾਨ ਭਾਰਤ ਨੂੰ ਨਾ ਸਿਰਫ਼ ਬਚਾਇਆ ਸਗੋਂ ਅੱਜ ਜਿੱਥੇ ਪਹੁੰਚਿਆ ਹੈ, ਉਨ੍ਹਾਂ ਦੀ ਬਦੌਲਤ ਹੀ ਦੁਨੀਆ ਭਾਰਤ ਦਾ ਲੋਹਾ ਮੰਨਣ ਲੱਗੀ ਹੈ। ਭਾਵੇਂ ਡਾ. ਮਨਮੋਹਨ ਸਿੰਘ ਦੀ ਕਈ ਮੁੱਦਿਆਂ ’ਤੇ ਆਲੋਚਨਾ ਹੋਈ, ਪਰ ਉਨ੍ਹਾਂ ਨੇ ਕਦੇ ਵੀ ਮੋੜਵਾਂ ਜਵਾਬ ਨਾ ਦੇ ਕੇ ਆਪਣੇ ਕੰਮ ਰਾਹੀਂ ਦਿਖਾਇਆ ਕਿ ਉਹ ਨਾ ਤਾਂ ਆਲੋਚਨਾ ਦੀ ਪਰਵਾਹ ਕਰਦੇ ਹਨ ਅਤੇ ਨਾ ਹੀ ਉਹ ਆਪਣੇ ਕੰਮ ਵਿਚ ਕੋਈ ਦਖਲਅੰਦਾਜ਼ੀ ਪਸੰਦ ਕਰਦੇ ਹਨ। ਇਹ ਮਨਮੋਹਨ ਸਿੰਘ ਹੀ ਸਨ ਜਿਨ੍ਹਾਂ ਨੇ ਹਮੇਸ਼ਾ ਆਪਣੇ ਆਪ ਤੋਂ ਅੱਗੇ ਹੋ ਕੇ ਦੇਸ਼ ਵੱਲ ਦੇਖਿਆ, ਜੋ ਨਾ ਤਾਂ ਅਮਰੀਕਾ ਨਾਲ ਹੋਏ ਪ੍ਰਮਾਣੂ ਸਮਝੌਤੇ ਦੌਰਾਨ ਖੱਬੇ-ਪੱਖੀਆਂ ਦੇ ਦਬਾਅ ਹੇਠ ਆਏ ਅਤੇ ਨਾ ਹੀ ਪਾਰਟੀ ਅੰਦਰ ਉੱਠ ਰਹੀ ਵਿਰੋਧੀ ਧਿਰ ਦੀ ਆਵਾਜ਼ ਅੱਗੇ ਝੁਕੇ। ਇਸ ਕਾਰਨ ਸਰਕਾਰ ਵੀ ਖਤਰੇ ਵਿਚ ਆ ਗਈ ਪਰ ਸਮਝੌਤੇ ਤੋਂ ਪਿੱਛੇ ਨਹੀਂ ਹਟੇ।

ਇਸ ਡੀਲ ਤੋਂ ਬਾਅਦ ਭਾਰਤ ਪ੍ਰਮਾਣੂ ਹਥਿਆਰਾਂ ਦੇ ਮਾਮਲੇ ਵਿਚ ਇਕ ਸ਼ਕਤੀਸ਼ਾਲੀ ਦੇਸ਼ ਬਣ ਕੇ ਉਭਰਿਆ ਅਤੇ ਭਾਰਤ-ਅਮਰੀਕਾ ਸਬੰਧਾਂ ਵਿਚ ਨਵਾਂ ਮੋੜ ਆਇਆ। ਕਈ ਸਖ਼ਤ ਫੈਸਲਿਆਂ ਦੇ ਬਾਵਜੂਦ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਸਬੰਧ ਕਦੇ ਵਿਗੜਦੇ ਨਹੀਂ ਸਨ। ਪ੍ਰਧਾਨ ਮੰਤਰੀ ਮੋਦੀ ਨੇ ਨਾ ਸਿਰਫ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਕੰਮ ਦੀ ਤਾਰੀਫ ਕੀਤੀ, ਸੰਘ ਮੁਖੀ ਅਤੇ ਹੋਰ ਮਹੱਤਵਪੂਰਨ ਅਧਿਕਾਰੀਆਂ ਨੇ ਵੀ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਤਾਰੀਫ ਕੀਤੀ।

ਅਸਲ ਵਿਚ, ਜਿਸ ਨੇ ਆਪਣੀ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਇਕ ਸੀਨੀਅਰ ਸਰਕਾਰੀ ਅਧਿਕਾਰੀ ਵਜੋਂ ਬਿਤਾਇਆ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਰਾਜਨੀਤੀ ਵਿਚ ਆਉਣਾ ਚਾਹੁੰਦੇ ਹਨ, ਸ਼ਾਇਦ ਇਹ ਉਨ੍ਹਾਂ ਦੀ ਕਾਬਲੀਅਤ ਕਾਰਨ ਹੀ ਸੀ ਕਿ ਨਰਸਿਮ੍ਹਾ ਰਾਓ ਨੇ ਉਨ੍ਹਾਂ ਨੂੰ ਆਪਣੇ ਸਹਾਇਕ ਰਾਹੀਂ ਵਿੱਤ ਮੰਤਰੀ ਬਣਾਉਣ ਦਾ ਪ੍ਰਸਤਾਵ ਭੇਜਿਆ ਜਦੋਂ ਉਹ ਸੌਂ ਰਹੇ ਸਨ।

ਉਨ੍ਹਾਂ ਨੇ ਸਮਝਿਆ ਕਿ ਇਹ ਮਖੌਲ ਹੈ ਪਰ ਜਦੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਓ ਦਾ ਫੋਨ ਗਿਆ ਤਾਂ ਉਹ ਕਿਸੇ ਹੋਰ ਥਾਂ 'ਤੇ ਸਨ। ਇਕ ਵਿਦਿਆਰਥੀ ਦੇ ਰੂਪ ਵਿਚ ਜੋ ਚੁਣੌਤੀਆਂ ਨਾਲ ਜੂਝਣ ਵਾਲੇ ਸਨ ਅਤੇ ਹਮੇਸ਼ਾ ਪੜ੍ਹਨ ਅਤੇ ਸਿੱਖਣ ਦਾ ਸ਼ੌਕ ਰੱਖਣ ਕਾਰਨ ਹੀ ਉਨ੍ਹਾਂ ਦੇ ਪੜ੍ਹਨ ਵਾਲੇ ਕਮਰੇ ਵਿਚ ਮੋਟੀਆਂ-ਮੋਟੀਆਂ ਕਿਤਾਬਾਂ ਦੇ ਢੇਰ ਸਨ ਜਿਨ੍ਹਾਂ ਨੂੰ ਉਹ ਨਿਯਮਿਤ ਤੌਰ ’ਤੇ ਪੜ੍ਹਦੇ ਸਨ। ਨਵੀਆਂ ਕਿਤਾਬਾਂ ਪੜ੍ਹਨ ਅਤੇ ਸਿੱਖਣ ਦੀ ਲਾਲਸਾ ਨੇ ਹੀ ਉਨ੍ਹਾਂ ਨੂੰ ਦੇਸ਼ ਦੇ ਇੰਨੇ ਵੱਡੇ ਮੁਕਾਮ ਤੱਕ ਪਹੁੰਚਾਇਆ। ਉਹ ਭਾਰਤ ਦੇ ਇਕਲੌਤੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਦੇ ਦਸਤਖਤ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੇਵਾ ਕਰਦੇ ਹੋਏ ਭਾਰਤ ਦੀ ਮੁਦਰਾ ’ਤੇ ਦਿਖਾਈ ਦਿੱਤੇ।

ਆਰਥਿਕ ਉਦਾਰੀਕਰਨ ਦੇ ਦੌਰ ਵਿਚ ਵਿਦੇਸ਼ੀ ਕੰਪਨੀਆਂ ਲਈ ਦਰਵਾਜ਼ੇ ਖੋਲ੍ਹੇ। ਆਰਥਿਕ ਨੀਤੀਆਂ ਕਾਰਨ 1991 ਦੇ ਬਜਟ ਤੋਂ ਬਾਅਦ 2 ਸਾਲਾਂ ਦੇ ਅੰਦਰ ਹੀ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 1 ਅਰਬ ਡਾਲਰ ਤੋਂ ਵਧ ਕੇ 10 ਅਰਬ ਡਾਲਰ ਅਤੇ 1998 ਵਿਚ 290 ਅਰਬ ਡਾਲਰ ਤੱਕ ਪਹੁੰਚ ਗਿਆ।

ਮਨਰੇਗਾ ਦੇ ਪਿਤਾਮਾ ਹੋਣ ਦੇ ਨਾਤੇ, ਉਨ੍ਹਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਜਨਤਕ ਕਾਰਜ ਪ੍ਰੋਗਰਾਮ ਦਿੱਤਾ ਜਿਸ ਨੇ ਪੇਂਡੂ ਆਰਥਿਕਤਾ ਨੂੰ ਮੁੜ ਸੁਰਜੀਤ ਕੀਤਾ। ਲੋੜਵੰਦਾਂ ਨੂੰ ਲੋੜੀਂਦਾ ਰੁਜ਼ਗਾਰ ਮਿਲਿਆ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋਇਆ ਅਤੇ ਇਹ ਸਕੀਮ ਲਗਭਗ 15 ਫੀਸਦੀ ਆਬਾਦੀ ਲਈ ਸਮਾਜਿਕ ਸੁਰੱਖਿਆ ਦਾ ਆਧਾਰ ਬਣ ਗਈ ਜਿਸ ਦੀ ਵਿਸ਼ਵ ਬੈਂਕ ਨੇ ਵੀ ਸ਼ਲਾਘਾ ਕੀਤੀ ਸੀ।

ਸੂਚਨਾ ਦਾ ਅਧਿਕਾਰ ਅਰਥਾਤ ਆਰ. ਟੀ. ਆਈ. ਐਕਟ ਰਾਹੀਂ ਉਨ੍ਹਾਂ ਨੇ ਪਾਰਦਰਸ਼ਤਾ ਦੀ ਉਹ ਸ਼ੁਰੂਆਤ ਕੀਤੀ, ਜਿਸ ਵਿਚ ਉਨ੍ਹਾਂ ਦੀ ਆਪਣੀ ਸਰਕਾਰ ਵੀ ਸ਼ਾਮਲ ਸੀ। ਅਜਿਹੀ ਹਿੰਮਤ ਕੇਵਲ ਮਨਮੋਹਨ ਸਿੰਘ ਹੀ ਕਰ ਸਕਦੇ ਸਨ। ਅੱਜ ਇਹ ਦੇਸ਼ ਵਿਚ ਭ੍ਰਿਸ਼ਟਾਚਾਰ ਅਤੇ ਵੱਡੇ ਘਪਲਿਆਂ ਦਾ ਪਰਦਾਫਾਸ਼ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਕਾਫੀ ਹੱਦ ਤੱਕ ਇਹ ਐਕਟ ਭ੍ਰਿਸ਼ਟਾਚਾਰ ਨੂੰ ਰੋਕਣ ਵਿਚ ਵੀ ਕਾਮਯਾਬ ਰਿਹਾ ਹੈ।

ਆਧਾਰ ਕਾਰਡ ਬਣਾਉਣ ਦੀ ਸ਼ੁਰੂਆਤ ਕਰਦਿਆਂ, ਉਨ੍ਹਾਂ ਨੇ 2009 ਵਿਚ ਭਾਰਤੀ ਵਿਲੱਖਣ ਪਛਾਣ ਅਥਾਰਟੀ ਦਾ ਗਠਨ ਕੀਤਾ। ਇਹ ਦੱਸਣ ਦੀ ਲੋੜ ਨਹੀਂ ਹੈ ਕਿ ਅੱਜ ਆਧਾਰ ਕਿੰਨਾ ਮਜ਼ਬੂਤ ​​ਅਤੇ ਮਹੱਤਵਪੂਰਨ ਹੈ। ਇਸੇ ਤਰ੍ਹਾਂ, ਦੇਸ਼ ਦੀ ਲਗਭਗ 2 ਤਿਹਾਈ ਆਬਾਦੀ ਨੂੰ ਸਬਸਿਡੀ ਵਾਲਾ ਅਨਾਜ ਮੁਹੱਈਆ ਕਰਵਾਉਣ ਲਈ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦਾ ਉਦੇਸ਼ ਬਹੁਤ ਸਾਰਥਕ ਹੋ ਗਿਆ।

ਕਿਹੜਾ ਸਿਆਸਤਦਾਨ ਹੋਵੇਗਾ ਜੋ ਆਪ ਹੀ ਆਪਣੇ ਬਾਰੇ ਕਹੇ, ਭਾਵੇਂ ਮਜ਼ਾਕੀਆ ਲਹਿਜੇ ਵਿਚ ਹੀ ਸਹੀ, ਕਿ ਉਹ ਇਕ ਐਕਸੀਡੈਂਟਲ (ਅਚਾਨਕ ਬਣੇ) ਪ੍ਰਧਾਨ ਮੰਤਰੀ ਅਤੇ ਇਕ ਐਕਸੀਡੈਂਟਲ ਵਿੱਤ ਮੰਤਰੀ ਹਨ। ਡਾ. ਸਿੰਘ, ਜੋ ਕਿ ਜਿਆਦਾਤਰ ਚੁੱਪ ਰਹਿੰਦੇ ਸਨ ਅਤੇ ਨਪਿਆ-ਤੁਲਿਆ ਜਵਾਬ ਦਿੰਦੇ ਸਨ, ਸ਼ਿਅਰੋ-ਸ਼ਾਇਰੀ ਦੇ ਵੀ ਬਹੁਤ ਸ਼ੌਕੀਨ ਸਨ। ਵਿਰੋਧੀ ਧਿਰ ਅਤੇ ਪਾਰਟੀ ਦੋਵੇਂ ਹੀ ਸੰਸਦ ਵਿਚ ਉਨ੍ਹਾਂ ਦੀ ਗੱਲ ਬੜੀ ਗੰਭੀਰਤਾ ਨਾਲ ਸੁਣਦੇ ਸਨ। ਮਨਮੋਹਨ ਸਿੰਘ, ਜੋ ਹਮੇਸ਼ਾ ਆਪਣੀ ਪਾਰਟੀ ਪ੍ਰਤੀ ਵਫ਼ਾਦਾਰ ਰਹੇ, ਨੇ ਕਦੇ ਵੀ ਪਾਰਟੀ ਸੁਪਰੀਮੋ ਨਾਲੋਂ ਵੱਡੀ ਲਕੀਰ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਾਇਦ ਇਸੇ ਕਾਰਨ ਉਨ੍ਹਾਂ ਨੂੰ ਰਬੜ ਦੀ ਮੋਹਰ ਤੱਕ ਵੀ ਕਿਹਾ ਗਿਆ ਪਰ ਉਹ ਹਮੇਸ਼ਾ ਇਸ ਤੋਂ ਬੇਫਿਕਰ ਰਹੇ। ਉਨ੍ਹਾਂ ਵਿਚ ਇੰਨੀ ਨਿਮਰਤਾ ਅਤੇ ਸਾਦਗੀ ਸੀ ਕਿ ਪ੍ਰਧਾਨ ਮੰਤਰੀ ਬਣਨ ਤੋਂ ਇਕ ਦਿਨ ਪਹਿਲਾਂ ਤੱਕ ਕਿਸੇ ਨੇ ਉਨ੍ਹਾਂ ਦੇ ਘਰ ਵਿਚ 6 ਮਹੀਨੇ ਤੋਂ ਖਰਾਬ ਏਅਰ ਕੰਡੀਸ਼ਨਰ ਨੂੰ ਠੀਕ ਕਰਨ ਦੀ ਖੇਚਲ ਨਹੀਂ ਕੀਤੀ ਪਰ ਉਨ੍ਹਾਂ ਦਾ ਆਪਣੀਆਂ ਪੁਰਾਣੀਆਂ ਚੀਜ਼ਾਂ ਨਾਲ ਮੋਹ ਅਜਿਹਾ ਸੀ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਹ ਹਮੇਸ਼ਾ ਮਾਰੂਤੀ 800 ਨੂੰ ਹੀ ਨਿਹਾਰਦੇ ਰਹੇ।

ਨਿਸ਼ਚਿਤ ਤੌਰ ’ਤੇ ਅਜਿਹੇ ਸਹਿਜ, ਸਾਦੇ ਪਰ ਗੁਣਾਂ ਨਾਲ ਭਰਪੂਰ ਸਾਬਕਾ ਪ੍ਰਧਾਨ ਮੰਤਰੀ ਦੀ ਸਾਫਗੋਈ ਦਾ ਹਰ ਕੋਈ ਕਾਇਲ ਸੀ ਅਤੇ ਉਨ੍ਹਾਂ ਦੇ ਆਰਥਿਕ ਸੁਧਾਰਾਂ ਅਤੇ ਪ੍ਰਾਪਤੀਆਂ ਨੂੰ ਇਤਿਹਾਸ ਵਿਚ ਯਕੀਨੀ ਤੌਰ ’ਤੇ ਸੁਨਹਿਰੀ ਅੱਖਰਾਂ ਵਿਚ ਦਰਜ ਕੀਤਾ ਜਾਵੇਗਾ। ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਉਹ ਰਾਜਨੀਤੀ ਨਹੀਂ ਸਗੋਂ ਨੀਤੀ ਨਾਲ ਰਾਜ ਕਰਦੇ ਸਨ। ਪੂਰਾ ਦੇਸ਼ ਅਜਿਹੇ ਵਿਰਲੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਿਵੇਂ ਭੁੱਲੇਗਾ, ਜਿਨ੍ਹਾਂ ਨੇ ਘੱਟ ਬੋਲ ਕੇ ਵੀ ਆਪਣਾ ਲੋਹਾ ਮੰਨਵਾਇਆ!

-ਰਿਤੂਪਰਣ ਦਵੇ


author

Tanu

Content Editor

Related News