...ਉਂਝ ਹੀ ਨਹੀਂ ਯਾਦ ਆਉਂਦੇ ਖੁਸ਼ਵੰਤ ਸਿੰਘ

Saturday, Mar 23, 2024 - 01:07 PM (IST)

...ਉਂਝ ਹੀ ਨਹੀਂ ਯਾਦ ਆਉਂਦੇ ਖੁਸ਼ਵੰਤ ਸਿੰਘ

ਅੰਗ੍ਰੇਜ਼ੀ ਲੇਖਕਾਂ ਦੀ ਪਹਿਲੀ ਕਤਾਰ ’ਚ ਸ਼ਾਮਲ, ਆਪਣੇ ਹੀ ਢੰਗ ਨਾਲ ਗੱਲ ਕਰਨ ’ਚ ਮਾਹਿਰ, ਸ. ਖੁਸ਼ਵੰਤ ਸਿੰਘ 100 ਸਾਲ ਜਿਊਣਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਕਿ ਸੈਂਚੁਰੀ ਬਣਾਉਂਦੇ, 20 ਮਾਰਚ, 2014 ਨੂੰ ਆਪਣੀ ਚਾਦਰ ਸਮੇਟ ਕੇ ਅਨੰਤ ਯਾਤਰਾ ਲਈ ਕੂਚ ਕਰ ਗਏ।

ਲਿਖਤਾਂ ਹੋਣ ਜਾਂ ਸਰਕਾਰ ਦੀ ਨੌਕਰੀ (ਡਿਪਲੋਮੈਟ, ਪਲਾਨਿੰਗ ਕਮਿਸ਼ਨ) ਜਾਂ ਧਨ ਕੁਬੇਰਾਂ ਦੇ ਪ੍ਰਕਾਸ਼ਨ ਸੰਸਥਾਨ ਤੋਂ ਪ੍ਰਕਾਸ਼ਿਤ ਹੋਣ ਵਾਲੀਆਂ ਅਖਬਾਰਾਂ ਅਤੇ ਰਸਾਲੇ ਜਾਂ ਫਿਰ ਵਕਾਲਤ ਦਾ ਪੇਸ਼ਾ, ਜ਼ਿੰਦਗੀ ਦੀ ਜ਼ਿੰਦਾਦਿਲੀ ਨੂੰ ਹਮੇਸ਼ਾ ਕਾਇਮ ਰੱਖਿਆ, ਕਦੀ ਕੋਈ ਸਮਝੌਤਾ ਨਹੀਂ ਕੀਤਾ। ਹਾਲਾਂਕਿ ਮਾਲਕਾਂ ਨੂੰ ਅੰਨਦਾਤਾ ਕਹਿੰਦੇ ਸਨ ਪਰ ਉਹ ਉਨ੍ਹਾਂ ਦੇ ਜਾਚਕ ਬਣ ਕੇ ਨਹੀਂ ਰਹੇ। ਬਿਨਾਂ ਕਿਸੇ ਤਰ੍ਹਾਂ ਦੇ ਮੁਲੰਮੇ ਤੋਂ ਆਪਣੀ ਗੱਲ ਕਹਿ ਦਿੰਦੇ ਸਨ।

ਪੱਤਰਕਾਰਿਤਾ ਕਰਦੇ ਸਮੇਂ ਵਿਸ਼ਾ ਕੋਈ ਵੀ ਹੋਵੇ, ਸਾਫਗੋਈ ਦੀ ਆਦਤ ਅਜਿਹੀ ਕਿ ਮਿਲਣ ਵਾਲੇ ਹੋਣ ਜਾਂ ਪੜ੍ਹਨ ਵਾਲੇ, ਕਾਇਲ ਹੋ ਜਾਂਦੇ ਪਰ ਆਲੋਚਨਾ ਅਤੇ ਉਹ ਵੀ ਕੌੜੀ, ਜ਼ਰੂਰ ਕਰਦੇ। ਜੇ ਇਹ ਤੈਅ ਕਰ ਲੈਂਦੇ ਕਿ ਇਸ ਆਦਮੀ ਨੂੰ ਨਾ ਕਦੀ ਮਿਲਣਗੇ, ਨਾ ਅੱਗੇ ਇਸ ਨੂੰ ਪੜ੍ਹਨਗੇ ਤਾਂ ਇਸ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਂਦਾ ਅਤੇ ਜਿਉਂ ਹੀ ਅਗਲਾ ਕਾਲਮ ਜਾਂ ਸੰਪਾਦਕੀ ਆਉਂਦਾ ਤਾਂ ਉਸ ਦਾ ਰਸ ਲੈਣ ਲੱਗਦੇ। ਉਸ ਦੇ ਬਾਅਦ ਓਹੀ ਪਹਿਲਾਂ ਵਾਲੀ ਰਟ ਦੁਹਰਾਉਂਦੇ ਕਿ ਹੁਣ ਹੋਰ ਨਹੀਂ। ਪਾਠਕਾਂ ਨਾਲ ਇਹ ਰਿਸ਼ਤਾ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦਾ ਹੈ ਜੋ ਕਦੀ ਟੁੱਟਾ ਨਹੀਂ।

ਪਹਿਲੀ ਮੁਲਾਕਾਤ : ਲਗਭਗ 40 ਸਾਲ ਪਹਿਲਾਂ, ਮਨ ’ਚ ਆਇਆ ਕਿ ਇਕ ਅਜਿਹੀ ਫੀਚਰ ਏਜੰਸੀ ਸ਼ੁਰੂ ਕੀਤੀ ਜਾਵੇ ਜੋ ਹਿੰਦੀ ਪਾਠਕਾਂ ਨੂੰ ਦੂਜੀਆਂ ਭਾਸ਼ਾਵਾਂ ਦੇ ਲੇਖਕ ਜੋ ਰਚ ਰਹੇ ਹਨ, ਉਸ ਤੋਂ ਵਾਕਿਫ ਕਰਵਾ ਸਕਣ। ਉਸ ਸਮੇਂ ਖੁਸ਼ਵੰਤ ਸਿੰਘ ਦੇ ਕਾਲਮ ਦੀ ਬਹੁਤ ਧੁੰਮ ਸੀ ਤਾਂ ਤੈਅ ਕੀਤਾ ਕਿ ਇਸ ਨੂੰ ਵੀ ਹਿੰਦੀ ’ਚ ਪਰੋਸਿਆ ਜਾਵੇ। ਮੁਲਾਕਾਤ ਹੋਈ ਅਤੇ ਚਰਚਾ ਚੱਲੀ ਤਾਂ ਉਨ੍ਹਾਂ ਨੇ ਪੁੱਛਿਆ ਕਿ ਸਿਰਲੇਖ ਕੀ ਰੱਖੋਗੇ, ‘ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ’ ਸੁਣਦਿਆਂ ਹੀ ਮਨਜ਼ੂਰੀ ਦੇ ਦਿੱਤੀ ਕਿ ਇਸ ਤੋਂ ਬਿਹਤਰ ਨਹੀਂ ਹੋ ਸਕਦਾ। ਇਸ ਤਰ੍ਹਾਂ ‘ਵਿਦ ਮੈਲਿਸ ਟੋਵਾਰਡਸ ਨਨ’ ਦਾ ਰੂਪਾਂਤਰ ਹੋ ਗਿਆ।

ਖੁਸ਼ਵੰਤ ਸਿੰਘ ਦੇ ਲਿਖੇ ਨੂੰ ਹਿੰਦੀ ’ਚ ਲਿਖਣਾ ਓਨਾ ਆਸਾਨ ਨਹੀਂ ਸੀ, ਠੀਕ ਉਸੇ ਤਰ੍ਹਾਂ ਜਿਵੇਂ ਉਨ੍ਹਾਂ ਨੂੰ ਮਿਲਣਾ ਅਤੇ ਉਨ੍ਹਾਂ ਦੀ ਵਕਤ ਦੀ ਪਾਬੰਦੀ ਦਾ ਪਾਲਣ ਕਰਨਾ। 10-12 ਘੰਟਿਆਂ ਦੇ ਆਸ-ਪਾਸ ਇਹ ਰੂਪਾਂਤਰ ਹੋ ਜਾਂਦਾ ਕਿਉਂਕਿ ਅੰਗ੍ਰੇਜ਼ੀ ਸ਼ਬਦਾਂ ਨੂੰ ਹਿੰਦੀ ’ਚ ਉਨ੍ਹਾਂ ਦਾ ਅਰਥ ਜਾਂ ਭਾਵ ਬਦਲੇ ਬਿਨਾਂ ਭਾਸ਼ਾ ਦਾ ਸਹਿਜ ਅਤੇ ਸਰਲ ਬਣੇ ਰਹਿਣਾ ਜ਼ਰੂਰੀ ਸੀ। ਹੌਲੀ-ਹੌਲੀ ਇਹ ਹੁੰਦਾ ਗਿਆ ਅਤੇ ਇਕ ਸਮਾਂ ਆਇਆ ਕਿ ਖੁਸ਼ਵੰਤ ਸਿੰਘ ਲਈ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਰਤਨ ਦਾ ਪੁਰਸਕਾਰ ਦਿੰਦੇ ਹੋਏ ਕਿਹਾ ਕਿ ਉਹ ਖੁਸ਼ਵੰਤ ਸਿੰਘ ਨੂੰ ਪੰਜਾਬ ਕੇਸਰੀ, ਜਗ ਬਾਣੀ, ਹਿੰਦ ਸਮਾਚਾਰ ਤੋਂ ਜਾਣਦੇ ਹਨ। ਇਸ ਤਰ੍ਹਾਂ ਹਿੰਦੀ ਦਾ ਗਲਬਾ ਸਥਾਪਿਤ ਹੁੰਦੇ ਦੇਖ ਆਤਮ-ਸੰਤੋਖ ਤਾਂ ਹੋਇਆ ਹੀ, ਨਾਲ ਹੀ ਹੋਰ ਭਾਸ਼ਾਵਾਂ ਦੀਆਂ ਲਿਖਤਾਂ ਨਾਲ ਹਿੰਦੀ ਨੂੰ ਮਾਲਾਮਾਲ ਕਰਨ ਦੀ ਇੱਛਾ ਪੂਰੀ ਹੁੰਦੀ ਗਈ।

ਮੌਤ ਸਿਰਫ ਇਕ ਘਟਨਾ : ਅੱਤਵਾਦੀਆਂ ਦੀ ਹਿੱਟ ਲਿਸਟ ’ਚ ਸਨ। ਇਕ ਦਿਨ ਆਪਣੇ ਘਰ ਦੇ ਬਾਹਰ ਸੁਰੱਖਿਆ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਕਰਦੇ ਦੇਖ ਕੇ ਕਹਿਣ ਲੱਗੇ ਕਿ ਕਿਹੋ ਜਿਹਾ ਸਮਾਂ ਹੈ, ਜੋ ਸਿੱਖ ਦੂਜਿਆਂ ਦੀ ਰੱਖਿਆ ਕਰਦੇ ਰਹੇ ਹਨ, ਅੱਜ ਇਕ ਸਿੱਖ ਉਨ੍ਹਾਂ ਕੋਲੋਂ ਆਪਣੀ ਰੱਖਿਆ ਕਰਵਾ ਰਿਹਾ ਹੈ। ਇਹ ਇਕ ਵਾਕ ਹੋ ਸਕਦਾ ਹੈ ਪਰ ਇਸ ਦੇ ਪਿੱਛੇ ਉਸ ਸਮੇਂ ਦੀ ਵੰਨਗੀ ਮਿਲ ਜਾਂਦੀ ਹੈ ਜਦ ਕਾਨੂੰਨ ਵਿਵਸਥਾ ਦੇ ਨਾਂ ’ਤੇ ਕੁਝ ਵੀ ਸਹੀ ਨਹੀਂ ਸੀ। ਭੈਅ ਦੇ ਮਾਹੌਲ ’ਚ ਜਿਊਣਾ ਅਤੇ ਹਰ ਸਮੇਂ ਮੌਤ ਦਾ ਡਰ ਲੱਗਾ ਰਹਿਣਾ ਕਿਸੇ ਲਈ ਵੀ ਸੌਖਾ ਨਹੀਂ ਹੁੰਦਾ ਹੈ।

ਮੌਤ ਨੂੰ ਲੈ ਕੇ ਉਨ੍ਹਾਂ ਦੀ ਪੁਸਤਕ ਬਹੁਤ ਚਰਚਿਤ ਰਹੀ। ਵੱਖ-ਵੱਖ ਲੋਕਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਮਿਸਾਲ ਵਜੋਂ ਜਦ ਦਲਾਈਲਾਮਾ ਨੇ ਇਸ ਗੱਲ ਦੇ ਜਵਾਬ ’ਚ ਕਿ ਹਿੰਦੂ, ਜੈਨ, ਬੋਧੀ ਅਤੇ ਸਿੱਖ ਪਰਿਵਾਰਾਂ ’ਚ ਬਚਪਨ ਤੋਂ ਅਗਲੇ ਪਿਛਲੇ ਜਨਮ ਦੀਆਂ ਕਲਪਨਾਵਾਂ ਘੜੀਆਂ ਜਾਂਦੀਆਂ ਹਨ ਪਰ ਮੁਸਲਿਮ ਬਾਲਕ ਇਸ ਤੋਂ ਅਛੋਹ ਰਹਿੰਦਾ ਹੈ, ਇਸ ’ਤੇ ਜ਼ੋਰਦਾਰ ਠਹਾਕੇ ਨਾਲ ਦਲਾਈਲਾਮਾ ਦਾ ਜਵਾਬ ਮਿਲਿਆ ਕਿ ‘ ਜੇ ਮੈਂ ਪੁਨਰਜਨਮ ਦੀ ਗੱਲ ਨਾ ਕਰਾਂ ਤਾਂ ਮੇਰਾ ਧੰਦਾ ਹੀ ਚੌਪਟ ਹੋ ਜਾਵੇਗਾ।’’ ਇਸੇ ਤਰ੍ਹਾਂ ਆਚਾਰੀਆ ਰਜਨੀਸ਼ ਨਾਲ ਆਪਣੀ ਇਕੋ-ਇਕ ਮੁਲਾਕਾਤ ਦਾ ਇਹ ਸਿੱਟਾ ਕੱਢਿਆ ਕਿ ਜੋ ਵਿਅਕਤੀ ਖੁਦ ਨੂੰ ਭਗਵਾਨ ਕਹਿੰਦਾ ਅਤੇ ਅਖਵਾਉਂਦਾ ਹੈ, ਓਹੀ ਨਹੀਂ ਜਾਣਦਾ ਕਿ ਜਦ ਅਸੀਂ ਮਰਦੇ ਹਾਂ ਤਾਂ ਕੀ ਹੁੰਦਾ ਹੈ, ਤਦ ਜ਼ਿੰਦਗੀ ਭਰ ਹੀ ਕੀ ਮੌਤ ਤੋਂ ਡਰ ਕੇ ਰਹਿਣਾ ਚਾਹੀਦਾ ਹੈ! ਗਾਲਿਬ ਨੇ ਕਿੰਨਾ ਖੂਬ ਕਿਹਾ ਹੈ : ਰੌ (ਜਲਦੀ) ਮੇਂ ਹੈ ਰਖਸ਼ ਏ ਉਮਰ ਕਹਾਂ ਦੇਖੀਏ ਥਮੇ! ਨਾ ਹੀ ਹਾਥ ਬਾਗ (ਲਗਾਮ) ਪਰ ਹੈ ਨਾ ਪਾ (ਪੈਰ) ਨਕਾਬ ਮੇਂ।

ਇਕ ਯਾਦ ਹੈ ਕਿ 28 ਸਾਲ ਦੀ ਉਮਰ ’ਚ ਘਰ ’ਚ ਹੀ ਇਕ ਹਾਦਸਾ ਹੋਣ ਨਾਲ ਮੌਤ ਸਾਹਮਣੇ ਦਿਸੀ ਤਾਂ ਅੱਲਾਮਾ ਇਕਬਾਲ ਯਾਦ ਆ ਗਏ-ਬਾਗ ਏ ਬਹਿਸ਼ਤ ਸੇ ਮੁਝੇ ਹੁਕਮ ਏ ਸਫਰ ਦੀਆ ਥਾ ਕਿਉਂ? ਕਾਰ ਏ ਜਹਾਂ ਦਰਾਜ (ਦੁਨੀਆ ਭਰ ਦਾ ਕੰਮ) ਹੈ, ਅਬ ਮੇਰਾ ਇੰਤਜ਼ਾਰ ਕਰ। ਆਸਮਾਨ ਵੱਲ ਦੇਖਦਿਆਂ ਵੱਡੇ ਮੀਆਂ ਨੂੰ ਕਿਹਾ ਕਿ ਮੈਨੂੰ ਫੁਰਸਤ ਨਹੀਂ ਉਨ੍ਹਾਂ ਕੋਲ ਜਾਣ ਦੀ। ਕਿਸੇ ਤਰ੍ਹਾਂ ਡਾਕਟਰ ਨੂੰ ਬੁਲਾਇਆ ਅਤੇ ਇਲਾਜ ਹੋਇਆ। ਤਦ ਸੋਚਿਆ ਕਿ ਜੋ ਵੀ ਧਨ ਦੌਲਤ, ਕਮਾਈ ਅਤੇ ਜਾਇਦਾਦ ਹੈ, ਉਸ ਦਾ ਹਿਸਾਬ-ਕਿਤਾਬ ਜਿਊਂਦੇ ਜੀਅ ਕਰ ਲੈਣਾ ਚਾਹੀਦਾ ਹੈ ਤਾਂ ਕਿ ਜਦ ਜਿਊਣ ਦਾ ਵਕਤ ਆਵੇ ਤਾਂ ਇਕੱਲਤਾ ਦੇ ਅਹਿਸਾਸ ਬਿਨਾਂ ਇਕੱਲਿਆਂ ਚੱਲਿਆ ਜਾਵੇ। ਬੁਢਾਪੇ ਦਾ ਜ਼ਿਕਰ ਇਸ ਤਰ੍ਹਾਂ ਕੀਤਾ :

ਨਾ ਪੂਛ ਕੌਨ ਹੈਂ, ਕਿਉਂ ਰਾਹ ਮੇਂ ਲਾਚਾਰ ਬੈਠੇ ਹੈਂ,

ਮੁਸਾਫਿਰ ਹੈਂ, ਸਫਰ ਕਰਨੇ ਕੀ ਤਮੰਨਾ ਹਾਰ ਬੈਠੇ ਹੈਂ।

ਜਵਾਨੀ ਜਾਤੀ ਰਹੀ ਓਰ ਹਮੇਂ ਪਤਾ ਨਾ ਚਲਾ

ਇਸੀ ਕੋ ਢੂੰਡ ਰਹੇ ਹੈਂ ਕਮਰ ਝੁਕਾਏ ਹੂਏ।

ਉਨ੍ਹਾਂ ਨੇ ਦਿੱਲੀ ਬਾਰੇ ਇਸੇ ਸਿਰਲੇਖ ਨਾਲ ਨਾਵਲ ਲਿਖਿਆ ਜੋ ਇਸ ਸ਼ਹਿਰ ਦੀਆਂ ਪਰਤਾਂ ਖੋਲ੍ਹਦਾ ਹੋਇਆ ਆਪਣੀ ਮਨੋਰੰਜਕ ਸ਼ੈਲੀ ’ਚ ਪਾਠਕਾਂ ਨੂੰ ਫਿਲਮ ਦੇਖਣ ਵਰਗਾ ਅਨੁਭਵ ਕਰਵਾਉਂਦਾ ਹੈ। ਅਜਿਹਾ ਲੱਗਦਾ ਹੈ ਕਿ ਜੋ ਦ੍ਰਿਸ਼ ਸ਼ਬਦਾਂ ’ਚ ਕਿਹਾ ਜਾ ਰਿਹਾ, ਉਹ ਸਾਹਮਣੇ ਵਾਪਰ ਰਿਹਾ ਹੈ। ਨਵਾਬਾਂ ਦੀ ਅੱਯਾਸ਼ੀ, ਨਾਦਰਸ਼ਾਹ ਦਾ ਜ਼ੁਲਮ ਅਤੇ ਉਸ ਦੀ ਹਵਸ ਮਿਟਾਉਣ ਲਈ ਭੇਜੀ ਗਈ ਲੜਕੀ ਦੇ ਮਾਸੂਮੀਅਤ ਭਰੇ ਸ਼ਬਦ ਬੇਮਿਸਾਲ ਹਨ।

ਇਕ ਖੁਸਰੇ ਨੂੰ ਸੂਤਰਧਾਰ ਜਾਂ ਮੁੱਖ ਪਾਤਰ ਬਣਾ ਕੇ ਨਾਵਲ ਲਿਖਣਾ ਅਤੇ ਉਹ ਵੀ ਬਿਨਾਂ ਕਿਸੇ ਲਾਗ ਲਪੇਟ ਜਾਂ ਭੂਮਿਕਾ ਦੇ, ਪਾਠਕਾਂ ਨੂੰ ਰੋਮਾਂਚਿਤ ਕਰਦਾ ਹੈ, ਨਾਲ ਹੀ ਇਕ ਪੂਰੇ ਫਿਰਕੇ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ ਬਦਲਦਾ ਹੈ। ਟ੍ਰੇਨ ਟੂ ਪਾਕਿਸਤਾਨ ਇਕ ਅਜਿਹੀ ਰਚਨਾ ਹੈ ਜਿਸ ’ਤੇ ਬਣੀ ਫਿਲਮ ਵੰਡ ਦੀ ਤ੍ਰਾਸਦੀ ਦਾ ਜਿਊਂਦਾ-ਜਾਗਦਾ ਚਿੱਤਰਣ ਕਰਦੀ ਹੈ। ਇਹ ਲੇਖਕ ਦਾ ਭੋਗਿਆ ਹੋਇਆ ਯਥਾਰਥ ਹੈ।

ਇਹ ਇਕ ਅਸਲੀਅਤ ਹੈ ਕਿ ਖੁਸ਼ਵੰਤ ਸਿੰਘ ਦੇ ਚਾਹੇ ਕਿੰਨਾ ਵੀ ਨੇੜੇ ਕੋਈ ਵਿਅਕਤੀ ਰਿਹਾ ਹੋਵੇ, ਇੱਥੋਂ ਤੱਕ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਵੀ, ਕੋਈ ਕਿੰਨਾ ਵੀ ਦਾਅਵਾ ਕਰ ਲਵੇ ਕਿ ਉਹ ਉਨ੍ਹਾਂ ਨੂੰ ਜਾਣ ਅਤੇ ਸਮਝ ਸਕਿਆ ਹੈ ਤਾਂ ਇਹ ਮਿੱਥ ਧਾਰਨਾ ਹੈ। ਇਕ ਸਰਲ, ਕਲਪਨਾ ਦੀ ਉਚਾਈ ਤੱਕ ਲੈ ਜਾਣ ’ਚ ਸਮਰੱਥ ਅਤੇ ਫਿਰ ਧਰਤੀ ’ਤੇ ਉਤਾਰ ਦੇਣ ਦੀ ਕਲਾ ’ਚ ਮਾਹਿਰ ਇਸ ਵਿਅਕਤੀ ਬਾਰੇ ਬਹੁਤ ਸਾਰੀਆਂ ਮਿੱਥਾਂ ਉਨ੍ਹਾਂ ਦੀ ਜ਼ਿੰਦਗੀ ’ਚ ਹੀ ਪ੍ਰਚੱਲਿਤ ਹੋ ਗਈਆਂ ਸਨ।

ਹਾਲਾਂਕਿ ਮੇਰਾ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੋਣ ਵਰਗਾ ਰਿਸ਼ਤਾ ਬਣ ਗਿਆ ਸੀ ਅਤੇ ਆਪਣੇ ਮਨ ਦੀ ਗੱਲ ਕਹਿ ਸਕਣ ਦਾ ਹੌਸਲਾ ਵੀ ਹੋ ਗਿਆ ਸੀ, ਫਿਰ ਵੀ ਖੁਸ਼ਵੰਤ ਸਿੰਘ ਇਕ ਅਣਬੁੱਝੀ ਬੁਝਾਰਤ ਸਨ। ਸ਼ਾਇਦ ਇਸ ਲਈ ਉਹ ਹਮੇਸ਼ਾ ਕ੍ਰਾਸਵਰਡ ਪਜ਼ਲ ਸੁਲਝਾਉਂਦੇ ਮਿਲ ਜਾਂਦੇ ਸਨ।

ਲਿਖਣ ਨੂੰ ਸਕ੍ਰਿਬਲ ਕਰਨਾ ਕਹਿੰਦੇ ਸਨ। ਉਨ੍ਹਾਂ ਦਾ ਲਿਖਿਆ ਉਨ੍ਹਾਂ ਦੇ ਸੈਕ੍ਰੇਟਰੀ ਲਛਮਣ ਦਾਸ ਤੋਂ ਇਲਾਵਾ ਕੋਈ ਦੂਜਾ ਪੜ੍ਹਨ ਦੀ ਹਿੰਮਤ ਨਹੀਂ ਕਰ ਸਕਦਾ ਸੀ। ਫਿਰ ਵੀ ਉਨ੍ਹਾਂ ਨੂੰ ਸ਼ੌਕ ਸੀ ਆਪਣੇ ਹੱਥ ਨਾਲ ਚਿੱਠੀ ਲਿਖ ਕੇ ਭੇਜਣ ਦਾ ਜੋ ਪ੍ਰਾਪਤ ਕਰਨ ਵਾਲੇ ਲਈ ਪੜ੍ਹਨੀ ਸੌਖੀ ਨਹੀਂ ਹੁੰਦੀ ਸੀ ਪਰ ਇਹ ਮਜ਼ੇਦਾਰ ਕਸਰਤ ਹੁੰਦੀ ਸੀ।

ਖੁਸ਼ਵੰਤ ਸਿੰਘ ਦੀ ਬਰਸੀ ’ਤੇ ਕੁਝ ਯਾਦਾਂ ਪਾਠਕਾਂ ਨੂੰ ਸਮਰਪਿਤ ਹਨ। ਲਿਖਣ ਦੀ ਸ਼ੈਲੀ ਅਤੇ ਲੇਖਕ ਦੀ ਸ਼ਖ਼ਸੀਅਤ ਉਸ ਨੂੰ ਪਾਠਕਾਂ ਨਾਲ ਜੁੜਨਾ ਸੌਖਾ ਬਣਾ ਦਿੰਦੀ ਹੈ, ਇਹੀ ਉਸ ਦੀ ਵਿਸ਼ੇਸ਼ਤਾ ਹੈ।

ਪੂਰਨ ਚੰਦ ਸਰੀਨ


author

Rakesh

Content Editor

Related News