ਜੰਮੂ-ਕਸ਼ਮੀਰ : ਬੁਲੇਟ ’ਤੇ ਭਾਰੀ ਬੈਲੇਟ
Monday, Oct 07, 2024 - 01:20 PM (IST)
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਨੇ ਇਕ ਦਹਾਕੇ ’ਚ ਆਪਣੀ ਪਹਿਲੀ ਵਿਧਾਨ ਸਭਾ ਚੋਣ ਆਯੋਜਿਤ ਕੀਤੀ। ਇਸ ਨੇ ਦਹਾਕਿਆਂ ਦੇ ਅੱਤਵਾਦ ਦੇ ਬਾਅਦ ਆਪਣੇ ਲੋਕਾਂ ਵੱਲੋਂ ਲੋਕਤੰਤਰ ਨੂੰ ਸ਼ਾਂਤੀਪੂਰਨ ਢੰਗ ਨਾਲ ਅਪਣਾਉਣ ਨੂੰ ਦਰਸਾਇਆ ਹੈ। ਇਹ ਚੋਣਾਂ 5 ਅਗਸਤ, 2019 ਨੂੰ ਧਾਰਾ 370 ਦੇ ਰੱਦ ਹੋਣ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਵੰਡ ਦੇ ਬਾਅਦ ਹੋਈਆਂ ਸਨ। ਭਾਜਪਾ ਨੇ ਦਾਅਵਾ ਕੀਤਾ ਕਿ ਵੱਖਵਾਦ ਨਾਲ ਨਜਿੱਠਣ, ਆਰਥਿਕ ਵਿਕਾਸ ਨੂੰ ਵਧਾਉਣ ਅਤੇ ਇਲਾਕੇ ਨੂੰ ਦੇਸ਼ ’ਚ ਪੂਰੀ ਤਰ੍ਹਾਂ ਸੰਗਠਿਤ ਕਰਨ ਲਈ ਇਹ ਕਦਮ ਜ਼ਰੂਰੀ ਸੀ।
1989 ਤੋਂ ਸੂਬੇ ਨੇ ਅੱਤਵਾਦ, ਹਿੰਸਾ ਅਤੇ ਪਾਕਿਸਤਾਨ ਵੱਲੋਂ ਕਥਿਤ ਤੌਰ ’ਤੇ ਸਪਾਂਸਰ ਵੱਖਵਾਦੀ ਤੱਤਾਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਸਾਹਮਣਾ ਕੀਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਸ਼ਾਂਤੀਪੂਰਨ ਅਤੇ ਸਹਿ-ਹਿੱਸੇ ਵਾਲੀਆਂ ਚੋਣਾਂ ਇਤਿਹਾਸਕ ਹਨ, ਜਿਸ ਵਿਚ ਜੰਮੂ-ਕਸ਼ਮੀਰ ਦੇ ਲੋਕਾਂ ਦੀ ਇੱਛਾ ਤੋਂ ਪ੍ਰੇਰਿਤ ਹੋ ਕੇ ਲੋਕਤੰਤਰ ਪਹਿਲਾਂ ਨਾਲੋਂ ਕਿਤੇ ਵੱਧ ਡੂੰਘਾਈ ਵਿਚ ਜੜ੍ਹਾਂ ਜਮਾ ਰਿਹਾ ਹੈ। ਇਸ ਵਾਰ ਜੰਮੂ-ਕਸ਼ਮੀਰ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਵਿਚ ਇਕਜੁੱਟ ਸੀ, ਜਿਸ ਦਾ ਵਾਅਦਾ ਕੇਂਦਰ ਨੇ ਪਹਿਲਾਂ ਕੀਤਾ ਸੀ। ਵੱਧ ਵੋਟਿੰਗ ਨੇ ਲੋਕਾਂ ਦੀ ਲੋਕਤੰਤਰ ਪ੍ਰਤੀ ਇੱਛਾ ਨੂੰ ਦਰਸਾਇਆ। ਸੂਬੇ ਦੇ ਲੋਕ ਬੰਦੂਕ ਦੀ ਲੜਾਈ ਤੋਂ ਅੱਕ ਚੁੱਕੇ ਸਨ ਅਤੇ ਆਮ ਜ਼ਿੰਦਗੀ ਜਿਊਣਾ ਚਾਹੁੰਦੇ ਸਨ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ 58.46 ਫੀਸਦੀ ਵੋਟਾਂ ਪਾਈਆਂ, ਜੋ 35 ਸਾਲਾਂ ’ਚ ਸਭ ਤੋਂ ਵੱਧ ਹੈ। ਇਹ ਚੋਣਾਂ ਪਿਛਲੀਆਂ ਚੋਣਾਂ ਨਾਲੋਂ ਵੱਖਰੀਆਂ ਸਨ ਕਿਉਂਕਿ ਇਸ ਇਲਾਕੇ ਦੀ ਸਿਆਸਤ ਹੁਣ 4 ਰਵਾਇਤੀ ਸਿਆਸੀ ਪਾਰਟੀਆਂ, ਨੈਕਾਂ, ਪੀ. ਡੀ. ਪੀ., ਕਾਂਗਰਸ ਅਤੇ ਭਾਜਪਾ ਤੱਕ ਸੀਮਤ ਨਹੀਂ ਹੈ। ਨਵਾਂ ਜੋੜ ਇਨ੍ਹਾਂ ਚੋਣਾਂ ’ਚ ਵੱਖਵਾਦੀ ਤੱਤਾਂ ਦੀ ਹਿੱਸੇਦਾਰੀ ਸੀ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਲੋਕ ਹੀ ਸਨ ਜਿਨ੍ਹਾਂ ਨੇ ਅਤੀਤ ਵਿਚ ਬਾਈਕਾਟ ਦਾ ਸੱਦਾ ਦਿੱਤਾ ਸੀ।
ਵਿਕਾਸ ਦੀ ਘਾਟ ਅਤੇ ਬੇਰੋਜ਼ਗਾਰੀ ਵਰਗੇ ਕਈ ਚੋਣ ਮੁੱਦਿਆਂ ਦੇ ਬਾਵਜੂਦ ਲੋਕ ਸੂਬੇ ਦੇ ਦਰਜੇ ਦੀ ਬਹਾਲੀ ਅਤੇ ਸੰਗਠਿਤ ਜੰਮੂ ਅਤੇ ਕਸ਼ਮੀਰ ਚਾਹੁੰਦੇ ਸਨ। ਹੋਰ ਪ੍ਰਮੁੱਖ ਮੁੱਦੇ-ਧਾਰਾ 370, ਕਾਨੂੰਨ ਅਤੇ ਵਿਵਸਥਾ, ਅੱਤਵਾਦ ਅਤੇ ਸਮਾਜਿਕ-ਆਰਥਿਕ ਸਥਿਰਤਾ ਸਨ। ਪਿਛਲੇ ਅਗਸਤ ਵਿਚ ਧਾਰਾ 370 ਦੇ ਰੱਦ ਹੋਣ ਦੇ ਬਾਅਦ, ਜੰਮੂ ਅਤੇ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ-ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡਿਆ ਗਿਆ ਸੀ। ਪਰਿਸੀਮਨ ਪੈਨਲ ਨੇ ਜੰਮੂ ਨੂੰ 6 ਵਾਧੂ ਸੀਟਾਂ ਅਤੇ ਕਸ਼ਮੀਰ ਨੂੰ ਇਕ ਸੀਟ ਦਿੱਤੀ। ਵਿਰੋਧੀ ਧਿਰ ਦਾ ਮੰਨਣਾ ਸੀ ਕਿ ਸੰਤੁਲਨ ਹਿੰਦੂ ਬਹੁ-ਗਿਣਤੀ ਜੰਮੂ ਦੇ ਪੱਖ ’ਚ ਝੁਕ ਰਿਹਾ ਸੀ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨੂੰ 9 ਸੀਟਾਂ ਰਾਖਵੀਆਂ ਮਿਲੀਆਂ।
ਕਸ਼ਮੀਰ ਕੌਮਾਂਤਰੀ ਜਾਂਚ ਦੇ ਘੇਰੇ ’ਚ ਰਿਹਾ ਹੈ। ਚੋਣਾਂ ਦਾ ਨਿਰੀਖਣ ਕਰਨ ਲਈ ਕਈ ਦੇਸ਼ਾਂ ਦੇ ਡਿਪਲੋਮੈਟਸ ਦੇ ਸਮੂਹ ਨੂੰ ਸੂਬੇ ’ਚ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਸੂਬੇ ਦਾ ਦੌਰਾ ਕਰਨ ਨਾਲ ਪ੍ਰਤੱਖ ਜਾਣਕਾਰੀ ਮਿਲੀ। ਇਸ ਵਾਰ ਸ਼ਾਂਤੀਪੂਰਨ ਚੋਣਾਂ ਹੋਣ ਦੇ ਕਈ ਕਾਰਨ ਹਨ। ਪਹਿਲਾ ਕਾਰਨ ਇਹ ਸੀ ਕਿ ਪਾਕਿਸਤਾਨ ਦੀ ਘੱਟੋ-ਘੱਟ ਭਾਈਵਾਲੀ ਸੀ, ਕਿਉਂਕਿ ਉਸ ਨੂੰ ਆਪਣੀਆਂ ਅੰਦਰੂਨੀ ਸਮੱਸਿਆਵਾਂ ਨੂੰ ਸੁਲਝਾਉਣਾ ਸੀ। ਭਾਰਤ ਪਾਕਿਸਤਾਨ ’ਤੇ ਇਸਲਾਮੀ ਅੱਤਵਾਦੀਆਂ ਨੂੰ ਟ੍ਰੇਨਿੰਗ, ਵਿੱਤ-ਪੋਸ਼ਣ ਅਤੇ ਅੱਗੇ ਵਧਾਉਣ ਦਾ ਦੋਸ਼ ਲਾਉਂਦਾ ਹੈ, ਜੋ ਮੁਸਲਿਮ ਬਹੁ-ਗਿਣਤੀ ਕਸ਼ਮੀਰ ਘਾਟੀ ਦੀ ਤੁਲਨਾ ’ਚ ਹਿੰਦੂ ਬਹੁ-ਗਿਣਤੀ ਜੰਮੂ ਇਲਾਕੇ ਨੂੰ ਵੱਧ ਨਿਸ਼ਾਨਾ ਬਣਾਉਂਦੇ ਹਨ। ਪਾਕਿਸਤਾਨ ਇਨ੍ਹਾਂ ਦੋਸ਼ਾਂ ਤੋਂ ਨਾਂਹ ਕਰਦਾ ਹੈ।
ਦੂਜਾ ਕਸ਼ਮੀਰੀ ਹਿੰਸਕ ਅਤੇ ਅਸ਼ਾਂਤ ਹਾਲਤਾਂ ’ਚ ਰਹਿਣ ਤੋਂ ਥੱਕ ਚੁੱਕੇ ਸਨ। ਬੱਚਿਆਂ ਦੀਆਂ 2 ਪੀੜ੍ਹੀਆਂ ਨੇ ਆਪਣਾ ਆਮ ਬਚਪਨ ਗੁਆ ਦਿੱਤਾ ਸੀ। ਸੁਰੱਖਿਆ ਬਲਾਂ ਨੇ ਹਿੰਸਾ ਮੁਕਤ ਚੋਣਾਂ ਯਕੀਨੀ ਬਣਾਈਆਂ। ਉਨ੍ਹਾਂ ਨੇ ਵੱਖਵਾਦੀਆਂ ਦੀ ਮੁਕਤ ਆਵਾਜਾਈ ਨੂੰ ਵੀ ਰੋਕਿਆ। ਤੀਜਾ, ਇਸ ਵਾਰ ਅੱਤਵਾਦੀਆਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਨਹੀਂ ਦਿੱਤਾ। ਇਸ ਦੇ ਉਲਟ, ਵੱਖਵਾਦੀ ਖੁਦ ਹੀ ਚੋਣ ਮੈਦਾਨ ’ਚ ਉਤਰ ਆਏ। ਕਈ ਇਲਾਕਿਆਂ ’ਚ, ਜਿਨ੍ਹਾਂ ਨੂੰ ਕਦੇ ਅੱਤਵਾਦ ਦਾ ਗੜ੍ਹ ਮੰਨਿਆ ਜਾਂਦਾ ਸੀ, ਵੋਟਾਂ ਪੈਣ ’ਚ ਤੇਜ਼ੀ ਦੇਖੀ ਗਈ।
ਅੱਤਵਾਦੀਆਂ ਨੂੰ ਸ਼ਾਇਦ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਧਨ ਅਤੇ ਸਰਪ੍ਰਸਤਾਂ ਦੀ ਲੋੜ ਹੈ, ਜਿਸ ਦੀ ਉਨ੍ਹਾਂ ਨੂੰ ਘਾਟ ਸੀ, ਇਸ ਲਈ ਉਨ੍ਹਾਂ ਨੇ ਚੋਣਾਂ ਦਾ ਰਸਤਾ ਅਪਣਾਉਣ ਦਾ ਫੈਸਲਾ ਕੀਤਾ। ਭਾਜਪਾ ਦੇ ਪ੍ਰਧਾਨ ਜੇ. ਪੀ. ਨੱਡਾ ਨੇ ਕਿਹਾ ਹੈ ਕਿ ਲੋਕਾਂ ਨੇ ਬੁਲੇਟ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਬੈਲੇਟ ਦਾ ਰਾਹ ਚੁਣਿਆ ਹੈ। ਜੰਮੂ ਅਤੇ ਕਸ਼ਮੀਰ ’ਚ 90 ਸੀਟਾਂ ਲਈ ਚੋਣਾਂ ’ਚ ਬਹੁ-ਕੋਣੀ ਮੁਕਾਬਲਾ ਦੇਖਣ ਨੂੰ ਮਿਲਿਆ। ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੇ ਗੱਠਜੋੜ ਕੀਤਾ, ਜਦਕਿ ਭਾਜਪਾ ਅਤੇ ਪੀ. ਡੀ. ਪੀ. ਮਹੱਤਵਪੂਰਨ ਖਿਡਾਰੀ ਸਨ।
ਘਾਟੀ ’ਚ ਭਾਜਪਾ ਲਈ ਬੜਾ ਕੁਝ ਦਾਅ ’ਤੇ ਲੱਗਾ ਸੀ ਪਰ ਉਸ ਦਾ ਸਿਆਸੀ ਆਧਾਰ ਕਮਜ਼ੋਰ ਸੀ, ਜਦ ਕਿ ਜੰਮੂ ਵਿਚ ਇਹ ਮਹੱਤਵਪੂਰਨ ਹੈ। ਪਾਰਟੀ ਨੇ ਘਾਟੀ ਦੀਆਂ 47 ਸੀਟਾਂ ’ਚੋਂ ਸਿਰਫ 19 ’ਤੇ ਚੋਣਾਂ ਲੜੀਆਂ। ਭਾਜਪਾ ਘਾਟੀ ਦੀ ਅਸਲ ਸਥਿਤੀ ਨੂੰ ਜਾਣਦੀ ਸੀ, ਜਿੱਥੇ ਉਸ ਨੂੰ ਵੋਟਾਂ ਮਿਲਣ ਦੀ ਆਸ ਨਹੀਂ ਸੀ। ਭਾਜਪਾ ਪ੍ਰੌਕਸੀ ਦੇ ਰਾਹੀਂ ਚੋਣਾਂ ਲੜ ਰਹੀ ਹੈ। ਭਾਜਪਾ ਦੇ ਇਕ ਉਮੀਦਵਾਰ ਨੇ ਮੰਨਿਆ ਕਿ ਪਾਰਟੀ ਨੂੰ ਇੰਜੀਨੀਅਰ ਰਾਸ਼ਿਦ, ਸੱਜਾਦ ਲੋਨ, ਅਲਤਾਫ ਬੁਖਾਰੀ ਅਤੇ ਗੁਲਾਮ ਨਬੀ ਆਜ਼ਾਦ ਤੋਂ ਸਮਰਥਨ ਮਿਲੇਗਾ। ਕਸ਼ਮੀਰੀ ਪੰਡਿਤ ਅਜੇ ਵੀ ਘਰ ਪਰਤਣ ਤੋਂ ਡਰਦੇ ਹਨ। ਜੰਮੂ ਅਤੇ ਘਾਟੀ ਦੋਵਾਂ ਵਿਚ ਲੋਕ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਬਦਲਣ ਦਾ ਸੋਗ ਮਨਾ ਰਹੇ ਹਨ। ਅਜੇ ਵੀ ਬੇਰੋਜ਼ਗਾਰੀ, ਦਵਾਈਆਂ ਅਤੇ ਨਸ਼ੀਲੇ ਪਦਾਰਥਾਂ ਦਾ ਵਪਾਰ ਜਾਰੀ ਹੈ।
ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਆਉਣਗੇ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਨੈਸ਼ਨਲ ਕਾਨਫਰੰਸ (ਨੈਕਾਂ)-ਕਾਂਗਰਸ ਗੱਠਜੋੜ ਨੂੰ ਸਪੱਸ਼ਟ ਬੜ੍ਹਤ ਹੈ। ਭਾਜਪਾ, ਜਿਸ ਦਾ ਘਾਟੀ ’ਚ ਕੋਈ ਆਧਾਰ ਨਹੀਂ ਹੈ, ਨੇ ਕੁਝ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਅਤੇ ਜੰਮੂ ’ਚ ਚੰਗੀ ਕਾਰਗੁਜ਼ਾਰੀ ਦੀ ਆਸ ਹੈ। ਜੰਮੂ-ਕਸ਼ਮੀਰ ਦੇ ਲੋਕ ਵਧਾਈ ਦੇ ਪਾਤਰ ਹਨ ਕਿ ਉਹ ਨਿਡਰ ਹੋ ਕੇ ਪੋਲਿੰਗ ਕੇਂਦਰ ’ਤੇ ਵੋਟ ਪਾਉਣ ਗਏ।