ਲੋਕ ਸਭਾ ਚੋਣਾਂ ਤੋਂ ਬਾਅਦ ਸਿਆਸੀ ਪਾਰਟੀਆਂ ’ਚ ਅੰਦਰੂਨੀ ਕਲੇਸ਼ ਜਾਰੀ

Wednesday, Jun 26, 2024 - 01:51 AM (IST)

ਲੋਕ ਸਭਾ ਚੋਣਾਂ ਤੋਂ ਬਾਅਦ ਸਿਆਸੀ ਪਾਰਟੀਆਂ ’ਚ ਅੰਦਰੂਨੀ ਕਲੇਸ਼ ਜਾਰੀ

ਹਾਲਾਂਕਿ ਲੋਕ ਸਭਾ ਚੋਣਾਂ ਸੰਪੰਨ ਹੋਣ ਤੋਂ ਬਾਅਦ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਗੱਠਜੋੜ ਦੀ ਸਰਕਾਰ ਬਣ ਗਈ ਹੈ ਪਰ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ’ਚ ਵੱਖ-ਵੱਖ ਕਾਰਨਾਂ ਕਾਰਨ ਅੰਦਰੂਨੀ ਕਲੇਸ਼ ਜ਼ੋਰਾਂ ’ਤੇ ਹੈ।

ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ’ਚ ਰਾਜਸਥਾਨ ’ਚ ਭਾਜਪਾ ਵੱਲੋਂ ਭਰਪੂਰ ਸਫਲਤਾ ਪ੍ਰਾਪਤ ਕਰਨ ਦੇ ਬਾਅਦ ਵੀ ਲੋਕ ਸਭਾ ਦੀਆਂ ਚੋਣਾਂ ’ਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਲੈ ਕੇ ਇਸ ਵਿਚ ਫੈਲਿਆ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆਉਣ ਲੱਗਾ ਹੈ।

ਇਸ ਵਾਰ ਸੂਬੇ ਦੀਆਂ 25 ’ਚੋਂ 11 ਲੋਕ ਸਭਾ ਸੀਟਾਂ ਭਾਜਪਾ ਦੇ ਹੱਥੋਂ ਨਿਕਲ ਗਈਆਂ। ਇਸ ਸਬੰਧ ’ਚ ਸੀਨੀਅਰ ਭਾਜਪਾ ਨੇਤਾ ਦੇਵੀ ਸਿੰਘ ਭਾਟੀ ਜਿਨ੍ਹਾਂ ਦੀ ਹਾਰ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਨੇ ਪਾਰਟੀ ਦੇ ਖਰਾਬ ਪ੍ਰਦਰਸ਼ਨ ਲਈ ਗਲਤ ਟਿਕਟ ਵੰਡ, ਸੰਗਠਨ ’ਚ ਨਕਾਰਾਪਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਸੀਕਰ ਤੋਂ ਸਾਬਕਾ ਸੰਸਦ ਮੈਂਬਰ ਸਵਾਮੀ ਸੁਮੇਧਾਨੰਦ ਨੇ ਦੋਸ਼ ਲਗਾਇਆ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਲਈ ਜ਼ੋਰਦਾਰ ਪ੍ਰਚਾਰ ਕਰਨ ਵਾਲੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਲੋਕ ਸਭਾ ਚੋਣਾਂ ਦੌਰਾਨ ਇਕ ਪਾਸੇ ਕਰ ਦਿੱਤਾ ਗਿਆ। ਵਸੁੰਧਰਾ ਰਾਜੇ ਨੇ ਉਨ੍ਹਾਂ ਚੋਣਾਂ ’ਚ ਪ੍ਰਚਾਰ ਨਹੀਂ ਕੀਤਾ ਜਿਸ ਨਾਲ ਪਾਰਟੀ ਭਾਰੀ ਘਾਟੇ ’ਚ ਰਹੀ।

ਓਧਰ ਮਹਾਰਾਸ਼ਟਰ ’ਚ ਲੋਕ ਸਭਾ ਚੋਣਾਂ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਸੂਬਾ ਕਾਂਗਰਸ ਦੀ ਮੁੰਬਈ ਇਕਾਈ ’ਚ ਨਾਰਾਜ਼ਗੀ ਫੈਲੀ ਹੈ। ਪਾਰਟੀ ਦੇ 16 ਸੀਨੀਅਰ ਨੇਤਾਵਾਂ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਮੁੰਬਈ ਕਾਂਗਰਸ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਕੀਤੀ ਹੈ।

ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ’ਚ ਵੀ ਚੋਣ ਨਤੀਜਿਆਂ ਨੇ ਅੰਦਰੂਨੀ ਕਲੇਸ਼ ਪੈਦਾ ਕੀਤਾ ਹੋਇਆ ਹੈ। ਭਾਜਪਾ ਦੀ ਉੱਚ ਲੀਡਰਸ਼ਿਪ ’ਤੇ ਪਾਰਟੀ ਅਤੇ ਸੰਘ ਦੇ ਅੰਦਰੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਰਾਕਾਂਪਾ ਨੂੰ ਤੋੜ ਕੇ ਭਾਜਪਾ ਦੇ ਨਾਲ ਜੁੜਨ ਵਾਲੇ ਅਜੀਤ ਪਵਾਰ ਰਾਜਗ ਲਈ ਬੋਝ ਬਣ ਗਏ ਹਨ, ਇਸ ਲਈ ਭਾਜਪਾ ਉਨ੍ਹਾਂ ਤੋਂ ਛੇਤੀ ਤੋਂ ਛੇਤੀ ਪਿੱਛਾ ਛੁਡਵਾਵੇ।

ਪਾਰਟੀ ’ਚ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ਗੀ ਹੈ ਕਿ ਅਜੀਤ ਪਵਾਰ ਲੋਕ ਸਭਾ ਚੋਣਾਂ ਲਈ ਅਲਾਟ 4 ਸੀਟਾਂ ’ਚੋਂ 1 ਹੀ ਜਿੱਤ ਸਕੇ।

ਉੱਤਰ ਪ੍ਰਦੇਸ਼ ’ਚ ਵੀ ਕੁਝ ਭਾਜਪਾ ਉਮੀਦਵਾਰਾਂ ਨੂੰ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ। ਮੁਜ਼ੱਫਰਨਗਰ ਤੋਂ 2014 ਅਤੇ 2019 ’ਚ ਜੇਤੂ ਰਹੇ ਸੰਜੀਵ ਬਾਲਿਆਨ ਨੇ ਇਸ ਵਾਰ ਸਪਾ ਦੇ ਹਰਿੰਦਰ ਮਲਿਕ ਦੇ ਹੱਥੋਂ ਹਾਰ ਤੋਂ ਬਾਅਦ ਆਪਣੀ ਹੀ ਪਾਰਟੀ ਦੇ ਸਾਬਕਾ ਵਿਧਾਇਕ ਸੰਗੀਤ ਸੋਮ ਦੇ ਸਿਰ ’ਤੇ ਹਾਰ ਦਾ ਭਾਂਡਾ ਭੰਨਿਆ ਹੈ।

ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਸਾਲ ਦੇ ਸ਼ੁਰੂ ’ਚ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਸਿਆਸੀ ਉੱਤਰਾਧਿਕਾਰੀ ਐਲਾਨ ਕਰਦੇ ਹੋਏ ਪਾਰਟੀ ਦਾ ਨੈਸ਼ਨਲ ਕੋਆਰਡੀਨੇਟਰ ਬਣਾ ਦਿੱਤਾ ਸੀ ਪਰ ਅਚਾਨਕ 8 ਮਈ, 2024 ਨੂੰ ਉਨ੍ਹਾਂ ਨੇ ਆਕਾਸ਼ ਆਨੰਦ ਨੂੰ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ ਸੀ।

ਇਸ ਦੇ ਲਗਭਗ ਡੇਢ ਮਹੀਨੇ ਬਾਅਦ 23 ਜੂਨ ਨੂੰ ਅਚਾਨਕ ਆਪਣਾ ਫੈਸਲਾ ਪਲਟ ਕੇ ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਮੁੜ ਪਾਰਟੀ ਦਾ ਨੈਸ਼ਨਲ ਕੋਆਰਡੀਨੇਟਰ ਬਣਾ ਦਿੱਤਾ ਹੈ। ਉੱਤਰ ਪ੍ਰਦੇਸ਼ ’ਚ ਹੋਈ ਹਾਰ ਦੇ ਕਾਰਨ ਮਾਇਆਵਤੀ ਦੀ ਪਾਰਟੀ ਦੇ ਅੰਦਰ ਆਕਾਸ਼ ਆਨੰਦ ਨੂੰ ਉਨ੍ਹਾਂ ਦਾ ਉੱਤਰਾਧਿਕਾਰੀ ਬਣਾਉਣ ਦੀ ਮੰਗ ਜ਼ੋਰ ਫੜ ਰਹੀ ਸੀ।

ਇਸ ਦੌਰਾਨ ਤਮਿਲਨਾਡੂ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਜਪਾ ’ਚ ਅੰਦਰੂਨੀ ਕਲੇਸ਼ ਸ਼ੁਰੂ ਹੈ। ਤਮਿਲਨਾਡੂ ’ਚ ਭਾਜਪਾ ਦੇ ਦੋ ਧੜੇ ਹਨ, ਇਕ ਧੜਾ ਕੇ. ਅੰਨਾਮਲਾਈ ਦਾ ਅਤੇ ਦੂਜਾ ਤੇਲੰਗਾਨਾ ਦੀ ਸਾਬਕਾ ਰਾਜਪਾਲ ਤਮਿਲਸਾਈ ਸੁੰਦਰਰਾਜਨ ਦਾ ਹੈ।

ਜਿੱਥੇ ਤਮਿਲਸਾਈ ਨੇ ਤਮਿਲਨਾਡੂ ’ਚ ਚੋਣ ਸਫਲਤਾ ਨਾ ਮਿਲਣ ਦਾ ਠੀਕਰਾ ਸਿੱਧੇ ਤੌਰ ’ਤੇ ਅੰਨਾਮਲਾਈ ਦੇ ਸਿਰ ਭੰਨਿਆ ਹੈ ਤਾਂ ਅੰਨਾਮਲਾਈ ਨੇ ਹਾਰ ਦਾ ਠੀਕਰਾ ਗੱਠਜੋੜ ਸਹਿਯੋਗੀ ਅੰਨਾ ਡੀ. ਐੱਮ. ਕੇ. ਅਤੇ ਤਮਿਲਸਾਈ ਸੁੰਦਰਰਾਜਨ ’ਤੇ ਭੰਨਿਆ ਹੈ।

ਇਸੇ ਤਰ੍ਹਾਂ ਪੰਜਾਬ ’ਚ ਲੋਕ ਸਭਾ ਚੋਣਾਂ ਦੌਰਾਨ ਸਿਰਫ ਇਕ ਸੀਟ ’ਤੇ ਸਿਮਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ’ਚ ਬਗਾਵਤ ਤੇਜ਼ ਹੋ ਗਈ ਹੈ। 25 ਜੂਨ ਨੂੰ ਜਲੰਧਰ ’ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਪਾਰਟੀ ਦੇ ਖਰਾਬ ਪ੍ਰਦਰਸ਼ਨ ਲਈ ਜ਼ਿੰਮੇਵਾਰ ਦੱਸਦੇ ਹੋਏ ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਨੇਤਾਵਾਂ ਦੀ ਬੈਠਕ ’ਚ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਗਈ।

ਇਸ ਬੈਠਕ ’ਚ ਬਾਗੀ ਨੇਤਾਵਾਂ ਨੇ ਜਿੱਥੇ ਪਾਰਟੀ ਦੀ ਲੀਡਰਸ਼ਿਪ ’ਚ ਤਬਦੀਲੀ ਦੀ ਮੰਗ ਕੀਤੀ ਉੱਥੇ ਦੂਜੇ ਪਾਸੇ ਚੰਡੀਗੜ੍ਹ ’ਚ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਦੂਜੇ ਗਰੁੱਪ ਨੇ ਉਨ੍ਹਾਂ ਦੀ ਲੀਡਰਸ਼ਿਪ ’ਤੇ ਭਰੋਸਾ ਜਤਾਇਆ। ਇਸ ਤਰ੍ਹਾਂ ਦੇ ਹਾਲਾਤ ’ਚ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੋ-ਫਾੜ ਹੋ ਸਕਦੀ ਹੈ।

ਹਾਲਾਂਕਿ ਅਸਹਿਮਤੀ ਲੋਕਤੰਤਰ ਦਾ ਮਹੱਤਵਪੂਰਨ ਅੰਗ ਹੈ ਪਰ ਕਿਸੇ ਵੀ ਸੰਗਠਨ ਨੂੰ ਚਲਾਉਣ ਲਈ ਆਪਸੀ ਸਹਿਮਤੀ ਜ਼ਰੂਰੀ ਸ਼ਰਤ ਹੈ। ਕੋਈ ਵੀ ਸੰਗਠਨ ਜਾਂ ਪਾਰਟੀ ਉਦੋਂ ਤੱਕ ਸੰਤੋਖਜਨਕ ਢੰਗ ਨਾਲ ਕੰਮ ਨਹੀਂ ਕਰ ਸਕਦੀ ਜਦੋਂ ਤੱਕ ਉਸ ਦੇ ਕੈਡਰ ’ਚ ਪੂਰਨ ਸਹਿਮਤੀ ਨਾ ਹੋਵੇ।

ਸਾਰੀਆਂ ਪਾਰਟੀਆਂ ਜੇ ਅੰਦਰੂਨੀ ਕਲੇਸ਼ ਨੂੰ ਖਤਮ ਕਰ ਕੇ ਮਿਲਜੁਲ ਕੇ ਕੰਮ ਕਰਨਗੀਆਂ ਤਾਂ ਹੀ ਉਹ ਵੋਟਰਾਂ ਦੀ ਕਸੌਟੀ ’ਤੇ ਪੂਰੀਆਂ ਉਤਰ ਸਕਣਗੀਆਂ।

-ਵਿਜੇ ਕੁਮਾਰ


author

Harpreet SIngh

Content Editor

Related News