ਭਾਰਤ-ਚੀਨ : ਅਜੀਬ ਜਿਹੀ ਸਥਿਤੀ
Friday, Jul 03, 2020 - 03:28 AM (IST)
ਡਾ. ਵੇਦਪ੍ਰਤਾਪ ਵੈਦਿਕ
ਚੀਨ ਨੂੰ ਲੈ ਕੇ ਭਾਰਤ ਵਿਚ ਅਜੀਬ ਜਿਹੀ ਸਥਿਤੀ ਹੈ। ਅੱਜ ਦੇ ਦਿਨ ਇਹ ਪਤਾ ਲਗਾਉਣਾ ਅੌਖਾ ਹੈ ਕਿ ਭਾਰਤ ਚਾਹੁੰਦਾ ਕੀ ਹੈ। ਕੀ ਚੀਨ ਨਾਲ ਫੌਜੀ ਝੜਪ ਚਾਹੁੰਦਾ ਹੈ ਜਾਂ ਗੱਲਬਾਤ ਨਾਲ ਸਰਹੱਦੀ ਖਿਚੋਤਾਣ ਖਤਮ ਕਰਨੀ ਚਾਹੁੰਦਾ ਹੈ ਜਾਂ ਕੋਈ ਉਸ ਦੀ ਭਾਵੀ ਲੰਬੀ-ਚੌੜੀ ਰਣਨੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਤਕ ਚੀਨ ਦਾ ਨਾਂ ਲੈ ਕੇ ਉਸ ਦੇ ਵਿਰੁੱਧ ਇਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਨੇ ਜੋ ਬੋਲਿਆ, ਉਸ ਨੂੰ ਦੁਹਰਾਉਣ ਦੀ ਹਿੰਮਤ ਭਾਰਤ ਦਾ ਕੋਈ ਨੇਤਾ ਨਹੀਂ ਕਰ ਸਕਦਾ ਹੈ।
ਉਹ ਸ਼ਾਇਦ ਭਾਰਤੀ ਜਵਾਨਾਂ ਦੇ ਜਾਂਬਾਜ਼ੀ ਅਤੇ ਬਲਿਦਾਨ ਦੀ ਸ਼ਲਾਘਾ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਕਹਿ ਦਿੱਤਾ ਕਿ ਭਾਰਤ ਦੀ ਸਰਹੱਦ ’ਚ ਕੋਈ ਦਾਖਲ ਨਹੀਂ ਹੋਇਆ ਅਤੇ ਸਾਡੀ ਜ਼ਮੀਨ ’ਤੇ ਕੋਈ ਕਬਜ਼ਾ ਨਹੀਂ ਹੋਇਆ। ਸਰਕਾਰ, ਭਾਜਪਾ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ ਨੇ ਚੀਨੀ ਮਾਲ ਦੇ ਬਾਈਕਾਟ ਦੀ ਕੋਈ ਅਪੀਲ ਵੀ ਜਾਰੀ ਨਹੀਂ ਕੀਤੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਭਾਰਤ ਅਤੇ ਚੀਨ ਦੇ ਕੋਰ ਕਮਾਂਡਰ ਗਲਵਾਨ ਘਾਟੀ ’ਚ 10-10, 12-12 ਘੰਟੇ ਬੈਠ ਕੇ ਤਿੰਨ ਵਾਰ ਗੱਲਬਾਤ ਕਰ ਚੁੱਕੇ ਹਨ ਅਤੇ ਦੋਵੇਂ ਧਿਰਾਂ ਕਹਿ ਰਹੀਅਾਂ ਹਨ ਕਿ ਉਹ ਪਿੱਛੇ ਹਟਣ ਦੇ ਤੌਰ-ਤਰੀਕਿਅਾਂ ’ਤੇ ਗੱਲ ਕਰ ਰਹੇ ਹਨ। ਗੱਲਬਾਤ ਸਫਲ ਵੀ ਹੋ ਰਹੀ ਹੈ ਪਰ ਅਜੇ ਉਹ ਲੰਬੀ ਚੱਲੇਗੀ। ਇਸ ਪ੍ਰਗਤੀ ਦਾ ਸਮਰਥਨ ਚੀਨ ਦੇ ਬੜਬੋਲੇ ਅਤੇ ਮੂੰਹ ਫੱਟ ਅਖਬਾਰ ‘ਗਲੋਬਲ ਟਾਈਮਜ਼’ ਨੇ ਵੀ ਕੀਤਾ ਹੈ। ਇਨ੍ਹਾਂ ਗੱਲਾਂਬਾਤਾਂ ਤੋਂ ਤੁਸੀਂ ਕਿਸ ਨਤੀਜੇ ’ਤੇ ਪਹੁੰਚਦੇ ਹੋ, ਇਨ੍ਹਾਂ ਗੱਲਾਂ ’ਚ ਤੁਸੀਂ ਇਹ ਵੀ ਜੋੜ ਲਵੋ ਕਿ ਹੁਣ ਤਕ ਚੀਨ ਦੇ ਰਾਸ਼ਟਰਪਤੀ ਅਤੇ ਮੋਦੀ ਦੇ ਮਿੱਤਰ ਸ਼ੀ ਜਿਨਪਿੰਗ ਨੇ ਭਾਰਤ ਵਿਰੁੱਧ ਇਕ ਸ਼ਬਦ ਨਹੀਂ ਬੋਲਿਆ। ਭਾਵ ਸਾਰਾ ਮਾਮਲਾ ਹੌਲੀ-ਹੌਲੀ ਠੰਡਾ ਹੋ ਰਿਹਾ ਹੈ ਪਰ ਇਸ ਦਾ ਉਲਟਾ ਅਸਰ ਵੀ ਹੋ ਰਿਹਾ ਹੈ।
ਚੀਨ ਨੇ ਕੱਲ ਹੀ ਸੁਰੱਖਿਆ ਪ੍ਰੀਸ਼ਦ ’ਚ ਭਾਰਤ ’ਤੇ ਕੂਟਨੀਤਿਕ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਰਾਚੀ ’ਚ ਹੋਏ ਬਲੋਚ ਹਮਲੇ ’ਤੇ ਪਾਕਿਸਤਾਨ ਜੋ ਮਤਾ ਲਿਆਇਆ, ਉਸ ਦੇ ਸਮਰਥਨ ’ਚ ਭਾਰਤ ਦਾ ਨਾਂ ਲਏ ਬਗੈਰ ਚੀਨ ਨੇ ਭਾਰਤ ’ਤੇ ਉਂਗਲੀ ਉਠਾ ਦਿੱਤੀ ਹੈ। ਗਲਵਾਨ ਘਾਟੀ ਦੇ ਨੇੜੇ ਉਸ ਨੇ ਹਜ਼ਾਰਾਂ ਫੌਜੀ ਇਕੱਠੇ ਕਰ ਲਏ ਹਨ। ਪਾਕਿਸਤਾਨ ਨੇ ਵੀ ਉਸ ਦੇ ਨੇੜੇ-ਤੇੜੇ ਦੇ ਇਲਾਕੇ ’ਚ 20 ਹਜ਼ਾਰ ਫੌਜੀ ਲਾ ਦਿੱਤੇ ਹਨ।
ਇਧਰ ਭਾਰਤ ਆਪਣੀਅਾਂ ਸਾਰੀਅਾਂ ਸਰਕਾਰੀ ਕੰਪਨੀਅਾਂ ਨਾਲ ਹੋ ਰਹੇ ਚੀਨੀ ਸੌਦਿਅਾਂ ਨੂੰ ਰੱਦ ਕਰਦਾ ਜਾ ਰਿਹਾ ਹੈ। ਸਾਡੀਅਾਂ ਗੈਰ-ਸਰਕਾਰੀ ਕੰਪਨੀਅਾਂ ਵੀ ਚੀਨੀ ਪੂੰਜੀ ਦੇ ਬਾਈਕਾਟ ਦੀ ਗੱਲ ਸੋਚ ਰਹੀਅਾਂ ਹਨ। ਇਸ ਤੋਂ ਵੀ ਵੱਡੀ ਗੱਲ ਇਹ ਹੋਈ ਕਿ ਭਾਰਤ ’ਚ ਪ੍ਰਸਿੱਧ 59 ਚੀਨੀ ‘ ਐਪਸ’ ਉੱਤੇ ਭਾਰਤ ਨੇ ਪਾਬੰਦੀ ਲਗਾ ਦਿੱਤੀ ਹੈ। ਚੀਨ ਇਸ ’ਤੇ ਬੌਖਲਾ ਗਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਇਸ ਮਾਮਲੇ ’ਚ ਭਾਰਤ ਦੀ ਪਿੱਠ ਥਾਪੜ ਰਹੇ ਹਨ। ਫਰਾਂਸ ਵਰਗੇ ਕੁਝ ਰਾਸ਼ਟਰਾਂ ਨੇ, ਭਾਵੇਂ ਦੱਬੀ ਜ਼ੁਬਾਨ ਨਾਲ ਹੀ ਸਹੀ, ਭਾਰਤ ਦਾ ਸਮਰਥਨ ਕੀਤਾ ਹੈ। ਭਾਰਤ ਦੀ ਜਨਤਾ ਇਸ ਆਪਸੀ ਵਿਰੋਧੀ ਧਾਰਾਵਾਂ ਦਾ ਕੁਝ ਅਰਥ ਨਹੀਂ ਕੱਢ ਸਕੀ। ਹੋ ਸਕਦਾ ਹੈ ਕਿ ਦੋਵੇਂ ਦੇਸ਼ ਇਕ ਦੂਸਰੇ ’ਤੇ ਪ੍ਰਤੱਖ ਅਤੇ ਅਪ੍ਰਤੱਖ ਦਬਾਅ ਬਣਾ ਰਹੇ ਹਨ। ਅੱਜ ਦੋਵੇਂ ਇਸ ਸਥਿਤੀ ’ਚ ਨਹੀਂ ਹਨ ਕਿ ਜੰਗ ਲੜਨ। ਚੀਨ ਤਾਂ ਕੋਰੋਨਾ ਦਾ ਬਦਨਾਮੀ ਅਤੇ ਹਾਂਗਕਾਂਗ ਦੀ ਚੱਕ-ਥੱਲ ’ਚ ਪਹਿਲਾਂ ਤੋਂ ਹੀ ਫਸਿਆ ਹੋਇਆ ਹੈ। ਭਾਰਤ ਜੇਕਰ ਚੀਨ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ ਤਾਂ ਇਹ ਤਤਕਾਲਿਕ ਟੋਟਕੇਬਾਜ਼ੀ ਕਾਫੀ ਨਹੀਂ ਹੈ। ਉਸ ਦੇ ਲਈ ਲੰਬੇ ਸਮੇਂ ਲਈ, ਖੁਫੀਆ ਅਤੇ ਸੁਚਿੰਤਤ ਰਣਨੀਤੀ ਦੀ ਲੋੜ ਹੈ।