ਕੈਨੇਡਾ ’ਚ ਵਿਗੜਦੇ ਹਾਲਾਤ ਵਿਚਾਲੇ ਭਾਰਤੀ ਪ੍ਰਵਾਸੀ

Thursday, Oct 24, 2024 - 04:23 PM (IST)

ਕੈਨੇਡਾ ’ਚ ਵਿਗੜਦੇ ਹਾਲਾਤ ਵਿਚਾਲੇ ਭਾਰਤੀ ਪ੍ਰਵਾਸੀ

ਪਿਛਲੇ ਸਾਲ ਤੋਂ ਲਗਾਤਾਰ ਭਾਰਤ ਅਤੇ ਕੈਨੇਡਾ ਦੇ ਸਬੰਧ ਵਿਗੜਦੇ ਜਾ ਰਹੇ ਹਨ ਪਰ ਪਿਛਲੇ 60 ਘੰਟਿਆਂ ਦੌਰਾਨ ਇਹ ਹੁਣ ਤਕ ਦੇ ਸਿਖਰ ’ਤੇ ਪਹੁੰਚ ਚੁੱਕੇ ਹਨ। ਅਜਿਹੇ ’ਚ ਕਈ ਗੱਲਾਂ ਹਨ ਜਿਨ੍ਹਾਂ ਦਾ ਅਸਰ ਸਾਫ ਤੌਰ ’ਤੇ ਕੈਨੇਡਾ ’ਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਅਤੇ ਵਪਾਰ ’ਤੇ ਪਵੇਗਾ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਸਦ ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਸੀ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕੈਨੇਡਾ ਅਤੇ ਭਾਰਤ ਵਿਚਾਲੇ ਪਹਿਲਾਂ ਤੋਂ ਹੀ ਤਣਾਅਪੂਰਨ ਮਾਹੌਲ ਚੱਲ ਰਿਹਾ ਸੀ। ਟਰੂਡੋ ਦੇ ਬਿਆਨ ਤੋਂ ਬਾਅਦ ਹੁਣ ਤਾਂ ਆਪਸੀ ਰਿਸ਼ਤੇ ਟੁੱਟਣ ਦੇ ਕੰਢੇ ’ਤੇ ਪਹੁੰਚ ਗਏ ਹਨ। ਦੋਵੇਂ ਦੇਸ਼ ਇਕ-ਦੂਜੇ ਦੇ ਉੱਚ ਡਿਪਲੋਮੈਟਸ ਨੂੰ ਕੱਢ ਚੁੱਕੇ ਹਨ ਅਤੇ ਭਾਰਤ ਨੇ ਬੀਤੇ ਸਾਲ 21 ਸਤੰਬਰ ਨੂੰ ਆਪਣੇ ਨਵੇਂ ਐਕਸ਼ਨ ’ਚ ਕੈਨੇਡਾ ਦੇ ਨਾਗਰਿਕਾਂ ਦੀ ਐਂਟਰੀ ਦੇਸ਼ ’ਚ ਬੈਨ ਕਰਦੇ ਹੋਏ ਵੀਜ਼ਾ ਸੇਵਾਵਾਂ ’ਤੇ ਰੋਕ ਲਗਾ ਦਿੱਤੀ ਸੀ।

ਉਧਰ, ਕੈਨੇਡਾ ਨੇ ਵੀ ਆਪਣੇ ਡਿਪਲੋਮੈਟਸ ਨੂੰ ਭਾਰਤ ਤੋਂ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਸਾਰਿਆਂ ਵਿਚਾਲੇ ਭਾਰਤ ਨੇ ਕੈਨੇਡਾ ’ਚ ਰਹਿਣ ਵਾਲੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਸੀ। ਹੁਣ ਸਵਾਲ ਇਹ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਗੜ ਰਹੇ ਇਨ੍ਹਾਂ ਸਬੰਧਾਂ ਦਾ ਪ੍ਰਵਾਸੀਆਂ ਅਤੇ ਵਪਾਰ ’ਤੇ ਕੀ ਅਸਰ ਪਵੇਗਾ। ਭਾਰਤ ਅਤੇ ਕੈਨੇਡਾ ਦੇ ਖਰਾਬ ਹੋ ਚੁੱਕੇ ਸਬੰਧਾਂ ਦਾ ਅਸਰ ਜਿਨ੍ਹਾਂ ਗੱਲਾਂ ’ਤੇ ਪਵੇਗਾ, ਉਨ੍ਹਾਂ ’ਚ ਉੱਥੇ ਵੱਡੇ ਪੱਧਰ ’ਤੇ ਪੜ੍ਹਨ ਗਏ ਵਿਦਿਆਰਥੀ, ਪਰਮਾਨੈਂਟ ਰੈਜ਼ੀਡੈਂਟਸ ਭਾਰਤੀ ਭਾਈਚਾਰੇ ਅਤੇ ਵਪਾਰ ’ਤੇ ਪੈ ਸਕਦਾ ਹੈ। ਕੈਨੇਡਾ ਇਕ ਅਜਿਹਾ ਦੇਸ਼ ਹੈ ਜੋ ਭਾਰਤੀ ਭਾਈਚਾਰੇ ਦੀ ਗਿਣਤੀ ਦੇ ਹਿਸਾਬ ਨਾਲ 7ਵਾਂ ਵੱਡਾ ਦੇਸ਼ ਹੈ। ਜੋ ਖਬਰਾਂ ਆ ਰਹੀਆਂ ਹਨ, ਉਹ ਕਹਿੰਦੀਆਂ ਹਨ ਕਿ ਇਸ ਸਮੇਂ ਕੈਨੇਡਾ ’ਚ ਪੜ੍ਹਨ ਅਤੇ ਨੌਕਰੀ ਕਰਨ ’ਚ ਭਾਰਤੀ ਭਾਈਚਾਰਾ ਪ੍ਰੇਸ਼ਾਨੀ ਮਹਿਸੂਸ ਕਰ ਰਿਹਾ ਹੈ।

ਲੰਬੇ ਸਮੇਂ ਤੋਂ ਕੈਨੇਡਾ ’ਚ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨ ਵਾਲੇ ਵੀ ਹੁਣ ਡਰ ਰਹੇ ਹਨ ਕਿ ਹੁਣ ਉਨ੍ਹਾਂ ਦੀ ਅਰਜ਼ੀ ’ਤੇ ਕੈਨੇਡਾ ਸਰਕਾਰ ਦਾ ਰਵੱਈਆ ਕੀ ਹੋਵੇਗਾ। ‘ਦਿ ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਭ ਤੋਂ ਵੱਧ ਭਾਰਤੀ ਪ੍ਰਵਾਸੀ ਕੈਨੇਡਾ ਦੇ ਟੋਰਾਂਟੋ, ਓਟਾਵਾ, ਵਾਟਰਲੂ ਅਤੇ ਬ੍ਰੈਂਪਟਨ ਆਦਿ ਸ਼ਹਿਰਾਂ ’ਚ ਵਸੇ ਹਨ। ਇਨ੍ਹਾਂ ’ਚ ਟੋਰਾਂਟੋ ਭਾਰਤੀਆਂ ਦੇ ਗੜ੍ਹ ਵਾਂਗ ਹੈ। ਇਸ ਸ਼ਹਿਰ ਨੂੰ ਕੈਨੇਡਾ ਦੇ ਵਿਕਾਸ ਦੇ ਲਿਹਾਜ਼ ਨਾਲ ਸਿਖਰ ’ਤੇ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ’ਚ ਵੀ ਭਾਰਤੀਆਂ ਦੀ ਚੰਗੀ-ਖਾਸੀ ਗਿਣਤੀ ਹੈ। ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ’ਚ ਹੀ ਹਰਦੀਪ ਸਿੰਘ ਨਿੱਝਰ ਨੂੰ ਗੋਲੀ ਮਾਰੀ ਗਈ ਸੀ।

ਜੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਵਧਦਾ ਹੈ ਤਾਂ ਇਨ੍ਹਾਂ ’ਤੇ ਅਸਰ ਪੈਣ ਦਾ ਖਦਸ਼ਾ ਹੈ। ਅੰਕੜੇ ਦੱਸਦੇ ਹਨ ਕਿ ਅਮਰੀਕਾ, ਬ੍ਰਿਟੇਨ ਤੋਂ ਬਾਅਦ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਕੈਨੇਡਾ ਜਾਂਦੇ ਹਨ।
ਇਮੀਗ੍ਰੇਸ਼ਨ ਰਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜੇ ਕਹਿੰਦੇ ਹਨ ਕਿ ਸਾਲ 2002 ’ਚ 2,26,450 ਭਾਰਤੀ ਵਿਦਿਆਰਥੀ ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ’ਚ ਪੜ੍ਹਨ ਲਈ ਗਏ। ਇਹ ਅੰਕੜੇ ਇਸ ਲਈ ਜ਼ਿਆਦਾ ਪ੍ਰਭਾਵੀ ਲੱਗਦੇ ਹਨ ਕਿਉਂਕਿ ਇਸ ਸਾਲ ਲਗਭਗ 5,51,405 ਵਿਦਿਆਰਥੀ ਪੂਰੀ ਦੁਨੀਆ ਤੋਂ ਉੱਥੇ ਪੜ੍ਹਨ ਗਏ। ਇਸ ਲਿਹਾਜ਼ ਨਾਲ ਜ਼ਾਹਿਰ ਹੈ ਕਿ ਉੱਥੇ ਪੜ੍ਹਨ ਆਏ ਕੁੱਲ ਵਿਦਿਆਰਥੀਆਂ ’ਚੋਂ ਭਾਰਤ ਤੋਂ ਗਏ ਵਿਦਿਆਰਥੀਆਂ ਦੀ ਗਿਣਤੀ 40 ਫੀਸਦੀ ਹੈ। ਉੱਥੇ ਸਭ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਭਾਰਤੀਆਂ ਦੀ ਹੀ ਹੈ।

ਦੂਜੇ ਨੰਬਰ ’ਤੇ ਚੀਨ ਦੇ ਵਿਦਿਆਰਥੀ ਹੁੰਦੇ ਹਨ, ਤਾਂ ਤੀਜੇ ਨੰਬਰ ’ਤੇ ਫਿਲੀਪੀਨਸ ਤੋਂ ਗਏ ਵਿਦਿਆਰਥੀ। ਇਹ ਤਬਕਾ ਡਰਿਆ ਹੋਇਆ ਹੈ ਕਿ ਜੇ ਦੋਵਾਂ ਦੇਸ਼ਾਂ ਦੇ ਸਬੰਧ ਵਿਗੜੇ ਤਾਂ ਉਨ੍ਹਾਂ ਦਾ ਕੀ ਹੋਵੇਗਾ। ਉਨ੍ਹਾਂ ਦੀ ਸਿੱਖਿਆ ’ਤੇ ਇਸ ਦਾ ਕੋਈ ਅਸਰ ਤਾਂ ਨਹੀਂ ਪਵੇਗਾ। ਕੁਝ ਭਾਰਤੀ ਵਿਦਿਆਰਥੀਆਂ ਨੇ ਉੱਥੇ ਲਈ ਅਪਲਾਈ ਕੀਤਾ ਹੋਇਆ ਹੈ। ਉਨ੍ਹਾਂ ਦੇ ਟੈਸਟ ਹੋਣ ਵਾਲੇ ਹਨ, ਉਨ੍ਹਾਂ ਦਾ ਕੀ ਹੋਵੇਗਾ। ਵੈਸੇ ਜੋ ਵਿਦਿਆਰਥੀ ਪੜ੍ਹਨ ਜਾਂਦੇ ਹਨ ਉਹ ਕੈਨੇਡਾ ਦੀ ਇਕਾਨਮੀ ’ਚ 30 ਫੀਸਦੀ ਦਾ ਯੋਗਦਾਨ ਪਾਉਂਦੇ ਹਨ। ਸੂਤਰਾਂ ਦੀ ਮੰਨੀਏ ਤਾਂ ਜੀ-20 ਸਿਖਰ ਸੰਮੇਲਨ ਤੋਂ ਠੀਕ ਪਹਿਲਾਂ ਕੈਨੇਡਾ ਨੇ ਭਾਰਤ ਦੇ ਨਾਲ ਦੋ-ਪੱਖੀ ਟ੍ਰੇਡ ਮੀਟ ਨੂੰ ਕੈਂਸਲ ਕਰ ਦਿੱਤਾ ਸੀ। ਜੀ-20 ਦੇ ਤੁਰੰਤ ਬਾਅਦ ਵਪਾਰਕ ਮਾਮਲਿਆਂ ’ਤੇ ਗੱਲ ਕਰਨ ਲਈ ਕੈਨੇਡਾ ਤੋਂ ਮੰਤਰੀ ਪੱਧਰ ਦਾ ਵਫਦ ਭਾਰਤ ਆਉਣ ਵਾਲਾ ਸੀ, ਜਿਸ ਨੂੰ ਵੀ ਕੈਨੇਡਾ ਨੇ ਮੁਲਤਵੀ ਕਰ ਦਿੱਤਾ ਸੀ। ਇਨ੍ਹਾਂ ਗੱਲਾਂ ਤੋਂ ਲੱਗਦਾ ਹੈ ਕਿ ਭਵਿੱਖ ’ਚ ਵਪਾਰ ’ਤੇ ਵੀ ਸੰਕਟ ਦੇ ਬਦਲ ਘਿਰ ਸਕਦੇ ਹਨ।

ਕੈਨੇਡੀਆਈ ਸਰਕਾਰ ਅਨੁਸਾਰ, ਕੈਨੇਡਾ-ਭਾਰਤ ਵਿਚਾਲੇ ਵਸਤੂਆਂ ਦਾ ਦੋ-ਪੱਖੀ ਵਪਾਰ 2022 ’ਚ ਲਗਭਗ 12 ਮਿਲੀਅਨ ਕੈਨੇਡੀਆਈ ਡਾਲਰ (9 ਬਿਲੀਅਨ ਅਮਰੀਕੀ ਡਾਲਰ) ਸੀ, ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ ’ਚ 57 ਫੀਸਦੀ ਵਧ ਗਿਆ। ਕੈਨੇਡਾ ’ਚ ਭਾਰਤ ਤੋਂ ਕੋਲਾ, ਕੋਕ, ਖਾਦ ਅਤੇ ਊਰਜਾ ਉਤਪਾਦ ਭੇਜੇ ਜਾਂਦੇ ਹਨ, ਜਦ ਕਿ ਕੈਨੇਡਾ ਤੋਂ ਖਪਤਕਾਰ ਵਸਤਾਂ, ਕੱਪੜੇ, ਇੰਜੀਨੀਅਰਿੰਗ ਉਤਪਾਦ ਜਿਵੇਂ ਆਟੋ ਪਾਰਟਸ, ਜਹਾਜ਼ ਦੀ ਮਸ਼ੀਨਰੀ ਅਤੇ ਇਲੈਕਟ੍ਰਾਨਿਕ ਵਸਤਾਂ ਆਉਂਦੀਆਂ ਹਨ।

ਕੈਨੇਡਾ ਭਾਰਤ ਦਾ 17ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ, ਜਿਸ ਨੇ 2000 ਦੇ ਬਾਅਦ ਤੋਂ 3.6 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜਦ ਕਿ ਕੈਨੇਡੀਆਈ ਪੋਰਟਫੋਲੀਓ ਨਿਵੇਸ਼ਕਾਂ ਨੇ ਭਾਰਤੀ ਸਟਾਕ ਅਤੇ ਕਰਜ਼ਾ ਬਾਜ਼ਾਰਾਂ ’ਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਅਰਬਾਂ ਡਾਲਰ ਦਾ ਕਾਰੋਬਾਰ ਹੁੰਦਾ ਹੈ। ਜੇ ਸਿਆਸੀ ਰਿਸ਼ਤੇ ਖਰਾਬ ਹੁੰਦੇ ਹਨ, ਤਾਂ ਇਸ ਦਾ ਅਸਰ ਕਾਰੋਬਾਰੀ ਰਿਸ਼ਤਿਆਂ ’ਤੇ ਪੈਣਾ ਤੈਅ ਹੈ ਜਿਸ ਕਾਰਨ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਦੀ ਨੀਂਦ ਉੱਡ ਗਈ ਹੈ। ਰਿਪੋਰਟ ਅਨੁਸਾਰ ਭਾਰਤ ਅਤੇ ਕੈਨੇਡਾ ਵਿਚਾਲੇ ਦੋ-ਪੱਖੀ ਵਪਾਰ ’ਚ ਹਾਲੀਆ ਸਾਲਾਂ ’ਚ ਜ਼ਿਕਰਯੋਗ ਵਾਧਾ ਵੇੇਖਿਆ ਗਿਆ ਹੈ। ਇਸ ਕਾਰਨ 2022-23 ’ਚ 8.16 ਬਿਲੀਅਨ ਡਾਲਰ ਤਕ ਪਹੁੰਚ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਤਾਜ਼ਾ ਤਣਾਅ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ’ਤੇ ਅਸਰ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਆਰਥਿਕ ਸਬੰਧ ਵਪਾਰਕ ਵਿਚਾਰਾਂ ਤੋਂ ਪ੍ਰੇਰਿਤ ਹੁੰਦੇ ਹਨ।

-ਪ੍ਰਿੰ. ਡਾ. ਮੋਹਨ ਲਾਲ ਸ਼ਰਮਾ


author

Tanu

Content Editor

Related News