ਵਿਰੋਧੀ ਧਿਰ ਵਿਹੂਣਾ ਹੁੰਦਾ ਭਾਰਤੀ ਲੋਕਤੰਤਰ

07/04/2021 2:44:54 AM

ਸ਼ਾਂਤਾ ਕੁਮਾਰ (ਸਾਬਕਾ ਮੁੱਖ ਮੰਤਰੀ ਹਿ.ਪ੍ਰ. ਅਤੇ ਸਾਬਕਾ ਕੇਂਦਰੀ ਮੰਤਰੀ)
ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਹੌਲੀ-ਹੌਲੀ ਇਕ ਰਾਸ਼ਟਰੀ ਵਿਰੋਧੀ ਧਿਰ ਤੋਂ ਵਿਹੂਣਾ ਹੁੰਦਾ ਜਾ ਰਿਹਾ ਹੈ। ਪਾਰਟੀਆਂ ਘੱਟ ਨਹੀਂ ਹਨ ਪਰ ਇੰਨੇ ਵੱਡੇ ਦੇਸ਼ ’ਚ ਰਾਸ਼ਟਰੀ ਪੱਧਰ ’ਤੇ ਇਕੋ-ਇਕ ਸਭ ਤੋਂ ਪੁਰਾਣੀ ਰਾਸ਼ਟਰੀ ਪਾਰਟੀ ਕਾਂਗਰਸ ਖੁਦਕੁਸ਼ੀ ਦੇ ਕੰਢੇ ’ਤੇ ਪਹੁੰਚ ਗਈ ਹੈ। ਬਾਕੀ ਪਾਰਟੀਆਂ ਇਕ ਨੇਤਾ ਦੀਆਂ, ਇਕ ਸੂਬੇ ਜਾਂ ਪਰਿਵਾਰ ਦੀਆਂ ਹਨ।

ਵਿਚਾਰਧਾਰਾ ਵਾਲੀ ਪੂਰੇ ਦੇਸ਼ ਦੀ ਕੋਈ ਪਾਰਟੀ ਨਹੀਂ ਹੈ। ਲੋਕਤੰਤਰ ਇਕ ਮਜ਼ਬੂਤ ਅਤੇ ਤੰਦਰੁਸਤ ਵਿਰੋਧੀ ਧਿਰ ਦੇ ਬਿਨਾਂ ਠੀਕ ਢੰਗ ਨਾਲ ਨਹੀਂ ਚੱਲ ਸਕਦਾ। ਹੌਲੀ-ਹੌਲੀ ਭਾਰਤੀ ਲੋਕਤੰਤਰ ਲਈ ਇਹ ਇਕ ਵੱਡੀ ਕਮੀ ਤੇ ਚੁਣੌਤੀ ਬਣ ਗਈ ਹੈ।

ਸੋਨੀਆ ਗਾਂਧੀ ਪੁੱਤਰ ਮੋਹ ’ਚ ਫਸੀ ਹੈ। ਬੜੇ ਯਤਨ ਕਰਨ ’ਤੇ ਵੀ ਰਾਹੁਲ ਗਾਂਧੀ ਨੇਤਾ ਨਹੀਂ ਬਣ ਸਕੇ। ਨੇਤਾ ਬਣਾਏ ਨਹੀਂ ਜਾਂਦੇ, ਨੇਤਾ ਹੁੰਦੇ ਹਨ। ਹਾਲਾਤ, ਰੁਚੀ ਅਤੇ ਆਪਣੇ ਕੰਮਾਂ ’ਚੋਂ ਹੌਲੀ-ਹੌਲੀ ਅਗਵਾਈ ਉੱਭਰਦੀ ਹੈ। ਬੜੀਆਂ ਕੋਸ਼ਿਸ਼ਾਂ ਕਰਨ ’ਤੇ ਵੀ ਰਾਹੁਲ ਗਾਂਧੀ ਅਸਫਲ ਹੋਏ। ਉਨ੍ਹਾਂ ਦੀ ਖੁਦ ਦੀ ਜ਼ਿੰਦਗੀ ਵੀ ਦਿਸ਼ਾਹੀਣ ਹੋ ਗਈ। ਸੋਨੀਆ ਗਾਂਧੀ ਪੁੱਤਰ ਮੋਹ ’ਚ ਇੱਥੋਂ ਤੱਕ ਗ੍ਰੱਸੇ ਹਨ ਕਿ ਉਹ ਪ੍ਰਿਯੰਕਾ ਗਾਂਧੀ ਨੂੰ ਵੀ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ।

ਦੇਸ਼ ਦੀ ਸਭ ਤੋਂ ਪੁਰਾਣੀ, ਬਹੁਤ ਹੀ ਪ੍ਰਭਾਵਸ਼ਾਲੀ ਰਹੀ ਕਾਂਗਰਸ ਪਾਰਟੀ ਦਾ ਅਕਸ ਅੱਜ ਹੇਠਾਂ ਜ਼ਮੀਨ ’ਤੇ ਹੈ। ਜੇਕਰ ਸੋਨੀਆ ਗਾਂਧੀ ਅਤੇ ਰਾਹੁਲ ਇਹ ਐਲਾਨ ਕਰਨ ਕਿ ਕਾਂਗਰਸ ਦਾ ਨਵਾਂ ਨੇਤਾ ਗਾਂਧੀ ਪਰਿਵਾਰ ’ਚੋਂ ਨਹੀਂ ਹੋਵੇਗਾ ਅਤੇ ਕਾਂਗਰਸੀ ਨੇਤਾਵਾਂ ਦੀ ਸਹਿਮਤੀ ਨਾਲ ਗਾਂਧੀ ਪਰਿਵਾਰ ਤੋਂ ਬਾਹਰ ਦਾ ਕਾਂਗਰਸ ਪ੍ਰਧਾਨ ਬਣੇ ਤਾਂ ਇਨ੍ਹਾਂ ਦਾ ਅਕਸ ਬੜਾ ਉਪਰ ਉੱਠ ਜਾਵੇਗਾ। ਅੱਜ ਦੀ ਕਾਂਗਰਸ ’ਚ ਰਾਸ਼ਟਰੀ ਅਕਸ ਦੇ ਆਗੂ ਹਨ, ਦੇਸ਼ ਨੂੰ ਰਾਸ਼ਟਰੀ ਵਿਰੋਧੀ ਧਿਰ ਮਿਲਣ ਦੀ ਆਸ ਹੋ ਜਾਵੇਗੀ ਪਰ ਲੱਗਦਾ ਹੈ ਕਿ ਅਜਿਹਾ ਨਹੀਂ ਹੋਵੇਗਾ।

ਇੰਨੇ ਵੱਡੇ ਦੇਸ਼ ’ਚ ਅੱਜ ਦੀ ਹਾਲਤ ’ਚ ਕੋਈ ਵੀ ਸੂਬਾਈ ਪਾਰਟੀ ਪੂਰੇ ਦੇਸ਼ ਦੀ ਰਾਸ਼ਟਰੀ ਪਾਰਟੀ ਨਹੀਂ ਬਣ ਸਕਦੀ। ਭਾਰਤ ਦੀ ਵਿਰੋਧੀ ਧਿਰ ’ਚ ਅਟਲ ਬਿਹਾਰੀ ਵਾਜਪਾਈ ਵਰਗਾ ਨੇਤਾ ਵੀ ਦਿਖਾਈ ਨਹੀਂ ਦਿੰਦਾ, ਜੋ ਬਦਲਦੇ ਰਾਸ਼ਟਰੀ ਮਕਸਦ ਲਈ ਆਪਸੀ ਵਿਰੋਧੀ 21 ਪਾਰਟੀਆਂ ਨੂੰ ਇਕੱਠਾ ਕਰੇ। ਘੱਟੋ-ਘੱਟ ਪ੍ਰੋਗਰਾਮ ਬਣਾਵੇ, ਚੋਣ ਲੜੇ, ਜਿੱਤੇ ਅਤੇ ਪੂਰੇ ਪੰਜ ਸਾਲ ਇਕ ਵਧੀਆ ਸਰਕਾਰ ਚਲਾ ਕੇ ਦਿਖਾਵੇ।

ਰਾਸ਼ਟਰੀ ਵਿਰੋਧੀ ਧਿਰ ਵਿਹੂਣਾ ਲੋਕਤੰਤਰ ਰਾਸ਼ਟਰੀ ਹਿੱਤ ’ਚ ਨਹੀਂ ਹੈ। ਲੋਕਤੰਤਰ ਦਾ ਰੱਥ ਧਿਰ ਅਤੇ ਵਿਰੋਧੀ ਧਿਰ ਦੇ ਦੋ ਪਹੀਆਂ ਨਾਲ ਚੱਲਦਾ ਹੈ। ਸਿਰਫ ਇਕ ਪਹੀਏ ’ਤੇ ਤੰਦਰੁਸਤ ਲੋਕਤੰਤਰ ਜ਼ਿਆਦਾ ਦੇਰ ਨਹੀਂ ਚੱਲ ਸਕਦਾ। ਸਮਾਜ ’ਚ ਪੂਰੀ ਤਰ੍ਹਾਂ ਮੁੱਢਲੀ ਤਬਦੀਲੀ ਨਹੀਂ ਹੋ ਸਕਦੀ।

ਆਧੁਨਿਕ ਯੁੱਗ ’ਚ ਲੋਕਤੰਤਰ ਦੀ ਧਾਰਨਾ ਨਾਲ ਬਹੁਤ ਪਹਿਲਾਂ ਭਾਰਤੀ ਚਿੰਤਨ ਅਤੇ ਸੱਭਿਅਾਚਾਰ ’ਚ ਵਿਚਾਰ ਆਜ਼ਾਦੀ ਮੂਲ ਆਧਾਰ ਰਿਹਾ ਹੈ। ਲੋਕਤੰਤਰ ਦਾ ਮੂਲ ਆਧਾਰ ਵੀ ਆਜ਼ਾਦੀ ਮੂਲਕ ਹੈ, ਇਸੇ ਕਾਰਨ ਭਾਰਤ ’ਚ ਅਧਿਆਤਮਕ ਨੇ ਸਭ ਤੋਂ ਵੱਧ ਉਚਾਈ ਤਕ ਉਡਾਣਾਂ ਭਰੀਆਂ। ਉਹੀ ਭਾਵ ਭਾਰਤ ਦੇ ਚਿੰਤਨ ’ਚ ਵੀ ਰਿਹਾ ਹੈ। ਇਸ ਲਈ ਕਿਹਾ ਗਿਆ ਹੈ :

ਨਿੰਦਕ ਨਿਯਰੇ ਰਾਖਿਏ, ਆਂਗਨ ਕੁਟੀ ਛਵਾਏ

ਬਿਨ ਪਾਨੀ ਸਾਬੁਨ ਬਿਨਾ, ਨਿਰਮਲ ਕਰੇ ਸੁਭਾਯ

ਭਾਜਪਾ ’ਚ ਜਦੋਂ ਕਾਂਗਰਸ ਮੁਕਤ ਭਾਰਤ ਬਣਾਉਣ ਦੀ ਗੱਲ ਕਹੀ ਗਈ ਸੀ ਤਾਂ ਮੈਂ ਉਸ ਦਾ ਵਿਰੋਧ ਕੀਤਾ ਸੀ। ਨਿੰਦਾ, ਆਲੋਚਨਾ ਕਰਨ ਵਾਲੇ ਨੂੰ ਆਪਣੇ ਕੋਲ ਰੱਖੀਏ ਉਹ ਬਿਨਾਂ ਸਾਬਣ ਤੇ ਪਾਣੀ ਦੇ ਸੁਭਾਅ ਨੂੰ ਨਿਰਮਲ ਕਰਦਾ ਹੈ। ਇਹੀ ਹੈ ਭਾਰਤੀ ਚਿੰਤਨ ਦਾ ਮਹਾਨ ਆਦਰਸ਼। ਮੈਨੂੰ ਖੁਸ਼ੀ ਹੈ ਕਿ ਭਾਜਪਾ ਹੁਣ ਅਜਿਹਾ ਨਹੀਂ ਕਰਦੀ। ਵਿਚਾਰ ਆਜ਼ਾਦ ਹੋਵੇਗਾ ਤਾਂ ਮਤਭੇਦ ਵੀ ਹੋਣਗੇ। ਉਨ੍ਹਾਂ ’ਤੇ ਰਚਨਾਤਮਕ ਗੱਲਬਾਤ ਨਾਲ ਸੁਸ਼ਾਸਨ ਆਉਂਦਾ ਰਹੇਗਾ।

ਅਰਜੁਨ ਨੂੰ ਪੂਰੀ ਗੀਤਾ ਕਹਿਣ ਦੇ ਬਾਅਦ ਅੰਤਿਮ ਅਧਿਆਏ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ :

ਇਤਿ ਮੇਂ ਗਿਆਨ ਆਖਿਆਤਮ ਗੁਹਿਯਾਤ ਗੁਹਿਤਰਮ ਮਯਾ

ਵਿਪ੍ਰਸ਼ਯ ਏਤਤ ਅਸ਼ੇਸ਼ੇਣ ਯਤ੍ ਅਛਾਸਿ ਤਤ ਕੁਰੂ

‘‘ਅਰਜੁਨ ਮੈਂ ਤੈਨੂੰ ਡੂੰਘੇ ਤੋਂ ਡੂੰਘਾ ਗਿਆਨ ਕਹਿ ਦਿੱਤਾ। ਹੁਣ ਤੂੰ ਪੂਰੀ ਤਰ੍ਹਾਂ ਆਪਣੀ ਬੁੱਧੀ ਨਾਲ ਉਸ ’ਤੇ ਵਿਚਾਰ ਕਰ ਅਤੇ ਫਿਰ ਜੋ ਚੰਗਾ ਲੱਗਦਾ ਹੈ ਉਹ ਕਰ।’’

ਮੈਂ ਇਸ ਸਲੋਕ ਨੂੰ ਭਾਰਤੀ ਸੱਭਿਆਚਾਰ ਦਾ ਇਕ ਮਹੱਤਵਪੂਰਨ ਸੰਦੇਸ਼ ਸਮਝਦਾ ਹਾਂ। ਜਿਸ ਅਰਜੁਨ ਦੇ ਹੱਥ ’ਚੋਂ ਗੰਡੀਵ ਤਿਲਕ ਰਹੀ ਸੀ, ਉਹ ਭੱਜਣ ਲਈ ਤਿਆਰ ਸੀ ਅਤੇ ਸ਼੍ਰੀ ਕ੍ਰਿਸ਼ਨ ਨੂੰ ਕਿਹਾ ਮੈਨੂੰ ਰਸਤਾ ਦੱਸੋ-ਕ੍ਰਿਸ਼ਨ ਉਸ ਨੂੰ ਸਭ ਰਸਤੇ ਦੱਸਣ ਦੇ ਬਾਅਦ ਆਪਣੀ ਬੁੱਧੀ ਨਾਲ ਸੋਚ ਕੇ ਫੈਸਲੇ ਕਰਨ ਲਈ ਕਹਿੰਦੇ ਹਨ। ਵਿਚਾਰ ਆਜ਼ਾਦੀ ਦਾ ਮਹਾਨ ਆਦਰਸ਼।

ਰਾਵਣ ਨੇ ਸੀਤਾ ਨੂੰ ਅਗਵਾ ਕਰਨ ਦਾ ਫੈਸਲਾ ਕੀਤਾ। ਮਾਰੀਚ ਨੂੰ ਸੱਦਿਆ ਅਤੇ ਸੀਤਾ ਨੂੰ ਆਪਣਾ ਭੇਸ ਬਦਲ ਕੇ ਚੋਰੀ ਕਰ ਕੇ ਲਿਆਉਣ ਲਈ ਕਿਹਾ। ਮਾਰੀਚ ਨੇ ਕਿਹਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ। ਇਸ ਨਾਲ ਰਾਜ ਦਾ ਨਾਸ਼ ਹੋ ਸਕਦਾ ਹੈ। ਰਾਵਣ ਨੇ ਕਿਹਾ ਮੈਂ ਰਾਜਾ ਹਾਂ। ਤੈਨੂੰ ਹੁਕਮ ਦੇ ਰਿਹਾ ਹਾਂ। ਇਸ ’ਤੇ ਮਾਰੀਚ ਨੇ ਜੋ ਕਿਹਾ ਮੈਂ ਉਸ ਨੂੰ ਵੀ ਵਾਲਮੀਕਿ ਰਾਮਾਇਣ ਦਾ ਇਕ ਮਹੱਤਵਪੂਰਨ ਸਲੋਕ ਮੰਨਦਾ ਹਾਂ :

ਸੁਲਭ : ਪੁਰੂਸ਼ : ਰਾਜਨ ਸਤਤ੍ ਪ੍ਰਿਯ ਵਾਦਿਨ :

ਅਪ੍ਰਿਯਸਯ ਚ ਪਥਯਸਯ ਵਕਤਾ ਸ਼ਰੋਤਾ ਚ ਦੁਰਲਮ :

ਮਹਾਰਾਜ ਮਿੱਠਾ ਬੋਲਣ ਵਾਲੇ ਬਹੁਤ ਮਿਲ ਜਾਂਦੇ ਹਨ ਪਰ ਕੌੜਾ ਪਰ ਕਲਿਆਣਕਾਰੀ ਕਹਿਣ ਵਾਲੇ ਅਤੇ ਸੁਣਨ ਵਾਲੇ ਬੜੇ ਘੱਟ ਮਿਲਦੇ ਹਨ। ਮਾਰੀਚ ਨੇ ਕਿਹਾ ਕਿ ਉਹ ਹੁਕਮ ਦੀ ਪਾਲਣਾ ਕਰੇਗਾ ਪਰ ਉਸ ਤੋਂ ਪਹਿਲਾਂ ਉਸ ਨੇ ਰਾਵਣ ਨੂੰ ਬੜੀ ਵੱਡੀ ਗੱਲ ਕਹੀ।

ਵਿਚਾਰ ਆਜ਼ਾਦ ਭਾਰਤ ਦੇ ਚਿੰਤਨ ਦੀ ਆਤਮਾ ਹੈ। ਅੱਜ ਦੂਰ-ਦੂਰ ਤੱਕ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦਾ ਰਾਸ਼ਟਰੀ ਪੱਧਰ ’ਤੇ ਕੋਈ ਬਦਲ ਨਹੀਂ ਦਿਖਾਈ ਦੇ ਰਿਹਾ। ਇਹ ਸੋਚ ਕੇ ਭਾਜਪਾ ਦੇ ਵਰਕਰ ਬੜੇ ਖੁਸ਼ ਹੁੰਦੇ ਹਨ ਪਰ ਮੈਂ ਉਨ੍ਹਾਂ ’ਚੋਂ ਨਹੀਂ ਹਾਂ। ਮੈਨੂੰ ਬੜੀ ਚਿੰਤਾ ਹੁੰਦੀ ਹੈ ਕਿਉਂਕਿ ਮੈਂ ਪਾਰਟੀ ਤੋਂ ਪਹਿਲਾਂ ਦੇਸ਼ ਦੇ ਬਾਰੇ ’ਚ ਸੋਚਦਾ ਹਾਂ। ਅੱਜ ਸਭ ਠੀਕ ਚੱਲ ਰਿਹਾ ਹੈ ਪਰ ਰਾਸ਼ਟਰੀ ਵਿਰੋਧੀ ਧਿਰ ਵਿਹੂਣਾ ਲੋਕਤੰਤਰ ਅਤੇ ਰਾਸ਼ਟਰੀ ਪੱਧਰ ’ਤੇ ਇਕੋ-ਇਕ ਤੰਦਰੁਸਤ ਲੋਕਤੰਤਰ ਨਹੀਂ ਹੈ, ਇਸ ਵਿਸ਼ੇ ’ਤੇ ਚਿੰਤਨ ਹੋਣਾ ਚਾਹੀਦਾ ਹੈ।


Bharat Thapa

Content Editor

Related News