ਮਜ਼ਬੂਤ ਵਿਰੋਧੀ ਧਿਰ ਦੀ ਭਾਲ ’ਚ ਭਾਰਤੀ ਲੋਕਤੰਤਰ

Wednesday, Jul 17, 2019 - 06:53 AM (IST)

ਮਜ਼ਬੂਤ ਵਿਰੋਧੀ ਧਿਰ ਦੀ ਭਾਲ ’ਚ ਭਾਰਤੀ ਲੋਕਤੰਤਰ

ਕਲਿਆਣੀ ਸ਼ੰਕਰ 
17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਬਿਨਾਂ ਕਿਸੇ ਰੁਕਾਵਟ ਦੇ ਸ਼ੁਰੂ ਹੋਇਆ ਅਤੇ ਇਸ ਵਿਚ ਪਹਿਲੀ ਵਾਰ ਲੋਕ ਸਭਾ ’ਚ ਪਹੁੰਚਣ ਵਾਲੇ ਸੰਸਦ ਮੈਂਬਰਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ। 16ਵੀਂ ਲੋਕ ਸਭਾ ਦੌਰਾਨ ਖਿੰਡਰੀ ਹੋਈ ਵਿਰੋਧੀ ਧਿਰ ਦੇਖੀ ਗਈ ਸੀ, ਜਦਕਿ ਇਸ ਲੋਕ ਸਭਾ ਦੌਰਾਨ ਵਿਰੋਧੀ ਧਿਰ ’ਚ ਕਮਜ਼ੋਰ ਆਵਾਜ਼ਾਂ ਸੁਣਾਈ ਦਿੱਤੀਆਂ, ਜੋ ਇਕ ਸੁਰ ’ਚ ਨਹੀਂ ਸਨ। ਅਜਿਹਾ ਸ਼ਾਇਦ ਇਸ ਲਈ ਹੋਇਆ ਕਿ ਵਿਰੋਧੀ ਧਿਰ ਅਜੇ ਤਕ ਚੋਣਾਂ ਦੌਰਾਨ ਲੱਗੇ ਸਦਮੇ ਤੋਂ ਉੱਭਰ ਨਹੀਂ ਸਕੀ ਹੈ। ਕਿਸੇ ਮਜ਼ਬੂਤ ਲੋਕਤੰਤਰ ਲਈ, ਜਿੱਥੇ ਇਕ ਮਜ਼ਬੂਤ ਸਰਕਾਰ ਦੀ ਲੋੜ ਹੁੰਦੀ ਹੈ, ਉਥੇ ਇਸ ਲਈ ਇਕ ਭਰੋਸੇਯੋਗ ਅਤੇ ਮਜ਼ਬੂਤ ਵਿਰੋਧੀ ਧਿਰ ਵੀ ਜ਼ਰੂਰੀ ਹੁੰਦੀ ਹੈ। ਵਿਰੋਧੀ ਧਿਰ ਦਾ ਮੁੱਖ ਕੰਮ ਮੌਜੂਦਾ ਸਰਕਾਰ ਤੋਂ ਸਵਾਲ ਪੁੱਛਣਾ ਅਤੇ ਉਸ ਨੂੰ ਜਨਤਾ ਦੇ ਪ੍ਰਤੀ ਜ਼ਿੰਮੇਵਾਰ ਬਣਾਉਣਾ ਹੁੰਦਾ ਹੈ। ਇਹ ਵਿਰੋਧੀ ਧਿਰ ਹੀ ਹੁੰਦੀ ਹੈ, ਜੋ ਸਰਕਾਰ ਦੀ ਤਾਕਤ ’ਤੇ ਲਗਾਮ ਲਗਾਉਣ ਦਾ ਕੰਮ ਕਰਦੀ ਹੈ। ਇਹ ਇਕ ਸਥਾਪਿਤ ਤੱਥ ਹੈ ਕਿ ਵਿਸ਼ਾਲ ਬਹੁਮਤ ਅਤੇ ਕਮਜ਼ੋਰ ਵਿਰੋਧੀ ਧਿਰ ਵਾਲੀਆਂ ਸਰਕਾਰਾਂ ਮਹੱਤਵਪੂਰਨ ਮਸਲਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਰਾਜੀਵ ਗਾਂਧੀ ਦਾ ਸ਼ਾਸਨ ਅਤੇ ਵਿਰੋਧੀ ਧਿਰ

1984 ’ਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਜਦ ਰਾਜੀਵ ਗਾਂਧੀ 415 ਸੀਟਾਂ ਵਾਲੇ ਵਿਸ਼ਾਲ ਬਹੁਮਤ ਦੇ ਨਾਲ ਸੱਤਾ ਵਿਚ ਆਏ ਤਾਂ ਉਸ ਸਮੇਂ ਵਿਰੋਧੀ ਧਿਰ ਗਿਣਤੀ ’ਚ ਕਮਜ਼ੋਰ ਹੋਣ ਦੇ ਬਾਵਜੂਦ ਖਾਮੋਸ਼ ਨਹੀਂ ਸੀ। ਉਸ ਦੌਰਾਨ ਮਧੂ ਦੰਡਵਤੇ, ਸੋਮਨਾਥ ਚੈਟਰਜੀ, ਇੰਦਰਜੀਤ ਗੁਪਤਾ, ਉੱਨੀਕ੍ਰਿਸ਼ਨਣ, ਜੈਪਾਲ ਰੈੱਡੀ ਸਮੇਤ ਲੱਗਭਗ ਅੱਧਾ ਦਰਜਨ ਨੇਤਾਵਾਂ ਨੇ ਬੋਫਰਜ਼ ਤੋਪ ਘਪਲੇ ਨੂੰ ਉਜਾਗਰ ਕੀਤਾ, ਜੋ ਰਾਜੀਵ ਗਾਂਧੀ ਸਰਕਾਰ ਦੇ ਪਤਨ ਦਾ ਕਾਰਣ ਬਣਿਆ। ਇਸ ਤੋਂ ਪਹਿਲਾਂ ਜਦ 1977 ਵਿਚ ਇੰਦਰਾ ਗਾਂਧੀ ਚੋਣ ਹਾਰ ਗਈ ਸੀ ਤਾਂ ਉਨ੍ਹਾਂ ਨੇ ਸੀ. ਐੱਮ. ਸਟੀਫਨ ਵਰਗੇ ਮੁੱਖ ਨੇਤਾ ਨੂੰ ਮੈਦਾਨ ’ਚ ਉਤਾਰਿਆ ਸੀ। ਬਦਕਿਸਮਤੀ ਨਾਲ ਇਸ ਸਮੇਂ ਵਿਰੋਧੀ ਧਿਰ ਕੋਲ ਇਸ ਤਰ੍ਹਾਂ ਦੇ ਜ਼ਿਆਦਾ ਨੇਤਾ ਨਹੀਂ ਹਨ, ਜੋ ਸੰਸਦ ’ਚ ਅਤੇ ਸੰਸਦ ਦੇ ਬਾਹਰ ਸਰਕਾਰ ਨੂੰ ਘੇਰ ਸਕਣ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਇਕਜੁੱਟ ਵੀ ਨਹੀਂ ਹਨ ਅਤੇ ਇਹੀ ਅਸਲੀ ਚਿੰਤਾ ਦੀ ਗੱਲ ਹੈ। ਭਾਜਪਾ ਨੇਤਾ ਅਰੁਣ ਜੇਤਲੀ ਨੇ ‘ਡਰੀ ਹੋਈ ਭਾਰਤੀ ਵਿਰੋਧੀ ਧਿਰ ਦਾ ਦ੍ਰਿਸ਼’ ਨਾਂ ਦੇ ਬਲਾਗ ’ਚ ਲਿਖਿਆ ਸੀ ਕਿ ਵਿਰੋਧੀ ਧਿਰ ਦਾ ਗੁੱਟ ਟੁੱਟਿਆ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ਵੱਲ ਸੰਕੇਤ ਕੀਤਾ ਸੀ ਕਿ ਵਿਰੋਧੀ ਧਿਰ ਵਿਚ ਨੇਤਾ ਜਾਂ ਪ੍ਰੋਗਰਾਮ ਨੂੰ ਲੈ ਕੇ ਕੋਈ ਆਪਸੀ ਸਹਿਮਤੀ ਨਹੀਂ ਹੈ ਅਤੇ ਉਨ੍ਹਾਂ ’ਚ ਇਕੋ ਇਕ ਸਮਾਨਤਾ ਇਕ ਵਿਅਕਤੀ (ਮੋਦੀ) ਤੋਂ ਛੁਟਕਾਰਾ ਪਾਉਣ ਦੀ ਹੈ। ਇਹ ਵਿਰੋਧੀ ਧਿਰ ’ਚ ਏਕਤਾ ਦੀ ਕਮੀ ਦਾ ਹੀ ਨਤੀਜਾ ਸੀ ਕਿ 2019 ਦੀਆਂ ਚੋਣਾਂ ’ਚ ਭਾਜਪਾ ਨੂੰ 352 ਸੀਟਾਂ ਮਿਲੀਆਂ।

ਅਸਰਦਾਰ ਵਿਰੋਧੀ ਧਿਰ ਦੇ ਤੌਰ ’ਤੇ ਕਾਂਗਰਸ ਦੀ ਨਾਕਾਮੀ

ਵਿਰੋਧੀ ਧਿਰ ਦੀ ਆਵਾਜ਼ ਬੰਦ ਹੋਣ ਦਾ ਇਕ ਕਾਰਣ ਪਿਛਲੇ ਇਕ ਦਹਾਕੇ ਵਿਚ ਭਾਜਪਾ ਦਾ ਇਕ ਵੱਡੇ ਰਾਸ਼ਟਰੀ ਦਲ ਦੇ ਤੌਰ ’ਤੇ ਉੱਭਰਨਾ ਵੀ ਹੈ। ਕਾਂਗਰਸ ਪਾਰਟੀ ਅਸਰਦਾਰ ਵਿਰੋਧੀ ਧਿਰ ਦੇ ਤੌਰ ’ਤੇ ਨਾਕਾਬਿਲ ਰਹੀ ਹੈ। ਇਹ ਪੁਰਾਣੀ ਪਾਰਟੀ ਹੁਣ ਵੀ ਆਪਣੀ ਪੁਰਾਣੀ ਸ਼ਾਨ ’ਤੇ ਇਤਰਾ ਰਹੀ ਹੈ ਅਤੇ ਇਸ ਦੇ ਨੇਤਾ ਇਸ ਹਕੀਕਤ ਨੂੰ ਨਹੀਂ ਸਮਝ ਪਾ ਰਹੇ ਹਨ ਕਿ ਹੁਣ ਵੋਟਰ ਦਾ ਪ੍ਰੋਫਾਈਲ ਬਦਲ ਚੁੱਕਾ ਹੈ ਅਤੇ ਪਾਰਟੀ ਨੇ ਨਵੇਂ ਵੋਟਰਾਂ ਨਾਲੋਂ ਸੰਪਰਕ ਗੁਆ ਦਿੱਤਾ ਹੈ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਮੁਕਾਬਲੇ ਨੌਜਵਾਨ ਹੋਣ ਦੇ ਬਾਵਜੂਦ ਨੌਜਵਾਨਾਂ ਨੂੰ ਆਕਰਸ਼ਿਤ ਕਰਨ ’ਚ ਅਸਮਰੱਥ ਰਹੇ ਹਨ। ਕਾਂਗਰਸ ਨੂੰ ਅਜੇ 2019 ਦੀਆਂ ਚੋਣਾਂ ਦੀ ਸਮੀਖਿਆ ਕਰ ਕੇ ਆਪਣੇ ਆਪ ਨੂੰ ਮੁੜ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਇਸ ਦੇ ਉਲਟ ਰਾਹੁਲ ਗਾਂਧੀ ਦੇ ਅਸਤੀਫੇ ਨਾਲ ਪਾਰਟੀ ਲੀਡਰਸ਼ਿਪ ਦੇ ਸੰਕਟ ’ਚ ਫਸ ਗਈ ਹੈ ਅਤੇ ਅਜੇ ਤਕ ਇਸ ਮਾਮਲੇ ਦਾ ਹੱਲ ਨਹੀਂ ਲੱਭ ਸਕੀ ਹੈ। ਕਾਂਗਰਸ ਨੂੰ ਭਾਜਪਾ ਦਾ ਮੁਕਾਬਲਾ ਕਰਨ ਲਈ ਜ਼ਮੀਨੀ ਪੱਧਰ ’ਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨਾ ਪਵੇਗਾ। ਪਾਰਟੀ ਇਸ ਹਕੀਕਤ ਨੂੰ ਨਹੀਂ ਸਮਝੀ ਹੈ ਕਿ ਸਮਾਂ ਬਦਲ ਚੁੱਕਾ ਹੈ। ਸਿਰਫ ਸੰਸਦ ਦੇ ਬਾਈਕਾਟ ਅਤੇ ਗਲੀਆਂ ਵਿਚ ਨਾਅਰੇ ਲਾਉਣ ਨਾਲ ਕੁਝ ਨਹੀਂ ਹੋਵੇਗਾ। ਉਨ੍ਹਾਂ ਨੂੰ ਜਨਤਾ ਨਾਲ ਸੰਪਰਕ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਮਹੱਤਵਪੂਰਨ ਮੁੱਦਿਆਂ ’ਤੇ ਸਿੱਖਿਅਤ ਕਰਨਾ ਪਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹਾਰ ਦੇ ਬਾਵਜੂਦ ਵੀ ਵਿਰੋਧੀ ਧਿਰ ਖਿੰਡਰੀ ਹੋਈ ਹੈ, ਜਿਵੇਂ ਕਿ ਬਸਪਾ ਨੇਤਾ ਮਾਇਆਵਤੀ ਵਲੋਂ ਸਪਾ ਨਾਲ ਗੱਠਜੋੜ ਤੋੜਨ ਦੇ ਮਾਮਲੇ ਵਿਚ ਸਪੱਸ਼ਟ ਹੈ। ਕਰਨਾਟਕ ’ਚ ਕਾਂਗਰਸ-ਜਦ (ਐੱਸ) ਗੱਠਜੋੜ ਵੀ ਟੁੱਟ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਵਿਰੋਧੀ ਧਿਰ ਦੇ ਨੇਤਾ ਅਦਾਲਤਾਂ ’ਚ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਣ ਉਹ ਵਿੰਨ੍ਹੇ ਗਏ ਹਨ। ਵਿਰੋਧੀ ਧਿਰ ਸਰਕਾਰ ਦਾ ਭਰੋਸੇਯੋਗ ਬਦਲ ਮੁਹੱਈਆ ਕਰਵਾਉਣ ’ਚ ਨਾਕਾਮ ਰਹੀ ਹੈ।

ਖੱਬੇਪੱਖੀਆਂ ਦਾ ਖਾਤਮਾ

ਮੌਜੂਦਾ ਹਾਲਤ ਦਾ ਦੂਜਾ ਕਾਰਣ ਖੱਬੇਪੱਖੀ ਪਾਰਟੀਆਂ ਦਾ ਹੌਲੀ-ਹੌਲੀ ਖਤਮ ਹੋਣਾ ਹੈ। ਪਹਿਲਾਂ ਖੱਬੇਪੱਖੀ ਪਾਰਟੀਆਂ 3 ਸੂਬਿਆਂ ’ਚ ਸੱਤਾ ਵਿਚ ਸੀ ਪਰ ਹੁਣ ਕੇਰਲ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਰਗੇ ਆਪਣੇ ਗੜ੍ਹਾਂ ’ਚ ਉਹ ਖਾਤਮੇ ਵੱਲ ਵਧ ਰਹੀਆਂ ਹਨ। ਕਾਮਰੇਡ ਲੰਮੇ ਸਮੇਂ ਤੋਂ ਬੌਧਿਕ ਗੁੱਟਬਾਜ਼ੀ ਅਤੇ ਦਿਹਾਤੀ ਅੰਦੋਲਨ ’ਚ ਵੰਡੇ ਹੋਏ ਸਨ, ਜਿਸ ਦੇ ਨਤੀਜੇ ਵਜੋਂ ਉਹ ਹੌਲੀ-ਹੌਲੀ ਆਪਣਾ ਜਨ-ਆਧਾਰ ਗੁਆ ਰਹੇ ਹਨ। ਉਹ ਵੋਟਰਾਂ ਦੀਆਂ ਮੌਜੂਦਾ ਜ਼ਰੂਰਤਾਂ ਦੇ ਹਿਸਾਬ ਨਾਲ ਖੁਦ ਨੂੰ ਢਾਲਣ ’ਚ ਨਾਕਾਮ ਰਹੇ ਹਨ ਅਤੇ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਹੁਣ ਧਰਮ ਨਿਰਪੱਖਤਾ ਅਤੇ ਵਰਗ ਸੰਘਰਸ਼ ਦੀ ਗੱਲ ਵੋਟਰਾਂ ਨੂੰ ਆਕਰਸ਼ਿਤ ਨਹੀਂ ਕਰਦੀ। ਜਿੱਥੋਂ ਤਕ ਸਪਾ, ਬਸਪਾ, ਰਾਜਦ, ਤ੍ਰਿਣਮੂਲ ਕਾਂਗਰਸ, ਐੱਨ. ਸੀ. ਪੀ., ਸ਼ਿਵ ਸੈਨਾ, ਪੀ. ਆਰ. ਐੱਸ., ਟੀ. ਡੀ. ਪੀ. ਅਤੇ ਹੋਰ ਉੱਤਰ-ਪੂਰਬੀ ਖੇਤਰੀ ਪਾਰਟੀਆਂ ਦੀ ਗੱਲ ਹੈ, ਜੋ ਪਰਿਵਾਰਕ ਸ਼ਾਸਨ ’ਚ ਭਰੋਸਾ ਕਰਦੀਆਂ ਹਨ, ਉਨ੍ਹਾਂ ਕੋਲ ਵੀ ਕੋਈ ਵੱਡਾ ਨਜ਼ਰੀਆ ਨਹੀਂ ਹੈ। ਅੱਜ ਮਜ਼ਬੂਤ ਵਿਰੋਧੀ ਧਿਰ ਦੀ ਕਮੀ ਭਾਰਤ ਲਈ ਕਾਫੀ ਦੁੱਖ ਵਾਲੀ ਗੱਲ ਹੈ, ਜੋ ਕਿ ਇਕ ਲੋਕਤੰਤਰ ’ਚ ਚਿੰਤਾ ਦਾ ਵਿਸ਼ਾ ਹੈ। ਕਾਂਗਰਸ ਦੇ ਰਾਜ ’ਚ 6 ਦਹਾਕਿਆਂ ਤਕ ਕਮਜ਼ੋਰ ਵਿਰੋਧੀ ਧਿਰ ਦੀ ਸਥਿਤੀ ਰਹੀ ਹੈ। ਵਿਰੋਧੀ ਪਾਰਟੀਆਂ ਦਾ ਇੰਨਾ ਕਮਜ਼ੋਰ ਪੈ ਜਾਣਾ ਦੇਸ਼ ਦੇ ਹਿੱਤ ’ਚ ਨਹੀਂ ਹੈ। ਕਿਸੇ ਸੰਸਦੀ ਲੋਕਤੰਤਰ ’ਚ ਵਿਰੋਧੀ ਧਿਰ ਦੀ ਭੂਮਿਕਾ ਅੰਨ੍ਹੇਵਾਹ ਵਿਰੋਧ ਦੇ ਬਾਵਜੂਦ ਰਚਨਾਤਮਕ ਆਲੋਚਨਾ ਦੀ ਹੁੰਦੀ ਹੈ। ਇਹ ਸਪੱਸ਼ਟ ਹੈ ਕਿ ਸਿਆਸੀ ਸੱਤਾ ਸੰਤੁਲਨ ਦੇ ਮਾਮਲੇ ’ਚ ਭਾਜਪਾ ਦਾ ਪੱਲੜਾ ਭਾਰੀ ਹੈ। ਇਸ ਸਮੇਂ ਪ੍ਰਧਾਨ ਮੰਤਰੀ ਮੋਦੀ ਦਾ ਅਕਸ ਉਸ ਤੋਂ ਵੀ ਮਜ਼ਬੂਤ ਹੈ, ਜਿੰਨਾ ਕਦੇ ਨਹਿਰੂ ਜਾਂ ਇੰਦਰਾ ਗਾਂਧੀ ਦਾ ਹੁੰਦਾ ਸੀ। ਵਿਰੋਧੀ ਧਿਰ ਦੀ ਭੂਮਿਕਾ ਸਰਕਾਰ ਦੇ ਬਰਾਬਰ ਹੀ ਮਹੱਤਵਪੂਰਨ ਹੈ। ਹੁਣ ਸਮਾਂ ਆ ਗਿਆ ਹੈ ਕਿ ਵਿਰੋਧੀ ਧਿਰ ਮਜ਼ਬੂਤੀ ਨਾਲ ਖੜ੍ਹੀ ਹੋਵੇ ਕਿਉਂਕਿ ਭਾਰਤੀ ਲੋਕਤੰਤਰ ਅਸਲੀ ਵਿਰੋਧੀ ਧਿਰ ਲਈ ਛਟਪਟਾ ਰਿਹਾ ਹੈ।
 


author

Bharat Thapa

Content Editor

Related News