ਭੁੱਖ ਤੋਂ ਤੰਗ ਹੈ ਭਾਰਤ

10/27/2021 3:39:31 AM

ਡਾ. ਵੇਦਪ੍ਰਤਾਪ ਵੈਦਿਕ 
ਅਸੀਂ ਆਜ਼ਾਦੀ ਦੇ 75ਵੇਂ ਸਾਲ ਦਾ ਉਤਸਵ ਮਨਾ ਰਹੇ ਹਾਂ ਅਤੇ ਭਾਰਤ ’ਚ ਅੱਜ ਵੀ ਕਰੋੜਾਂ ਲੋਕਾਂ ਨੂੰ ਭੁੱਖੇ ਢਿੱਡ ਸੌਣਾ ਪੈਂਦਾ ਹੈ। ਕੁਝ ਲੋਕਾਂ ਦੇ ਭੁੱਖ ਨਾਲ ਮਰਨ ਦੀਆਂ ਖਬਰਾਂ ਵੀ ਕੁਝ ਦਿਨ ਪਹਿਲਾਂ ਆਈਆਂ ਸਨ।

ਕੋਰੋਨਾ ਮਹਾਮਾਰੀ ਦੌਰਾਨ ਸਾਡੀ ਸਰਕਾਰ ਨੇ ਕਰੋੜਾਂ ਲੋਕਾਂ ਨੂੰ ਮੁਫਤ ਅਨਾਜ ਵੰਡ ਕੇ ਭੁੱਖੇ ਮਰਨ ਤੋਂ ਤਾਂ ਜ਼ਰੂਰ ਬਚਾਇਆ ਪਰ ਕੀ ਦੇਸ਼ ਦੇ 140 ਕਰੋੜ ਲੋਕਾਂ ਨੂੰ ਅਜਿਹਾ ਭੋਜਨ ਰੋਜ਼ਾਨਾ ਮਿਲਦਾ ਹੈ, ਜੋ ਤੰਦਰੁਸਤ ਰਹਿਣ ਲਈ ਜ਼ਰੂਰੀ ਮੰਨਿਆ ਜਾਂਦਾ ਹੈ? ਕੀ ਚੰਗਾ ਭੋਜਨ ਅਸੀਂ ਉਸ ਨੂੰ ਹੀ ਕਹਾਂਗੇ, ਜਿਸ ਨੂੰ ਖਾਣ ਦੇ ਬਾਅਦ ਸਾਨੂੰ ਨੀਂਦ ਆ ਜਾਵੇ? ਜਾਂ ਉਸ ਨੂੰ ਹੀ ਕਹੀਏ, ਜਿਸ ਨੂੰ ਖਾਣ ਦੇ ਬਾਅਦ ਢਿੱਡ ’ਚ ਹੋਰ ਕੋਈ ਥਾਂ ਨਾ ਰਹੇ?

ਇਹ ਦੋਵੇਂ ਕੰਮ ਜੋ ਕਰ ਸਕੇ, ਉਹ ਭੋਜਨ ਜ਼ਰੂਰ ਹੈ ਪਰ ਕੀ ਉਹ ਕਾਫੀ ਹੈ? ਕੀ ਅਜਿਹਾ ਢਿੱਡ ਭਰ ਕੇ ਕੋਈ ਆਦਮੀ ਤੰਦਰੁਸਤ ਰਹਿ ਸਕਦਾ ਹੈ? ਕੀ ਉਸ ਦਾ ਸਰੀਰ ਲੰਬੇ ਸਮੇਂ ਤੱਕ ਕਿਰਤ ਕਰਨ ਦੇ ਯੋਗ ਬਣ ਸਕਦਾ ਹੈ? ਕੀ ਅਜਿਹਾ ਵਿਅਕਤੀ ਆਪਣੇ ਸਰੀਰ ’ਚ ਜ਼ਰੂਰੀ ਪੁਸ਼ਟਤਾ, ਸਮਰੱਥਾ, ਭਾਰ ਅਤੇ ਚੁਸਤੀ ਰੱਖ ਸਕਦਾ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਨਾਂਹ ’ਚ ਹੀ ਮਿਲਦਾ ਹੈ।

ਅੱਜ ਭਾਰਤ ਦੀ ਇਹੀ ਹਾਲਤ ਹੈ। ਵਿਸ਼ਵ ਭੁੱਖ ਸੂਚੀ ’ਚ ਇਸ ਸਾਲ ਭਾਰਤ ਦਾ ਸਥਾਨ 101ਵਾਂ ਹੈ। ਭਾਰਤ ਤੋਂ ਬਿਹਤਰ ਕੌਣ ਹੈ? ਸਾਡੇ ਗੁਆਂਢੀ। ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ! ਇਹ ਭਾਰਤ ਤੋਂ ਬਹੁਤ ਛੋਟੇ ਹਨ। ਇਨ੍ਹਾਂ ਦੀ ਰਾਸ਼ਟਰੀ ਆਮਦਨ ਵੀ ਭਾਰਤ ਤੋਂ ਬਹੁਤ ਘੱਟ ਹੈ ਪਰ ਆਮ ਲੋਕਾਂ ਦੇ ਭੋਜਨ, ਸਿਹਤ, ਸਰੀਰਕ ਰਚਨਾ ਆਦਿ ਦੇ ਹਿਸਾਬ ਨਾਲ ਇਹ ਭਾਰਤ ਤੋਂ ਅੱਗੇ ਹਨ। ਕੁਲ 116 ਦੇਸ਼ਾਂ ਦੀ ਸੂਚੀ ’ਚ ਭਾਰਤ ਦਾ ਸਥਾਨ 101ਵਾਂ ਹੈ। ਭਾਵ ਦੁਨੀਆ ਦੇ 100 ਦੇਸ਼ ਸਾਡੇ ਤੋਂ ਅੱਗੇ ਹਨ।

ਇਨ੍ਹਾਂ 100 ਦੇਸ਼ਾਂ ’ਚ ਸਾਰੇ ਦੇਸ਼ ਮਾਲਦਾਰ ਜਾਂ ਯੂਰਪੀ ਦੇਸ਼ ਨਹੀਂ ਹਨ। ਅਫਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਗਰੀਬ ਦੇਸ਼ ਵੀ ਹਨ। ਵਿਸ਼ਵ ਭੁੱਖ ਸੂਚੀ ਤਿਆਰ ਕਰਨ ਵਾਲੀ ਸੰਸਥਾ 4 ਪੱਧਰਾਂ ’ਤੇ ਭੁੱਖ ਦੀ ਜਾਂਚ ਕਰਦੀ ਹੈ।

ਇਕ, ਕੁਲ ਆਬਾਦੀ ’ਚ ਕੁਪੋਸ਼ਿਤ ਲੋਕ ਕਿੰਨੇ ਹਨ? ਦੂਸਰਾ, ਪੰਜ ਸਾਲ ਦੇ ਬੱਚਿਆਂ ’ਚ ਘੱਟ ਭਾਰ ਦੇ ਕਿੰਨੇ ਹਨ? ਤੀਸਰਾ, ਉਨ੍ਹਾਂ ’ਚ ਬੌਣੇ ਕਿੰਨੇ ਹਨ? ਚੌਥਾ, ਪੰਜ ਸਾਲ ਦੇ ਹੋਣ ਤੋਂ ਪਹਿਲਾਂ ਕਿੰਨੇ ਬੱਚੇ ਮਰ ਜਾਂਦੇ ਹਨ? ਇਨ੍ਹਾਂ ਚਾਰਾਂ ਪੱਧਰਾਂ ਨੂੰ ਲਾਗੂ ਕਰਨ ’ਤੇ ਹੀ ਪਾਇਆ ਗਿਆ ਕਿ ਭਾਰਤ ਇਕਦਮ ਹੇਠਲੇ ਪਾਏਦਾਨ ’ਤੇ ਖੜ੍ਹਾ ਹੈ। ਭਾਰਤ ਸਰਕਾਰ ਨੇ ਉਸ ਭੁੱਖ ਸੂਚੀ ਪ੍ਰਕਾਸ਼ਿਤ ਕਰਨ ਵਾਲੀ ਸੰਸਥਾ ਦੇ ਅੰਕੜਿਆਂ ਨੂੰ ਗਲਤ ਦੱਸਿਆ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੀ ਜਾਂਚ ਪਰਖ ’ਚ ਕੁਝ ਗੜਬੜੀ ਹੋਵੇ ਪਰ ਜਾਣਬੁੱਝ ਕੇ ਭਾਰਤ ਨੂੰ ਭੁੱਖਾ ਦਿਖਾਉਣ ’ਚ ਉਨ੍ਹਾਂ ਦੀ ਕੀ ਰੁਚੀ ਹੋ ਸਕਦੀ ਹੈ? ਭਾਰਤ ਕੋਲ ਖੁਰਾਕ ਤਾਂ ਉਸ ਦੀ ਲੋੜ ਤੋਂ ਵੱਧ ਹੈ। ਉਹ 50 ਹਜ਼ਾਰ ਟਨ ਕਾਬੁਲ ਭੇਜ ਰਿਹਾ ਹੈ। ਪਹਿਲਾਂ ਵੀ ਭੇਜ ਚੁੱਕਾ ਹੈ। ਅਸਲੀ ਸਵਾਲ ਭੁੱਖੇ ਮਰਨ ਜਾਂ ਢਿੱਡ ਭਰਨ ਦਾ ਨਹੀਂ ਹੈ ਸਗੋਂ ਇਹ ਹੈ ਕਿ ਭਾਰਤ ਦੇ ਨਾਗਰਿਕਾਂ ਦੀ ਖੁਰਾਕ ਉਚਿਤ ਹੈ ਜਾਂ ਨਹੀਂ? ਭਾਵ ਉਨ੍ਹਾਂ ਨੂੰ ਅਜਿਹਾ ਭੋਜਨ ਮਿਲਦਾ ਹੈ ਜਾਂ ਨਹੀਂ ਜਿਸ ਨਾਲ ਉਹ ਮਜ਼ਬੂਤ, ਸੁਚੇਤ ਅਤੇ ਸਰਗਰਮ ਰਹਿ ਸਕਣ?

Bharat Thapa

This news is Content Editor Bharat Thapa