ਇੰਡੀਆ ਗੱਠਜੋੜ ਨੂੰ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਦਾ ਸਹਾਰਾ
Saturday, Nov 28, 2026 - 04:53 PM (IST)
ਦਿੱਲੀ ’ਚ ਰਾਮਲੀਲਾ ਮੈਦਾਨ ਰੈਲੀ ਤੋਂ ਬਾਅਦ, ਇੰਡੀਆ ਬਲਾਕ ਆਪਣੇ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਨੂੰ ਭਾਜਪਾ ਸ਼ਾਸਿਤ ਸੂਬਿਆਂ ’ਚ ਲਿਜਾਣ ਅਤੇ ਵੋਟਰ ਸੂਚੀ ਦੇ ਵਿਸ਼ੇਸ਼ ਡੂੰਘੀ ਸੋਧ (ਐੱਸ.ਆਈ.ਆਰ.) ਦੇ ਵਿਰੋਧ ’ਚ ਅਗਲੇ ਮਹੀਨੇ ਭੋਪਾਲ ਅਤੇ ਅਹਿਮਦਾਬਾਦ ’ਚ ਅਤੇ ਜਨਵਰੀ ’ਚ ਕੋਲਕਾਤਾ ’ਚ ਰੈਲੀਆਂ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭੋਪਾਲ ਰੈਲੀ 12 ਦਸੰਬਰ ਲਈ ਨਿਰਧਾਰਤ ਹੈ ਜਦਕਿ ਅਹਿਮਦਾਬਾਦ ਵਾਲੀ 19 ਦਸੰਬਰ ਨੂੰ ਆਯੋਜਿਤ ਕੀਤੀ ਜਾਵੇਗੀ। ਕੋਲਕਾਤਾ ’ਚ ਰੈਲੀ 15 ਜਨਵਰੀ, 2027 ਨੂੰ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਰਾਣਸੀ ’ਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਦੀ ਯੋਜਨਾ ਬਣਾਈ ਜਾ ਰਹੀ ਹੈ ਪਰ ਹਾਲੇ ਤਕ ਕੋਈ ਤਰੀਕ ਤੈਅ ਨਹੀਂ ਕੀਤੀ ਗਈ, ਜਦਕਿ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਸੀਟ-ਵੰਡ ਦੀ ਗੱਲਬਾਤ ’ਚ ਉਲਝੀਆਂ ਹੋਈਆਂ ਹਨ।
ਇਸ ਦੌਰਾਨ, ਵੀਰਵਾਰ ਨੂੰ ਲਖਨਊ ਰੈਲੀ ’ਚ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ‘ਵੋਟ ਚੋਰੀ’ ਦੇ ਮਾਧਿਅਮ ਨਾਲ ਲੋਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਕਰਨ ਦੇ ਸੰਦਰਭ ’ਚ ਭਾਜਪਾ ’ਤੇ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਗਿਆਨੇਸ਼’ ਗੱਠਜੋੜ ਉਨ੍ਹਾਂ ਤੋਂ ਉਨ੍ਹਾਂ ਦੇ ਵੋਟਿੰਗ ਅਧਿਕਾਰ ਖੋਹ ਰਿਹਾ ਹੈ, ਜੋ ਕਿ ਸਪੱਸ਼ਟ ਤੌਰ ’ਤੇ ਸੀ.ਈ.ਸੀ. ਕੁਮਾਰ ਵੱਲ ਇਸ਼ਾਰਾ ਸੀ। ਖੜਗੇ ਨੇ ਭਾਜਪਾ ’ਤੇ ਡਿਲੀਟ ਕੀਤੀਆਂ ਗਈਆਂ ਵੋਟਾਂ ਨੂੰ ਲੈ ਕੇ ਚਿੰਤਾਵਾਂ ਨੂੰ ਚੋਣਵੇਂ ਤੌਰ ’ਤੇ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕ ਦਲਿਤ, ਅਤਿ ਪੱਛੜੇ ਵਰਗ ਅਤੇ ਹੋਰ ਹਾਸ਼ੀਏ ’ਤੇ ਰਹਿਣ ਵਾਲੇ ਭਾਈਚਾਰੇ ਸਨ।
ਸਪਾ ਦਾ ‘ਪੀ.ਡੀ.ਏ. ਦਾ ਪ੍ਰਣ ਪੱਤਰ’ : ਸਪਾ ਮੁਖੀ ਅਖਿਲੇਸ਼ ਯਾਦਵ ਵੱਲੋਂ ਸੀਨੀਅਰ ਪਾਰਟੀ ਆਗੂਆਂ ਦੀ ਮੌਜੂਦਗੀ ’ਚ ‘ਜਨ-ਮਨ ਘੋਸ਼ਣਾ ਪੱਤਰ 2027’, ਜਿਸ ਨੂੰ ‘ਪੀ.ਡੀ.ਏ. ਦਾ ਪ੍ਰਣ ਪੱਤਰ’ ਸਿਰਲੇਖ ਦਿੱਤਾ ਗਿਆ ਹੈ, ਜਾਰੀ ਕੀਤਾ ਗਿਆ। ਘੋਸ਼ਣਾ ਪੱਤਰ ’ਚ ਉੱਤਰ ਪ੍ਰਦੇਸ਼ ’ਚ ਰੋਜ਼ਗਾਰ, ਸਿਹਤ ਸੇਵਾ, ਖੇਤੀਬਾੜੀ, ਕਿਰਤੀਆਂ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਪ੍ਰਸਤਾਵਾਂ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ 5 ਸਾਲਾਂ ’ਚ 25 ਲੱਖ ਸਰਕਾਰੀ ਨੌਕਰੀਆਂ ਅਤੇ 2 ਤੋਂ 3 ਕਰੋੜ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ, ਬਜ਼ੁਰਗ ਔਰਤਾਂ ਲਈ 40,000 ਰੁਪਏ ਦੀ ਸਾਲਾਨਾ ਪੈਨਸ਼ਨ ਅਤੇ ਸਰਕਾਰ ਬਣਨ ਦੇ 3 ਮਹੀਨਿਆਂ ਦੇ ਅੰਦਰ ਕਿਸਾਨਾਂ ਦੇ ਬਕਾਇਆ ਬਿਜਲੀ ਬਿੱਲਾਂ ਨੂੰ 100 ਫੀਸਦੀ ਮਾਫ਼ ਕਰਨ, ਖੇਤੀ ਸਿੰਚਾਈ ਲਈ ਮੁਫ਼ਤ ਬਿਜਲੀ ਅਤੇ 300 ਯੂਨਿਟ ਤਕ ਮੁਫ਼ਤ ਘਰੇਲੂ ਬਿਜਲੀ ਦਾ ਵਾਅਦਾ ਕੀਤਾ ਗਿਆ ਹੈ। ਕਲਾਸ 12ਵੀਂ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਵੰਡੇ ਜਾਣਗੇ, ਅਖਿਲੇਸ਼ ਨੇ ਐਲਾਨ ਕੀਤਾ, ਜੋ ਸਪਾ ਦੇ 2012-2017 ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸਰਕਾਰ ਦੀ ਇਕ ਲੋਕਪ੍ਰਿਯ ਯੋਜਨਾ ’ਤੇ ਆਧਾਰਿਤ ਹੈ।
ਉਨ੍ਹਾਂ ਕਿਹਾ, ‘‘ਪੀ.ਡੀ.ਏ. (ਪੱਛੜੇ, ਦਲਿਤ ਅਤੇ ਘੱਟਗਿਣਤੀ) ਔਰਤਾਂ ਅਤੇ ਗ਼ਰੀਬਾਂ ਲਈ ਸਮਾਜਵਾਦੀ ਕੰਟੀਨ ਖੋਲ੍ਹੀ ਜਾਵੇਗੀ, ਜਿੱਥੇ 5 ਰੁਪਏ ’ਚ ਭੋਜਨ ਉਪਲਬਧ ਹੋਵੇਗਾ।’’ ਇਸ ਦੌਰਾਨ, ਕਾਂਗਰਸ ਨੇ ਸਹਿਯੋਗੀ ਸਪਾ ਵੱਲੋਂ ਵੱਖਰਾ ਘੋਸ਼ਣਾ ਪੱਤਰ ਜਾਰੀ ਕਰਨ ’ਤੇ ਆਪਣਾ ਅਸੰਤੋਸ਼ ਪ੍ਰਗਟਾਇਆ। ਯੂ.ਪੀ. ’ਚ ਕਾਂਗਰਸ ਮਾਮਲਿਆਂ ਦੇ ਇੰਚਾਰਜ ਰਾਜਿੰਦਰ ਪਾਲ ਗੌਤਮ ਨੇ ਸਪਾ ਦੇ ਕਦਮ ’ਤੇ ਨਿਰਾਸ਼ਾ ਜਤਾਈ ਅਤੇ ਤਰਕ ਦਿੱਤਾ ਕਿ ਕਾਂਗਰਸ ਅਤੇ ਸਪਾ ਵਿਚਾਲੇ ਚੱਲ ਰਹੀ ਸੀਟ-ਵੰਡ ਦੀ ਚਰਚਾ ਵਿਚਾਲੇ ਘੋਸ਼ਣਾ ਪੱਤਰ ਜਾਰੀ ਕਰਨ ਦੀ ਕੀ ਜਲਦੀ ਸੀ।
ਸਪਾ-ਕਾਂਗਰਸ ’ਚ ਵਧਦੀ ਦਰਾਰ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਉੱਤਰ ਪ੍ਰਦੇਸ਼ ’ਚ ਸੀਟ-ਵੰਡ ਨੂੰ ਲੈ ਕੇ ਇਮਰਾਨ ਮਸੂਦ ਵੱਲੋਂ ਸਮਾਜਵਾਦੀ ਪਾਰਟੀ ’ਤੇ ਕੀਤੇ ਗਏ ਹਮਲਾਵਰ ਹਮਲੇ ’ਤੇ ਚੁੱਪ ਤੋੜੀ। ਲਖਨਊ ’ਚ ਇਕ ਪ੍ਰੋਗਰਾਮ ’ਚ ਬੋਲਦਿਆਂ, ਖੜਗੇ ਨੇ ਮਸੂਦ ਨੂੰ ‘ਸ਼ਬਦਾਂ ਦੀ ਬਜਾਏ ਕਾਰਵਾਈ ’ਤੇ ਧਿਆਨ ਕੇਂਦਰਿਤ ਕਰਨ’ ਦੀ ਸਲਾਹ ਦਿੱਤੀ, ਕਿਉਂਕਿ ਸਹਾਰਨਪੁਰ ਸੰਸਦ ਮੈਂਬਰ ਵੱਲੋਂ ਸਹਿਯੋਗੀ ਸਮਾਜਵਾਦੀ ਪਾਰਟੀ (ਸਪਾ) ਖ਼ਿਲਾਫ਼ ਅਤਿਅੰਤ ਤਿੱਖੀਆਂ ਟਿੱਪਣੀਆਂ ਨੇ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਟ-ਵੰਡ ਦੀ ਗੱਲਬਾਤ ’ਤੇ ਤਣਾਅ ਵਧਾ ਦਿੱਤਾ ਹੈ। ਦੋਵੇਂ ਇੰਡੀਆ ਬਲਾਕ ਸਹਿਯੋਗੀਆਂ ਨੂੰ ਹਾਲੇ ਇਕ ਸਮਝੌਤੇ ’ਤੇ ਪਹੁੰਚਣਾ ਬਾਕੀ ਹੈ ਅਤੇ ਕਾਂਗਰਸ ਸਪਾ ਵੱਲੋਂ 26 ਚੋਣ ਹਲਕਿਆਂ ਦੀ ਸ਼ੁਰੂਆਤੀ ਪੇਸ਼ਕਸ਼ ਤੋਂ ਨਾਖੁਸ਼ ਹੈ। ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਪਾਰਟੀ ਵੱਲੋਂ ਗੱਲਬਾਤ ਦੌਰਾਨ ਹੀ ਆਪਣੇ 5 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਕਰਨ ਤੋਂ ਬਾਅਦ ਦਰਾਰ ਹੋਰ ਚੌੜੀ ਹੋ ਗਈ, ਵਿਸ਼ੇਸ਼ ਤੌਰ ’ਤੇ ਇਸ ਲਈ, ਕਿਉਂਕਿ ਸਪਾ ਨੇ ਬੇਹਟ ਅਤੇ ਸਹਾਰਨਪੁਰ ਲਈ ਉਮੀਦਵਾਰਾਂ ਦੇ ਨਾਂ ਐਲਾਨ ਕਰ ਦਿੱਤੇ, ਜੋ ਮਸੂਦ ਦੇ ਸਹਾਰਨਪੁਰ ਲੋਕ ਸਭਾ ਹਲਕੇ ਦੇ 2 ਚੋਣ ਹਲਕੇ ਹਨ, ਜਿਨ੍ਹਾਂ ’ਤੇ ਕਾਂਗਰਸ ਦੀ ਵੀ ਨਜ਼ਰ ਸੀ।
ਆਜ਼ਾਦ-ਓਵੈਸੀ ਦਾ ਵਾਅਦਾ : ਅਸਦੁਦੀਨ ਓਵੈਸੀ ਅਤੇ ਚੰਦਰਸ਼ੇਖਰ ਆਜ਼ਾਦ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦਾ ਗੱਠਜੋੜ ਉੱਤਰ ਪ੍ਰਦੇਸ਼ ’ਚ ਸੱਤਾ ’ਚ ਆਉਂਦਾ ਹੈ ਤਾਂ ਇਕ ਮੁਸਲਿਮ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ। ਲਖਨਊ ’ਚ ਇਕ ਸਿਆਸੀ ਸਭਾ ਨੂੰ ਸੰਬੋਧਨ ਕਰਦਿਆਂ, ਏ. ਆਈ. ਐੱਮ. ਆਈ. ਐੱਮ . ਮੁਖੀ ਅਤੇ ਆਜ਼ਾਦ ਸਮਾਜ ਪਾਰਟੀ ਦੇ ਆਗੂ ਨੇ ਇਕ ਐਲਾਨ ਵੀ ਕੀਤਾ, ਜਿਸ ਦੇ ਮਾਧਿਅਮ ਨਾਲ ਉਨ੍ਹਾਂ ਵਾਅਦਾ ਕੀਤਾ ਕਿ ਪੱਛੜੇ ਵਰਗ ਤੋਂ ਇਕ ਹੋਰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ। ਓਵੈਸੀ ਨੇ ਲਗਾਤਾਰ ਸਮਾਜਵਾਦੀ ਪਾਰਟੀ ਦੀ ਅਗਵਾਈ ਨੂੰ ਨਿਸ਼ਾਨਾ ਬਣਾਇਆ ਅਤੇ ਉਸ ’ਤੇ ਜਾਤੀ-ਆਧਾਰਿਤ ਸਿਆਸਤ ਕਰਨ ਅਤੇ ਭਾਈਚਾਰੇ ਲਈ ਢੁੱਕਵੀਂ ਸਿਆਸੀ ਨੁਮਾਇੰਦਗੀ ਯਕੀਨੀ ਬਣਾਏ ਬਿਨਾਂ ਮੁਸਲਿਮ ਵੋਟ ਮੰਗਣ ਦਾ ਦੋਸ਼ ਲਾਇਆ ਹੈ। ਡਾ. ਬੀ.ਆਰ. ਅੰਬੇਡਕਰ ਦਾ ਹਵਾਲਾ ਦਿੰਦਿਆਂ, ਉਨ੍ਹਾਂ ਕਿਹਾ ਕਿ ਸੰਵਿਧਾਨ ਨੇ ਆਜ਼ਾਦੀ, ਭਾਈਚਾਰਾ, ਨਿਆਂ ਅਤੇ ਬਰਾਬਰੀ ਦੀ ਗਾਰੰਟੀ ਦਿੱਤੀ ਹੈ। ਉਨ੍ਹਾਂ ਆਰ.ਐੱਸ.ਐੱਸ. ਅਤੇ ਸੰਘ ਪਰਿਵਾਰ ’ਤੇ ਇਨ੍ਹਾਂ ਸਿਧਾਂਤਾਂ ਦੇ ਖ਼ਿਲਾਫ਼ ਕੰਮ ਕਰਨ ਦਾ ਦੋਸ਼ ਲਾਇਆ। ਰੈਲੀ ਦੀ ਸਮਾਪਤੀ ਗੱਠਜੋੜ ਦੇ ਰੋਜ਼ਗਾਰ-ਕੇਂਦਰਿਤ ਨਾਅਰੇ ਨਾਲ ਹੋਈ-‘ਯੂ.ਪੀ. ਮੰਗੇ ਰੋਜ਼ਗਾਰ, ਨਹੀਂ ਚਾਹੀਦੀ ਜੁਮਲੇ ਵਾਲੀ ਸਰਕਾਰ।’
- ਰਾਹਿਲ ਨੋਰਾ ਚੋਪੜਾ
