ਭਾਰਤ ਦਾ ਕਸ਼ਮੀਰ ਕਿਸ ਦਿਸ਼ਾ ਵੱਲ ਵਧ ਰਿਹਾ ਹੈ?

Wednesday, Jul 17, 2024 - 12:44 PM (IST)

ਭਾਰਤ ਦਾ ਕਸ਼ਮੀਰ ਕਿਸ ਦਿਸ਼ਾ ਵੱਲ ਵਧ ਰਿਹਾ ਹੈ?

ਸੁੰਦਰ ਕਸ਼ਮੀਰ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਹਾਲ ਹੀ ’ਚ ਕੁਲਗਾਮ ਅਤੇ ਕਠੂਆ ’ਚ ਸੁਰੱਖਿਆ ਮੁਲਾਜ਼ਮਾਂ ਦੀਆਂ ਘਿਨੌਣੀਆਂ ਹੱਤਿਆਵਾਂ ਇਸ ਗੱਲ ਦਾ ਸਬੂਤ ਹਨ ਕਿ ਵਾਦੀ ’ਚ ਅੱਤਵਾਦੀ ਹਿੰਸਾ ਦੀ ਲਹਿਰ ਵਧਦੀ ਜਾ ਰਹੀ ਹੈ, ਜਿਸ ਨਾਲ ਭਾਰਤ ਦਾ ਸੁਰੱਖਿਆ ਤੰਤਰ ਚਿੰਤਤ ਹੈ ਅਤੇ ਇਸ ਦੌਰਾਨ ਸ਼ੁੱਕਰਵਾਰ ਨੂੰ ਖਬਰ ਆਈ ਕਿ ਕੇਂਦਰ ਨੇ ਉਪ ਰਾਜਪਾਲ ਦੀਆਂ ਸ਼ਕਤੀਆਂ ਵਧਾ ਦਿੱਤੀਆਂ ਹਨ। ਇਹ ਇਸ ਪਾਸੇ ਵੱਲ ਸੰਕੇਤ ਕਰਦਾ ਹੈ ਕਿ ਕੇਂਦਰ ਸੂਬੇ ’ਚ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ 6 ਸਾਲਾਂ ਦੇ ਵਕਫੇ ਤੋਂ ਬਾਅਦ 30 ਸਤੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਸ਼ਕਤੀਆਂ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਅਤੇ ਇਸ ਨਾਲ ਇਕ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਬਾਰੇ ਖਦਸ਼ਾ ਪੈਦਾ ਹੁੰਦਾ ਹੈ।

ਇਸ ਨਾਲ ਇਹ ਵਿਚਾਰਨਯੋਗ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੰਮੂ-ਕਸ਼ਮੀਰ ਕਿਸ ਦਿਸ਼ਾ ’ਚ ਜਾ ਰਿਹਾ ਹੈ। ਇਸ ਸੋਧ ਨੇ ਜੰਮੂ-ਕਸ਼ਮੀਰ ’ਚ ਸੂਬੇ ਦਾ ਦਰਜਾ ਬਹਾਲ ਕਰਨ ਦੇ ਬਾਰੇ ’ਚ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ, ਜਿਸ ਬਾਰੇ ਕੇਂਦਰ ਨੇ ਵਾਅਦਾ ਕੀਤਾ ਸੀ। ਜੇ ਜੰਮ-ਕਸ਼ਮੀਰ ਨੂੰ ਮੁੜ ਸੂਬੇ ਦਾ ਦਰਜਾ ਦਿੱਤਾ ਗਿਆ ਤਾਂ ਕੇਂਦਰ ਦੀਆਂ ਸ਼ਕਤੀਆਂ ਕਿਸ ਤਰ੍ਹਾਂ ਕੰਮ ਕਰਨਗੀਆਂ? ਜੰਮ-ਕਸ਼ਮੀਰ ਸੰਘ ਸੂਬਾ ਖੇਤਰ ਦੂਜੀ ਸੋਧ ਨਿਯਮ 2024 ਦੇ ਅਨੁਸਾਰ ਸਰਕਾਰੀ ਵਿਭਾਗਾਂ, ਨਿਯੁਕਤੀਆਂ, ਅਖਿਲ ਭਾਰਤੀ ਸੇਵਾਵਾਂ ਦੇ ਸੀਨੀਅਰ ਸਿਵਲ ਅਤੇ ਪੁਲਸ ਅਧਿਕਾਰੀਆਂ ਭਾਵ ਪ੍ਰਸ਼ਾਸਨ ਦੇ ਉੱਚ ਪੱਧਰ ਦੇ ਅਧਿਕਾਰੀਆਂ ਦੀ ਨਿਯੁਕਤੀ ਅਤੇ ਤਬਾਦਲਿਆਂ ਦੇ ਮਾਮਲਿਆਂ ’ਚ ਰਾਜਪਾਲ ਦੀਆਂ ਸ਼ਕਤੀਆਂ ਵਧਾ ਦਿੱਤੀਆਂ ਗਈਆਂ ਹਨ।

ਇਸ ਦੇ ਇਲਾਵਾ ਲੋਕ ਵਿਵਸਥਾ ਅਤੇ ਮੁੱਖ ਵਿਭਾਗਾਂ ਦੇ ਮਾਮਲੇ ’ਚ ਉਨ੍ਹਾਂ ਦੀ ਮਨਜ਼ੂਰੀ ਜ਼ਰੂਰੀ ਬਣਾਈ ਗਈ ਹੈ। ਐਡਵੋਕੇਟ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ’ਚ ਉਪ-ਰਾਜਪਾਲ ਦੀ ਮਨਜ਼ੂਰੀ ਜ਼ਰੂਰੀ ਹੈ ਅਤੇ ਮੁਕੱਦਮੇ ਚਲਾਉਣ ਦੀ ਇਜਾਜ਼ਤ ਦੇਣ ਦੇ ਮਾਮਲੇ ’ਚ ਵੀ ਉਪ-ਰਾਜਪਾਲ ਦੀ ਇਜਾਜ਼ਤ ਜ਼ਰੂਰੀ ਬਣਾ ਦਿੱਤੀ ਗਈ ਹੈ। ਕੇਂਦਰ ਨੇ ਇਨ੍ਹਾਂ ਸੋਧਾਂ ਨੂੰ ਕਿਸੇ ਤਰ੍ਹਾਂ ਦੀ ਅਸਪੱਸ਼ਟਤਾ ਤੋਂ ਦੂਰ ਕਰਨ ਲਈ ਸਹੀ ਦੱਸਿਆ ਕਿਉਂਕਿ ਇਸ ਨਾਲ ਪ੍ਰਕਿਰਿਆ ਦੇ ਬਾਰੇ ’ਚ ਸਪੱਸ਼ਟਤਾ ਆਵੇਗੀ ਤਾਂ ਜੋ ਪ੍ਰਸ਼ਾਸਨ ਸਹੀ ਢੰਗ ਨਾਲ ਕੰਮ ਕਰ ਸਕੇ।

ਖੇਤਰੀ ਪਾਰਟੀਆਂ ਨੇ ਇਨ੍ਹਾਂ ਸੋਧਾਂ ’ਤੇ ਸਖਤ ਪ੍ਰਤੀਕਿਰਿਆ ਜਤਾਈ ਹੈ। ਅਬਦੁੱਲਾ ਦਾ ਕਹਿਣਾ ਹੈ ਕਿ ਇਹ ਗੈਰ-ਲੋਕਤੰਤਰੀ ਹੈ। ਲੋਕ ਸ਼ਕਤੀਹੀਣ, ਰਬੜ ਸਟੈਂਪ ਮੁੱਖ ਮੰਤਰੀ ਤੋਂ ਬਿਹਤਰੀ ਦੀ ਉਮੀਦ ਕਰਦੇ ਹਨ ਕਿਉਂਕਿ ਅਜਿਹਾ ਮੁੱਖ ਮੰਤਰੀ ਆਪਣੇ ਚਪੜਾਸੀ ਦੀ ਨਿਯੁਕਤੀ ਲਈ ਵੀ ਉਪ-ਰਾਜਪਾਲ ਦਾ ਦਰਵਾਜ਼ਾ ਖੜਕਾਏਗਾ। ਇਕ ਪੀ. ਡੀ. ਪੀ. ਨੇਤਾ ਦਾ ਕਹਿਣਾ ਹੈ ਕਿ ਹੁਣ ਚੁਣੀ ਹੋਈ ਸਰਕਾਰ ਇਕ ਨਗਰਪਾਲਿਕਾ ਵਾਂਗ ਹੋਵੇਗੀ। ਬਿਨਾਂ ਸ਼ੱਕ ਅੱਤਵਾਦਗ੍ਰਸਤ ਸੰਘ ਰਾਜ ਖੇਤਰ ਦੀ ਇਕ ਵਿਸ਼ੇਸ਼ ਸਥਿਤੀ ਹੈ ਅਤੇ ਜੇ ਉੱਥੇ ਹਿੰਸਾ ਨੂੰ ਖਤਮ ਕਰਨਾ ਹੈ ਤਾਂ ਇਕ ਯੋਗ ਪ੍ਰਸ਼ਾਸਨ ਦੀ ਲੋੜ ਹੈ।

ਇਸ ਦੇ ਇਲਾਵਾ ਖੇਤਰ ’ਚ ਵਧਦੇ ਕੱਟੜਪਨ ਨੂੰ ਦੇਖਦੇ ਹੋਏ ਸਥਾਨਕ ਲੋਕਾਂ ’ਚ ਡਰ ਦੀ ਭਾਵਨਾ ਵਧੀ ਹੈ ਤੇ ਇਹ ਇਸ ਗੱਲ ਨੂੰ ਵੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਅੱਤਵਾਦੀ ਵਾਦੀ ’ਚ ਅੰਦਰ ਤੱਕ ਦਾਖਲ ਹੋਏ ਹਨ ਅਤੇ ਉੱਥੇ ਸ਼ਾਂਤੀ ਭੰਗ ਅਤੇ ਮਾਹੌਲ ਖਰਾਬ ਕਰ ਰਹੇ ਹਨ। ਨੇਤਾ ਕੇਂਦਰ ਦੀ ਇਕ ਕਦਮ ਅੱਗੇ ਵਧਣ ਅਤੇ ਦੋ ਕਦਮ ਪਿੱਛੇ ਹਟਣ ਦੀ ਨੀਤੀ ’ਤੇ ਸਵਾਲ ਉਠਾ ਰਹੇ ਹਨ। ਇਨ੍ਹਾਂ ਘਟਨਾਵਾਂ ਨੇ ਸਰਕਾਰ ਦੇ ਇਸ ਭੁਲੇਖੇ ਨੂੰ ਤੋੜ ਦਿੱਤਾ ਹੈ ਕਿ ਵਾਦੀ ’ਚੋਂ ਅੱਤਵਾਦ ਲਗਭਗ ਖਤਮ ਹੋ ਗਿਆ ਹੈ, ਸੁਰੱਖਿਆ ਮਜ਼ਬੂਤ ਹੋ ਗਈ ਹੈ ਅਤੇ ਇਸ ਦੇ ਨਤੀਜੇ ਵਜੋਂ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਇਸ ਲਈ ਘਾਟੀ ’ਚ ਵਿਕਾਸ ਕਾਰਜ ਗਤੀ ਫੜ ਰਹੇ ਹਨ।

ਸੁਰੱਖਿਆ ਮੁਲਾਜ਼ਮਾਂ ਦੀ ਮੌਤ ਦੀਆਂ ਇਨ੍ਹਾਂ ਘਟਨਾਵਾਂ ਨੇ 2019 ਤੋਂ ਬਾਅਦ ਸੂਬੇ ’ਚ ਸਿਆਸੀ ਖਾਲੀਪਨ ਦੇ ਅਸਰ ਨੂੰ ਦਰਸਾਇਆ ਹੈ, ਇਸ ਲਈ ਜ਼ਰੂਰੀ ਹੈ ਕਿ ਵਾਦੀ ’ਚ ਲੋਕਤੰਤਰਿਕ ਪ੍ਰਕਿਰਿਆ ਬਹਾਲ ਕੀਤੀ ਜਾਵੇ। ਹਾਲ ਦੀਆਂ ਸੰਸਦੀ ਚੋਣਾਂ ’ਚ ਭਾਰੀ ਵੋਟਿੰਗ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਕੀ ਚਾਹੁੰਦੇ ਹਨ। ਕੇਂਦਰ ਸਰਕਾਰ ਨੂੰ ਭਰੋਸਾ ਹੈ ਕਿ ਉਸ ਵੱਲੋਂ ਕਸ਼ਮੀਰੀਆਂ ਨੂੰ ਮੁੱਖ ਧਾਰਾ ’ਚ ਲਿਆਉਣ ਦੇ ਉਪਾਵਾਂ ਦਾ ਅਸਰ ਦਿਸੇਗਾ। ਕੇਂਦਰ ਸਰਕਾਰ ਨੇ ਲੋਕਾਂ ਨੂੰ ਨਗਰਪਾਲਿਕਾ ਅਤੇ ਪੰਚਾਇਤੀ ਚੋਣਾਂ ਲੜਨ ਦੀ ਇਜਾਜ਼ਤ ਦਿੱਤੀ, ਨਾਲ ਹੀ ਸਰਕਾਰ ਨੂੰ ਕਸ਼ਮੀਰ ’ਚ ਆਰਥਿਕ ਮੋਰਚੇ ’ਤੇ ਹੋਰ ਕਦਮ ਚੁੱਕਣੇ ਪੈਣਗੇ ਅਤੇ ਵਾਦੀ ’ਚ ਸਭ ਲੋਕਾਂ ਦੀ ਹੱਕਦਾਰੀ ਵਧਾਉਣੀ ਹੋਵੇਗੀ, ਜੋ ਬਾਕੀ ਭਾਰਤ ਦੇ ਆਰਥਿਕ ਕੰਮਾਂ ਤੋਂ ਲਾਭਵੰਦ ਹੋਣਗੇ। ਕੇਂਦਰ ਨੇ ਵਾਦੀ ’ਚ ਵੱਖ-ਵੱਖ ਵਿਕਾਸ ਪ੍ਰਾਜੈਕਟ ਚਲਾਏ ਹਨ ਅਤੇ ਇਸ ਲਈ ਨਿਵੇਸ਼ ਸੰਮੇਲਨ ਵੀ ਕੀਤੇ ਜਾ ਰਹੇ ਹਨ।

ਵਾਦੀ ’ਚ ਬਾਹਰੀ ਲੋਕਾਂ ਦੇ ਰਹਿਣ, ਕੰਮ ਕਰਨ ਅਤੇ ਉੱਥੇ ਜਾਇਦਾਦ ਖਰੀਦਣ ਦੀ ਪਾਬੰਦੀ ਨੂੰ ਖਤਮ ਕਰਨ ਤੋਂ ਬਾਅਦ ਕਸ਼ਮੀਰ ਹੌਲੀ-ਹੌਲੀ ਇਕ ਵੱਡਾ ਕਾਰੋਬਾਰੀ ਨਿਵੇਸ਼ ਆਕਰਸ਼ਿਤ ਕਰ ਰਿਹਾ ਹੈ। ਇਸ ਖੇਤਰ ’ਚ ਆਈ. ਟੀ. ਕੰਪਨੀਆਂ ਸਥਾਪਿਤ ਹੋ ਸਕਦੀਆਂ ਹਨ। ਇੱਥੇ ਵਿਸ਼ਵ ਪੱਧਰੀ ਟੂਰਿਜ਼ਮ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ ਅਤੇ ਆਧੁਨਿਕ ਉਦਯੋਗਾਂ ਲਈ ਇਕ ਨਵਾਂ ਢਾਂਚਾ ਮੁਹੱਈਆ ਕਰਵਾਇਆ ਜਾ ਸਕਦਾ ਹੈ। ਬਾਲੀਵੁੱਡ, ਤੇਲਗੂ ਅਤੇ ਤਮਿਲ ਫਿਲਮ ਉਦਯੋਗ ਇਸ ਖੇਤਰ ’ਚ ਮੁੜ ਆਇਆ ਹੈ ਅਤੇ ਇਸ ਤਰ੍ਹਾਂ ਇੱਥੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਵਾਦੀ ’ਚ ਟੂਰਿਜ਼ਮ ਵਧ ਰਿਹਾ ਹੈ ਪਰ ਸਰਕਾਰ ਨੂੰ ਸਥਾਨਕ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ। ਯਕੀਨੀ ਤੌਰ ’ਤੇ ਬਹੁਤ ਕੁਝ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਭਾਰਤ ਤੋਂ ਲੋਕ ਵਪਾਰ ਅਤੇ ਨਿਵੇਸ਼ ਲਈ ਕਿੰਨੀ ਗਿਣਤੀ ’ਚ ਉੱਥੇ ਜਾਂਦੇ ਹਨ।

ਦੇਖਣਾ ਇਹ ਹੈ ਕਿ ਕੀ ਕਸ਼ਮੀਰ ਦੇ ਲੋਕ ਵਿਕਾਸ ਦੇ ਵਾਅਦੇ ਤੋਂ ਸੰਤੁਸ਼ਟ ਹੋਣਗੇ ਕਿਉਂਕਿ ਵਿਕਾਸ ਦੇ ਬਾਰੇ ’ਚ ਕਸ਼ਮੀਰ ਦੇ ਲੋਕਾਂ ਨੂੰ ਕਦੀ ਸ਼ਿਕਾਇਤ ਨਹੀਂ ਰਹੀ ਹੈ। ਉਨ੍ਹਾਂ ਦਾ ਇਤਰਾਜ਼ ਵੱਡੀ ਗਿਣਤੀ ’ਚ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਹੈ, ਜਿਸ ਨਾਲ ਲੋਕਾਂ ਦਾ ਭਰੋਸਾ ਜਿੱਤਣ ’ਚ ਮੁਸ਼ਕਲ ਹੋ ਰਹੀ ਹੈ। ਕਸ਼ਮੀਰ ਨੂੰ ਇਕ ਭਾਵਨਾਤਮਕ ਪੈਕੇਜ ਦੀ ਲੋੜ ਹੈ। ਇਕ ਅਜਿਹਾ ਪੈਕੇਜ ਜੋ ਕਸ਼ਮੀਰੀਆਂ ਖਾਸ ਤੌਰ ’ਤੇ ਨੌਜਵਾਨਾਂ ਨੂੰ ਪਾਕਿਸਤਾਨ ਦੇ ਮਾੜੇ ਪ੍ਰਚਾਰ ਤੋਂ ਵੱਖ ਕਰੇ ਅਤੇ ਉਨ੍ਹਾਂ ਨੂੰ ਆਪਣੇ ਦੁੱਖ ਅਤੇ ਨਿਰਾਸ਼ਾ, ਗੁੱਸੇ ਅਤੇ ਨਫਰਤ ਨੂੰ ਪ੍ਰਗਟ ਕਰਨ ਦਾ ਮੌਕਾ ਦੇਵੇ। ਇਕ ਅਜਿਹਾ ਮਾਹੌਲ ਚਾਹੀਦਾ ਜਿਸ ’ਚ ਉਨ੍ਹਾਂ ਨੂੰ ਸਨਮਾਨ ਮਿਲੇ। ਉਨ੍ਹਾਂ ਦਾ ਮਾਣ ਬਹਾਲ ਹੋਵੇ ਅਤੇ ਉਨ੍ਹਾਂ ਦੇ ਅਪਮਾਨ ਦੇ ਜ਼ਖਮਾਂ ’ਤੇ ਮੱਲ੍ਹਮ ਲੱਗੇ।

ਭਾਰਤ ਨੂੰ ਕਸ਼ਮੀਰੀਆਂ ਨਾਲ ਜੁੜਨਾ ਪਵੇਗਾ ਅਤੇ ਉਨ੍ਹਾਂ ਦੇ ਦਿਲ ਤੇ ਦਿਮਾਗ ਨੂੰ ਜਿੱਤਣਾ ਪਵੇਗਾ। ਸ਼੍ਰੀਨਗਰ ’ਚ ਨੌਜਵਾਨ ਡਲ ਲੇਕ ’ਚ ਸੈਰ ਕਰ ਰਹੇ ਹਨ ਅਤੇ ਔਰਤਾਂ ਰਾਤ ਨੂੰ ਲਾਲ ਚੌਕ ’ਤੇ ਸ਼ਾਪਿੰਗ ਕਰ ਰਹੀਆਂ ਹਨ। ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਅ ਾਂ ਵਿਦਿਆਰਥੀ ਵਫਦਾਂ ਨੂੰ ਕਸ਼ਮੀਰ ਭੇਜ ਰਹੇ ਹਨ ਤੇ ਉਹ ਉੱਥੇ ਕਸ਼ਮੀਰੀ ਨੌਜਵਾਨਾਂ ਨਾਲ ਸਮਾਂ ਬਿਤਾ ਰਹੇ ਹਨ। ਯਕੀਨੀ ਤੌਰ ’ਤੇ ਮਾੜੇ ਅਨਸਰ ਹਰ ਜਗ੍ਹਾ ਹਨ ਪਰ ਉਮੀਦ ਕੀਤੀ ਜਾਂਦੀ ਹੈ ਕਿ ਕਸ਼ਮੀਰੀ ਦੋਸਤੀ ਲਈ ਵਧੇ ਹੱਥਾਂ ਨੂੰ ਨਾਮਨਜ਼ੂਰ ਨਹੀਂ ਕਰਨਗੇ ਜਾਂ ਉਨ੍ਹਾਂ ਦਾ ਸਵਾਗਤ ਹਿੰਸਾ ਨਾਲ ਨਹੀਂ ਕਰਨਗੇ।

ਸਰਕਾਰ ਨੂੰ ਕਸ਼ਮੀਰ ਲਈ ਇਕ ਵਿੱਦਿਅਕ ਪੈਕੇਜ ਦੇਣ ਦੀ ਲੋੜ ਹੈ, ਜੋ ਹਕੀਕਤ ਬਣਨਾ ਚਾਹੀਦਾ ਹੈ। ਸਮੇਂ ਦੀ ਲੋੜ ਹੈ ਕਿ ਕਲਪਨਾਸ਼ੀਲ ਹੋ ਕੇ ਨਵੇਂ ਕਦਮ ਚੁੱਕੇ ਜਾਣ ਅਤੇ ਨਵੇਂ ਉਪਾਅ ਕੀਤੇ ਜਾਣ। ਕਸ਼ਮੀਰ ਇਕ ਅਜਿਹਾ ਸਥਾਨ ਨਹੀਂ ਹੈ ਜਿੱਥੇ ਲੋਕ ਡਰ ਦੇ ਸਾਏ ’ਚ ਰਹਿਣ। ਨਾ ਹੀ ਇਹ ਇਕ ਅਜਿਹਾ ਖਿਡੌਣਾ ਹੈ ਜਿਸ ਨਾਲ ਖੇਡ ਕੇ ਛੱਡ ਦਿੱਤਾ ਜਾਵੇ। ਇਹ ਇਕ ਰਾਸ਼ਟਰੀ ਮੁੱਦਾ ਹੈ ਅਤੇ ਇਹ ਪਾਰਟੀਬਾਜ਼ੀ ਸਿਆਸਤ, ਵਿਚਾਰਧਾਰਾ, ਦਰਸ਼ਨ ਅਤੇ ਸਿਧਾਂਤਾਂ ਤੋਂ ਉਪਰ ਹੈ। ਮੋਦੀ ਨੂੰ ਆਪਣੇ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਣ ਅਤੇ ਕਸ਼ਮੀਰੀਆਂ ’ਚ ਇਹ ਭਾਵਨਾ ਜਗਾਉਣ ਕਿ ਉਹ ਅਸਲ ’ਚ ਭਾਰਤ ਦੇ ਹਨ, ਲਈ ਕੋਈ ਕਸਰ ਨਹੀਂ ਛੱਡਣੀ ਹੋਵੇਗੀ ਅਤੇ ਕਸ਼ਮੀਰੀਆਂ ਨੂੰ ਵੀ ਅੱਗੇ ਵਧਣਾ ਪਵੇਗਾ। ਬੀਤੇ ਦਹਾਕਿਆਂ ’ਚ ਕਸ਼ਮੀਰ ਸਾਡੇ ਸਿਆਸੀ ਨੇਤਾਵਾਂ ਦੇ ਪ੍ਰੀਖਣਾਂ ਤੇ ਪ੍ਰਯੋਗਾਂ ਦੀ ਖੇਡ ਦਾ ਮੈਦਾਨ ਰਿਹਾ ਹੈ। ਉੱਥੇ ਕਈ ਨਵੇਂ-ਨਵੇਂ ਪ੍ਰਯੋਗ ਕੀਤੇ ਗਏ ਹਨ। ਪਾਕਿਸਤਾਨ ਦੇ ਮਨਸੂਬਿਆਂ ਨੂੰ ਹਰਾਇਆ ਗਿਆ ਹੈ, ਸਰਹੱਦ ਪਾਰ ਵੱਲੋਂ ਸਪਾਂਸਰਡ ਅੱਤਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਵਿਰੋਧੀ ਅਤੇ ਖੇਤਰੀ ਪਾਰਟੀਆਂ ਅਤੇ ਕਸ਼ਮੀਰੀਆਂ ’ਚ ਨਾਰਾਜ਼ਗੀ ਵੀ ਰਹੀ ਹੈ।

ਮੋਦੀ ਸਰਕਾਰ ਦਾ ਮੁੱਖ ਮਕਸਦ ਨਵੇਂ ਕਸ਼ਮੀਰ ਦਾ ਨਿਰਮਾਣ ਕਰਨਾ ਹੋਵੇਗਾ। ਇਸ ਦਿਸ਼ਾ ’ਚ ਹੌਲੀ-ਹੌਲੀ ਕੰਮ ਤਰੱਕੀ ’ਤੇ ਹੈ ਪਰ ਪਾਰਦਰਸ਼ਿਤਾ ਵਰਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਵਾਅਦਾ ਕਰ ਰਹੇ ਹਨ ਕਿ ਉਹ ਆਪਣੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਨਾਅਰੇ ’ਤੇ ਕਾਇਮ ਹਨ ਅਤੇ ਉਹ ਕਸ਼ਮੀਰ ਨੂੰ ਫਿਰ ਤੋਂ ਸਵਰਗ ਬਣਾਉਣਗੇ ਅਤੇ ਉਨ੍ਹਾਂ ਨੂੰ ਇਕ ਦ੍ਰਿੜ੍ਹ ਅਤੇ ਮਜ਼ਬੂਤ ਜੰਮੂ-ਕਸ਼ਮੀਰ ਦੇ ਨਿਰਮਾਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਦੇਖਣਾ ਇਹ ਹੈ ਕਿ ਕੀ ਕਸ਼ਮੀਰ ਦੇ ਬਾਗਾਂ ’ਚ ਫਿਰ ਤੋਂ ਚੈਰੀ ਖਿੜੇਗੀ ਅਤੇ ਕੀ ਉਹ ਕਸ਼ਮੀਰ ਦੇ ਸੁਪਨੇ ਨੂੰ ਇਕ ਨਵੀਂ ਹਕੀਕਤ ਬਣਾ ਸਕਣਗੇ ਅਤੇ ਕੀ ਉੱਥੇ ਵੀ ਸਥਾਈ ਸ਼ਾਂਤੀ ਹੋਵੇਗੀ।

ਪੂਨਮ ਆਈ. ਕੌਸ਼ਿਸ਼


author

Tanu

Content Editor

Related News