ਪੰਜਾਬ ’ਚ ਵਧਦਾ ਨਸ਼ਾ ਚਿੰਤਾ ਦਾ ਵਿਸ਼ਾ

08/24/2019 6:51:24 AM

ਜੇ. ਐੱਸ. ਕੁਮਾਰ
ਪੰਜਾਬ ਗੁਰੂਆਂ ਦੀ ਧਰਤੀ ਹੈ। ਇਥੇ ਸ਼ਹੀਦ ਭਗਤ ਸਿੰਘ ਵਰਗੇ ਦੇਸ਼ਭਗਤ ਵੀ ਪੈਦਾ ਹੋਏ ਅਤੇ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਵੀ ਪੰਜਾਬੀਆਂ ਨੇ ਦਿੱਤੀਆਂ। ਦੇਸ਼ ਦੇ ਅਨਾਜ ਭੰਡਾਰ ’ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਪੰਜਾਬ ਅੱਜ ਨਸ਼ਿਆਂ ਦੀ ਗ੍ਰਿਫਤ ਵਿਚ ਹੈ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਚਿੱਟੇ, ਹੈਰੋਇਨ, ਸਮੈਕ ਤੇ ਨਸ਼ੇ ਵਾਲੀਆਂ ਦਵਾਈਆਂ ਦੀ ਲਪੇਟ ਵਿਚ ਆ ਚੁੱਕਾ ਹੈ।

ਨਸ਼ੇ ਦੀ ਗ੍ਰਿਫਤ ਵਿਚ ਆਏ ਨੌਜਵਾਨਾਂ ਨੂੰ ਬਚਾਉਣ ਲਈ ਜਦੋਂ ਤਕ ਪੰਜਾਬ ਸਰਕਾਰ ਇਕ ਚੰਗੀ ਯੋਜਨਾ ਅਤੇ ਨੀਤੀ ਨਾਲ ਈਮਾਨਦਾਰੀ ਨਾਲ ਕੰਮ ਨਹੀਂ ਕਰਦੀ, ਉਦੋਂ ਤਕ ਨਸ਼ੇ ’ਚ ਡੁੱਬ ਚੁੱਕੇ ਲੱਖਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਬਚਾ ਸਕਣਾ ਸੰਭਵ ਨਹੀਂ ਹੈ। ਜੇ ਪੰਜਾਬ ਦੇ ਇਨ੍ਹਾਂ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਸੂਬੇ ਦੀਆਂ ਸਾਰੀਆਂ ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਨਾਲ-ਨਾਲ ਐੱਨ. ਜੀ. ਓਜ਼ ਨੂੰ ਅੱਗੇ ਆਉਣਾ ਪਵੇਗਾ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ।

ਪੰਜਾਬ ਵਿਚ ਨਸ਼ਾ ਅੱਤਵਾਦ ਤੋਂ ਵੀ ਭਿਆਨਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ। ਜੇ ਪੰਜਾਬ ਸਰਕਾਰ ਅਤੇ ਪੁਲਸ ਦੇ ਨਾਲ-ਨਾਲ ਆਮ ਲੋਕ ਵੀ ਨਸ਼ੇ ਦਾ ਖਾਤਮਾ ਕਰਨ ਅਤੇ ਨਸ਼ੇ ਦੀ ਲਪੇਟ ਵਿਚ ਆਏ ਲੋਕਾਂ ਨੂੰ ਬਚਾਉਣ ਲਈ ਗੰਭੀਰ ਨਾ ਹੋਏ ਤਾਂ ਆਉਣ ਵਾਲੇ ਕੁਝ ਹੀ ਸਮੇਂ ’ਚ ਇਥੋਂ ਦੇ ਸ਼ਮਸ਼ਾਨਘਾਟਾਂ ਵਿਚ ਮਰਨ ਵਾਲਿਆਂ ਦੇ ਸਸਕਾਰ ਕਰਨ ਲਈ ਜਗ੍ਹਾ ਘੱਟ ਪੈ ਜਾਵੇਗੀ।

ਜੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣਾ ਹੈ ਤਾਂ ਦਿਖਾਵਾ, ਮੀਡੀਆ ਵਿਚ ਦਾਅਵੇ ਅਤੇ ਫੋਕਾ ਪ੍ਰਚਾਰ ਕਰਨਾ ਛੱਡ ਕੇ ਪੁਲਸ, ਸਰਕਾਰ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਜੀÁਅ-ਜਾਨ ਨਾਲ ਨਸ਼ਾ ਵਿਰੋਧੀ ਮੁਹਿੰਮ ਸਫਲ ਬਣਾਉਣੀ ਪਵੇਗੀ। ਨਸ਼ੇ ਦੀ ਸਪਲਾਈ ਬੰਦ ਕਰਨ ਤੋਂ ਪਹਿਲਾਂ ਨਸ਼ੇ ਦੀ ਮੰਗ ਨੂੰ ਰੋਕਣਾ ਪਵੇਗਾ ਅਤੇ ਅਜਿਹਾ ਤਾਂ ਹੀ ਹੋ ਸਕੇਗਾ, ਜੇ ਨਸ਼ਾ ਕਰਨ ਵਾਲਿਆਂ ਦੀ ਬਕਾਇਦਾ ਕਾਊਂਸਲਿੰਗ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਦਲੀਲਾਂ ਦੇ ਕੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਵੇ।

ਕੁੜੀਆਂ ਵੀ ਨਸ਼ੇ ਦੀ ਗ੍ਰਿਫਤ ’ਚ ਆਉਣ ਲੱਗੀਆਂ

ਪਹਿਲਾਂ ਮਰਦ ਅਤੇ ਨੌਜਵਾਨ ਮੁੰਡੇ ਨਸ਼ਿਆਂ ਦੀ ਲਪੇਟ ਵਿਚ ਸਨ ਪਰ ਹੁਣ ਕਈ ਕੁੜੀਆਂ ਵੀ ਜਾਨਲੇਵਾ ਨਸ਼ੇ ਦੀ ਗ੍ਰਿਫਤ ਵਿਚ ਆਉਣ ਲੱਗੀਆਂ ਹਨ। ਇਕ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਕਸਬਿਆਂ ਅਤੇ ਪਿੰਡਾਂ ਵਿਚ ਨਸ਼ੇ ਵਾਲੇ ਪਦਾਰਥ ਵੇਚਣ ਦੇ ਧੰਦੇ ’ਚ ਔਰਤਾਂ ਵੀ ਸ਼ਾਮਿਲ ਹਨ, ਜਿਸ ਕਾਰਣ ਸਮੱਗਲਰਾਂ ਲਈ ਨਸ਼ੇ ਦੀ ਡਲਿਵਰੀ ਦਾ ਕੰਮ ਸੌਖਾ ਹੋ ਗਿਆ ਹੈ।

ਏਡਜ਼ ਤੇ ਪੀਲੀਆ ਵਰਗੀਆਂ ਬੀਮਾਰੀਆਂ ਵਧਣ ਲੱਗੀਆਂ

ਨਸ਼ੇ ਦੇ ਵਧਦੇ ਰੁਝਾਨ ਕਾਰਣ ਸੂਬੇ ’ਚ ਏਡਜ਼ ਤੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਜਦੋਂ ਕਿਸੇ ਨਸ਼ੇੜੀ ਦਾ ਨਸ਼ਾ ਟੁੱਟਦਾ ਹੈ ਤਾਂ ਉਹ ਨਸ਼ੇ ਦੇ ਟੀਕੇ ਲਾਉਣ ਤਕ ਪੁੱਜ ਜਾਂਦਾ ਹੈ ਅਤੇ ਫਿਰ 8-10 ਨਸ਼ੇੜੀ ਇਕੱਠੇ ਹੋ ਕੇ ਇਕੋ ਸਰਿੰਜ ਅਤੇ ਸੂਈ ਨਾਲ ਨਸ਼ੇ ਦੇ ਟੀਕੇ ਲਾਉਂਦੇ ਹਨ, ਜਿਸ ਕਾਰਣ ਉਨ੍ਹਾਂ ਵਿਚ ਏਡਜ਼ ਅਤੇ ਹੋਰ ਜਾਨਲੇਵਾ ਬੀਮਾਰੀਆਂ ਫੈਲਦੀਆਂ ਹਨ। ਅੱਜ ਪੰਜਾਬ ਦੀਆਂ ਸੜਕਾਂ ’ਤੇ ਨਸ਼ੇ ’ਚ ਡੁੱਬੀਆਂ ਹਜ਼ਾਰਾਂ ਜ਼ਿੰਦਾ ਲਾਸ਼ਾਂ ਚੱਲ ਰਹੀਆਂ ਹਨ।

ਅੱਜ ਚੰਗੇ-ਚੰਗੇ ਪਰਿਵਾਰਾਂ ਦੇ ਬੱਚੇ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਕਈ ਨਸ਼ੇੜੀਆਂ ਨੇ ਤਾਂ ਨਸ਼ੇ ਦੀ ਪੂਰਤੀ ਲਈ ਆਪਣੇ ਘਰਾਂ ਦਾ ਕੀਮਤੀ ਸਾਮਾਨ ਅਤੇ ਗਹਿਣੇ ਤਕ ਵੇਚ ਦਿੱਤੇ ਹਨ। ਪੰਜਾਬ ਵਿਚ ਅੱਜ ਲੱਖਾਂ ਅਜਿਹੇ ਪਰਿਵਾਰ ਹਨ, ਜੋ ਆਪਣੇ ਨੌਜਵਾਨ ਪੁੱਤਾਂ ਦੇ ਨਸ਼ੇ ਦੀ ਦਲਦਲ ’ਚ ਫਸਣ ਕਰਕੇ ਚਿੰਤਾ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਨਸ਼ੇ ਨੇ ਉਨ੍ਹਾਂ ਦੇ ਘਰਾਂ ਦਾ ਮਾਣ-ਸਨਮਾਨ, ਸੁੱਖ-ਚੈਨ ਖੋਹ ਲਿਆ ਹੈ।

ਪਹਿਲਾਂ ਪੰਜਾਬ ਵਿਚ ਅਫੀਮ ਅਤੇ ਪੋਸਤ ਦਾ ਨਸ਼ਾ ਕੀਤਾ ਜਾਂਦਾ ਸੀ। ਜਦੋਂ ਇਸ ਨਸ਼ੇ ਨੂੰ ਖਤਮ ਕਰਨ ਲਈ ਪੁਲਸ ਨੇ ਸਖਤੀ ਕੀਤੀ ਤਾਂ ਪੰਜਾਬ ਵਿਚ ਚਿੱਟਾ ਆ ਗਿਆ, ਫਿਰ ਹੈਰੋਇਨ ਤੇ ਸਮੈਕ ਵਰਗੇ ਨਸ਼ੇ ਵਾਲੇ ਪਦਾਰਥ ਵਿਕਣ ਲੱਗ ਪਏ। ਪੰਜਾਬ ਵਿਚ ਆਏ ਦਿਨ ਨਸ਼ੇ ਦੀ ਓਵਰਡੋਜ਼ ਲੈਣ ਕਾਰਣ ਮੌਤਾਂ ਹੋ ਰਹੀਆਂ ਹਨ।

ਬਹੁਤ ਸਾਰੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ

ਪੰਜਾਬ ਵਿਚ ਬਹੁਤ ਸਾਰੇ ਨੌਜਵਾਨ ਅਜਿਹੇ ਹਨ, ਜੋ ਨਸ਼ਿਆਂ ਦੀ ਲਤ ਦੇ ਸ਼ਿਕਾਰ ਹਨ ਅਤੇ ਉਹ ਨਸ਼ਾ ਛੱਡਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੇਵੱਸ ਹਨ, ਉਨ੍ਹਾਂ ਕਾਰਣ ਉਨ੍ਹਾਂ ਦੇ ਪਰਿਵਾਰਾਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ, ਇਸ ਲਈ ਉਹ ਚਾਹੁੰਦੇ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਮੌਤ ਆ ਜਾਵੇ ਜਾਂ ਕੋਈ ਉਨ੍ਹਾਂ ਦਾ ਨਸ਼ਾ ਛੁਡਾ ਦੇਵੇ।

ਅਜਿਹੇ ਬੇਵੱਸ ਅਤੇ ਰਾਹ ਤੋਂ ਭਟਕੇ ਨੌਜਵਾਨਾਂ ਨੂੰ ਸਹਾਰਾ ਚਾਹੀਦਾ ਹੈ ਕਿਉਂਕਿ ਨਸ਼ੇ ਕਾਰਣ ਹੀ ਚੋਰੀ, ਲੁੱਟ-ਖੋਹ ਵਰਗੀਆਂ ਅਪਰਾਧਿਕ ਵਾਰਦਾਤਾਂ ਹੋ ਰਹੀਆਂ ਹਨ। ਜਦੋਂ ਅਜਿਹੇ ਨਸ਼ੇੜੀ ਅਪਰਾਧੀ ਫੜੇ ਜਾਂਦੇ ਹਨ ਤਾਂ ਪੁਲਸ ਲਈ ਵੀ ਉਨ੍ਹਾਂ ਨੂੰ ਥਾਣਿਆਂ, ਜੇਲਾਂ ਵਿਚ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਪੁਲਸ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਨਹੀਂ ਕਰ ਸਕਦੀ ਅਤੇ ਨਸ਼ੇ ਤੋਂ ਬਿਨਾਂ ਉਨ੍ਹਾਂ ਨਸ਼ੇੜੀਆਂ ਦਾ ਥਾਣਿਆਂ ਵਿਚ ਰਾਤ ਕੱਟਣਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਜੇ ਪੰਜਾਬ ਸਰਕਾਰ ਸੱਚਮੁਚ ਸੂਬੇ ’ਚੋਂ ਨਸ਼ਿਆਂ ਦਾ ਖਾਤਮਾ ਕਰ ਕੇ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਪੂਰੇ ਸੂਬੇ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ‘ਨਸ਼ਾ ਛੁਡਾਊ ਕੇਂਦਰ’ ਖੋਲ੍ਹੇ ਜਾਣ, ਜਿਥੇ ਲੋੜ ਮੁਤਾਬਿਕ ਮਾਹਿਰ ਡਾਕਟਰ, ਸਟਾਫ ਅਤੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦਾ ਪ੍ਰਬੰਧ ਹੋਵੇ, ਨਸ਼ਾ ਛੁਡਾਊ ਕੇਂਦਰਾਂ ਦੀ ਸੁਰੱਖਿਆ ਪੁਲਸ ਦੇ ਹੱਥ ਹੋਵੇ। ਇਨ੍ਹਾਂ ਕੇਂਦਰਾਂ ਵਿਚ ਨਸ਼ੇੜੀ ਨੌਜਵਾਨਾਂ ਨੂੰ ਦਾਖਲ ਕਰ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਨ ਦੇ ਨਾਲ-ਨਾਲ ਧਾਰਮਿਕ ਹਸਤੀਆਂ ਦਾ ਸਹਿਯੋਗ ਲੈ ਕੇ ਨੌਜਵਾਨਾਂ ਦੀ ਕਾਊਂਸਲਿੰਗ ਕੀਤੀ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਨੌਜਵਾਨਾਂ ਲਈ ਠੀਕ ਹੋਣ ਤੋਂ ਬਾਅਦ ਰੋਜ਼ਗਾਰ ਦਾ ਪ੍ਰਬੰਧ ਕਰੇ ਤਾਂ ਕਿ ਉਨ੍ਹਾਂ ਨੂੰ ਦੁਬਾਰਾ ਨਸ਼ੇ ਕਰਨ ਬਾਰੇ ਸੋਚਣ ਦਾ ਸਮਾਂ ਹੀ ਨਾ ਮਿਲੇ। ਜਦੋਂ ਸਮਾਜ ਵਿਚ ਨਸ਼ੇ ਦੀ ਮੰਗ ਖਤਮ ਹੋ ਜਾਵੇਗੀ ਤਾਂ ਸਪਲਾਈ ਵੀ ਆਪਣੇ ਆਪ ਬੰਦ ਹੋ ਜਾਵੇਗੀ।

jskumar786@gmail.com
 


Bharat Thapa

Content Editor

Related News