ਹਰ ਫ਼ਿਕਰ ਕੋ ਧੂੰਏਂ ਮੇਂ ਉੜਾਤਾ ਚਲਾ ਗਯਾ

Tuesday, Dec 03, 2024 - 10:28 PM (IST)

ਹਰ ਫ਼ਿਕਰ ਕੋ ਧੂੰਏਂ ਮੇਂ ਉੜਾਤਾ ਚਲਾ ਗਯਾ

ਅੱਜ ਮੁੰਬਈ ਦਾ ਫਿਲਮ ਉਦਯੋਗ ਅਰਬਾਂ ਰੁਪਏ ਦਾ ਕਾਰੋਬਾਰ ਕਰ ਰਿਹਾ ਹੈ ਪਰ 1913 ਵਿਚ ਜਦੋਂ ਦਾਦਾ ਸਾਹਿਬ ਫਾਲਕੇ ਨੇ ਇਕ ਮੂਕ ਫਿਲਮ ਬਣਾਈ ਸੀ ਤਾਂ ਉਸ ’ਤੇ ਕੁੱਲ ਖਰਚ 15,000 ਰੁਪਏ ਆਇਆ ਸੀ। ਉਸ ਵੇਲੇ 15000 ਰੁਪਏ ਬਹੁਤ ਵੱਡੀ ਰਕਮ ਹੋਇਆ ਕਰਦੀ ਸੀ। ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਭਾਰਤ ਦੀ ਪਹਿਲੀ ਮੂਕ ਫਿਲਮ ‘ਰਾਜਾ ਹਰੀਸ਼ਚੰਦਰ’ ਦੀ। 1913 ’ਚ ਫਿਲਮ ‘ਰਾਜਾ ਹਰੀਸ਼ਚੰਦਰ’ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਦਾਦਾ ਸਾਹਿਬ ਫਾਲਕੇ ਨੇ ਖੂਬ ਪੈਸਾ ਕਮਾਇਆ। ਫਿਰ ਦਾਦਾ ਸਾਹਿਬ ਫਾਲਕੇ ਨੇ 1931 ਵਿਚ ਭਾਰਤ ਵਿਚ ਪਹਿਲੀ ਬੋਲਦੀ ਫਿਲਮ ‘ਆਲਮ ਆਰਾ’ ਬਣਾਈ ਜਿਸਦਾ ਮਤਲਬ ਹੈ ‘ਵਿਸ਼ਵ ਰੌਸ਼ਨੀ’।

ਅਦਾਕਾਰੀ ਦੀ ਤਿੱਕੜੀ ਦਲੀਪ ਕੁਮਾਰ, ਰਾਜ ਕਪੂਰ ਅਤੇ ਦੇਵਾਨੰਦ ਵਿਲੱਖਣ ਅਦਾਕਾਰ ਸਨ। ਅਸ਼ੋਕ ਕੁਮਾਰ ਇਨ੍ਹਾਂ ਤਿੰਨਾਂ ਤੋਂ ਵੱਡੇ ਸਨ ਅਤੇ ਆਪਣੇ ਅਦਾਕਾਰੀ ਸਟਾਈਲ ਵਿਚ ਇਨ੍ਹਾਂ ਦੇ ਗੁਰੂ ਮੰਨੇ ਜਾਂਦੇ ਸਨ।

ਅੱਜ, 3 ਦਸੰਬਰ, ਸਿਨੇਮਾ ਜਗਤ ਦੇ ਸਦਾ ਬਹਾਰ ਹੀਰੋ ਦੇਵਾਨੰਦ ਦੀ ਬਰਸੀ ਹੈ, ਜਿਨ੍ਹਾਂ ਦਾ 9 ਦਸੰਬਰ 2011 ਨੂੰ ਇੰਗਲੈਂਡ ਵਿਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਜਿੱਥੇ ਦਲੀਪ ਕੁਮਾਰ ਧੋਤੀ-ਕੁਰਤਾ ਪਾ ਕੇ ਦਰਸ਼ਕਾਂ ਦੀਆਂ ਤਾੜੀਆਂ ਬਟੋਰ ਲੈਂਦੇ ਸਨ, ਉੱਥੇ ਹੀ ਰਾਜ ਕਪੂਰ ਆਪਣੀ ਹੀਰੋਇਨ ਦੇ ਹਰ ਅੰਗ ’ਤੇ ਕੈਮਰਾ ਘੁਮਾ ਕੇ ਦਰਸ਼ਕਾਂ ਨੂੰ ਪਰਦੇ ਤੋਂ ਆਪਣੇ ਵੱਲ ਖਿੱਚ ਲੈਂਦੇ ਸਨ। ‘ਰਾਮ ਤੇਰੀ ਗੰਗਾ ਮੈਲੀ’ ਦੀ ਹੀਰੋਇਨ ਮੰਦਾਕਿਨੀ ਹੋਵੇ ਜਾਂ ਫ਼ਿਲਮ ‘ਸਤਿਅਮ ਸ਼ਿਵਮ ਸੁੰਦਰਮ’ ਦੀ ਹੀਰੋਇਨ ਜ਼ੀਨਤ ਅਮਾਨ ਜਾਂ ਫ਼ਿਲਮ ‘ਬਾਬੀ’ ਦੀ ਹੀਰੋਇਨ ਡਿੰਪਲ ਕਪਾਡੀਆ ਜਾਂ ਫ਼ਿਲਮ ‘ਜਿਸ ਦੇਸ਼ ਮੇਂ ਗੰਗਾ ਬਹਤੀ ਹੈ’ ਜਾਂ ਫ਼ਿਲਮ ‘ਮੇਰਾ ਨਾਮ ਜੋਕਰ’ ਦੀ ਹੀਰੋਇਨ ਪਦਮਨੀ ਹੋਵੇ।

ਰਾਜ ਕਪੂਰ ਆਪਣੀ ਹੀਰੋਇਨ ਦੇ ਅੰਗ-ਅੰਗ ਨੂੰ ਦਰਸ਼ਕਾਂ ਨੂੰ ਦਿਖਾਉਂਦੇ ਜਾਂਦੇ ਸਨ ਪਰ ਉਹ ਖੁਦ ਜੋਕਰ ਹੀ ਬਣੇ ਰਹਿੰਦੇ ਜਦੋਂ ਕਿ ਦੇਵਾਨੰਦ ਆਪਣੀਆਂ ਫਿਲਮਾਂ ਵਿਚ ਬਗੀਚਿਆਂ ਵਿਚ ਦਰੱਖਤਾਂ ਦੀਆਂ ਟਾਹਣੀਆਂ, ਪੰਛੀਆਂ ’ਚ ਆਪਣੀਆਂ ਹੀਰੋਇਨਾਂ ਨਾਲ ਖੇਡਦੇ ਪੰਛੀਆਂ ਅਤੇ ਪਿਛੋਕੜ ਵਿਚ ਗੀਤਾਂ ਦੀ ਸੁਰੀਲੀ ਲਹਿ ਨਾਲ ਸਿਨੇ ਪ੍ਰੇਮੀਆਂ ਨੂੰ ਖੁਸ਼ ਕਰ ਦਿੰਦੇ। ਤਿੰਨੋਂ ਹੀਰੋ ਆਪੋ-ਆਪਣੀ ਅਦਾਕਾਰੀ ਵਿਚ ਨਿਪੁੰਨ ਸਨ। ਦਲੀਪ ਆਪ ਵੀ ਰੋਂਦੇ ਅਤੇ ਦਰਸ਼ਕਾਂ ਨੂੰ ਵੀ ਰੁਆ ਦਿੰਦੇ। ਇਸੇ ਲਈ ਉਨ੍ਹਾਂ ਨੂੰ ਅਦਾਕਾਰੀ ਸਮਰਾਟ ਅਤੇ ‘ਟ੍ਰੈਜਡੀ ਕਿੰਗ’ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ।

ਰਾਜ ਕਪੂਰ ਆਪਣੀਆਂ ਪਰੀਆਂ ਵਰਗੀਆਂ ਹੀਰੋਇਨਾਂ ਨੂੰ ਦਿਲ ’ਚ ਵਸਾਈ, ਪਰਦੇ ’ਤੇ ਦਰਸ਼ਕਾਂ ਨੂੰ ਮੋਹ ਲੈਂਦੇ ਸਨ। ਦੁਨੀਆ ਦਾ ਕੋਈ ਵੀ ਫਿਲਮ ਆਲੋਚਕ ਇਸ ਗੱਲ ’ਤੇ ਵਿਸ਼ਵਾਸ ਨਹੀਂ ਕਰੇਗਾ ਕਿ ਫਿਲਮ ‘ਜਬ ਪਿਆਰ ਕਿਸੀ ਸੇ ਹੋਤਾ ਹੈ’ ਦਾ ਹੀਰੋ 1965 ’ਚ ਆਈ ਆਪਣੀ ਫਿਲਮ ‘ਗਾਈਡ’ ਦਾ ਸਾਧੂ ਇਕ ਹੀ ਅਦਾਕਾਰ ਹੈ। ਫ਼ਿਲਮ ‘ਹਮ ਦੋਨੋਂ’ ਵਿਚ ਦੋਹਰੀ ਭੂਮਿਕਾ ਨਿਭਾਉਣ ਵਾਲੇ ਮੇਜਰ ਆਨੰਦ ਉਹੀ ਦੇਵਾਨੰਦ ਹੈ ਜੋ ਇਕ ਸਿਪਾਹੀ ਦੀ ਭੂਮਿਕਾ ਵਿਚ ਮਸਤੀ ਨਾਲ ਗਾਉਂਦਾ ਜਾਂਦਾ ਹੈ, ‘ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫ਼ਿਕਰ ਕੋ ਧੂੰਏਂ ਮੇਂ ਉੜਾਤਾ ਚਲਾ ਗਯਾ।’

ਜਿੱਥੇ ਦੇਵਾਨੰਦ ਇਕ ਬਿਹਤਰ ਅਦਾਕਾਰ ਸਨ ਉਥੇ ਹੀ ਦੇਵ ਸਾਹਿਬ ਬਿਹਤਰੀਨ ਸ਼ਖਸੀਅਤ ਦੇ ਮਾਲਕ ਵੀ ਸਨ। ਹਮੇਸ਼ਾ ਫਿਲਮਾਂ ਬਣਾਉਂਦੇ ਜਾਣਾ। ਫਿਲਮਾਂ ਰਾਹੀਂ ਨਵੇਂ-ਨਵੇਂ ਤਜਰਬੇ ਕਰਦੇ ਜਾਣਾ ਦੇਵਾਨੰਦ ਦਾ ਸੁਭਾਅ ਸੀ। ਸਿਰਫ 30 ਰੁਪਏ ਜੇਬ ’ਚ ਪਾਈ, ਮੁੰਬਈ ਨਗਰੀ ’ਚ ਆਪਣਾ ਸਥਾਨ ਬਣਾ ਲੈਣਾ, ਇਹ ਦੇਵ ਸਾਹਿਬ ਦੀ ਕਿਸਮਤ ਹੀ ਕਿਹਾ ਜਾਵੇਗਾ।

30 ਰੁਪਏ ’ਚੋਂ 350 ਕਰੋੜ ਦਾ ਘਰ ਬਣਾ ਲੈਣਾ, ਇਹ ਦੇਵ ਸਾਹਿਬ ਦਾ ਹੀ ਕੰਮ ਸੀ। ਮੁੰਬਈ ਵਰਗੇ ਸ਼ਹਿਰ ਵਿਚ ਟਿਕੇ ਰਹਿਣਾ ਅਤੇ ਉਸ ਸਮੇਂ ਦੀ ਸੁਪਰ ਸਟਾਰ ਅਦਾਕਾਰਾ ਸੁਰੱਈਆ ਦੇ ਦਿਲ ’ਤੇ ਛਾਅ ਜਾਣਾ ਉਨ੍ਹਾਂ ਦੀ ਕਿਸਮਤ ਹੀ ਹੋਵੇਗੀ। ਦੇਵ ਸਾਹਿਬ ਅਤੇ ਸੁਰੱਈਆ ਦੋਵਾਂ ਦਾ ਵਿਆਹ ਹੋਣ ਵਾਲਾ ਸੀ ਜਦੋਂ ਸੁਰੱਈਆ ਦੀ ਨਾਨੀ ਨੇ ਆਪਣੇ ਧਰਮ ਦੀ ਕੰਧ ਖੜ੍ਹੀ ਕਰ ਦਿੱਤੀ।

ਨਾਨੀ ਦੀ ਸ਼ਰਤ ਸੀ ਕਿ ਦੇਵਾਨੰਦ ਨੂੰ ਮੁਸਲਿਮ ਧਰਮ ਅਪਣਾ ਲੈਣਾ ਚਾਹੀਦਾ ਹੈ ਪਰ ਦੇਵਾਨੰਦ ਨੇ ਹਿੰਦੂ ਧਰਮ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਵਿਆਹ ਹੁੰਦਾ-ਹੁੰਦਾ ਰਹਿ ਗਿਆ। ਤਦ ਦੇਵਾਨੰਦ ਆਪਣੇ ਵੱਡੇ ਭਰਾ ਚੇਤਨਾਨੰਦ ਦੇ ਮੋਢੇ ’ਤੇ ਸਿਰ ਰੱਖ ਕੇ ਬਹੁਤ ਰੋਏ। ਚੇਤਨਾਨੰਦ ਨੇ ਉਨ੍ਹਾਂ ਨੂੰ ਬਹੁਤ ਹੌਸਲਾ ਦਿੱਤਾ ਅਤੇ ਦੇਵਾਨੰਦ ਨੇ ਸੁਰੱਈਆ ਵਲੋਂ ਦਿੱਤੀ ਗਈ ਹੀਰੇ ਦੀ ਮੁੰਦਰੀ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਅਤੇ ਫਿਰ ਕਦੀ ਸੁਰੱਈਆ ਦਾ ਨਾਮ ਮੂੰਹ ’ਚੋਂ ਨਹੀਂ ਲਿਆ ਅਤੇ ਨਾ ਕਦੀ ਦੁਬਾਰਾ ਸੁਰੱਈਆ ਨੂੰ ਮਿਲੇ।

ਸੁਰੱਈਆ ਨੇ ਵੀ ਦੇਵਾਨੰਦ ਦੀ ਖ਼ਾਤਰ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਅਤੇ ਦਰਸ਼ਕਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਸੁਰੱਈਆ ਦੀ ਜ਼ਿੰਦਗੀ ਦੇ ਆਖ਼ਰੀ ਪਲ ਡਿਪ੍ਰੈਸ਼ਨ 'ਚ ਲੰਘੇ ਅਤੇ ਉਨ੍ਹਾਂ ਦੀ ਮੌਤ ਤਨਹਾਈ ’ਚ ਹੋਈ, ਅਜਿਹੇ ਪਿਆਰ ਨੂੰ ਸਲਾਮ।

ਉਨ੍ਹਾਂ ਨੇ ਆਪਣੇ 60 ਸਾਲਾਂ ਦੇ ਫਿਲਮੀ ਕਰੀਅਰ ਵਿਚ 100-150 ਫਿਲਮਾਂ ਕੀਤੀਆਂ ਹੋਣਗੀਆਂ। ਵਿਸ਼ਵ ਪ੍ਰਸਿੱਧ ਅਦਾਕਾਰ ਵੀ ਅਖਵਾਏ। ਉਨ੍ਹਾਂ ਨੂੰ ਫਿਲਮ ‘ਕਾਲਾ ਬਾਜ਼ਾਰ’ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਵੀ ਮਿਲਿਆ। ਭਾਰਤ ਸਰਕਾਰ ਨੇ ਦੇਵਾਨੰਦ ਨੂੰ ਪਦਮ ਸ਼੍ਰੀ ਨਾਲ ਵੀ ਨਿਵਾਜਿਆ। ਦੇਸ਼ ਵਿਚ ਕਲਾ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ‘ਦਾਦਾ ਸਾਹਿਬ ਫਾਲਕੇ’ ਵਰਗੇ ਸਰਵਉੱਚ ਸਨਮਾਨ ਨਾਲ ਵੀ ਨਿਵਾਜਿਆ ਗਿਆ।

ਫਿਲਮ ‘ਗਾਈਡ’ ਦੇਵਾਨੰਦ ਦੇ ਕਰੀਅਰ ਦੀ ਸਰਵੋਤਮ ਫਿਲਮ ਸੀ ਜਿਸ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਮਿਲੇ। ਅਦਾਕਾਰ ਦੇਵਾਨੰਦ ਦਾ ਪਰਿਵਾਰ ਦੇਸ਼ ਦੀ ਆਜ਼ਾਦੀ ਦਾ ਵੀ ਦੀਵਾਨਾ ਸੀ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਹ ਕਈ ਵਾਰ ਜੇਲ ਵੀ ਗਏ।

ਆਜ਼ਾਦੀ ਤੋਂ ਬਾਅਦ, ਉਨ੍ਹਾਂ ਦੇ ਵੱਡੇ ਭਰਾ ਮਨਮੋਹਨ ਆਨੰਦ ਨੇ 1952 ਵਿਚ ਜਨਸੰਘ ਦੀ ਟਿਕਟ ’ਤੇ ਗੁਰਦਾਸਪੁਰ ਵਿਧਾਨ ਸਭਾ ਦੀ ਚੋਣ ਲੜੀ ਅਤੇ 2500 ਵੋਟਾਂ ਪ੍ਰਾਪਤ ਕੀਤੀਆਂ। 1977 ਵਿਚ, ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਵਿਰੁੱਧ ਸਿਆਸੀ ਪਾਰਟੀ ਨੈਸ਼ਨਲ ਪਾਰਟੀ ਆਫ਼ ਇੰਡੀਆ ਬਣਾਈ ਸੀ।

ਇਹ ਦੇਵਾਨੰਦ ਹੀ ਸਨ ਜਿਨ੍ਹਾਂ ਨੇ ਜ਼ੀਨਤ ਅਮਾਨ, ਟੀਨਾ ਮੁਨੀਮ, ਸ਼ਤਰੂਘਨ ਸਿਨਹਾ ਵਰਗੇ ਕਈ ਹੀਰੋ ਅਤੇ ਹੀਰੋਇਨਾਂ ਨੂੰ ਫਿਲਮੀ ਪਰਦੇ ’ਤੇ ਲਿਆਂਦਾ। ਅੱਜ 3 ਦਸੰਬਰ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ।

ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)


author

Rakesh

Content Editor

Related News