ਆਰਮੀਨੀਆ-ਅਜ਼ਰਬਾਈਜਾਨ ਟਕਰਾਅ ਦੀਆਂ ਇਤਿਹਾਸਕ ਜੜ੍ਹਾਂ

Sunday, Aug 25, 2024 - 05:39 PM (IST)

ਕਾਕੇਸ਼ਸ ਖੇਤਰ ਪੂਰਬੀ ਯੂਰਪ ਵਿਚ ਇਕ ਵਿਸ਼ਾਲ ਇਲਾਕਾ ਹੈ ਜੋ ਕਾਲੇ ਸਾਗਰ ਅਤੇ ਕੈਸਪੀਅਨ ਸਾਗਰ ਦੇ ਕਿਨਾਰੇ ਸਥਿਤ ਹੈ। ਇਸ ਵਿਚ ਦੱਖਣੀ ਰੂਸ ਅਤੇ ਜਾਰਜੀਆ, ਆਰਮੀਨੀਆ ਅਤੇ ਅਜ਼ਰਬਾਈਜਾਨ ਦੇ ਸੁਤੰਤਰ ਰਾਸ਼ਟਰ ਸ਼ਾਮਲ ਹਨ, ਜੋ ਕਿ ਸਾਰੇ ਸਾਬਕਾ ਸੋਵੀਅਤ ਸਮਾਜਵਾਦੀ ਗਣਰਾਜ ਸੰਘ (ਯੂ. ਐੱਸ. ਐੱਸ. ਆਰ.) ਦਾ ਹਿੱਸਾ ਸਨ।

ਹਾਲਾਂਕਿ ਭੌਤਿਕ ਤੌਰ ’ਤੇ ਇਹ ਖੇਤਰ ਯੂਰਪ, ਏਸ਼ੀਆ, ਰੂਸ ਅਤੇ ਮੱਧ ਪੂਰਬ ਦੇ ਵਿਚਕਾਰ ਸਥਿਤ ਹੈ, ਨਸਲੀ-ਧਾਰਮਿਕ ਤੌਰ ’ਤੇ ਇਹ ਸਰਹੱਦੀ ਰੇਖਾ ’ਤੇ ਹੈ ਜਿੱਥੇ ਇਸਲਾਮ ਅਤੇ ਈਸਾਈਅਤ ਮਿਲਦੇ ਹਨ। ਸਿਧਾਂਤਕ ਤੌਰ ’ਤੇ, ਇਹ ਉਹ ਸਰਹੱਦ ਹੈ ਜਿੱਥੇ ਪੂਰਨ ਲੋਕਤੰਤਰ ਨਾ ਹੋਣ ’ਤੇ ਵੀ ਪੂਰਨ ਤਾਨਾਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਆਰਮੀਨੀਆ ਵਿਚ ਇਕ ਵੱਡੀ ਈਸਾਈ ਆਬਾਦੀ ਹੈ, ਜਿਸ ਵਿਚ 97 ਫੀਸਦੀ ਆਰਮੀਨੀਆਈ ਅਪੋਸਟੋਲਿਕ ਧਰਮ ਦੀ ਪਾਲਣਾ ਕਰਦੇ ਹਨ, ਜੋ ਕਿ ਪਹਿਲੀ ਸਦੀ ਈਸਵੀ ਵਿਚ ਸਥਾਪਿਤ ਸਭ ਤੋਂ ਪੁਰਾਣੇ ਈਸਾਈ ਚਰਚਾਂ ਵਿਚੋਂ ਇਕ ਹੈ। ਦੂਜੇ ਪਾਸੇ, ਅਜ਼ਰਬਾਈਜਾਨ ’ਚ 96 ਫੀਸਦੀ ਮੁਸਲਮਾਨ ਹੈ, 65 ਫੀਸਦੀ ਸ਼ੀਆ ਇਸਲਾਮ ਦਾ ਪਾਲਣ ਕਰਦੇ ਹਨ ਅਤੇ ਬਾਕੀ ਲੋਕ ਸੰਪਰਦਾਇਕ ਸੁੰਨੀ ਹਨ। ਜਾਰਜੀਆ ਦਾ ਚੌਥਾ-ਪੰਜਵਾਂ ਹਿੱਸਾ ਵੀ ਵਿਸ਼ਵਾਸ ਵਲੋਂ ਆਰਥੋਡਾਕਸ (ਰੂੜੀਵਾਦੀ) ਈਸਾਈ ਹੈ।

ਸਦੀਆਂ ਤੋਂ, ਨਾਗੋਰਨੋ-ਕਾਰਾਬਾਖ ਖੇਤਰ ਨੇ ਆਰਥੋਡਾਕਸ ਈਸਾਈ ਰੂਸੀ ਸਾਮਰਾਜ, ਸੁੰਨੀ ਓਟੋਮਨ ਸਾਮਰਾਜ ਅਤੇ ਸ਼ੀਆ ਈਰਾਨੀ ਸਾਮਰਾਜ ਵਲੋਂ ਪ੍ਰਤੀਨਿਧਤਾ ਕੀਤੇ ਜਾਣ ਵਾਲੇ 3 ਪ੍ਰਮੁੱਖ ਸੱਭਿਅਕ ਤਣਾਵਾਂ ਦਰਮਿਆਨ ਇਕ ਸਰਹੱਦ ਵਜੋਂ ਕਾਰਜ ਕੀਤਾ ਹੈ। ਇਸ ਲਈ ਇਹ ਖੇਤਰ ਇਕ ਨਸਲੀ ਆਰਮੀਨੀਆਈ ਐਨਕਲੇਵ (ਖੇਤਰ/ਇਲਾਕਾ) ਹੈ ਜੋ ਸਦੀਆਂ ਤੋਂ ਵਿਵਾਦ ਦਾ ਬਿੰਦੂ ਰਿਹਾ ਹੈ।

ਇਸ ਤਰ੍ਹਾਂ, ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਵਖਰੇਵੇਂ ਦੀਆਂ ਇਤਿਹਾਸ ਵਿਚ ਡੂੰਘੀਆਂ ਜੜ੍ਹਾਂ ਹਨ। 1805 ਵਿਚ, ਇਹ ਖੇਤਰ ਕੁਰੇਕਚਾਏ ਦੀ ਸੰਧੀ ਦੀ ਸਰਪ੍ਰਸਤੀ ਹੇਠ ਨਿਰਣਾਇਕ ਤੌਰ ’ਤੇ ਰੂਸੀ ਸਾਮਰਾਜ ਦਾ ਹਿੱਸਾ ਬਣ ਗਿਆ।

ਸੋਵੀਅਤ ਯੁੱਗ ਦੇ ਦੌਰਾਨ, ਨਾਗੋਰਨੋ-ਕਾਰਾਬਾਖ ਨੂੰ ਅਧਿਕਾਰਤ ਤੌਰ 'ਤੇ ਅਜ਼ਰਬਾਈਜਾਨ ਸੋਵੀਅਤ ਸਮਾਜਵਾਦੀ ਗਣਰਾਜ ਦੇ ਅੰਦਰ ਇਕ ਖੁਦਮੁਖਤਿਆਰ ਓਬਲਾਸਟ ਵਜੋਂ ਨਾਮਜ਼ਦ ਕੀਤਾ ਗਿਆ ਸੀ, ਜਿਸ ’ਚ ਮੁੱਖ ਤੌਰ ’ਤੇ ਅਰਮੀਨੀਆਈ ਆਬਾਦੀ ਦੇ ਬਾਵਜੂਦ ਕਾਫ਼ੀ ਮਾਤਰਾ ਵਿਚ ਖੇਤਰੀ ਖੁਦਮੁਖਤਿਆਰੀ ਸੀ।

ਇਸ ਪ੍ਰਸ਼ਾਸਕੀ ਫੈਸਲੇ ਨੇ ਅਰਮੀਨੀਆਈ ਬਹੁਗਿਣਤੀ ਨੂੰ ਸਿਆਸੀ ਤੌਰ ’ਤੇ ਹਾਸ਼ੀਏ ’ਤੇ ਮਹਿਸੂਸ ਕਰਵਾ ਕੇ ਭਵਿੱਖ ਦੇ ਵਿਵਾਦ ਦੇ ਬੀਜ ਬੀਜੇ। ਹਾਲਾਂਕਿ ਤਣਾਅ ਨੂੰ ਕੁਝ ਹੱਦ ਤੱਕ ਸੋਵੀਅਤ ਸ਼ਾਸਨ ਨੇ ਘਟਾਇਆ ਸੀ ਪਰ ਉਹ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਏ।

ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ, ਜਦੋਂ ਅਰਮੀਨੀਆ ਅਤੇ ਅਜ਼ਰਬਾਈਜਾਨ ਨੇ ਆਜ਼ਾਦੀ ਦਾ ਐਲਾਨ ਕੀਤਾ, ਤਾਂ ਨਾਗੋਰਨੋ-ਕਾਰਾਬਾਖ ਦੀ ਸਥਿਤੀ ਇਕ ਵਾਰ ਫਿਰ ਵਿਵਾਦ ਦਾ ਵਿਸ਼ਾ ਬਣ ਗਈ। 1988 ਵਿਚ, ਨਾਗੋਰਨੋ-ਕਾਰਾਬਾਖ ਦੀ ਇਲਾਕਾਈ ਕੌਂਸਲ ਨੇ ਅਰਮੀਨੀਆ ਨਾਲ ਏਕਤਾ ਕਰਨ ਲਈ ਵੋਟ ਦਿੱਤੀ, ਜਿਸ ਨਾਲ ਹਿੰਸਕ ਝੜਪਾਂ ਹੋਈਆਂ ਅਤੇ ਇਕ ਪੂਰੇ ਪੈਮਾਨੇ ਦੀ ਲੜਾਈ ਹੋਈ ਜੋ 1991 ਤੋਂ 1994 ਤੱਕ ਚੱਲੀ। ਜੰਗ ਇਕ ਜੰਗਬੰਦੀ ਨਾਲ ਖਤਮ ਹੋਈ, ਜਿਸ ਨੇ ਅਰਮੀਨੀਆ ਨੂੰ ਨਾਗੋਰਨੋ-ਕਾਰਾਬਾਖ ਦੇ ਕੰਟਰੋਲ ਵਿਚ ਛੱਡ ਦਿੱਤਾ।

ਤਾਜ਼ੀਆਂ ਘਟਨਾਵਾਂ : ਸਤੰਬਰ 2023 ਵਿਚ, ਨਾਗੋਰਨੋ-ਕਾਰਾਬਾਖ ਖੇਤਰ ਵਿਚ ਵਧਦੇ ਤਣਾਅ ਨੇ ਇਕ ਵਾਰ ਫਿਰ ਠੰਢੇ ਹੋਏ ਅਰਮੀਨੀਆ-ਅਜ਼ਰਬਾਈਜਾਨ ਸੰਘਰਸ਼ ਨੂੰ ਇਕ ਨਵੇਂ ਤਬਾਹਕੁੰਨ ਪੜਾਅ ਵਿਚ ਧੱਕ ਦਿੱਤਾ। ਸੰਕਟ ਦਸੰਬਰ 2022 ਵਿਚ ਅਜ਼ਰਬਾਈਜਾਨ ਵਲੋਂ ਲਾਚਿਨ ਕੋਰੀਡੋਰ ਨੂੰ ਰੋਕਣ ਕਾਰਨ ਸ਼ੁਰੂ ਹੋਇਆ ਸੀ, ਜੋ ਕਿ ਅਰਮੀਨੀਆ ਨੂੰ ਇਸ ਇਲਾਕੇ ਨਾਲ ਜੋੜਨ ਵਾਲੀ ਇਕੋ-ਇਕ ਸੜਕ ਹੈ।

ਨਾਕਾਬੰਦੀ ਕਾਰਨ ਨਾਗੋਰਨੋ-ਕਾਰਾਬਾਖ ਵਿਚ ਜ਼ਰੂਰੀ ਸਪਲਾਈ ਦੀ ਭਾਰੀ ਕਮੀ ਹੋ ਗਈ। ਅਜ਼ਰਬਾਈਜਾਨ ਨੇ ਜ਼ਿਆਦਾ ਤੌਰ ’ਤੇ ਨਾਕਾਬੰਦੀ ਨੂੰ ਤਰਕਸੰਗਤ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਅਰਮੀਨੀਆ ’ਤੇ ਫੌਜੀ ਸਪਲਾਈ ਦੀ ਆਵਾਜਾਈ ਲਈ ਗਲਿਆਰੇ ਦੀ ਵਰਤੋਂ ਕਰਨ ਦਾ ਦੋਸ਼ ਲਾਇਆ, ਇਕ ਅਜਿਹਾ ਦਾਅਵਾ ਜਿਸ ਨੂੰ ਅਰਮੀਨੀਆ ਨੇ ਨਕਾਰ ਦਿੱਤਾ।

ਰੂਸੀ ਸ਼ਾਂਤੀ ਫੌਜੀਆਂ ਦੀ ਘਟਦੀ ਮੌਜੂਦਗੀ ਕਾਰਨ ਸਥਿਤੀ ਹੋਰ ਵੀ ਵਿਗੜ ਗਈ, ਕਿਉਂਕਿ ਮਾਸਕੋ ਦਾ ਧਿਆਨ ਯੂਕ੍ਰੇਨ ਨਾਲ ਆਪਣੇ ਸੰਘਰਸ਼ ਵੱਲ ਚਲਾ ਗਿਆ। 19 ਸਤੰਬਰ, 2023 ਨੂੰ ਸਥਿਤੀ ਇਕ ਅਹਿਮ ਮੋੜ ’ਤੇ ਪਹੁੰਚ ਗਈ, ਜਦੋਂ ਅਜ਼ਰਬਾਈਜਾਨੀ ਫੌਜ ਨੇ ਇਕ ਹਮਲਾਵਰ ਮੁਹਿੰਮ ਸ਼ੁਰੂ ਕੀਤੀ।

ਆਰਮੀਨੀਆਈ ਬਹੁਗਿਣਤੀ ਵਾਲੇ ਨਾਗੋਰਨੋ-ਕਾਰਾਬਾਖ ’ਤੇ ਅਜ਼ਰਬਾਈਜਾਨ ਦੇ ਕਬਜ਼ੇ ਨਾਲ ਇਸ ਮੁਹਿੰਮ ਦੀ ਸਮਾਪਤੀ ਹੋਈ, ਜਿਸ ਨੇ ਇਸ ਦੀ 30 ਸਾਲਾਂ ਦੀ ਅਸਲ ਆਜ਼ਾਦੀ ਨੂੰ ਖਤਮ ਕਰ ਦਿੱਤਾ ਅਤੇ ਇਕ ਹਫ਼ਤੇ ਦੇ ਅੰਦਰ 100,000 ਤੋਂ ਵੱਧ ਨਸਲੀ ਆਰਮੀਨੀਆਈ ਲੋਕਾਂ ਦੇ ਵੱਡੇ ਪੱਧਰ ’ਤੇ ਕੂਚ ਨੂੰ ਗਤੀ ਦਿੱਤੀ।

ਇਹ ਟਕਰਾਅ, ਜਿਸ ਨੂੰ ਕਦੇ ‘ਖੜੋਤ’ ਵਾਲਾ ਟਕਰਾਅ ਮੰਨਿਆ ਜਾਂਦਾ ਸੀ, ਹੁਣ ਮਹੱਤਵਪੂਰਨ ਸਥਾਨਕ, ਖੇਤਰੀ ਅਤੇ ਗਲੋਬਲ ਪ੍ਰਭਾਵਾਂ ਨਾਲ ਨਵੇਂ ਸਿਰੇ ਤੋਂ ਅੰਤਰਰਾਸ਼ਟਰੀ ਧਿਆਨ ਖਿੱਚ ਰਿਹਾ ਹੈ।

ਰੂਸ, ਜੋ ਰਵਾਇਤੀ ਤੌਰ ’ਤੇ ਖੇਤਰ ਵਿਚ ਇਕ ਸੰਤੁਲਨ ਬਣਾਈ ਰੱਖਣ ਵਾਲੀ ਸ਼ਕਤੀ ਹੈ, ਅਰਮੀਨੀਆ ਅਤੇ ਅਜ਼ਰਬਾਈਜਾਨ ਦੋਵਾਂ ਨਾਲ ਇਕ ਗੁੰਝਲਦਾਰ ਸਬੰਧ ਕਾਇਮ ਰੱਖਦਾ ਹੈ।

ਇਹ ਦੋਹਰੀ ਪਹੁੰਚ ਰੂਸ ਨੂੰ ਕਾਕੇਸ਼ਸ ਵਿਚ ਆਪਣੇ ਰਣਨੀਤਕ ਹਿੱਤਾਂ ਦੀ ਰੱਖਿਆ ਕਰਦੇ ਹੋਏ ਦੋਵਾਂ ਦੇਸ਼ਾਂ ਉੱਤੇ ਪ੍ਰਭਾਵ ਬਣਾਈ ਰੱਖਣ ਦੀ ਆਗਿਆ ਦਿੰਦੀ ਹੈ।

ਅਨੇਕ ਮੀਟਿੰਗਾਂ ਅਤੇ ਮਤਿਆਂ ਦੇ ਬਾਵਜੂਦ, ਦੋਵਾਂ ਧਿਰਾਂ ਦੇ ਅੜੀਅਲ ਰਵੱਈਏ, ਖੇਤਰੀ ਸ਼ਕਤੀਆਂ ਦੇ ਗੁੰਝਲਦਾਰ ਭੂ-ਸਿਆਸੀ ਹਿੱਤਾਂ ਅਤੇ ਅਰਮੀਨੀਆ ਅਤੇ ਅਜ਼ਰਬਾਈਜਾਨ ਦਰਮਿਆਨ ਡੂੰਘੀ ਬੇਭਰੋਸਗੀ ਕਾਰਨ ਇਕ ਸਥਾਈ ਸ਼ਾਂਤੀ ਨਹੀਂ ਹੋ ਸਕੀ ਹੈ।

ਮਨੀਸ਼ ਤਿਵਾੜੀ (ਵਕੀਲ, ਸਾਂਸਦ ਤੇ ਸਾਬਕਾ ਮੰਤਰੀ)


Rakesh

Content Editor

Related News