ਸਾਡੀ ਸੱਭਿਅਤਾ ਨਮਸਤੇ!

Friday, Mar 13, 2020 - 02:07 AM (IST)

ਸਾਡੀ ਸੱਭਿਅਤਾ ਨਮਸਤੇ!

ਸ਼੍ਰੀਕਿਸ਼ੋਰ ਸ਼ਾਹੀ

ਦੇਸ਼-ਦੁਨੀਆ ’ਚ ਵਾਪਰਨ ਵਾਲੀਆਂ ਘਟਨਾਵਾਂ ਦਾ ਅਸਰ ਸਿਨੇਮਾ ’ਤੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਪੈਂਦਾ ਹੀ ਹੈ ਅਤੇ ਜੇਕਰ ਨਹੀਂ ਪੈਂਦਾ ਹੈ ਤਾਂ ਸਮਝੋ ਮਾਮਲੇ ’ਚ ਦਮ ਨਹੀਂ ਹੈ। ਫਿਲਹਾਲ ਕੋਰੋਨਾ ’ਤੇ ਦੁਨੀਆ ’ਚ ਤਰਥੱਲੀ ਮਚੀ ਹੋਈ ਹੈ। ਚੀਨ ਤੋਂ ਨਿਕਲ ਕੇ ਕੋਰੋਨਾ ਵਾਇਰਸ ਨੇ ਹੌਲੀ-ਹੌਲੀ ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਭਾਰਤ ’ਚ ਵੀ ਦੇਰ ਨਾਲ ਹੀ ਸਹੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਦਸਤਕ ਦੇਣ ਤੋਂ ਪਹਿਲਾਂ ਹੀ ਕੁਝ ਲੋਕ ਸ਼ਹਿਰਾਂ ’ਚ ਇਥੇ-ਉਥੇ ਮੂੰਹ ’ਤੇ ਮਾਸਕ ਪਹਿਨੀ ਨਜ਼ਰ ਆ ਰਹੇ ਹਨ। ਹੁਣ ਦਸਤਕ ਦੇਣ ਤੋਂ ਬਾਅਦ ਮਾਸਕਮੈਨ ਅਤੇ ਵੁਮੈਨਾਂ ਦੀ ਗਿਣਤੀ ਵਧ ਗਈ ਹੈ। ਭੀੜ ਵਾਲੀ ਜਗ੍ਹਾ ’ਤੇ ਇਕ ਤੋਂ ਦੂਜੇ ਨੂੰ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੈ। ਫਿਲਮ ਦੇਖਣ ਲਈ ਤਾਂ ਥਿਏਟਰਸ ’ਚ ਵੱਡੀ ਗਿਣਤੀ ’ਚ ਦਰਸ਼ਕ ਜਾਂਦੇ ਹਨ। ਫਿਲਮ ਵੱਡੀ ਤਾਂ ਭੀੜ ਜ਼ਿਆਦਾ। ਹੁਣ ਜੇਮਸ ਬਾਂਡ ਤਾਂ ਇੰਟਰਨੈਸ਼ਨਲ ਬ੍ਰਾਂਡ ਹੈ। ਪੂਰੀ ਦੁਨੀਆ ’ਚ ਇਸ ਸੀਰੀਜ਼ ਦੀ ਫਿਲਮ ਦੀ ਧਮਾਕੇਦਾਰ ਸ਼ੁਰੂਆਤ ਹੁੰਦੀ ਹੈ। ਜੇਮਸ ਬਾਂਡ ਸੀਰੀਜ਼ ਦੀ ਇਕ ਫਿਲਮ ਰਿਲੀਜ਼ ਲਈ ਤਿਆਰ ਹੈ ਪਰ ਕੋਰੋਨਾ ਕ੍ਰਾਈਸਿਸ ਨੂੰ ਦੇਖਦੇ ਹੋਏ ਇਸ ਫਿਲਮ ਦੀ ਰਿਲੀਜ਼ ਨੂੰ ਅੱਗੇ ਖਿਸਕਾ ਦਿੱਤਾ ਗਿਆ ਹੈ ਤਾਂ ਇਹ ਹੈ ਕੋਰੋਨਾ ਦਾ ਹਾਲੀਵੁੱਡ ਅਸਰ। ਹੁਣ ਬਾਲੀਵੁੱਡ ’ਚ ਵੀ ਕਈ ਤਰ੍ਹਾਂ ਦੇ ਬਜ (ਚਰਚਾ) ਚਾਲੂ ਹਨ। ਦਬੰਗ ਸਟਾਰ ਸਲਮਾਨ ਖਾਨ ਦੀ ਇਕ ਫਿਲਮ ਦੀ ਸ਼ੂਟਿੰਗ ਥਾਈਲੈਂਡ ’ਚ ਹੋਣ ਵਾਲੀ ਹੈ। ਕੋਰੋਨਾ ਉਥੇ ਵੀ ਫੈਲਿਆ ਹੈ ਅਤੇ ਇਸ ਨੂੰ ਦੇਖਦੇ ਹੋਏ ਇਸ ਫਿਲਮ ਦੀ ਸ਼ੂਟਿੰਗ ਵੀ ਰੱਦ ਕਰ ਦਿੱਤੀ ਗਈ। ਇਹ ਫਿਲਮ ਹੈ ‘ਰਾਧੇ-ਯੂਅਰ ਮੋਸਟ ਵਾਂਟੇਡ ਭਾਈ’। ਇਸ ਫਿਲਮ ਦਾ ਇਕ ਸ਼ਡਿਊਲ ਥਾਈਲੈਂਡ ’ਚ ਸ਼ੂਟ ਹੋਣਾ ਸੀ। ਹੁਣ ਬਾਲੀਵੁੱਡ ਦੇ ਗਲਿਆਰਿਆਂ ’ਚ ਅਜਿਹੀ ਖਬਰ ਆ ਰਹੀ ਹੈ ਕਿ ਕੋਰੋਨਾ ਵਾਇਰਸ ਕਾਰਣ ਇਸ ਫਿਲਮ ਦੇ ਥਾਈਲੈਂਡ ਦਾ ਸ਼ਡਿਊਲ ਕੈਂਸਲ ਕਰ ਦਿੱਤਾ ਗਿਆ ਹੈ। ਸਲਮਾਨ ਖਾਨ ਅਤੇ ਫਿਲਮ ਦੀ ਟੀਮ ਨੇ ਵਿਦੇਸ਼ ’ਚ ਸ਼ੂਟ ਕਰਨ ਦਾ ਕੋਈ ਰਿਸਕ ਨਹੀਂ ਲਿਆ ਅਤੇ ਥਾਈਲੈਂਡ ’ਚ ਸ਼ੂਟ ਹੋਣ ਵਾਲੀ ਸੀਕਵੈਂਸ ਦੀ ਸ਼ੂਟਿੰਗ ਮੁੰਬਈ ’ਚ ਹੀ ਕੀਤੀ ਜਾਏਗੀ। ਫਿਲਮ ਦੇ ਡਾਇਰੈਕਟਰ ਪ੍ਰਭੂਦੇਵਾ ਅਤੇ ਟੀਮ ਮੁੰਬਈ ’ਚ ਫਿਮਲ ਦੀ ਸ਼ੂਟਿੰਗ ਜਾਰੀ ਰੱਖਣਗੇ। ਹਾਲਾਂਕਿ ਇਸ ਨਾਲ ਫਿਲਮ ਦੀ ਕਹਾਣੀ ’ਤੇ ਕੋਈ ਫਰਕ ਨਹੀਂ ਪਏਗਾ ਪਰ ਪਰਦੇ ’ਤੇ ਜੋ ਦ੍ਰਿਸ਼ ਉਭਰਨਗੇ, ਉਥੇ ਜ਼ਰੂਰ ਫਰਕ ਪਏਗਾ। ਇਸ ਤੋਂ ਪਹਿਲਾਂ ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਸ਼ਰਟਲੈੱਸ ਤਸਵੀਰ ਸ਼ੇਅਰ ਕੀਤੀ। ਇਸ ਨਾਲ ਉਨ੍ਹਾਂ ਨੇ ਲਿਖਿਆ, ‘‘ਨਮਸਕਾਰ... ਸਾਡੀ ਸੱਭਿਅਤਾ ’ਚ ਨਮਸਤੇ ਅਤੇ ਸਲਾਮ ਹੈ। ਜਦੋਂ ਕੋਰੋਨਾ ਵਾਇਰਸ ਖਤਮ ਹੋ ਜਾਵੇ ਉਦੋਂ ਹੱਥ ਮਿਲਾਓ ਅਤੇ ਗਲੇ ਲੱਗੋ’’। ਦੱਸ ਦੇਈਏ ਕਿ ਅਨੁਪਮ ਖੇਰ ਵੀ ਕੋਰੋਨਾ ਵਾਇਰਸ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਕਹਿ ਚੁੱਕੇ ਹਨ ਕਿ ਸਾਨੂੰ ਭਾਰਤੀ ਸੱਭਿਅਤਾ ਅਨੁਸਾਰ ਨਮਸਤੇ ਕਰਨਾ ਚਾਹੀਦਾ। ਰਾਧੇ ’ਚ ਸਲਮਾਨ ਖਾਨ ਤੋਂ ਇਲਾਵਾ ਦਿਸ਼ਾ ਪਾਟਨੀ, ਜੈਕੀ ਸ਼ਰਾਫ ਅਤੇ ਰਣਦੀਪ ਹੁੱਡਾ ਅਹਿਮ ਭੂਮਿਕਾ ’ਚ ਹਨ। ਇਹ ਫਿਲਮ ਇਸੇ ਸਾਲ ਈਦ ’ਤੇ ਰਿਲੀਜ਼ ਹੋਵੇਗੀ। ਉਮੀਦ ਹੈ ਕਿ ਉਦੋਂ ਤਕ ਕੋਰੋਨਾ ਕ੍ਰਾਈਸਿਸ ਖਤਮ ਹੋ ਜਾਏਗਾ। ਸਲਮਾਨ ਖਾਨ ਦੀ ਇਹ ਫਿਲਮ ਅਕਸ਼ੈ ਕੁਮਾਰ ਦੀ ਫਿਲਮ ‘ਲਕਸ਼ਮੀ ਬਮ’ ਤੋਂ ਬਾਕਸ ਆਫਿਸ ’ਤੇ ਟਕਰਾਏਗੀ।

ਹਾਲੀਵੁੱਡ ਅਤੇ ਬਾਲੀਵੁੱਡ ਤਾਂ ਹੋ ਗਿਅਾ। ਕੀ ਤੁਹਾਨੂੰ ਪਤਾ ਹੈ ਕਿ ਇਕ ਹੋਰ ਵੀ ਵੁੱਡ ਹੈ ਅਤੇ ਇਹ ਭੋਜੀਵੁੱਡ। ਇਹ ਲੋਕ ਭੋਜਪੁਰੀ ਵਿਚ ਗੀਤ ਗਾਉਂਦੇ ਅਤੇ ਫਿਲਮਾਂ ਬਣਾਉਂਦੇ ਹਨ। ਅਸ਼ਲੀਲ ਅਤੇ ਉੂਟ-ਪਟਾਂਗ ਫਿਲਮਾਂ ਬਣਾਉਣ ਵਾਲੀ ਇਹ ਫਿਲਮ ਇੰਡਸਟਰੀ ਫਿਲਹਾਲ ਇਨਫੈਕਸ਼ਨ ਕਾਲ ਵਿਚੋਂ ਲੰਘ ਰਹੀ ਹੈ। ਪਿਛਲੇ ਕੁੱਝ ਮਹੀਨੇ ਜਾਂ ਫਿਰ ਇੰਝ ਕਹੋ ਕਿ ਵਰ੍ਹਿਆਂ ਤੋਂ ਫਿਲਮਾਂ ਫਲਾਪ ਹੋ ਰਹੀਆਂ ਹਨ ਅਤੇ ਗਾਣੇ ਚਾਰੇ ਖਾਨੇ ਚਿੱਤ। ਅਜਿਹੇ ’ਚ ਇਸ ਇੰਡਸਟਰੀ ਦੇ ਬੇਸ਼ਰਮ ਸਿਤਾਰੇ ਬੜੀ ਆਸ ਨਾਲ ਕੋਰੋਨਾ ਵਾਇਰਸ ਵੱਲ ਦੇਖ ਰਹੇ ਹਨ। ਇਸ ਇੰਡਸਟਰੀ ’ਚ ਬੇਸ਼ਰਮ ਟਾਈਪ ਦੇ ਸਿੰਗਰਜ਼ ਦੀ ਭਰਮਾਰ ਹੈ। ਇਨ੍ਹਾਂ ਨੇ ਕੋਰੋਨਾ ਦੇ ਬਹਾਨੇ ਦੋ ਅਰਥੀ ਅਤੇ ਅਸ਼ਲੀਲ ਗਾਣਿਆਂ ਦੀ ਲਾਈਨ ਲਗਾ ਦਿੱਤੀ ਹੈ। ਕੁਝ ਗਾਣਿਆਂ ਦੇ ਬੋਲ ਤਾਂ ਅਜਿਹੇ ਹਨ ਕਿ ਉਨ੍ਹਾਂ ਨੂੰ ਇਥੇ ਲਿਖਿਆ ਨਹੀਂ ਜਾ ਸਕਦਾ। ਹੈਰਾਨੀ ਦੀ ਗੱਲ ਹੈ ਕਿ 20 ਕਰੋੜ ਦੀ ਆਬਾਦੀ ਵਾਲੀ ਭੋਜਪੁਰੀ ਦੀ ਮਿੱਟੀ ’ਚੋਂ ਕਿਤੇ ਕੋਈ ਆਵਾਜ਼ ਨਹੀਂ ਨਿਕਲਦੀ। ਕਿਤੇ ਕੋਈ ਵਿਰੋਧ ਨਹੀਂ ਹੁੰਦਾ, ਕੋਈ ਲਾਹਨਤ-ਮਲਾਨਤ ਨਹੀਂ ਹੁੰਦੀ। ਅਜਿਹੇ ਅਸ਼ਲੀਲ ਗੀਤਾਂ ’ਤੇ ਕੰਟਰੋਲ ਲਈ ਕੋਈ ਨਿਯਮ-ਕਾਨੂੰਨ ਨਹੀਂ ਹੈ , ਅਜਿਹੇ ਗੀਤਾਂ ਨੂੰ ਰਚਣ ਵਾਲੇ ਸਮਾਜ ਲਈ ਖੁਦ ਕਿਸੇ ਕੋਰੋਨਾ ਵਾਇਰਸ ਤੋਂ ਘੱਟ ਨਹੀਂ ਹਨ। ਸ਼ਬਦਾਂ ’ਤੇ ਆਵਾਜ਼ ਰਾਹੀਂ ਪ੍ਰਦੂਸ਼ਣ ਫੈਲਾਉਣ ਵਾਲੇ ਇਨ੍ਹਾਂ ਸਿਤਾਰਿਆਂ ਦੀ ਅਸਲ ਥਾਂ ਸੀਖਾਂ ਦੇ ਪਿੱਛੇ ਦੀ ਹੈ। ਬਸ ਉਡੀਕ ਹੈ ਅਸ਼ਲੀਲਤਾ ਦੇ ਅਾਸਮਾਨ ’ਚ ਛੇਕ ਕਰਨ ਲਈ ਜ਼ਮੀਰ ’ਚੋਂ ਪੱਥਰ ਮਾਰਨ ਵਾਲੇ ਕਿਸੇ ਸੂਰਬੀਰ ਦੀ।


author

Bharat Thapa

Content Editor

Related News