ਰੂੜੀਵਾਦੀ ਸਕੂਲ ਸਿੱਖਿਆ ਪ੍ਰਣਾਲੀ ਤੋਂ ਮੁਕਤੀ ਜ਼ਰੂਰੀ ਹੈ

Sunday, Oct 27, 2024 - 05:12 PM (IST)

ਰੂੜੀਵਾਦੀ ਸਕੂਲ ਸਿੱਖਿਆ ਪ੍ਰਣਾਲੀ ਤੋਂ ਮੁਕਤੀ ਜ਼ਰੂਰੀ ਹੈ

ਤਾਜ਼ਾ ਖਬਰਾਂ ਕਹਿੰਦੀਆਂ ਹਨ ਕਿ ਦਿੱਲੀ ਦੇ ਸਿੱਖਿਆ ਨਿਰਦੇਸ਼ਾਲਾ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ 10 ‘ਬਸਤਾ ਮੁਕਤ ਦਿਵਸ’ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਧਾਰਿਤ ਦਿਨਾਂ ’ਚ ਬੱਚਿਆਂ ਨੂੰ ਬਿਨਾਂ ਬੈਗ ਦੇ ਸਕੂਲ ਆਉਣਾ ਹੋਵੇਗਾ। ਸਿੱਖਿਆ ਨਿਰਦੇਸ਼ਾਲਾ ਨੇ ਇਕ ਸਰਕੂਲਰ ’ਚ ਸਾਰੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 6 ਤੋਂ 8 ਜਮਾਤ ਤਕ ਦੇ ਵਿਦਿਆਰਥੀਆਂ ਲਈ ਸਕੂਲਾਂ ’ਚ ਬਸਤਾ ਮੁਕਤ 10 ਦਿਨ ਲਾਗੂ ਕਰਨ।

ਸਰਕੂਲਰ ’ਚ ਕਿਹਾ ਗਿਆ ਹੈ ਕਿ ਇਹ ਦਿਸ਼ਾ-ਨਿਰਦੇਸ਼ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨ. ਸੀ. ਈ. ਆਰ. ਟੀ.) ਵਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਸਿਫਾਰਿਸ਼ ਦੇ ਅਨੁਸਾਰ ਨਿਰਧਾਰਿਤ ਕੀਤੇ ਗਏ ਹਨ ਅਤੇ ਇਨ੍ਹਾਂ ਦਾ ਮਕਸਦ ‘ਸਕੂਲ ’ਚ ਵਿਦਿਆਰਥੀਆਂ ਦੇ ਸਿੱਖਣ ਨੂੰ ਇਕ ਅਨੰਦਮਈ ਅਤੇ ਤਣਾਅਮੁਕਤ ਅਨੁਭਵ ਦਾ ਮਾਹੌਲ ਤਿਆਰ ਕਰਨਾ ਹੈ।’

ਭਾਰੀ ਸਕੂਲ ਬੈਗ ਵਿਦਿਆਰਥੀਆਂ ਦੀ ਸਿਹਤ ਲਈ ਇਕ ਗੰਭੀਰ ਖਤਰਾ ਹੈ। ਵਧਦੇ ਬੱਚਿਆਂ ’ਤੇ ਇਸ ਦਾ ਗੰਭੀਰ, ਉਲਟ ਸਰੀਰਕ ਅਸਰ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਅਤੇ ਗੋਡਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਇਸ ਨਾਲ ਉਨ੍ਹਾਂ ’ਚ ਚਿੰਤਾ ਵੀ ਪੈਦਾ ਹੁੰਦੀ ਹੈ। ਇਸ ਦੇ ਇਲਾਵਾ. ਬਹੁਮੰਜ਼ਿਲਾ ਇਮਾਰਤਾਂ ’ਚ ਚੱਲਣ ਵਾਲੇ ਸਕੂਲਾਂ ’ਚ ਵਿਦਿਆਰਥੀਆਂ ਨੂੰ ਭਾਰੀ ਸਕੂਲ ਬੈਗ ਨਾਲ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ, ਜਿਸ ਨਾਲ ਸਾਹ ਚੜ੍ਹਨ ਦੀ ਸਮੱਸਿਆ ਅਤੇ ਸਿਹਤ ਸਬੰਧੀ ਨਤੀਜੇ ਹੋਰ ਵੀ ਵੱਧ ਜਾਂਦੇ ਹਨ।

ਇਹ ਭਾਰੀ ਬੋਝ ਇਸ ਲਈ ਵੀ ਹੈ ਕਿਉਂਕਿ ਬੱਚੇ ਹਰ ਦਿਨ ਕਲਾਸ ’ਚ ਪਾਠ-ਪੁਸਤਕਾਂ, ਗਾਈਡ, ਘਰ ਦੇ ਕੰਮ ਦੀਆਂ ਕਾਪੀਆਂ, ਰਫ ਕੰਮ ਦੀਆਂ ਕਾਪੀਆਂ ਆਦਿ ਲਿਆਉਂਦੇ ਹਨ। ਇਸ ਲਈ ਸਕੂਲਾਂ ’ਚ ਕੀ ਲਿਆਉਣਾ ਹੈ, ਇਸ ਬਾਰੇ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਦੀ ਲੋੜ ਹੈ।

ਤੇਲੰਗਾਨਾ ਦੇ ਕੁਝ ਜ਼ਿਲਿਆਂ ’ਚ ਅੰਦਾਜ਼ਨ ਸਕੂਲ ਬੈਗ ਦਾ ਭਾਰ ਪ੍ਰਾਇਮਰੀ ਪੱਧਰ ’ਤੇ ਲਗਭਗ 6 ਤੋਂ 12 ਕਿਲੋਗ੍ਰਾਮ ਅਤੇ ਹਾਈ ਸਕੂਲ ਪੱਧਰ ’ਤੇ 12 ਤੋਂ 17 ਕਿਲੋਗ੍ਰਾਮ ਹੈ। ਫਿਨਲੈਂਡ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਦੀ ਸਕੂਲ ਸਿੱਖਿਆ ’ਚ ਅਜਿਹਾ ਕੁਝ ਵੀ ਨਹੀਂ ਹੈ ਅਤੇ ਇਹ ਵੀ ਸੱਚ ਹੈ ਕਿ ਸਾਡੀ ਪ੍ਰਾਚੀਨ ਸਿੱਖਿਆ ਪ੍ਰਣਾਲੀ ’ਚ ਵੀ ਭਾਰੀ ਬੈਗ ਨਹੀਂ ਹੁੰਦੇ ਸਨ।

ਕੁਝ ਸਮਾਂ ਪਹਿਲਾਂ ਕੇਂਦਰੀ ਸਿੱਖਿਆ ਮੰਤਰਾਲਾ ਵਲੋਂ ਜਾਰੀ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ, ਪਹਿਲੀ ਤੋਂ 12ਵੀਂ ਜਮਾਤ ਤਕ ਲਈ ਹੋਮਵਰਕ ਅਤੇ ਸਕੂਲੀ ਬਸਤਿਆਂ ਨੂੰ ਲੈੈ ਕੇ ਤਾਜ਼ਾ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ। ਇਸ ਨੂੰ ਸਾਰੀਆਂ ਸੂਬਾ ਸਰਕਾਰਾਂ ਨਾਲ ਸਾਂਝਾ ਕੀਤਾ ਗਿਆ ਅਤੇ ਨਾਲ ਹੀ ਇਕ ਸਰਕੂਲਰ ਜਾਰੀ ਕਰ ਕੇ, ਉਨ੍ਹਾਂ ਨੂੰ ਇਸ ਨੂੰ ਲਾਗੂ ਕਰਨ ਲਈ ਕਿਹਾ ਗਿਆ ਸੀ ਪਰ ਇਸ ਦੇ ਖਾਸ ਨਤੀਜੇ ਨਹੀਂ ਨਿਕਲੇ।

ਇਸ ਗੱਲ ’ਚ ਕੋਈ ਦੋ-ਰਾਇ ਨਹੀਂ ਕਿ ਵਿਦਿਆਰਥੀਆਂ ਲਈ ਭਾਰੀ ਸਕੂਲ ਬੈਗ ਇਕ ਵੱਡੀ ਦਿੱਕਤ ਹੈ। ਕੁਝ ਸਮਾਂ ਪਹਿਲਾਂ ਇਕ ਰਾਸ਼ਟਰੀ ਸੰਗਠਨ ਵਲੋਂ ਦਿੱਲੀ, ਕੋਲਕਾਤਾ, ਚੇਨਈ, ਬੈਂਗਲੁਰੂ, ਮੁੰਬਈ ਅਤੇ ਹੈਦਰਾਬਾਦ ਸਮੇਤ 10 ਵੱਡੇ ਸ਼ਹਿਰਾਂ ’ਚ 2000 ਤੋਂ ਵੱਧ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ’ਤੇ ਮਾਰਚ-ਅਪ੍ਰੈਲ ਦੌਰਾਨ ਇਕ ਸਰਵੇ ਕੀਤਾ ਗਿਆ ਸੀ।

ਇਸ ’ਚ ਦੇਖਿਆ ਗਿਆ ਕਿ 12 ਸਾਲ ਤੋਂ ਘੱਟ ਉਮਰ ਦੇ ਲਗਭਗ 1500 ਬੱਚੇ ਠੀਕ ਢੰਗ ਨਾਲ ਨਹੀਂ ਬੈਠ ਸਕਦੇ ਅਤੇ ਉਨ੍ਹਾਂ ’ਚ ਆਰਥੋਪੈਡਿਕ ਸਮੱਸਿਆਵਾਂ ਹੁੰਦੀਆਂ ਹਨ। ਵਧੇਰੇ ਮਾਪਿਆਂ ਨੇ ਸ਼ਿਕਾਇਤ ਕੀਤੀ ਕਿ ਇਕ ਦਿਨ ’ਚ 7 ਤੋਂ 8 ਪੀਰੀਅਡ ਲੱਗਦੇ ਹਨ ਅਤੇ ਹਰ ਸਬਜੈਕਟ ’ਚ ਘੱਟੋ-ਘੱਟ ਤਿੰਨ ਕਿਤਾਬਾਂ (ਟੈਕਸਟ ਬੁੱਕ, ਨੋਟਬੁੱਕ, ਵਰਕ ਬੁੱਕ) ਹੁੰਦੀਆਂ ਹਨ। ਇਸ ਦੇ ਇਲਾਵਾ ਬੱਚੇ ਸਪੋਰਟਸ ਕਿੱਟ, ਸਵਿਮ ਬੈਗ, ਕ੍ਰਿਕਟ ਕਿੱਟ ਵਗੈਰਾ ਵੀ ਲੈ ਕੇ ਜਾਂਦੇ ਹਨ।

5 ਤੋਂ 12 ਸਾਲ ਦੀ ਉਮਰ ਦੇ ਦਰਮਿਆਨ ਸਕੂਲੀ ਬੱਚੇ ਆਪਣੇ ਬੈਗ ’ਚ ਕਾਫੀ ਵੱਧ ਭਾਰ ਉਠਾਉਂਦੇ ਹਨ, ਜਿਸ ਕਾਰਨ ਬੱਚਿਆਂ ’ਚ ਪਿੱਠ ਦਰਦ ਅਤੇ ਤਣਾਅ ਦਾ ਖਤਰਾ ਵੱਧ ਹੁੰਦਾ ਹੈ। ਸਰਵੇ ’ਚ ਕਿਹਾ ਗਿਆ ਹੈ, ‘‘ਲਗਭਗ 82 ਫੀਸਦੀ ਬੱਚੇ ਆਪਣੀ ਪਿੱਠ ’ਤੇ ਆਪਣੇ ਭਾਰ ਦਾ ਲਗਭਗ 35 ਫੀਸਦੀ ਭਾਰ ਢੋਂਹਦੇ ਹਨ।

ਭਾਰੀ ਸਕੂਲ ਬੈਗ ਕਾਰਨ ਬੱਚਿਆਂ ’ਚ ਪਿੱਠ ਦਰਦ ਦੀ ਸਮੱਸਿਆ ਵਧ ਜਾਂਦੀ ਹੈ ਜੋ ਅਕਸਰ ਉਮਰ ਦੇ ਨਾਲ -ਨਾਲ ਹੋਰ ਵਧਦੀ ਚਲੀ ਜਾਂਦੀ ਹੈ। ਭਾਰੀ ਸਕੂਲ ਬੈਗ ਤੋਂ ਮੁਕਤੀ ਰਾਸ਼ਟਰੀ ਸਿੱਖਿਆ ਨੀਤੀ ਅਧੀਨ ਭਾਰਤੀ ਸਕੂਲ ਸਿੱਖਿਆ ’ਚ ਸੁਧਾਰ ਲਈ ਚੰਗਾ ਯਤਨ ਹੈ। ਬਸ਼ਰਤੇ ਇਸ ਨੂੰ ਲਾਗੂ ਕਰਨ ’ਚ ਸਕੂਲ ਚਲਾਉਣ ਵਾਲਿਆਂ ਅਤੇ ਸਿੱਖਿਆ ਪ੍ਰਸ਼ਾਸਨ ਦੇ ਇਰਾਦੇ ਸਾਫ ਰਹਿਣ।

ਦੇਸ਼ ਦੇ ਸਾਰੇ ਸੂਬਿਆਂ ਨੂੰ ਸਕੂਲ ਜਾਣ ਵਾਲੇ ਨੰਨ੍ਹੇ-ਮੁੰਨਿਆਂ ਅਤੇ ਹੋਰ ਵਿਦਿਆਰਥੀਆਂ ਨੂੰ ਤਣਾਅਮੁਕਤ ਸਿੱਖਿਆ ਲਈ ਲੋੜੀਂਦਾ ਅਕਾਦਮਿਕ ਮਾਹੌਲ ਮੁਹੱਈਆ ਕਰਨਾ ਹੋਵੇਗਾ। ਇਸ ਨਾਲ ਸਕੂਲ ਸਿੱਖਿਆ ’ਚ ਹਾਜ਼ਰੀ ਵਧੀਆ ਹੋਵੇਗੀ ਕਿਉਂਕਿ ਸਾਡੇ ਕੋਲ ਇਕ ਰੂੜੀਵਾਦੀ ਸਿੱਖਿਆ ਪ੍ਰਣਾਲੀ ਹੈ ਜੋ ਮੂਲ ਤੌਰ ’ਤੇ ਗੁਣਵੱਤਾ ਦੀ ਬਜਾਏ ਮਾਤਰਾ ’ਤੇ ਧਿਆਨ ਕੇਂਦ੍ਰਿਤ ਕਰਦੀ ਹੈ।

ਅੱਜ ਛੋਟੇ-ਛੋਟੇ ਬੱਚਿਆਂ ਦੇ ਭਾਰੀ-ਭਾਰੀ ਸਕੂਲ ਬੈਗ ਨਾਲ ਨਾ ਸਿਰਫ ਬੱਚਿਆਂ ਦੀ ਸਿਹਤ ’ਤੇ ਉਲਟ ਅਸਰ ਪੈ ਰਿਹਾ ਹੈ ਸਗੋਂ ਉਹ ਪੜ੍ਹਾਈ ’ਚ ਧਿਆਨ ਨਹੀਂ ਲਗਾ ਪਾਉਂਦੇ, ਇਸ ਭਾਰੀ ਬੈਗ ਤੋਂ ਵਿਦਿਆਰਥੀਆਂ ਨੂੰ ਮੁਕਤ ਕਰਨ ਲਈ ਗੈਰ-ਜ਼ਰੂਰੀ ਸਿਲੇਬਸ ਅਤੇ ਵਿਸ਼ਿਆਂ ਦੀ ਹਰ ਕਲਾਸ ਦੇ ਹਰ ਪੱਧਰ ’ਤੇ ਪਛਾਣ ਜ਼ਰੂਰੀ ਹੈ ਇਸ ਦੇ ਲਈ ਸਾਰੇ ਸੂਬਿਆਂ ’ਚ ਸਿਲੇਬਸ ਬਣਾਉਣ ਵਾਲੀ ਰੈਗੂਲੇਟਰੀ ਬਾਡੀ ਅੱਗੇ ਆਵੇ ਤਾਂ ਚੰਗਾ ਹੋਵੇਗਾ।

ਡਾ. ਵਰਿੰਦਰ ਭਾਟੀਆ


author

Rakesh

Content Editor

Related News