ਵਾਤਾਵਰਨ ਦਿਵਸ

05/19/2017 4:35:10 PM

ਜੇਕਰ ਸਾਡੇ ਗੁਰੂ ਸਾਹਿਬ ਕੁਦਰਤ ਦੀ ਇੰਨੀ ਕਦਰ ਦਰਸਾਉਂਦੇ ਹਨ ਤਾਂ ਅੱਜ ਸਾਨੂੰ ਵੀ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਉਨ੍ਹਾਂ ਦੇ ਉਪਦੇਸ਼ ਨੂੰ ਸਮਝੀਏ ਅਤੇ ਕੁਦਰਤ ਪ੍ਰਤੀ ਆਪਣਾ ਫਰਜ਼ ਅਦਾ ਕਰੀਏ।ਕੁਦਰਤ ਤੋਂ ਹੀ ਕਾਦਰ ਤੱਕ ਦਾ ਸਫਰ ਤਹਿ ਕੀਤਾ ਜਾ ਸਕਦਾ ਹੈ।ਇਸ ਦੁਨੀਆ 'ਚ ਸੇਵਾ ਕਰਕੇ ਹੀ ਦਰਗਾਹ ਦੇ ਰਸਤੇ ਖੁੱਲ੍ਹਦੇ ਹਨ।

ਗੁਰਬਾਣੀ ਦੇ ਉਪਦੇਸ਼ ਪੜ੍ਹਨ ਤੋਂ ਉਪਰੋਕਤ ਗੱਲਾਂ ਨੂੰ ਸਮਝਿਆ ਜਾ ਸਕਦਾ ਹੈ।ਪ੍ਰਮਾਤਮਾ ਦੀ ਅਸਲ ਆਰਤੀ ਤਾਂ ਕੁਦਰਤ ਹੀ ਕਰਦੀ ਹੈ।ਜੇਕਰ ਅਸੀਂ ਕੁਦਰਤ ਦੀ ਸੇਵਾ ਕਰਦੇ ਹਾਂ ਤਾਂ ਪ੍ਰਮਾਤਮਾ ਵੀ ਸਾਡੇ ਤੇ ਖੁਸ਼ ਹੁੰਦਾ ਹੈ।
                          ਅੱਜ ਵਾਤਾਵਰਨ ਦਿਵਸ 'ਤੇ ਜਰੂਰਤ ਹੈ ਕਿ ਅਸੀਂ ਇਸ ਬਾਰੇ ਜਾਗਰੂਕ ਹੋਈਏ ਅਤੇ ਦੂਸਰਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਈਏ।ਕਿਉਂਕਿ ਵਾਤਾਵਰਨ ਨੂੰ ਸਵੱਛ ਰੱਖਣਾ ਥੋੜ੍ਹੇ ਜਿਹੇ ਵਿਅਕਤੀਆਂ ਦਾ ਕਾਰਜ ਨਹੀਂ ਹੈ।ਇਸ ਲਈ ਤਾਂ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ।ਜੇਕਰ ਕੁਝ ਵਿਅਕਤੀ ਤਾਂ ਇਸ ਬਾਰੇ ਕੰਮ ਕਰਦੇ ਰਹਿਣਗੇ ਪਰ ਦੂਸਰੇ ਵਿਅਕਤੀ ਇਸ ਬਾਰੇ ਸੁਚੇਤ ਨਹੀਂ ਹੋਣਗੇ ਤਾਂ ਵੀ ਅਸੀਂ ਇਸ ਕਾਰਜ ਨੂੰ ਕਰਨ 'ਚ, ਕਦੇ ਸਫਲ ਨਹੀਂ ਹੋਵਾਂਗੇ।
ਕਿਉਂਕਿ ਇਸ ਦਾ ਜ਼ਿੰਮੇਵਾਰ ਕੋਈ ਵੀ ਹੋਵੇ, ਪਰ ਇਸ ਦਾ ਨਤੀਜਾ ਹਰ ਇਕ ਨੂੰ ਭੁਗਤਣਾ ਪੈਂਦਾ ਹੈ।ਇਸੇ ਗੱਲ ਨੂੰ ਮੁੱਖ ਰੱਖ ਕੇ ਕੁਦਰਤੀ ਵਾਤਾਵਰਨ ਨੂੰ ਬਚਾਉਣ ਲਈ ਹੀ ਸੰਯੁਕਤ ਰਾਸ਼ਟਰ ਨੇ ਵਾਤਾਵਰਨ ਨੂੰ ਸਮਰਪਿਤ ਅਜਿਹੇ ਦਿਨ ਨੂੰ ਮਨਾਉਣ ਦਾ ਨਿਰਣਾ ਕੀਤਾ, ਜਿਸ ਦਿਨ ਵਾਤਾਵਰਨ ਦੀ ਮਹਤੱਤਾ ਅਤੇ ਇਸਨੂੰ ਬਚਾਉਣ ਲਈ ਜਰੂਰੀ ਸਮੱਸਿਆ ਨੂੰ ਲੈ ਕੇ ਸੰਨ 1972 'ਚ ਸੰਯੁਕਤ ਰਾਸ਼ਟਰ ਸੰਘ ਨੇ ਸਵੀਡਨ 'ਚ ਵਿਸ਼ਵ ਭਰ ਦੇ ਦੇਸ਼ਾਂ ਲਈ ਪਹਿਲਾ ਵਾਤਾਵਰਨ ਸੰਮੇਲਨ ਆਯੋਜਿਤ ਕੀਤਾ, ਜਿਸ 'ਚ 119 ਦੇਸ਼ਾਂ ਨੇ ਭਾਗ ਲਿਆ ਅਤੇ ਪਹਿਲੀ ਵਾਰ ਇਕ ਹੀ ਪ੍ਰਿਥਵੀ ਦਾ ਸਿਧਾਂਤ ਬਣਾਇਆ ਗਿਆ।ਇਸ ਸੰਮੇਲਨ ਤੋਂ ਹੀ ਸੰਯੁਕਤ ਰਾਸ਼ਟਰ ਵਾਤਾਵਰਨ ਦਾ ਜਨਮ ਹੋਇਆ ਅਤੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਮਨਾਉਣ ਦਾ ਮਕਸਦ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
            ਵਿਸ਼ਵ ਵਾਤਾਵਰਨ ਦਿਵਸ ਉਪੱਰ ਹਰ ਸਾਲ ਇਕ ਨਵਾਂ ਥੀਮ ਦਿੱਤਾ ਜਾਂਦਾ ਹੈ।ਜੇਕਰ ਪਿਛਲੇ ਪੰਜ ਸਾਲਾਂ ਤੋਂ ਦੇਖਿਆ ਜਾਵੇ ਤਾਂ ਸਾਲ '2011' ਦਾ ਥੀਮ ਸੀ, 'ਜੰਗਲ ਕੁਦਰਤ ਤੁਹਾਡੀ', ਸਾਲ '2012' ਦਾ ਥੀਮ ਸੀ, 'ਹਰੀ ਅਰਥ ਵਿਵਸਥਾ', ਸਾਲ '2013' ਦਾ ਥੀਮ ਸੀ, 'ਸੋਚੋ ਖਾਓ, ਬਚਾਓ',  ਸਾਲ '2014' ਦਾ ਥੀਮ 'ਛੋਟੇ ਦੀਪ ਵਿਕਸਿਤ ਰਾਜ ਹੁੰਦੇ ਹਨ',  ਸਾਲ '2015' ਦਾ ਥੀਮ , 'ਇਕ ਵਿਸ਼ਵ, ਇਕ ਵਾਤਾਵਰਨ', ਸਾਲ '2016' ਦਾ ਥੀਮ, ' ਦੁਨੀਆ ਨੂੰ ਇਕ ਬਿਹਤਰ ਜਗ੍ਹਾ ਬਣਾਉਣ ਲਈ ਦੌੜ 'ਚ ਸ਼ਾਮਿਲ ਹੋਵੋ' ਅਤੇ ਸਾਲ '2017' ਦਾ ਥੀਮ ਹੈ, ਵਿਅਕਤੀਆਂ ਨੂੰ ਵਾਤਾਵਰਨ ਨਾਲ ਜੋੜਨਾ ।ਵਾਤਾਵਰਨ ਨਾਲ ਜੁੜਨ ਅਤੇ ਜੋੜਨ ਲਈ ਸਾਨੂੰ ਵਾਤਾਵਰਨ ਨੂੰ ਸਮਝਣਾ ਹੋਵੇਗਾ।
           ਵਾਤਾਵਰਨ ਨੂੰ ਅਸੀਂ ਮੁੱਖ ਤੌਰ ਤੇ ਤਿੰਨ ਹਿੱਸਿਆਂ 'ਚ ਦੇਖਦੇ ਹਾਂ:-1. ਭੌਤਿਕ ਵਾਤਾਵਰਨ 2. ਜੈਵਿਕ ਵਾਤਾਵਰਨ ਅਤੇ 3. ਸਮਾਜਿਕ ਵਾਤਾਵਰਨ ।ਭੌਤਿਕ ਵਾਤਾਵਰਨ 'ਚ ਵਾਯੂ ਮੰਡਲ, ਜਲ ਮੰਡਲ ਅਤੇ ਥਲ ਮੰਡਲ ਆਉਂਦੇ ਹਨ।ਜੈਵਿਕ ਵਾਤਾਵਰਨ 'ਚ ਸਾਰੇ ਜੀਵ ਸ਼ਾਮਿਲ ਹਨ।ਜੇਕਰ ਅਸੀਂ ਇਨ੍ਹਾਂ ਤਿੰਨੋਂ ਤਰ੍ਹਾਂ ਦੇ ਵਾਤਾਵਰਨ ਵੱਲ ਨਜ਼ਰ ਮਾਰੀਏ ਤਾਂ ਦਿਨੋਂ ਦਿਨ ਨਿਘਾਰ ਆ ਰਿਹਾ ਹੈ।ਭਾਵੇਂ ਕਿ ਸਾਇੰਸ ਨੇ ਮਨੁੱਖ ਦੇ ਜੀਵਨ ਨੂੰ ਅਸਾਨ ਤਾਂ ਬਣਾਇਆ ਹੈ ਪਰ ਇਸ ਨਾਲ ਕੁਦਰਤੀ ਸਾਧਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।
         ਪਰ ਸੱਚ ਇਹ ਵੀ ਹੈ, ਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ, ਜਿਵੇਂ-ਜਿਵੇਂ ਸਾਇੰਸ ਨੇ ਤਰੱਕੀ ਕੀਤੀ ਹੈ, ਇਸ ਪਰਿਵਤਨ ਦੇ ਫਾਇਦੇ ਅਤੇ ਨੁਕਸਾਨ ਦੋਨੋਂ ਹੀ ਹੋਏ ਹਨ ।ਸਮੇਂ ਦੇ ਨਾਲ-ਨਾਲ ਆਵਾਜਾਈ ਦੇ ਸਾਧਨ ਵਧੇ ਅਤੇ ਇਮਾਰਤਾਂ ਦੀ ਉਸਾਰੀ ਹੋਈ।ਵਸਤਾਂ ਦੇ ਉਤਪਾਦਨ ਲਈ ਫੈਕਟਰੀਆਂ ਆਦਿ ਲੱਗੀਆਂ, ਖੇਤੀ ਲਈ ਰਸਾਇਣਕ ਖਾਦਾਂ ਦੀ ਵਰਤੋਂ ਹੋਣ ਲੱਗੀ ਤਾਂ ਮਨੁੱਖ ਕੁਦਰਤ ਦੀ ਅਹਿਮੀਅਤ ਤੋਂ ਦੂਰ ਹੁੰਦਾ ਗਿਆ।ਪੁਰਾਣੇ ਸਮੇਂ 'ਚ ਲੋਕ ਦਰੱਖਤਾਂ ਦੀ ਪੂਜਾ ਕਰਿਆ ਕਰਦੇ ਸਨ ਅਤੇ ਇਹਨਾਂ ਨੂੰ ਕੱਟਣ ਨਹੀਂ ਦਿੰਦੇ ਸਨ।ਭਾਵਂੇ ਕਿ ਉਹ ਇਕ ਅੰਧ ਵਿਸ਼ਵਾਸ ਸੀ ਪਰ ਜਾਣੇ ਅਣਜਾਣੇ 'ਚ ,ਉਹ ਕੁਦਰਤ ਦਾ ਸਤਿਕਾਰ ਕਰਦੇ ਰਹੇ।ਪਰ ਅੱਜ ਦਾ ਮਨੁੱਖ ਬੌਧਿਕ ਤੌਰ ਤੇ, ਉਸ ਸਮੇਂ ਨਾਲੋਂ ਵਧੇਰੇ ਸਮਰੱਥ ਹੋ ਗਿਆ ਹੈ, ਉਸ ਨੂੰ ਵਿਗਿਆਨਕ ਤੌਰ 'ਤੇ ਵੀ ਪਤਾ ਚੱਲ ਚੁੱਕਿਆ ਹੈ ਕਿ ਵਾਤਾਵਰਨ ਨੂੰ ਬਚਾਉਣਾ ਕਿੰਨਾ ਜਰੂਰੀ ਹੈ।ਪਰ ਫਿਰ ਵੀ ਉਹ ਇਸ ਪ੍ਰਤੀ ਸੰਜੀਦਾ ਨਹੀਂ ਹੋ ਰਿਹਾ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਕਰ ਰਿਹਾ ਹੈ।
                      
             ਜੇਕਰ ਅਸੀਂ ਇਸੇ ਤਰ੍ਹਾਂ ਹੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਕਰਦੇ ਰਹੇ ਤਾਂ ਮਨੁੱਖ ਜਾਤੀ ਨੂੰ ਹੀ ਨਹੀਂ ਸਗੋਂ ਧਰਤੀ 'ਤੇ ਰਹਿ ਰਹੇ ਹਰ ਇਕ ਜੀਵ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।ਬਹੁਤ ਸਾਰੀਆਂ ਪ੍ਰਜਾਤੀਆਂ ਤਾਂ ਵਾਤਾਵਰਨ ਦੂਸ਼ਿਤ ਹੋਣ ਨਾਲ ਖਤਮ ਹੋਣ ਕੰਢੇ ਹਨ।ਮਨੁੱਖ ਨੇ ਆਪਣੇ ਸਵਾਰਥ ਕਾਰਨ ਵੱਖ-ਵੱਖ ਤਲਾਬਾਂ, ਨਹਿਰਾਂ, ਜੰਗਲਾਂ ਨੂੰ ਖਤਮ ਕਰ ਦਿੱਤਾ ਹੈ।ਜੰਗਲੀ ਜੀਵਾਂ ਲਈ ਇਹ ਸਭ ਬਹੁਤ ਹੀ ਖਤਰਨਾਕ ਹੈ।ਮਨੁੱਖ ਨੇ ਉਹਨਾਂ ਦੇ ਘਰ ਤਬਾਹ ਕਰ ਦਿੱਤੇ ਹਨ ਪਰ ਜਦੋਂ ਕੋਈ ਸ਼ੇਰ,ਚੀਤਾ ਆਦਿ ਸ਼ਹਿਰ 'ਚ ਘੁਸ ਆਉਂਦੇ ਹਨ ਤਾਂ ਇਨਸਾਨ ਦਾ ਗੁੱਸਾ ਸੰਭਾਲਿਆ, ਸਾਂਭਿਆ ਨਹੀਂ ਜਾਂਦਾ, ਸਭ ਹਥਿਆਰ ਲੈ ਕੇ ਉਸ ਨੂੰ ਮਾਰਨ ਲਈ ਦੌੜਦੇ ਹਨ।ਪਰ ਇਸਦੇ ਜ਼ਿੰਮੇਵਾਰ ਵੀ ਅਸੀਂ ਹੀ ਹਾਂ, ਕਿਉਂਕਿ ਅਸੀਂ ਜੰਗਲ ਤਬਾਹ ਕਰਨ ਤੇ ਤੁਲੇ ਹੋਏ ਹਾਂ।ਜੇਕਰ ਉਨ੍ਹਾਂ ਦੇ ਰਹਿਣ ਲਈ ਜੰਗਲ ਨਹੀਂ ਹੋਣਗੇ ਤਾਂ ਉਹ ਕਿੱਥੇ ਜਾਣਗੇ?
                ਅੱਜ ਜਰੂਰਤ ਹੈ ਇਸ ਬਾਰੇ ਅਸੀਂ ਸੁਚੇਤ ਹੋਈਏ ਅਤੇ ਦੂਸਰਿਆਂ ਨੂੰ ਕਰੀਏ। ਅਸੀਂ ਜਦੋਂ ਵੀ ਵਾਤਾਵਰਨ ਨੂੰ ਸੁਧਾਰਨ ਦੀ ਗੱਲ ਕਰਦੇ ਹਾਂ ਹਰ ਕੋਈ ਦੋਸ਼ ਦੂਸਰੇ ਵਿਅਕਤੀ ਦੇ ਉਪੱਰ ਮੜ੍ਹਨ ਦਾ ਯਤਨ ਕਰਦਾ ਹੈ।।ਪਰ ਅਜਿਹਾ ਨਹੀਂ ਹੈ ਜੇਕਰ ਹਰ ਵਿਅਕਤੀ ਚੰਗੀ ਸੋਚ ਨਾਲ ਕੰਮ ਕਰੇ ਤਾਂ ਇਕ ਦਿਨ ਬਦਲਾਅ ਜਰੂਰ ਆਵੇਗਾ।ਹਰ ਵਿਅਕਤੀ ਨੂੰ ਇਸ ਕਾਰਜ 'ਚ ਹਿੱਸਾ ਪਾਉਣਾ ਪਵੇਗਾ।ਕਿਸਾਨ ਵੀਰ ਆਪਣੀਆਂ ਜਮੀਨਾਂ 'ਚ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਹਨ, ਸ਼ਹਿਰੀ ਲੋਕ ਕੂੜ੍ਹਾ ਕਰਕਟ ਸਹੀ ਸਥਾਨਾਂ ਉੱਪਰ ਸੁੱਟਣ ਤਾਂ ਜੋ ਉਸਦੇ ਨਿਪਟਾਰਾ ਕਰਨ 'ਚ ਦਿੱਕਤ ਨਾ ਆਵੇ। ਕਾਗਜ ਨੂੰ ਖਰਾਬ ਨਾ ਕੀਤਾ ਜਾਵੇ, ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਇਕਦਮ ਤਾਂ ਇਸ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਤਾਂ ਨਹੀਂ ਕੀਤਾ ਜਾ ਸਕਦਾ ਪਰ ਵਰਤੋਂ 'ਚ ਸੰਕੋਚ ਤਾਂ ਕਰਨਾ ਹੀ ਹੋਵੇਗਾ।ਜੇਕਰ ਵਿਅਕਤੀ ਦੇ ਮਨ 'ਚ ਵਾਤਾਵਰਨ ਪ੍ਰਤੀ ਪ੍ਰੇਮ ਉਤਪੰਨ ਹੋ ਜਾਵੇ ਤਾਂ ਉਹ ਹਰ ਇਕ ਉਸ ਆਦਤ ਨੂੰ ਤਿਆਗਣ ਲਈ ਮਜਬੂਰ ਹੋ ਜਾਵੇਗਾ, ਜਿਸ ਤੋਂ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ।
                     ਜੇਕਰ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਚੰਗਾ ਸਮਾਜ ਅਤੇ ਵਾਤਾਵਰਨ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਸੁਚੇਤ ਹੋਣਾ ਪਵੇਗਾ।ਇਸ ਤਰ੍ਹਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੇ ਹਾਂ।ਧਾਰਮਿਕ ਅਸਥਾਨਾਂ, ਸਕੂਲਾਂ-ਕਾਲਜਾਂ ਤੋਂ ਵੀ ਅਜਿਹੇ ਵਿਚਾਰਾਂ ਨੂੰ ਪ੍ਰਚਾਰਨਾ ਚਾਹੀਦਾ ਹੈ ਤਾਂ ਜੋ ਇਸ ਪ੍ਰਤੀ ਹੋਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ।ਕੁਝ ਧਾਰਮਿਕ ਅਸਥਾਨਾਂ 'ਤੇ ਖਾਸ ਮੌਕਿਆਂ 'ਤੇ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਜਾਂਦਾ ਹੈ, ਜੋ ਕਿ ਇਕ ਚੰਗਾ ਉਪਰਾਲਾ ਹੈ।
                     'ਸੰਤ ਬਲਬੀਰ ਸਿੰਘ' ਜੀ ਸੀਚੇਵਾਲ ਵੱਲੋਂ ਸੁਲਤਾਨਪੁਰ, ਕਪੂਰਥਲਾ ਵਿਖੇ ਕੀਤੀ ਗਈ ਪਵਿੱਤਰ ਵੇਈਂ ਦੀ ਸਫਾਈ ਅਤੇ ਸੁੰਦਰ ਬਣਾਉਣਾ ਇਕ ਸ਼ਲਾਘਾਯੋਗ ਕਦਮ ਹੈ।ਲੱਖਾਂ ਲੋਕਾਂ ਲਈ ਇਹ ਕੰਮ ਪ੍ਰੇਰਨਾ ਦਾ ਕਾਰਨ ਬਣ ਚੁੱਕਾ ਹੈ।ਸੋ ਜ਼ਰੂਰੀ ਹੈ, ਅਸੀਂ ਉਸ ਪ੍ਰਮਾਤਮਾ ਦੇ ਬਣਾਏ ਸੁੰਦਰ ਸੰਸਾਰ 'ਚੋਂ ਉਸਨੂੰ ਦੇਖੀਏ, ਤਾਂ ਕਿ ਅਸੀਂ ਕੁਦਰਤ ਤੋਂ ਕਾਦਰ ਤੱਕ, ਪਹੁੰਚਣ ਦਾ ਸਫਰ ਤਹਿ ਕਰ ਸਕੀਏ।ਅੰਤਿਕਾ ਮੈਂ ਆਪਣੀਆਂ ਇਹਨਾਂ ਤੁਕਾਂ ਨਾਲ ਦੇਵਾਂਗਾ:-
                    ਪਹਿਲਾਂ ਉਸ ਨੇ ਕੁਦਰਤ ਬਣਾਈ ,
                    'ਚ     ਲੁਕ    ਬੈਠਾ ਆਪੇ।
                    ਸੋਹਣੇ ਰੁੱਖ, ਨਦੀਆਂ, ਨਹਿਰਾਂ,
                    ਤੱਕ ਸਵਰਗ ਬਣਾਇਆ ਜਾਪੇ।
                    ਉਸ ਦੀ ਕੁਦਰਤ ਨੂੰ ਓਹੀ ਜਾਣੇ,
                    ਕੌਣ ਸਮਝੇ  ਕੌਣ , ਇਸ ਨੂੰ ਨਾਪੇ।
                    ਆਓ ਰਲ ਮਿਲ ਵਾਤਾਵਰਨ ਬਚਾਈਏ
                    ਨਹੀਂ ਤਾਂ ਰਹਿਣੇ, ਨਾ ਸੁੱਖ 'ਤੇ ਹਾਸੇ
ਤਰਨਜੀਤ ਸਿੰਘ ਰੰਧਾਵਾ,
ਪਿੰਡ 'ਤੇ ਡਾ. ਸੈਦੋਵਾਲ,
ਕਪੂਰਥਲਾ।
ਮੋ. 75270-03120

Related News