ਲਗਾਤਾਰ ਡਿੱਗ ਰਹੀ ਦਲਬਦਲੂਆਂ ਦੀ ਚੋਣ ਸਫਲਤਾ ਦੀ ਦਰ

Wednesday, Jun 19, 2024 - 05:48 PM (IST)

ਸੱਤਾ ਧਿਰ ਅਤੇ ਵਿਰੋਧੀ ਧਿਰ ਦੀ ਜਿੱਤ-ਹਾਰ ਮੌਕੇ ਵੋਟਰਾਂ ਨੇ ਵਧੇਰੇ ਦਲਬਦਲੂਆਂ ਨੂੰ ਨਕਾਰ ਦਿੱਤਾ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਵੋਟਰਾਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਵਧੇਰੇ ਦਲਬਦਲੂਆਂ ਨੂੰ ਨਕਾਰ ਦਿੱਤਾ। ਦਲਬਦਲ ਦੀ ਬੀਮਾਰੀ ਕਿਸ ਤਰ੍ਹਾਂ ਨਾਸੂਰ ਬਣਦੀ ਜਾ ਰਹੀ ਹੈ, ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ 18ਵੀਂ ਲੋਕ ਸਭਾ ਦੀਆਂ ਚੋਣਾਂ ’ਚ ਡੇਢ ਸੌ ਤੋਂ ਵੱਧ ਦਲਬਦਲੂਆਂ ’ਤੇ ਪਾਰਟੀਆਂ ਨੇ ਦਾਅ ਲਗਾਇਆ।

ਉੱਤਰ ਪ੍ਰਦੇਸ਼ ’ਚ ਇਹ ਖੇਡ ਵੱਡੇ ਪੱਧਰ ’ਤੇ ਖੇਡੀ ਗਈ। ਵੱਖ-ਵੱਖ ਪਾਰਟੀਆਂ ਨੇ 30 ਦਲਬਦਲੂ ਚੋਣ ਮੈਦਾਨ ’ਚ ਉਤਾਰੇ ਜਿਨ੍ਹਾਂ ’ਚੋਂ 12 ਹਾਰ ਗਏ। ਬਸਪਾ ਨੇ 11 ਦਲਬਦਲੂਆਂ ਨੂੰ ਟਿਕਟ ਦਿੱਤੀ। ਜਿੱਤਣਾ ਤਾਂ ਬੜੀ ਦੂਰ ਸਾਰੇ ਤੀਜੀ ਥਾਂ ’ਤੇ ਰਹੇ। ਪਿਛਲੀ ਵਾਰ 10 ਲੋਕ ਸਭਾ ਸੀਟਾਂ ਜਿੱਤਣ ਵਾਲੀ ਬਸਪਾ ਦਾ ਇਸ ਵਾਰ ਖਾਤਾ ਤੱਕ ਨਹੀਂ ਖੁੱਲ੍ਹਿਆ। ਉਂਝ ਸਪਾ ਵੱਲੋਂ ਚੋਣ ਮੈਦਾਨ ’ਚ ਉਤਾਰੇ ਗਏ 9 ’ਚੋਂ 7 ਅਤੇ ਭਾਜਪਾ ਵੱਲੋਂ ਟਿਕਟ ਦਿੱਤੇ ਗਏ ਤਿੰਨਾਂ ’ਚੋਂ 2 ਦਲਬਦਲੂ ਜਿੱਤ ਵੀ ਗਏ।

ਦਿੱਲੀ ਦੇ ਤਿੰਨ ਪਾਸੇ ਵੱਸੇ ਹਰਿਆਣਾ ’ਚ ਭਾਜਪਾ ਨੇ ਦਲਬਦਲੂ ਅਸ਼ੋਕ ਤੰਵਰ ’ਤੇ ਦਾਅ ਲਗਾਇਆ ਪਰ ਸਿਰਸਾ ਦੇ ਵੋਟਰਾਂ ਨੇ ਉਨ੍ਹਾਂ ਨੂੰ ਨਕਾਰਦੇ ਹੋਏ ਕਾਂਗਰਸ ਦੀ ਕੁਮਾਰੀ ਸ਼ੈਲਜਾ ਨੂੰ ਚੁਣਿਆ। ਹਰਿਆਣਾ ਦੇ ਮੰਤਰੀ ਰਣਜੀਤ ਚੌਟਾਲਾ ਚੌਧਰੀ ਦੇਵੀਲਾਲ ਦੇ ਪੁੱਤਰ ਹਨ। ਭਾਈ ਓਮ ਪ੍ਰਕਾਸ਼ ਚੌਟਾਲਾ ਨਾਲ ਸੁਰ ਨਾ ਮਿਲਣ ’ਤੇ ਕਾਂਗਰਸ ’ਚ ਗਏ ਸਨ, ਵਿਧਾਇਕ ਅਤੇ ਮੰਤਰੀ ਵੀ ਰਹੇ। ਪਿਛਲੀ ਵਾਰ ਆਜ਼ਾਦ ਵਿਧਾਇਕ ਬਣ ਕੇ ਭਾਜਪਾ ਦੀ ਸਰਕਾਰ ’ਚ ਮੰਤਰੀ ਬਣੇ। ਇਸ ਵਾਰ ਭਾਜਪਾ ਨੇ ਹਿਸਾਰ ਤੋਂ ਉਮੀਦਵਾਰ ਵੀ ਬਣਾ ਦਿੱਤਾ ਪਰ ਕਾਂਗਰਸ ਦੇ ਜੈਪ੍ਰਕਾਸ਼ ਕੋਲੋਂ ਹਾਰ ਗਏ। ਉਂਝ ਕਾਂਗਰਸ ’ਚੋਂ ਲਿਆ ਕੇ ਕੁਰੂਕਸ਼ੇਤਰ ਤੋਂ ਭਾਜਪਾ ਉਮੀਦਵਾਰ ਬਣਾਏ ਗਏ ਨਵੀਨ ਜਿੰਦਲ ਜਿੱਤ ਵੀ ਗਏ।

ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਗਈ ਸੀ। ਭਾਜਪਾ ਨੇ ਟਿਕਟ ਵੀ ਦਿੱਤੀ ਪਰ ਪਟਿਆਲਾ ਦੇ ਵੋਟਰਾਂ ਨੇ ਕਾਂਗਰਸ ਦੀ ਕੇਂਦਰ ਸਰਕਾਰ ’ਚ ਮੰਤਰੀ ਵੀ ਰਹਿ ਚੁੱਕੀ ਪ੍ਰਨੀਤ ਕੌਰ ਨੂੰ ਤੀਜੇ ਸਥਾਨ ’ਤੇ ਰੱਖਿਆ। ਪ੍ਰਨੀਤ ਕੌਰ 2014 ’ਚ ਵੀ ਪਟਿਆਲਾ ਤੋਂ ਚੋਣ ਹਾਰੀ ਸੀ। ਉਦੋਂ ਵੀ ਡਾ. ਧਰਮਵੀਰ ਗਾਂਧੀ ਨੇ ਹੀ ਹਰਾਇਆ ਸੀ। ਉਦੋਂ ਗਾਂਧੀ ‘ਆਪ’ ਦੇ ਉਮੀਦਵਾਰ ਸਨ ਜਦਕਿ ਇਸ ਵਾਰ ਕਾਂਗਰਸ ਦੇ।

ਲੁਧਿਆਣਾ ਤੋਂ ਭਾਜਪਾ ਨੇ ਤਿੰਨ ਵਾਰ ਦੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ’ਤੇ ਦਾਅ ਲਾਇਆ ਪਰ ਵੋਟਰਾਂ ਨੇ ਨਕਾਰ ਦਿੱਤਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਸਦ ਮੈਂਬਰ ਬਣ ਗਏ।

ਜਲੰਧਰ ਵਿਚ ਕਾਂਗਰਸ ਸੰਸਦ ਮੈਂਬਰ ਦੀ ਮੌਤ ਹੋਣ ਤੋਂ ਬਾਅਦ ਜ਼ਿਮਨੀ ਚੋਣ ਹੋਣ ’ਤੇ ‘ਆਪ’ ਨੇ ਕਾਂਗਰਸ ਕੌਂਸਲਰ-ਵਿਧਾਇਕ ਰਹੇ ਸੁਸ਼ੀਲ ਕੁਮਾਰ ਰਿੰਕੂ ’ਤੇ ਦਾਅ ਖੇਡਿਆ। ਵੋਟਰਾਂ ਨੇ ਜਿਤਾ ਵੀ ਦਿੱਤਾ ਪਰ ਇਸ ਵਾਰ ਚੋਣਾਂ ਤੋਂ ਪਹਿਲਾਂ ਪਾਲਾ ਬਦਲ ਕੇ ਰਿੰਕੂ ਭਾਜਪਾ ਈ ਹੋ ਗਏ। ਭਾਜਪਾ ਨੇ ਟਿਕਟ ਵੀ ਦਿੱਤੀ ਪਰ ਵੋਟਰਾਂ ਨੇ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਿਤਾ ਦਿੱਤਾ। ਜਲੰਧਰ ਤੋਂ ‘ਆਪ’ ਨੇ ਵੀ ਅਕਾਲੀ ਦਲ ਦੇ ਦਲਬਦਲੂ ਪਵਨ ਕੁਮਾਰ ਟੀਨੂੰ ’ਤੇ ਦਾਅ ਲਗਾਇਆ ਸੀ।

ਝਾਰਖੰਡ ’ਚ ਈ. ਡੀ. ’ਚ ਗ੍ਰਿਫਤਾਰੀ ਦੇ ਕਾਰਨ ਮੁੱਖ ਮੰਤਰੀ ਅਹੁਦੇ ਤੋਂ ਹੇਮੰਤ ਸੋਰੇਨ ਦੇ ਅਸਤੀਫੇ ਦੇ ਬਾਵਜੂਦ ਜਦੋਂ ਸਰਕਾਰ ਨਾ ਡਿੱਗੀ ਉਦੋਂ ਭਾਜਪਾ ਨੇ ਉਨ੍ਹਾਂ ਦੀ ਭਾਬੀ ਸੀਤਾ ਸੋਰੇਨ ਤੋਂ ਦਲਬਦਲ ਕਰਾਇਆ। ਸੀਤਾ ਸੋਰੇਨ ਨੂੰ ਦੁਮਕਾ ਤੋਂ ਲੋਕ ਸਭਾ ਦੀ ਟਿਕਟ ਵੀ ਦਿੱਤੀ ਪਰ ਵੋਟਰਾਂ ਨੇ ਨਕਾਰ ਦਿੱਤਾ। ਬਿਹਾਰ ’ਚ ਵਾਲਮੀਕਿ ਨਗਰ ਤੋਂ ਟਿਕਟ ਨਾ ਮਿਲਣ ’ਤੇ ਭਾਜਪਾ ਛੱਡ ਕੇ ਰਾਜਦ ’ਚ ਸ਼ਾਮਲ ਹੋਏ ਦੀਪਕ ਯਾਦਵ ਵੀ ਜਦ-ਯੂ ਉਮੀਦਵਾਰ ਸੁਨੀਲ ਕੁਮਾਰ ਤੋਂ ਹਾਰ ਗਏ। ਮੁਜ਼ੱਫਰਨਗਰ ਸੀਟ ਤੋਂ ਭਾਜਪਾ ਸੰਸਦ ਮੈਂਬਰ ਅਜੇ ਨਿਸ਼ਾਦ ਇਸ ਵਾਰ ਕਾਂਗਰਸ ਦੀ ਟਿਕਟ ’ਤੇ ਲੜੇ ਪਰ ਵੋਟਰਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਵੋਟਰਾਂ ਨੇ ਜਿਹੜੇ ਭਾਜਪਾਈ ਉਮੀਦਵਾਰ ਰਾਜ ਭੂਸ਼ਣ ਚੌਧਰੀ ਨੂੰ ਜਿਤਾਇਆ, ਉਹ ਵੀ ਮੁਕੇਸ਼ ਸਾਹਨੀ ਦੀ ਵੀ. ਆਈ. ਪੀ. ਪਾਰਟੀ ਤੋਂ ਦਲਬਦਲ ਕੇ ਆਏ ਸਨ।

ਏ. ਕੇ. ਐਂਟੋਨੀ ਕਾਂਗਰਸ ਦੇ ਸੀਨੀਅਰ ਨੇਤਾ ਹਨ। ਕੇਂਦਰ ’ਚ ਮੰਤਰੀ ਤੇ ਕੇਰਲ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਪਰ ਉਨ੍ਹਾਂ ਦੇ ਪੁੱਤਰ ਅਨਿਲ ਐਂਟੋਨੀ ਹੁਣ ਭਾਜਪਾ ’ਚ ਹਨ। ਉਨ੍ਹਾਂ ਨੂੰ ਪਥਾਨਾਮਥਿੱਟਾ ਤੋਂ ਉਮੀਦਵਾਰ ਵੀ ਬਣਾਇਆ ਗਿਆ ਪਰ ਕਾਂਗਰਸ ਉਮੀਦਵਾਰ ਏ. ਕੇ. ਐਂਟੋਨੀ ਤੋਂ ਹਾਰ ਗਏ। ਰਾਜਸਥਾਨ ਦੀ ਨਾਗੌਰ ਲੋਕ ਸਭਾ ਸੀਟ ’ਤੇ ਭਾਜਪਾ ਨੇ ਸਾਬਕਾ ਕਾਂਗਰਸ ਸੰਸਦ ਮੈਂਬਰ ਜਯੋਤੀ ਮਿਰਧਾ ’ਤੇ ਦਾਅ ਲਾਇਆ ਪਰ ਉਹ ਰਾਸ਼ਟਰੀ ਲੋਕਤੰਤਰਿਕ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਤੋਂ ਹਾਰ ਗਈ। ਮਹਾਰਾਸ਼ਟਰ ’ਚ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋੜ ਕੇ ਏਕਨਾਥ ਸ਼ਿੰਦੇ ਸਰਕਾਰ ’ਚ ਉਪ-ਮੁੱਖ ਮੰਤਰੀ ਬਣੇ ਅਜੀਤ ਪਵਾਰ ਆਪਣੀ ਪਤਨੀ ਸੁਨੇਤਰਾ ਤੱਕ ਨੂੰ ਚੋਣ ਨਹੀਂ ਜਿਤਾ ਸਕੇ ਅਤੇ ਹੁਣ ਉਨ੍ਹਾਂ ਨੂੰ ਰਾਜ ਸਭਾ ’ਚ ਭੇਜਣ ਦੀ ਕੋਸ਼ਿਸ਼ ’ਚ ਹਨ। ਇਹ ਸੂਚੀ ਬੜੀ ਲੰਬੀ ਬਣ ਸਕਦੀ ਹੈ ਪਰ ਸਬਕ ਇਹੀ ਹੈ ਕਿ ਦਲਬਦਲੂਆਂ ਨੂੰ ਸਬਕ ਸਿਖਾਉਣ ਦਾ ਸੰਕਲਪ ਖੁਦ ਵੋਟਰਾਂ ਨੂੰ ਲੈਣਾ ਪਵੇਗਾ। ਸੁਖਾਵਾਂ ਸੰਕੇਤ ਇਹ ਹੈ ਕਿ ਦਲਬਦਲੂਆਂ ਦੀ ਸਫਲਤਾ ਦੀ ਦਰ ਲਗਾਤਾਰ ਡਿੱਗ ਰਹੀ ਹੈ। ਇਕ ਅਧਿਐਨ ਅਨੁਸਾਰ ਇਹ ਦਰ 2014 ਅਤੇ 2019 ’ਚ ਕ੍ਰਮਵਾਰ 66.7 ਅਤੇ 56.5 ਸੀ, ਜੋ 2024 ’ਚ 32.7 ਰਹਿ ਗਈ ਹੈ ਭਾਵ ਵੋਟਰਾਂ ਨੇ ਦੋ ਤਿਹਾਈ ਦਲਬਦਲੂਆਂ ਨੂੰ ਨਕਾਰ ਦਿੱਤਾ।

ਰਾਜ ਕੁਮਾਰ ਸਿੰਘ


Rakesh

Content Editor

Related News