ਭਾਜਪਾ ਨੂੰ ਹਰਾਉਣਾ ਇਸ ਗੱਲ ’ਤੇ ਨਿਰਭਰ ਕਿ ਵਿਰੋਧੀ ਧਿਰ ਆਪਣੇ ਪੱਤੇ ਕਿਵੇਂ ਖੇਡਦੀ ਹੈ

10/12/2021 3:45:54 AM

ਕਲਿਆਣੀ ਸ਼ੰਕਰ
ਸਿਆਸਤ ’ਚ ਕੁਝ ਵਿਸ਼ੇਸ਼ ਪਲ ਵਿਰੋਧੀ ਪਾਰਟੀਆਂ ਨੂੰ ਵਰਣਨਯੋਗ ਮਦਦ ਪਹੁੰਚਾਉਂਦੇ ਹਨ ਅਤੇ ਕਿਸੇ ਸੂਬੇ ’ਚ ਸੱਤਾਧਾਰੀ ਪਾਰਟੀ ਨੂੰ ਉਲਟ ਰੂਪ ’ਚ ਪ੍ਰਭਾਵਿਤ ਕਰਦੇ ਹਨ। ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੇ ਲਈ ਸਿੰਗੂਰ ਦਾ ਪਲ, ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਜੈਲਲਿਤਾ ਵਲੋਂ 1995 ’ਚ ਆਪਣੇ ਗੋਦ ਲਏ ਬੇਟੇ ਦੇ ਵਿਆਹ ’ਚ ਖੁੱਲ੍ਹ ਕੇ ਕੀਤਾ ਖਰਚ, ਇੰਦਰਾ ਗਾਂਧੀ ਦੇ ਲਈ ਬੇਲਚੀ ਦਾ ਪਲ ਅਤੇ ਰਾਜੀਵ ਗਾਂਧੀ ਵਲੋਂ ਆਂਧਰਾ ਪ੍ਰਦੇਸ਼ ਦੇ ਉਸ ਵੇਲੇ ਦੇ ਮੁੱਖ ਮੰਤਰੀ ਟੀ. ਅੰਜਈਆ ਦਾ ਅਪਮਾਨ ਇਸ ਦੀਆਂ ਕੁਝ ਉਦਾਹਰਣਾ ਹਨ।

ਲਖੀਮਪੁਰ ਦੀ ਤਾਜ਼ਾ ਘਟਨਾ ਜਿਸ ’ਚ 4 ਕਿਸਾਨਾਂ ਸਮੇਤ 8 ਵਿਅਕਤੀ ਮਾਰੇ ਗਏ ਸਨ, ਅਜਿਹਾ ਹੀ ਇਕ ਪਲ ਸੀ ਜੋ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਵਿਧਾਨ ਸਭਾ ਦੀਆਂ ਚੋਣਾਂ ਤੋਂ ਸਿਰਫ 5 ਮਹੀਨੇ ਪਹਿਲਾਂ ਸਭ ਤੋਂ ਵੱਧ ਅਸਹਿਜ ਪਲ ਵਜੋਂ ਆਇਆ। ਸੁਪਰੀਮਕੋਰਟ ਨੇ ਘਟਨਾ ਦਾ ਨੋਟਿਸ ਲੈਂਦੇ ਹੋਏ ਵਿਰੋਧੀ ਧਿਰ ਲਈ ਹਮਾਇਤ ’ਚ ਵਾਧਾ ਕਰ ਦਿੱਤਾ।

ਵਿਰੋਧੀ ਧਿਰ ਸੰਸਦ ਵਲੋਂ ਬੀਤੇ ਸਾਲ ਪਾਸ ਕੀਤੇ ਗਏ 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਜਾਰੀ ਅੰਦੋਲਨ ਨੂੰ ਹਵਾ ਦੇ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਕਥਿਤ ਅਪਰਾਧੀਆਂ ਵਿਰੁੱਧ ਠੋਸ ਕਾਰਵਾਈ ਨਾ ਕਰਨ ਕਾਰਨ ਹਮਲਿਆਂ ਦੇ ਘੇਰੇ ’ਚ ਆਈ ਹੋਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਬੇਟਾ ਆਸ਼ੀਸ਼ ਮਿਸ਼ਰਾ ਮੁੱਖ ਮੁਲਜ਼ਮ ਵਜੋਂ ਸ਼ਾਮਲ ਹੈ। 4 ਕਿਸਾਨਾਂ ’ਚੋਂ ਇਕ ਨੂੰ ਕਥਿਤ ਤੌਰ ’ਤੇ ਕੇਂਦਰੀ ਗ੍ਰਹਿ ਸੂਬਾ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਵਲੋਂ ਕਥਿਤ ਤੌਰ ’ਤੇ ਗੋਲੀ ਮਾਰੀ ਗਈ । ਹੋਰਨਾਂ ’ਤੇ ਉਨ੍ਹਾਂ ਦੇ ਕਾਫਲੇ ਦੀਆਂ ਮੋਟਰਗੱਡੀਆਂ ਚੜ੍ਹ ਗਈਆਂ ਸਨ।

ਇਸ ਤੋਂ ਵੀ ਵਧ ਉੱਤਰ ਪ੍ਰਦੇਸ਼ ਸਰਕਾਰ ਵਲੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ, ਬਸਪਾ ਦੇ ਸਤੀਸ਼ ਮਿਸ਼ਰਾ ਅਤੇ ਸਪਾ ਦੇ ਅਖਿਲੇਸ਼ ਯਾਦਵ ਸਮੇਤ ਹੋਰਨਾਂ ਨੂੰ ਹਿਰਾਸਤ ’ਚ ਲੈਣ ਦੇ ਫੈਸਲੇ ਨੇ ਵਿਰੋਧੀ ਧਿਰ ਨੂੰ ਮੁੱਦਾ ਬਣਾਉਣ ਦਾ ਮੌਕਾ ਦੇ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਟਵੀਟ ਕਰਦੇ ਹੋਏ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਕਿ ਇਸ ਦੇਸ਼ ਦੇ ਸਭ ਅਦਾਰਿਆਂ ਨੂੰ ਆਰ.ਐੱਸ.ਐੱਸ.-ਭਾਜਪਾ ਵਲੋਂ ਹਾਈਜੈੱਕ ਕਰ ਲਿਆ ਗਿਆ ਹੈ, ਜਿਥੇ ਗ੍ਰਹਿ ਮੰਤਰੀ ਦੇ ਬੇਟੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ, ਉਥੇ ਦੇਸ਼ ’ਚ ਕਿਸਾਨਾਂ ’ਤੇ ਗਿਣੇ-ਮਿੱਥੇ ਢੰਗ ਨਾਲ ਹਮਲੇ ਕੀਤੇ ਜਾ ਰਹੇ ਹਨ। ਵਿਰੋਧੀ ਆਗੂਆਂ ਨੂੰ ਲਖੀਮਪੁਰ ਖੀਰੀ ਵਿਖੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਸਿਰਫ ਤਾਨਾਸ਼ਾਹੀ ਰਾਜ ’ਚ ਹੀ ਅਜਿਹੀਆਂ ਗੱਲਾਂ ਹੁੰਦੀਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ, ਐੱਨ.ਸੀ.ਪੀ. ਦੇ ਮੁਖੀ ਸ਼ਰਦ ਪਵਾਰ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਈ ਹੋਰਨਾਂ ਆਗੂਆਂ ਨੇ ਵੀ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਹੈ।

ਜੇਕਰ ਵਿਰੋਧੀ ਪਾਰਟੀਆਂ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਚੋਣਾਂ ਤਕ ਲਖੀਮਪੁਰ ਖੀਰੀ ਦੀ ਘਟਨਾ ਦੀ ਗਤੀਸ਼ੀਲਤਾ ਨੂੰ ਬਣਾਈ ਰੱਖਣ ’ਚ ਸਫਲ ਹੁੰਦੀਆਂ ਹਨ ਤਾਂ ਭਾਜਪਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਵਿਰੋਧੀ ਪਾਰਟੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਲਖੀਮਪੁਰ ਖੀਰੀ ਹਿੰਸਾ ਦੇ ਆਲੇ-ਦੁਆਲੇ ਨੈਰੇਟਿਵ ਤਿਆਰ ਕਰ ਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ 12 ਅਕਤੂਬਰ ਨੂੰ ਪਾਰਟੀ ਦੀ ‘ਵਿਜੇ ਰੱਥ ਯਾਤਰਾ’ ਦਾ ਐਲਾਨ ਕੀਤਾ ਹੈ। ਬਸਪਾ ਮੁਖੀ ਮਾਇਆਵਤੀ ਨੇ ਪਾਰਟੀ ਕਾਡਰ ਨੂੰ ਖੇਤੀਬਾੜੀ ਨਾਲ ਸੰਬੰਧਤ ਭਾਈਚਾਰੇ ਤਕ ਪਹੁੰਚ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਦੂਜੇ ਪਾਸੇ ਲਖੀਮਪੁਰ ਖੀਰੀ ਦੀ ਘਟਨਾ ਇਕ ਚੋਣ ਮੁੱਦੇ ਵਜੋਂ ਉੱਭਰੇਗੀ ਜੋ ਭਾਜਪਾ ਨੂੰ ਸੱਟ ਮਾਰੇਗੀ। ਭਾਜਪਾ ਨੇ 2017 ’ਚ ਇਕ ਵਿਆਪਕ ਲੋਕ ਫਤਵਾ ਹਾਸਲ ਕੀਤਾ ਸੀ। ਇਹ ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਕਿੰਨਾ ਜਲਦੀ ਡੈਮੇਜ ਕੰਟਰੋਲ ਕਰਦੀ ਹੈ।

ਉੱਤਰ ਪ੍ਰਦੇਸ਼ ਇਕ ਬਹੁਤ ਅਹਿਮ ਸੂਬਾ ਹੈ ਕਿਉਂਕਿ ਭਾਜਪਾ ਨੇ 2017 ’ਚ ਇਕ ਬਹੁਤ ਵੱਡਾ ਲੋਕ ਫਤਵਾ ਇਥੇ ਜਿੱਤਿਆ ਸੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਯੋਗੀ ਕੁਝ ਕਿਸਾਨ ਹਿਤੈਸ਼ੀ ਕਦਮ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ ਜਿਵੇਂ ਕਿ ਪਰਾਲੀ ਸਾੜਣ ਦੇ ਮਾਮਲੇ ਵਾਪਸ ਲੈਣੇ ਅਤੇ ਗੰਨੇ ਦੀ ਕੀਮਤ ’ਚ ਕੁਝ ਹੱਦ ਤਕ ਵਾਧਾ ਕਰਨਾ। ਇੰਝ ਦਿਖਾਈ ਦਿੰਦਾ ਹੈ ਕਿ ਲਖੀਮਪੁਰ ਖੀਰੀ ਦੀ ਘਟਨਾ ਨੇ ਇਨ੍ਹਾਂ ਤੋਂ ਮਿਲਣ ਵਾਲੇ ਲਾਭਾਂ ਨੂੰ ਖਤਮ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਇਕ-ਇਕ ਮੈਂਬਰੀ ਅਦਾਲਤੀ ਕਮਿਸ਼ਨ ਦਾ ਗਠਨ ਕੀਤਾ ਹੈ।

ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ ’ਚ ਸਭ ਤੋਂ ਵੱਡਾ ਜ਼ਿਲਾ ਹੈ ਜਿਥੇ ਸਿੱਖ ਕਿਸਾਨ ਭਾਈਚਾਰੇ ਦੀ ਬਹੁਗਿਣਤੀ ਹੈ, ਉਹ ਪਾਕਿਸਤਾਨ ਤੋਂ ਆਉਣ ਪਿਛੋਂ ਇਥੇ ਵੱਸ ਗਏ ਸਨ। ਇਹ 80       ਫੀਸਦੀ ਪੇਂਡੂ ਹਨ। ਵਧੇਰੇ ਆਬਾਦੀ ਗੰਨੇ ਦੀ ਖੇਤੀ ’ਤੇ ਗੁਜ਼ਾਰਾ ਕਰਦੀ ਹੈ। ਜ਼ਿਲੇ ’ਚ ਬ੍ਰਾਹਮਣਾਂ ਦਾ ਦਬਦਬਾ ਹੈ। ਜਿਸ ਤੋਂ ਬਾਅਦ ਮੁਸਲਮਾਨ ਅਤੇ ਗੈਰ ਯਾਦਵ ਓ.ਬੀ. ਸੀਜ਼ ਦਰਮਿਆਨ ਕੁਰਮੀ ਹਨ।

ਤੀਜਾ ਕਿਸਾਨਾਂ ਦੇ ਅੰਦੋਲਨ ਦੀ ਹੁਣ ਹੋਰ ਵਧੇਰੇ ਖੇਤਰਾਂ ’ਚ ਫੈਲਣ ਦੀ ਸੰਭਾਵਨਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਵਿਰੋਧੀ ਧਿਰ ਅਤੇ ਬੀ. ਕੇ. ਯੂ. ਦੀ ਯੋਜਨਾ ਲਖੀਮਪੁਰ ਘਟਨਾ ਨੂੰ ਕੇਂਦਰ ਬਣਾ ਕੇ ਅੰਦੋਲਨ ਨੂੰ ਤੇਜ਼ ਕਰਨ ਦੀ ਹੈ। ਅਜੇ ਤਕ ਇਸ ਨੇ ਉੱਤਰ ਪ੍ਰਦੇਸ਼ ਦੀਆਂ ਹੱਦਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਹੁਣ ਇਹ ਕੇਂਦਰੀ ਉੱਤਰ ਪ੍ਰਦੇਸ਼ ਤਕ ਪਹੁੰਚ ਗਿਆ ਹੈ।

ਚੌਥਾ, ਉੱਤਰ ਪ੍ਰਦੇਸ਼ ਕਾਂਗਰਸ ਖੁਦ ਨੂੰ ਮੁੜ ਉੱਪਰ ਚੁੱਕਣ ਦੇ ਲਈ ਇਸੇ ਮੌਕੇ ਦੀ ਭਾਲ ’ਚ ਹੈ। ਲਖੀਮਪੁਰ ਖੀਰੀ ਪਲ ਅਜਿਹਾ ਹੀ ਇਕ ਮੌਕਾ ਹੈ ਜੋ ਮਦਦ ਕਰ ਸਕਦਾ ਹੈ ਪਰ ਇਸ ਲਈ ਜ਼ਰੂਰੀ ਇਹ ਹੈ ਕਿ ਕਾਂਗਰਸ ਨੂੰ ਆਪਣੇ ਪੱਤੇ ਸਹੀ ਖੇਡਣੇ ਹੋਣਗੇ। ਪਾਰਟੀ 1989 ਤੋਂ ਬਾਅਦ ਸੱਤਾ ਤੋਂ ਬਾਹਰ ਹੈ। ਉਸ ਦੀ ਸੂਬੇ ’ਚ ਸਥਿਤੀ ਕਮਜ਼ੋਰ ਹੈ। ਉਸ ਦਾ ਨਾਂਹਪੱਖੀ ਪੱਖ ਇਹ ਹੈ ਕਿ ਕਾਂਗਰਸ ਦਾ ਮੁੜ ਉੱਥਾਨ ਸਮਾਜਵਾਦੀ ਪਾਰਟੀ ਅਤੇ ਬਸਪਾ ਵਰਗੇ ਹੋਰ ਅਹਿਮ ਖਿਡਾਰੀਆਂ ਨੂੰ ਵਰਣਨਯੋਗ ਸੱਟ ਪਹੁੰਚਾ ਸਕਦਾ ਹੈ, ਇਸ ਕਾਰਨ ਵਿਰੋਧੀ ਪਾਰਟੀਆਂ ’ਚ ਹੋਰ ਵੰਡ ਹੋ ਸਕਦੀ ਹੈ। ਇਹ ਪ੍ਰਭਾਵ ਨਾਟਕੀ ਹੋਵੇਗਾ। ਜੇ ਵਿਰੋਧੀ ਧਿਰ ਨਾਲ ਆ ਜਾਏ ਅਤੇ ਭਾਜਪਾ ਵਿਰੁੱਧ ਇਕ ਸਾਂਝੀ ਕਾਰਵਾਈ ਦੀ ਯੋਜਨਾ ਬਣਾਏ ਤਾਂ ਸਥਿਤੀ ਬਦਲ ਸਕਦੀ ਹੈ। ਮੌਜੂਦਾ ਸਮੇਂ ’ਚ ਵਿਰੋਧੀ ਧਿਰ ਬਹੁਤ ਵਧੇਰੇ ਧੜਿਆਂ ’ਚ ਵੰਡੀ ਹੋਈ ਹੈ।

ਪੰਜਵਾਂ, ਇਹ ਗਾਂਧੀ ਭਰਾ-ਭੈਣ ਲਈ ਆਪਣੀ ਲੀਡਰਸ਼ਿਪ ਦੀ ਸਮਰਥਾ ਨੂੰ ਸਾਬਿਤ ਕਰਨ ਲਈ ਸਹੀ ਸਮਾਂ ਹੈ। ਜੇ ਉਹ ਉੱਤਰ ਪ੍ਰਦੇਸ਼ ’ਚ ਸੁਧਾਰ ਕਰ ਸਕਣ ਤਾਂ ਉਨ੍ਹਾਂ ਦਾ ਸਮੁੱਚਾ ਭਵਿੱਖ ਵੀ ਵਧੀਆ ਬਣ ਸਕਦਾ ਹੈ।

ਲਖੀਮਪੁਰ ਖੀਰੀ ਦੀ ਘਟਨਾ ਆਉਂਦੀਆਂ ਵਿਧਾਨ ਸਭਾ ਚੋਣਾਂ ਤਕ ਇਕ ਵਿਕਸਿਤ ਹੁੰਦੀ ਕਹਾਣੀ ਬਣੀ ਰਹੇਗੀ। ਭਾਜਪਾ ਨੂੰ ਹਰਾਉਣਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਵਿਰੋਧੀ ਧਿਰ ਕਿਸ ਤਰ੍ਹਾਂ ਆਪਣੇ ਪੱਤੇ ਖੇਡਦੀ ਹੈ ਨਹੀਂ ਤਾਂ ਇਹ ਆਪਣੇ ਹੀ ਪਾਲੇ ’ਚ ਗੋਲ ਸਾਬਿਤ ਹੋਵੇਗਾ.

Bharat Thapa

This news is Content Editor Bharat Thapa