ਦੀਪਿਕਾ ਅਤੇ ਬਾਲੀਵੁੱਡ ਦੀ ਨੀਅਤ ’ਤੇ ਹੈ ਸ਼ੱਕ
Friday, Jan 10, 2020 - 01:43 AM (IST)

ਤਰੁਣ ਵਿਜੇ
ਕਿਸੇ ਦੀ ਜ਼ਿੰਦਗੀ ਦਾ ਅਸਹਿਣਸ਼ੀਲ ਦੁੱਖ ਬਾਲੀਵੁੱਡ ਦੇ ਮਸਾਲੇ ਵਿਚ ਲਿਪਟਕੇ ਜਿਹੜਾ ਪਾਖੰਡੀ ਚਰਿੱਤਰ ਅਪਣਾ ਲੈਂਦਾ ਹੈ, ਉਹ ਇਸ ਨਾਸਹਿਣਯੋਗ ਦੁੱਖ ਤੋਂ ਵੀ ਵਧ ਕੇ ਚੁੱਭਣ ਵਾਲਾ ਸਿੱਧ ਹੁੰਦਾ ਹੈ। ‘ਛਪਾਕ’ ਇਕ ਅਜਿਹੀ ਲੜਕੀ ਦੀ ਦੁੱਖ ਭਰੀ ਅਤੇ ਬਹਾਦਰੀ ਨਾਲ ਭਰਪੂਰ ਕਥਾ ਹੈ, ਜੋ ਸਮਾਜ ਦੇ ਰਾਖਸ਼ਸਾਂ ਨਾਲ ਲੜਦਿਆਂ ਜ਼ਿੰਦਗੀ ਤੋਂ ਹਾਰੀ ਨਹੀਂ, ਸਗੋਂ ਜਿੱਤ ਦਾ ਪ੍ਰੇਰਕ ਝੰਡਾ ਲਹਿਰਾਇਆ। ਦੀਪਿਕਾ ਪਾਦੁਕੋਣ ਇਸ ਫਿਲਮ ਦੀ ਨਾਇਕਾ ਹੈ, ਜਿਸ ਨੇ ਤੇਜ਼ਾਬ ਨਾਲ ਚਿਹਰਾ ਵਿਗਾੜ ਬੈਠੀ ਲਕਸ਼ਮੀ ਦਾ ਚਰਿੱਤਰ ਨਿਭਾਇਆ ਹੈ। ਲਕਸ਼ਮੀ ਅਗਰਵਾਲ ਦਿੱਲੀ ਦੀ ਹੈ ਅਤੇ ਜਿਸ ਦਰਿੰਦੇ ਨੇ ਉਸ ’ਤੇ ਤੇਜ਼ਾਬ ਸੁੱਟਿਆ ਸੀ, ਉਸ ਦਾ ਨਾਂ ਸੀ ਨਦੀਮ ਖਾਨ। ਇਹ ਇਕ ਅਜਿਹੀ ਕਥਾ ਹੈ, ਜਿਸ ਨੂੰ ਆਮ ਤੌਰ ’ਤੇ ਹਰ ਸੰਵੇਦਨਸ਼ੀਲ ਵਿਅਕਤੀ ਦੇਖਦਾ ਅਤੇ ਕੁਝ ਸਿੱਖਦਾ ਵੀ ਹੈ।
ਪਰ ਜੋ ਦੀਪਿਕਾ ਪਾਦੁਕੋਣ ਮਾਓ ਤਸੇ ਤੁੰਗ ਅਤੇ ਪਾਲ ਪਾਟ ਦੀ ਖੂਨੀ ਵਿਰਾਸਤ ਦੇ ਨਵੀਨ ਉਨ੍ਹਾਂ ਰਹਿਨੁਮਾਵਾਂ ਵਿਚਾਲੇ ਹਮਦਰਦੀ ਪ੍ਰਗਟ ਕਰਨ ਜੇ. ਐੱਨ. ਯੂ. ਜਾ ਪਹੁੰਚੀ, ਜਿਨ੍ਹਾਂ ਨੇ ਕਦੇ ਕਾਰਗਿਲ ਯੋਧਿਆਂ ਦਾ ਨਿਰਾਦਰ ਕੀਤਾ ਸੀ ਅਤੇ ਅੱਜ ਤਕ ਨਕਸਲੀ ਅੱਤਵਾਦ ਦੀ ਨਿਖੇਧੀ ਨਹੀਂ ਕੀਤੀ, ਉਸੇ ਦੀਪਿਕਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਵਸੇ ਬਾਲੀਵੁੱਡ ਸੰਸਾਰ ਦੀ ਨੀਅਤ ਉੱਤੇ ਇਹ ਦੇਖਦੇ ਹੋਏ ਹੁਣ ਸ਼ੱਕ ਕੀਤਾ ਜਾ ਰਿਹਾ ਹੈ ਕਿ ‘ਛਪਾਕ’ ਫਿਲਮ ’ਚ ਨਦੀਮ ਖਾਨ ਦਾ ਨਾਂ ਕਿਸ ਸੈਕੂਲਰਵਾਦ ਦੇ ਅਧੀਨ ਬਦਲ ਦਿੱਤਾ ਗਿਆ।
ਇਹ ਮੌਸਮ ਹਿੰਦੂਆਂ ਦੇ ਪ੍ਰਤੀਕਾਂ ’ਤੇ ਤੇਜ਼ਾਬ ਛਿੜਕਣ ਦਾ ਹੈ
ਉਂਝ ਇਹ ਮੌਸਮ ਵੀ ਖੁੱਲ੍ਹ ਕੇ ਹਿੰਦੂਆਂ ਦੇ ਪ੍ਰਤੀਕਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ’ਤੇ ਤੇਜ਼ਾਬ ਛਿੜਕਣ ਦਾ ਹੈ ਅਤੇ ਉਹ ਵੀ ਉਨ੍ਹਾਂ ਲੋਕਾਂ ਵਲੋਂ, ਜੋ ਐਵੇਂ ਖ਼ੁਦ ਨੂੰ ਦੇਸ਼ ਤੋਂ ਵਿਦੇਸ਼ ਤਕ ‘ਡਰੇ ਹੋਏ ਲੋਕ’ ਦੱਸਣ ਤੋਂ ਨਹੀਂ ਖੁੰਝਦੇ। ਭਾਈ, ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰੋ, ਕੌਣ ਰੋਕਦਾ ਹੈ ਪਰ ਨਾਗਰਿਕਤਾ ਕਾਨੂੰਨ ਦੇ ਵਿਰੋਧ ਦਾ ਹਨੂਮਾਨ ਮੰਦਰ ਤੋੜਨ, ਹਿੰਦੂਆਂ ਵਲੋਂ ਪੂਜੇ ਜਾਂਦੇ ਅਤੇ ਬਿਹਾਰ ਸੂਬੇ ਦੇ ਸ਼ਾਸਕੀ ਪ੍ਰਤੀਕ ਚਿੰਨ੍ਹ ਵਿਚ ਅੰਕਿਤ ਸਵਾਸਤਿਕ ਨੂੰ ਹਿਟਲਰੀ ਸਲਾਮ ਦੇਣ ਜਾਂ ਸਵਾਸਤਿਕਾ ਨੂੰ ਤੋੜ ਕੇ ਉਸ ’ਤੇ ਅੰਗਰੇਜ਼ੀ ਵਿਚ ‘ਫ....’ ਲਿਖਣ ਨਾਲ ਕੀ ਸਬੰਧ ਹੋ ਸਕਦਾ ਹੈ? ਨਾਗਰਿਕਤਾ ਕਾਨੂੰਨ ਜਿਸ ਨੇ ਵੀ ਪੜ੍ਹਿਆ ਹੈ, ਉਹ ਜਾਣਦਾ ਹੈ ਕਿ ਉਸ ਦਾ ਕਿਸੇ ਵੀ ਭਾਰਤੀ ਨਾਗਰਿਕ ਨਾਲ ਕੋਈ ਸਬੰਧ ਨਹੀਂ, ਬੇਸ਼ੱਕ ਉਹ ਕਿਸੇ ਵੀ ਆਸਥਾ ਨੂੰ ਮੰਨਣ ਵਾਲਾ ਕਿਉਂ ਨਾ ਹੋਵੇ। ਇਸ ਕਾਨੂੰਨ ਦੇ ਵਿਰੋਧ ਵਿਚ ਹਿੰਦੂਆਂ ਨੂੰ ਗਾਲ੍ਹਾਂ ਦੇਣ ਦੀ ਗੱਲ ਕਿੱਥੋਂ ਆ ਗਈ? ਜੋ ਖੱਬੇਪੱਖੀ ਵਿਦਿਆਰਥਣਾਂ ਰੋਸ ਵਿਖਾਵਿਆਂ ਵਿਚ ਉਤਰੀਆਂ, ਉਨ੍ਹਾਂ ਨੇ ਆਪਣੇ ਚਿਹਰਿਆਂ ਉੱਤੇ ‘ਫ....’ ਹਿੰਦੂ ਰਾਸ਼ਟਰ ਲਿਖਿਆ ਅਤੇ ਤਿਰੰਗੇ ਵਿਚੋਂ ਚੱਕਰ ਹਟਾ ਕੇ ਉਥੇ ਲਾ ਇਲਾਹਾ ਲਿਲਾਹ ਲਿਖ ਦਿੱਤਾ।
ਇਹ ਚੰਗਾ ਸੈਕੂਲਰਵਾਦ ਪਰੋਸਿਆ ਜਾ ਰਿਹਾ ਹੈ। ਹਿੰਦੂ ਤਾਂ ਸਾਰੀਆਂ ਪਾਰਟੀਆਂ ਵਿਚ ਹਨ। ਹਿੰਦੂ ਧਰਮ ਕਿਸੇ ਇਕ ਪਾਰਟੀ ਜਾਂ ਸੰਗਠਨ ਦਾ ਪ੍ਰਾਈਵੇਟ ਲਿਮਟਿਡ ਕਾਰੋਬਾਰ ਨਹੀਂ ਹੈ। 10 ਉਂਗਲੀਆਂ ਵਿਚ 12 ਅੰਗੂਠੀਆਂ ਤਾਂਤਰਿਕਾਂ ਤੋਂ ਹਵਨ ਅਤੇ ਬਲੀ, ਪੂਜਾ-ਪਾਠ, ਮੱਥਾ ਟੇਕਣਾ, ਛੱਠ ਅਤੇ ਦੀਵਾਲੀ, ਇਹ ਸਿਰਫ ਇਕ ਪਾਰਟੀ ਅਤੇ ਸੰਗਠਨ ਦਾ ਤਿਉਹਾਰ-ਕਰਮ ਥੋੜ੍ਹਾ ਹੀ ਹੈ। ਉਨ੍ਹਾਂ ਹਿੰਦੂਆਂ ਦੇ ਸੀਨੇ ’ਤੇ ਹਿੰਦੂਆਂ ਨੂੰ ਗਾਲ੍ਹਾਂ ਦੇ ਕੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਆਵਾਜ਼ਾਂ ਸੁਣ ਕੇ ਕੋਈ ਤੜਪ ਨਹੀਂ ਪੈਦਾ ਹੁੰਦੀ। ਮੁੰਬਈ ਵਿਚ ਗੇਟਵੇ ਆਫ ਇੰਡੀਆ ਉੱਤੇ ਨਾਗਰਿਕਤਾ ਕਾਨੂੰਨ ਅਤੇ ਜੇ. ਐੱਨ. ਯੂ. ਵਗੈਰਾ-ਵਗੈਰਾ ਬਾਰੇ ਗੁੱਸਾ ਪ੍ਰਗਟ ਕਰਨ ਜੋ ਲੋਕ ਆਏ, ਉਨ੍ਹਾਂ ਵਿਚ ਫ੍ਰੀ ਕਸ਼ਮੀਰ ਦੇ ਪੋਸਟਰ ਦਾ ਕੀ ਮਤਲਬ ਸੀ? ਪਰ ਹਿੰਦੂ ਸ਼੍ਰੋਮਣੀ ਸੱਤਾ ਦੇ ਕਾਰੋਬਾਰੀ ਉਸ ’ਤੇ ਵੀ ਚੁੱਪ ਰਹਿ ਗਏ ਅਤੇ ਲੜਕੀ ਨੂੰ ਬਚਾਉਣ ਦੇ ਬਿਆਨ ਦੇਣ ਲੱਗੇ। ਗੇਟਵੇ ਆਫ ਇੰਡੀਆ ਦੀ ਭੀੜ ਅਤੇ ਇਹ ਪੋਸਟਰ ਪਾਕਿਸਤਾਨ ਦੀ ਆਈ. ਐੱਸ. ਆਈ. ਅਤੇ ਉਥੋਂ ਦੀ ਫੌਜ ਦੇ ਡਾਇਰੈਕਟਰ ਜਨਰਲ ਨੇ ਈਦ ਮਨਾਉਂਦਿਆਂ ਖੂਬ ਟਵੀਟ ਕੀਤਾ ਅਤੇ ਵਾਸ਼ਿੰਗਟਨ ਪੋਸਟ ਤਕ ਇਹ ਦੇਖ ਕੇ ਚਮਕ ਗਏ ਕਿ ਭਾਰਤ ਦੇ ਵਿਦਿਆਰਥੀ ਬਗਾਵਤ ’ਤੇ ਉਤਰ ਆਏ ਹਨ। ਉਨ੍ਹਾਂ ਨੂੰ ਜਾਪਿਆ ਕਿ ਇਥੇ ਵੀ ਅਰਬ ਦੇਸ਼ਾਂ ਵਰਗੀ ਕੁਝ ‘ਸਪ੍ਰਿੰਗ’ ਵਰਗੀ ਬਗਾਵਤ ਹੋ ਰਹੀ ਹੈ, ਜਦਕਿ 35 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ’ਚੋਂ ਕੁਝ ਸੌ ਵਿਦਿਆਰਥੀਆਂ ਦਾ ਸੜਕ ’ਤੇ ਉਤਰਨਾ ਕੀ ਅਰਥ ਰੱਖਦਾ ਹੈ, ਇਹ ਸਿਰਫ ਭਾਰਤੀ ਭਾਸ਼ਾਵਾਂ ਦੇ ਅਖਬਾਰ ਹੀ ਸਮਝ ਸਕਦੇ ਹਨ।
ਇਸ ਰੌਲੇ-ਰੱਪੇ ਵਿਚ ਦੀਪਿਕਾ ਪਾਦੁਕੋਣ ਦੀ ਫਿਲਮ ਬਾਲੀਵੁੱਡ ਛਾਪ ਘਟੀਆ ਅਤੇ ਬਾਜ਼ਾਰੂ ਸੈਕੂਲਰਵਾਦ ਦੀ ਜੋ ਨੁਮਾਇਸ਼ ਇਕ ਤੇਜ਼ਾਬ ਪੀੜਤ ਲੜਕੀ ਦੀ ਦੁਖਦਾਈ ਕਥਾ ਤੋਂ ਲਾਭ ਲੈਣ ਜਾ ਰਹੀ ਹੈ, ਉਹ ਹੈਰਾਨੀਜਨਕ ਹੈ। ਜ਼ਰਾ ਕਲਪਨਾ ਕਰੋ, ਜੇਕਰ ਤੇਜ਼ਾਬ ਸੁੱਟਣ ਵਾਲਾ ਰਾਜੇਸ਼ ਹੁੰਦਾ ਤਾਂ ਕੀ ਫਿਲਮ ਵਿਚ ਉਸ ਦਾ ਨਾਂ ਸੈਕੂਲਰਵਾਦ ਲਈ ਬਦਲ ਕੇ ਨਦੀਮ ਕਰ ਦਿੱਤਾ ਜਾਂਦਾ? ਤਾਂ ਫਿਰ ਨਦੀਮ ਦਾ ਨਾਂ ਕਿਹੜੀ ਨੈਤਿਕਤਾ ਦੇ ਅਧੀਨ ਬਦਲ ਕੇ ਹਿੰਦੂ ਨਾਂ ਦੇ ਦਿੱਤਾ ਗਿਆ? ਜੋ ਹੈ, ਸੋ ਹੈ। ਜਿਹੋ ਜਿਹਾ ਹੁੰਦਾ ਹੈ, ਉਹੋ ਜਿਹਾ ਦਿਖਾਉਣਾ ਚਾਹੀਦਾ ਹੈ। ਇਹ ਬੇਈਮਾਨੀ ਕਿਉਂ ਕੀਤੀ ਜਾਂਦੀ ਹੈ ਕਿ ਖੁੱਲ੍ਹੇਆਮ ਹਿੰਦੂਆਂ ’ਤੇ ਹੋ ਰਹੇ ਸ਼ਬਦੀ ਅਤੇ ਪ੍ਰਤੀਕਾਤਮਕ ਹਮਲਿਆਂ ’ਤੇ ਮੀਡੀਆ ਅਤੇ ਬਾਲੀਵੁੱਡ ਖਾਮੋਸ਼ ਰਹੇ। ਜੇਕਰ ਭੀੜ ਦੁਆਰਾ ਦਰੜਨ ਦੀ ਕੋਈ ਘਟਨਾ ਹੋਵੇ ਜਾਂ ਕਿਸੇ ਦੇ ਵਾਲ ਤਕ ਨੂੰ ‘ਟੱਚ’ ਕਰਨ ਦਾ ਮਾਮਲਾ ਹੋਵੇ ਤਾਂ ਆਪਣੀ ਹੀ ਮਾਤ-ਭੂਮੀ ਵਿਰੁੱਧ ਦੇਸ਼-ਵਿਦੇਸ਼ ਵਿਚ ਜ਼ਹਿਰ ਉਗਲਣ ਤੋਂ ਪ੍ਰਹੇਜ਼ ਨਹੀਂ ਕੀਤਾ ਜਾਂਦਾ। ਇਹ ਇਕਤਰਫਾ ‘ਸਾਫਟ ਟੈਰੇਰਿਜ਼ਮ’ ਅਤੇ ਸ਼ਬਦੀ ਹਿੰਸਾ ਦਾ ਬੇਹੱਦ ਮਾਰੂ ਹਮਲਾ ਹੈ, ਜੋ ਓਨਾ ਹੀ ਮਾਰੂ ਹੁੰਦਾ ਹੈ, ਜਿੰਨਾ ਲੋਹੇ ਦੀ ਤਲਵਾਰ ਦਾ ਵਾਰ।
ਬਾਲੀਵੁੱਡ ਦੀ ਇਹ ਨਦੀਮ ਤੋਂ ਰਾਜੇਸ਼ ਤਕ ਦੀ ਬੇਈਮਾਨੀ ਭਰੀ ਯਾਤਰਾ
ਕਿਸੇ ਚੰਗੀ ਕਲਾਤਮਕ ਅਤੇ ਸੰਵੇਦਨਸ਼ੀਲ ਪੇਸ਼ਕਾਰੀ ਵਿਚ ਜੇਕਰ ਬੇਈਮਾਨੀ ਅਤੇ ਪਾਖੰਡ ਦੀ ਛਿੱਟ ਪੈ ਜਾਵੇ ਤਾਂ ਪੂਰੀ ਚਿੱਟੀ ਚਾਦਰ ਖਰਾਬ ਹੋ ਜਾਂਦੀ ਹੈ। ਬਾਲੀਵੁੱਡ ਦੀ ਇਹ ਨਦੀਮ ਤੋਂ ਰਾਜੇਸ਼ ਤਕ ਦੀ ਬੇਈਮਾਨੀ ਭਰੀ ਯਾਤਰਾ ਸਾਡੇ ਇਸ ਸਮੇਂ ’ਤੇ ਇਕ ਵੱਡਾ ਧੱਬਾ ਅਤੇ ਟਿੱਪਣੀ ਹੈ, ਜੋ ਮੱਕਾਰੀ, ਸੰਵੇਦਨਹੀਣਤਾ ਅਤੇ ਹਿੰਦੂਆਂ ਪ੍ਰਤੀ ਘੋਰ ਨਫਰਤ ਭਰੀ ਹੈਰਾਨੀਜਨਕ ਉਦਾਹਰਣ ਹੈ। ਘੋਰ ਨਫਰਤ ਸ਼ਬਦ ਦੀ ਇਸ ਲਈ ਵਰਤੋਂ ਕੀਤੀ ਕਿਉਂਕਿ ਨਨਕਾਣਾ ਸਾਹਿਬ ਤੋਂ ਲੈ ਕੇ ਪੇਸ਼ਾਵਰ ਤਕ ਜੋ ਹਿੰਦੂ ਅਤੇ ਸਿੱਖ ਹਰ ਰੋਜ਼ ਭਿਆਨਕ ਤ੍ਰਾਸਦੀਆਂ ਦੇ ਸ਼ਿਕਾਰ ਹੋ ਰਹੇ ਹਨ, ਜੇ. ਐੱਨ. ਯੂ. ਤੋਂ ਗੇਟਵੇ ਆਫ ਇੰਡੀਆ ਤਕ ਗੁੱਸੇ ’ਚ ਤਣੀਆਂ ਮੁੱਠੀਆਂ ਉਨ੍ਹਾਂ ਨੂੰ ਪਨਾਹ ਦੇਣ ਦੇ ਵਿਰੁੱਧ ਹੀ ਨਹੀਂ ਹਨ, ਸਗੋਂ ਆਪਣੇ ਅੰਦੋਲਨ ’ਚ ਹਿੰਦੂ ਵਿਰੋਧ ਅਤੇ ਭਾਰਤ ਤੋੜਨ ਦੇ ਨਾਅਰੇ ਸ਼ਾਮਿਲ ਕਰਕੇ ਦੇਸ਼ਭਗਤ ਮੁਸਲਮਾਨਾਂ ਨੂੰ ਵੀ ਜ਼ਲੀਲ ਅਤੇ ਅਪਮਾਨਿਤ ਕਰ ਰਹੀਆਂ ਹਨ। ਜੇ. ਐੱਨ. ਯੂ. ਤੋਂ ਜੇ. ਐੱਨ. ਯੂ. ਤਕ ਦੀਪਿਕਾ ਪਾਦੁਕੋਣ ਦੇ ਬਾਲੀਵੁੱਡ ਦੀ ਫਿਲਮੀ ਬੇਈਮਾਨੀ ਨੇ ਇਸ ਜ਼ਖ਼ਮ ’ਤੇ ਲੂਣ ਹੀ ਛਿੜਕਿਆ ਹੈ।
(tarunvijay2@yahoo.com)