ਡੀਪਫੇਕ ਟੈਕਨਾਲੌਜੀ ਹੈ ਖਤਰਨਾਕ

11/18/2020 2:25:40 AM

ਰੰਜਨਾ ਮਿਸ਼ਰਾ

ਅੱਜਕਲ ਲੋਕਾਂ ਦਾ ਜ਼ਿਆਦਾਤਰ ਸਮਾਂ ਇੰਟਰਨੈੱਟ ’ਤੇ ਹੀ ਬੀਤਦਾ ਹੈ। ਅਜਿਹਾ ਲੱਗਦਾ ਹੈ ਜਿਵੇਂ ਇੰਟਰਨੈੱਟ ਇਕ ਵੱਖਰੀ ਹੀ ਦੁਨੀਆ ਹੋਵੇ ਅਤੇ ਲੋਕ ਉਸੇ ’ਚ ਗੁਆਚੇ ਰਹਿੰਦੇ ਹਨ ਪਰ ਸਾਈਬਰ ਕ੍ਰਾਈਮ ਵੀ ਇੰਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਇਹ ਸਾਡੇ ਸਾਰਿਅਾਂ ਦੀ ਜ਼ਿੰਦਗੀ ਲਈ ਇਕ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇੰਟਰਨੈੱਟ ’ਤੇ ਸਾਰੇ ਆਪਣੀਅਾਂ-ਅਾਪਣੀਅਾਂ ਤਸਵੀਰਾਂ ਪਾਉਂਦੇ ਹਨ। ਔਰਤਾਂ ਮਰਦਾਂ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਤਸਵੀਰਾਂ ਪੋਸਟ ਕਰਦੀਅਾਂ ਹਨ। ਇਹ ਤਸਵੀਰਾਂ ਵ੍ਹਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਸਨੈਪਚਾਰਟ ’ਤੇ ਪੋਸਟ ਕੀਤੀਅਾਂ ਜਾਦੀਅਾਂ ਹਨ ਪਰ ਸਾਈਬਰ ਅਪਰਾਧੀ ਇਨ੍ਹਾਂ ਤਸਵੀਰਾਂ ਦਾ ਮਿਸਯੂਜ਼ ਕਰ ਸਕਦੇ ਹਨ। ਇਨ੍ਹਾਂ ਤਸਵੀਰਾਂ ਨੂੰ ਬੜੀ ਆਸਾਨੀ ਨਾਲ ਡੀਪਫੇਕ ਨਾਂ ਦੀ ਟੈਕਨਾਲੌਜੀ ਦੀ ਮਦਦ ਨਾਲ ਅਸ਼ਲੀਲ ਤਸਵੀਰਾਂ ’ਚ ਬਦਲਿਆ ਜਾ ਸਕਦਾ ਹੈ।

ਇੰਟਰਨੈੱਟ ’ਤੇ ਮੌਜੂਦ ਫੇਕ ਅਕਾਊਂਟ ਦਾ ਪਤਾ ਲਾਉਣ ਵਾਲੀ ਇਕ ਕੰਪਨੀ ਜਿਸ ਦਾ ਨਾਂ ਸੈਂਸਿਟੀ ਹੈ, ਨੇ ਪਤਾ ਲਾਇਆ ਹੈ ਕਿ ਸੋਸ਼ਲ ਮੀਡੀਆ ’ਤੇ ਪਾਈਅਾਂ ਗਈਅਾਂ ਇਕ ਲੱਖ ਔਰਤਾਂ ਦੀਅਾਂ ਤਸਵੀਰਾਂ ਨੂੰ ਅਸ਼ਲੀਲ ਤਸਵੀਰਾਂ ’ਚ ਬਦਲ ਦਿੱਤਾ ਗਿਆ ਹੈ। ਇਸ ਕੰਪਨੀ ਦੇ ਅਨੁਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਕੇ ਇਨ੍ਹਾਂ ਇਕ ਲੱਖ ਔਰਤਾਂ ਦੀਅਾਂ ਤਸਵੀਰਾਂ ਨੂੰ ਡੀਪਫੇਕ ਬਾਟ ਦੀ ਮਦਦ ਨਾਲ ਅਸ਼ਲੀਲ ਤਸਵੀਰਾਂ ’ਚ ਬਦਲ ਦਿੱਤਾ ਗਿਆ।

ਡੀਪਫੇਕ ਦਾ ਮਤਲਬ ਹੁੰਦਾ ਹੈ ਅਸਲੀ ਤਸਵੀਰਾਂ ਨਾਲ ਛੇੜਛਾੜ ਕਰ ਕੇ ਉਨ੍ਹਾਂ ਨੂੰ ਕਿਸੇ ਖਾਸ ਮਕਸਦ ਲਈ ਫੇਕ ਤਸਵੀਰਾਂ ’ਚ ਬਦਲ ਦੇਣਾ ਪਰ ਇਹ ਸਭ ਇੰਨੀ ਸਫਾਈ ਨਾਲ ਕੀਤਾ ਜਾਂਦਾ ਹੈ ਕਿ ਅਸਲੀ ਅਤੇ ਨਕਲੀ ਤਸਵੀਰਾਂ ਅਤੇ ਵੀਡੀਓਜ਼ ’ਚ ਫਰਕ ਕਰਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਡੀਪਫੇਕ ਅਸਲ ’ਚ ਫੇਕ ਤੋਂ ਵੀ ਅੱਗੇ ਦੀ ਸਟੇਜ ਹੈ। ਬਾਟ ਦਾ ਮਤਲਬ ਹੈ ਇਕ ਅਜਿਹਾ ਰੋਬੋਟ ਜੋ ਮੈਸੇਜਿੰਗ ਐਪ ’ਤੇ ਇਨਸਾਨੀ ਗੱਲਬਾਤ ਦੀ ਨਕਲ ਕਰ ਸਕਦਾ ਹੈ। ਜਾਂਚ ਕਰਨ ਵਾਲੀ ਇਸ ਕੰਪਨੀ ਦੀ ਰਿਪੋਰਟ ਅਨੁਸਾਰ ਇਹ ਬਾਟ ਮਸ਼ਹੂਰ ਸੋਸ਼ਲ ਮੀਡੀਆ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਇਕ ਚੈਨਲ ’ਤੇ ਉਪਲੱਬਧ ਹੈ। ਯੂਜ਼ਰਜ਼ ਇਸ ਤੋਂ ਔਰਤਾਂ ਦੀਅਾਂ ਤਸਵੀਰਾਂ ਭੇਜ ਰਹੇ ਸਨ ਅਤੇ ਇਹ ਬਾਟ ਉਨ੍ਹਾਂ ਤਸਵੀਰਾਂ ਨੂੰ ਅਸ਼ਲੀਲ ਤਸਵੀਰਾਂ ’ਚ ਬਦਲ ਰਿਹਾ ਸੀ। ਜਿਸ ਟੈਲੀਗ੍ਰਾਮ ਨੂੰ ਅਜੇ ਤਕ ਵ੍ਹਟਸਐਪ ਤੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਸੀ, ਉਸੇ ਸੁਰੱਖਿਅਤ ਐਪ ’ਤੇ ਔਰਤਾਂ ਦੇ ਮਾਣ-ਸਨਮਾਨ ਨਾਲ ਹੁਣ ਖਿਲਵਾੜ ਕੀਤਾ ਜਾ ਰਿਹਾ ਹੈ। ਇੰਟਰਨੈੱਟ ਦੀ ਦੁਨੀਆ ’ਚ ਅਜਿਹੇ ਪਤਾ ਨਹੀਂ ਕਿੰਨੇ ਡੀਪਫੇਕ ਬਾਟਸ ਮੌਜੂਦ ਹੋਣਗੇ ਜਿਨ੍ਹਾਂ ਰਾਹੀਂ ਪੂਰੀ ਦੁਨੀਆ ਦੀਅਾਂ ਕਰੋੜਾਂ ਔਰਤਾਂ ਦੇ ਮਾਣ-ਸਨਮਾਨ ਦੀਅਾਂ ਧੱਜੀਅਾਂ ਉਡਾਈਅਾਂ ਜਾ ਰਹੀਅਾਂ ਹੋਣਗੀਅਾਂ। ਅਜੇ ਤਾਂ ਇਕ ਹੀ ਬਾਟ ਦਾ ਖੁਲਾਸਾ ਹੋਇਆ ਹੈ।

ਇਕ ਲੱਖ ਔਰਤਾਂ ਦੀਅਾਂ ਜਿਨ੍ਹਾਂ ਤਸਵੀਰਾਂ ਨੂੰ ਅਸ਼ਲੀਲ ਤਸਵੀਰਾਂ ’ਚ ਬਦਲਿਆ ਗਿਆ, ਉਨ੍ਹਾਂ ਨੂੰ ਹੁਣ ਇੰਟਰਨੈੱਟ ਤੋਂ ਹਟਾਉਣਾ ਵੀ ਮੁਮਕਿਨ ਨਹੀਂ ਹੈ। ਜੇ ਇੰਟਰਨੈੱਟ ’ਤੇ ਕਿਸੇ ਨਾਲ ਜੁੜਿਆ ਕੋਈ ਇਤਰਾਜ਼ਯੋਗ ਕੰਟੈਂਟ ਇਕ ਵਾਰ ਅਪਲੋਡ ਹੋ ਜਾਵੇ ਤਾਂ ਉਸ ਨੂੰ ਪੂਰੀ ਤਰ੍ਹਾਂ ਨਾਲ ਹਟਾਉਣਾ ਲਗਭਗ ਅਸੰਭਵ ਹੈ। ਵੱਧ ਤੋਂ ਵੱਧ ਭਾਰਤ ਦੇ ਆਈ. ਟੀ. ਐਕਟ ਦੇ ਤਹਿਤ ਇਕ ਨੋਟਿਸ ਰਾਹੀਂ ਇਸ ਇਤਰਾਜ਼ਯੋਗ ਕੰਟੈਂਟ ਨੂੰ ਹਟਾਉਣ ਲਈ ਸਰਕਾਰ ਤੋਂ ਨਿਰਦੇਸ਼ ਦਿਵਾਇਆ ਜਾ ਸਕਦਾ ਹੈ। ਜੋ ਵੈੱਬਸਾਈਟਸ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਕਾਨੂੰਨਾਂ ਦੀ ਪਾਲਣਾ ਕਰਦੇ ਹਨ, ਉਹ ਤਾਂ ਇਕ ਹੱਦ ਤਕ ਇਸ ਇਤਰਾਜ਼ਯੋਗ ਕੰਟੈਂਟ ਨੂੰ ਹਟਾ ਵੀ ਸਕਦੇ ਹਨ ਪਰ ਇੰਟਰਨੈੱਟ ’ਤੇ ਅਜਿਹੀਅਾਂ ਲੱਖਾਂ ਕਰੋੜਾਂ ਵੈੱਬਸਾਈਟਸ ਹਨ ਜਿਨ੍ਹਾਂ ਤੋਂ ਇਸ ਕੰਟੈਂਟ ਨੂੰ ਹਟਾਉਣਾ ਸੰਭਵ ਨਹੀਂ ਹੈ ਅਤੇ ਕਾਨੂੰਨ ਤੇ ਪੁਲਸ ਇਨ੍ਹਾਂ ਲੱਖਾਂ ਕਰੋੜਾਂ ਵੈੱਬਸਾਈਟਸ ’ਤੇ ਰੋਕ ਲਗਾਉਣ ’ਚ ਅਸਮਰੱਥ ਹੈ।

ਸੋਸ਼ਲ ਮੀਡੀਆ ਦੀਅਾਂ ਜਿਨ੍ਹਾਂ ਤਸਵੀਰਾਂ ਨਾਲ ਆਸਾਨੀ ਨਾਲ ਛੇੜਛਾੜ ਹੋ ਸਕਦੀ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਸੈਲਫੀਜ਼ ਹੁੰਦੀਅਾਂ ਹਨ। ਸੈਲਫੀਜ਼ ’ਚ ਚਿਹਰਾ ਸਾਫ-ਸਾਫ ਦਿਖਾਈ ਦਿੰਦਾ ਹੈ ਅਤੇ ਆਮ ਤੌਰ ’ਤੇ ਇਸ ਦੇ ਰੈਜ਼ੋਲਿਊਸ਼ਨ ਦੀ ਕੁਆਲਿਟੀ ਵੀ ਬਿਹਤਰ ਹੁੰਦੀ ਹੈ, ਇਸ ਲਈ ਸੈਲਫੀ ਨਾਲ ਲਏ ਗਏ ਕਿਸੇ ਔਰਤ ਦੇ ਚਿਹਰੇ ਨੂੰ ਕਿਸੇ ਅਸ਼ਲੀਲ ਤਸਵੀਰ ਨਾਲ ਜੋੜਨਾ ਕਾਫੀ ਸੌਖਾ ਹੁੰਦਾ ਹੈ। ਇਸ ਲਈ ਸਾਈਬਰ ਅਪਰਾਧੀ ਜ਼ਿਆਦਾਤਰ ਸੈਲਫੀ ਦਾ ਮਿਸਯੂਜ਼ ਕਰਦੇ ਹਨ। ਵੱਖ-ਵੱਖ ਅੈਂਗਲ ਤੋਂ ਲਈ ਗਈ ਸੈਲਫੀ ਨਾਲ ਚਿਹਰੇ ਨੂੰ ਵੱਖ-ਵੱਖ ਅੈਂਗਲ ਡੀਪਫੇਕ ਤਿਆਰ ਕਰਨ ਵਾਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਬਹੁਤ ਆਸਾਨ ਕਰ ਦਿੰਦੇ ਹਨ ਅਤੇ ਇਨ੍ਹਾਂ ਨਾਲ ਅਜਿਹੇ ਵੀਡੀਓਜ਼ ਤਿਆਰ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਨਕਲੀ ਮੰਨਣਾ ਲਗਭਗ ਨਾਮੁਮਕਿਨ ਹੁੰਦਾ ਹੈ ਕਿਉਂਕਿ ਇਸ ’ਚ ਚਿਹਰੇ ਦੇ ਸਾਰੇ ਭਾਵ, ਸਾਰੇ ਐਂਗਲ ਮੌਜੂਦ ਹਨ। ਇਸ ਲਈ ਸੈਲਫੀ ਦੀ ਜਗ੍ਹਾ ਦੂਰ ਤੋਂ ਖਿੱਚੀਅਾਂ ਗਈਅਾਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਉਣਾ ਜ਼ਿਆਦਾ ਸੁਰੱਖਿਅਤ ਰਹਿੰਦਾ ਹੈ। ਜਿਨ੍ਹਾਂ ਤਸਵੀਰਾਂ ’ਚ ਪੂਰਾ ਸਰੀਰ ਦਿਖਾਈ ਦਿੰਦਾ ਹੈ, ਉਨ੍ਹਾਂ ’ਚ ਚਿਹਰੇ ਨੂੰ ਵੱਖ ਕਰਨਾ ਆਸਾਨ ਨਹੀਂ ਹੁੰਦਾ ਅਤੇ ਇਨ੍ਹਾਂ ਨਾਲ ਆਸਾਨੀ ਨਾਲ ਛੇੜਛਾੜ ਕਰਨੀ ਸੰਭਵ ਨਹੀਂ ਹੈ। ਡੀਪਫੇਕ ਰਾਹੀਂ ਸਿਰਫ ਔਰਤਾਂ ਨੂੰ ਹੀ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸਗੋਂ ਇਸ ਦਾ ਸ਼ਿਕਾਰ ਵੱਡੇ-ਵੱਡੇ ਨੇਤਾ, ਸੈਲੀਬ੍ਰਿਟੀਜ਼ ਅਤੇ ਆਮ ਇਨਸਾਨ ਵੀ ਹੁੰਦੇ ਹਨ। ਡੀਪਫੇਕ ਇੰਟਰਨੈੱਟ ਦੀ ਦੁਨੀਆ ਦਾ ਸਭ ਤੋਂ ਖਤਰਨਾਕ ਹਥਿਆਰ ਬਣ ਚੁੱਕਾ ਹੈ ਅਤੇ ਇਸ ਦੀ ਮਦਦ ਨਾਲ ਕਿਸੇ ਦਾ ਵੀ ਇਤਰਾਜ਼ਯੋਗ ਵੀਡੀਓ ਬਣਾ ਕੇ ਉਸ ਦੀ ਜ਼ਿੰਦਗੀ ਨੂੰ ਬਰਬਾਦ ਕੀਤਾ ਜਾ ਸਕਦਾ ਹੈ।


Bharat Thapa

Content Editor

Related News