ਅਮਰੀਕੀ ਸਿਆਸਤ ’ਚ ਉਮਰ ’ਤੇ ਛਿੜੀ ਬਹਿਸ

Sunday, Jul 21, 2024 - 05:04 PM (IST)

ਜਦੋਂ ਨਵੰਬਰ ’ਚ ਅਮਰੀਕੀ ਵੋਟ ਪਾਉਣ ਲਈ ਜਾਣਗੇ ਤਾਂ ਉਨ੍ਹਾਂ ਨੂੰ ਜੋਅ ਬਾਈਡੇਨ ਅਤੇ ਡੋਨਾਲਡ ਟ੍ਰੰਪ ਦਰਮਿਆਨ ਇਕ ਜਾਣੂ ਬਦਲ ਦਾ ਸਾਹਮਣਾ ਕਰਨਾ ਪਵੇਗਾ ਜੋ 2020 ਦੀਆਂ ਚੋਣਾਂ ਦੇ ਉਹੀ ਦਾਅਵੇਦਾਰ ਸਨ। ਇਹ ਫੈਸਲਾ ਮੁਸ਼ਕਲਾਂ ਨਾਲ ਭਰਿਆ ਹੈ ਕਿਉਂਕਿ ਵੋਟਰ 2 ਖਰਾਬ ਬਦਲਾਂ ’ਚੋਂ ਬਿਹਤਰ ਨੂੰ ਚੁਣਨ ਲਈ ਸੰਘਰਸ਼ ਕਰ ਰਹੇ ਹਨ।

ਮੌਜੂਦਾ ਰਾਸ਼ਟਰਪਤੀ ਬਾਈਡੇਨ ਨੂੰ ਆਪਣੀ ਉਮਰ ਅਤੇ ਬਹਿਸ ਦੇ ਵਿਖਾਵੇ ਨੂੰ ਲੈ ਕੇ ਜਾਂਚ ਦਾ ਸਾਹਮਣਾ ਕਰਨਾ ਪਿਆ, ਜਦਕਿ ਟ੍ਰੰਪ ਕਾਨੂੰਨੀ ਪ੍ਰੇਸ਼ਾਨੀਆਂ ਦੇ ਬਾਵਜੂਦ ਸਮਰਥਨ ਦਾ ਇਕ ਮਜ਼ਬੂਤ ਆਧਾਰ ਬਣਾਏ ਹੋਏ ਹਨ।

ਟ੍ਰੰਪ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੀ ਘਟਨਾ ਵਰਗੀਆਂ ਹਾਲੀਆ ਘਟਨਾਵਾਂ ਨੇ ਸਿਆਸੀ ਦ੍ਰਿਸ਼ ਨੂੰ ਹੋਰ ਵੱਧ ਧਰੁਵੀਕ੍ਰਿਤ ਕਰ ਦਿੱਤਾ ਹੈ, ਜਿਸ ਤੋਂ ਅਮਰੀਕਾ ਦੇ ਨੇਤਾਵਾਂ ਦੀ ਉਮਰ ਅਤੇ ਫਿਟਨੈੱਸ ’ਤੇ ਬਹਿਸ ਤੇਜ਼ ਹੋ ਗਈ ਹੈ।

ਜੋਅ ਬਾਈਡੇਨ ਨੂੰ ਡੈਮੋਕ੍ਰੇਟਿਕ ਪ੍ਰਾਇਮਰੀ ’ਚ ਕੋਈ ਖਾਸ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਹਾਲਾਂਕਿ ਜੂਨ ’ਚ ਖਰਾਬ ਬਹਿਸ ਦੇ ਪ੍ਰਦਰਸਨ ਨੇ ਉਸ ਦੀ ਫਿਟਨੈੱਸ ਨੂੰ ਲੈ ਕੇ ਚਿੰਤਾਵਾਂ ਪੈਦਾ ਕੀਤੀਆਂ।

ਟ੍ਰੰਪ ਨੇ 2020 ਦੀਆਂ ਚੋਣਾਂ ਨੂੰ ਪਲਟਣ ਦੀਆਂ ਆਪਣੀਆਂ ਕਥਿਤ ਕੋਸ਼ਿਸ਼ਾਂ ਨਾਲ ਸਬੰਧਤ ਕਾਨੂੰਨੀ ਮੁੱਦਿਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਸਾਨੀ ਨਾਲ ਰਿਪਬਲਿਕਨ ਨਾਮਜ਼ਦਗੀ ਹਾਸਲ ਕਰ ਲਈ। ਉਨ੍ਹਾਂ ਦੀ ਮੁਹਿੰਮ ਸਰਹੱਦੀ ਸੁਰੱਖਿਆ ’ਤੇ ਧਿਆਨ ਕੇਂਦ੍ਰਿਤ ਕਰਨਾ ਜਾਰੀ ਰੱਖਦੀ ਹੈ, ਨਾਲ ਹੀ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਕਾਨੂੰਨੀ ਚੁਣੌਤੀਆਂ ਨਾਲ ਸਬੰਧਤ ਸ਼ਿਕਾਇਤਾਂ ਨੂੰ ਵੀ ਸੰਬੋਧਿਤ ਕਰਦੀ ਹੈ।

13 ਜੁਲਾਈ ਨੂੰ ਪੈਨੇਸਿਲਵੇਨੀਆ ’ਚ ਇਕ ਰੈਲੀ ’ਚ ਗੋਲੀਬਾਰੀ ਦੀ ਘਟਨਾ, ਜਿਸ ’ਚ 20 ਸਾਲਾ ਨੌਜਵਾਨ ਨੇ ਟ੍ਰੰਪ ’ਤੇ ਗੋਲੀ ਚਲਾਈ, ਜਿਸ ਨਾਲ ਉਹ ਮਾਮੂਲੀ ਤੌਰ ’ਤੇ ਜ਼ਖਮੀ ਹੋ ਗਏ ਅਤੇ ਇਕ ਰਾਹਗੀਰ ਦੀ ਮੌਤ ਹੋ ਗਈ। ਇਹ ਘਟਨਾ ਅਮਰੀਕੀ ਲੋਕਤੰਤਰ ਲਈ ਗੰਭੀਰ ਚੁਣੌਤੀਆਂ ਨੂੰ ਉਜਾਗਰ ਕਰਦੀ ਹੈ। ਇਸ ਘਟਨਾ ਨੇ ਟ੍ਰੰਪ ਦੇ ਹਮਾਇਤੀਆਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ, ਜੋ ਮੰਨਦੇ ਹਨ ਕਿ ਇਸ ਨਾਲ ਨਵੰਬਰ ’ਚ ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਵਧ ਸਕਦੀ ਹੈ।

ਰਾਸ਼ਟਰਪਤੀ ਬਾਈਡੇਨ ਆਪਣੀ ਉਮਰ ਤੇ ਸਿਹਤ ਨੂੰ ਲੈ ਕੇ ਚਿੰਤਾਵਾਂ ਦੇ ਬਾਵਜੂਦ ਫਿਰ ਤੋਂ ਚੋਣ ਲੜਨੀ ਚਾਹੁੰਦੇ ਹਨ। ਉਨ੍ਹਾਂ ਦੇ ਲੰਬੇ ਸਿਆਸੀ ਕਰੀਅਰ ’ਚ 3 ਦਹਾਕੇ ਤੋਂ ਵੱਧ ਸਮੇਂ ਤੱਕ ਸੀਨੇਟ ’ਚ ਰਹਿਣਾ ਅਤੇ ਬਰਾਕ ਓਬਾਮਾ ਅਧੀਨ ਉਪ-ਰਾਸ਼ਟਰਪਤੀ ਵਜੋਂ ਕੰਮ ਕਰਨਾ ਸ਼ਾਮਲ ਹੈ। ਉਨ੍ਹਾਂ ਦੇ ਰਾਸ਼ਟਰਪਤੀ ਅਹੁਦੇ ਦੀ ਮਿਆਦ ’ਚ ਅਮਰੀਕਾ ਨੂੰ ਉੱਚ ਮੁਦਰਾਸਫੀਤੀ ਅਤੇ ਕੌਮਾਂਤਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਬਾਈਡੇਨ ਨੂੰ ਸੀ. ਐੱਨ. ਐੱਨ. ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਦੌਰਾਨ ਆਪਣੇ ਕਥਿਤ ਕਮਜ਼ੋਰ ਅਤੇ ਅਨਿਸ਼ਚਿਤ ਪ੍ਰਦਰਸ਼ਨ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਕਈ ਵੋਟਰ ਇਹ ਸਵਾਲ ਉਠਾ ਰਹੇ ਹਨ ਕਿ ਕੀ ਉਹ ਰਾਸ਼ਟਰਪਤੀ ਬਣਨ ਲਈ ਬਹੁਤ ਬੁੱਢੇ ਹਨ।

ਨੇਤਾਵਾਂ ਦੀ ਉਮਰ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ, ਖਾਸ ਤੌਰ ’ਤੇ ਰਾਸ਼ਟਰਪਤੀ ਜੋਅ ਬਾਈਡੇਨ ਤੇ ਡੋਨਾਲਡ ਟ੍ਰੰਪ ਦਰਮਿਆਨ। ਜੇਕਰ ਉਹ ਚੋਣਾਂ ਜਿੱਤ ਜਾਂਦੇ ਹਨ ਤਾਂ ਉਦਘਾਟਨ ਦਿਵਸ ’ਤੇ ਬਾਈਡੇਨ 82 ਸਾਲ ਦੇ ਹੋਣਗੇ, ਜਦਕਿ ਟ੍ਰੰਪ 78 ਸਾਲ ਦੇ ਹੋਣਗੇ।

ਅੱਜ ਅਮਰੀਕੀ ਲੰਬਾ ਅਤੇ ਸਿਹਤਮੰਦ ਜੀਵਨ ਜੀਅ ਰਹੇ ਹਨ, ਜਿਸ ਨਾਲ ਉਮਰ ਵਧਣ ਅਤੇ ਲੀਡਰਸ਼ਿਪ ’ਤੇ ਬਹਿਸ ਗੁੰਝਲਦਾਰ ਹੋ ਗਈ ਹੈ। ਮਿਚ ਮੈਕਕੋਨੇਲ ਵਰਗੇ ਬਜ਼ੁਰਗ ਸੀਨੇਟਰਾਂ ’ਚ ਹਾਲ ਹੀ ’ਚ ਸਿਹਤ ਸਬੰਧੀ ਸਮੱਸਿਆਵਾਂ ਨੇ ਉਮਰ ਵਧਣ ਅਤੇ ਲੀਡਰਸ਼ਿਪ ਬਾਰੇ ਹੋਰ ਸਵਾਲ ਖੜ੍ਹੇ ਕਰ ਦਿੱਤੇ ਹਨ। ਅਮਰੀਕੀ ਇਤਿਹਾਸ ’ਚ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਬਾਈਡੇਨ ਨੂੰ ਲਗਾਤਾਰ ਸਖਤ ਜਾਂਚ ਦਾ ਸਾਹਮਣਾ ਕਰਨਾ ਪਵੇਗਾ।

ਅਪ੍ਰੈਲ 2024 ਦੀ ਪਿਊ ਰਿਸਰਚ ਸੈਂਟਰ ਦੀ ਰਿਪੋਰਟ ਨੇ ਸੰਕੇਤ ਦਿੱਤਾ ਕਿ ਸਿਰਫ 15 ਫੀਸਦੀ ਵੋਟਰ ਰਾਸ਼ਟਰਪਤੀ ਅਹੁਦੇ ਲਈ ਬਾਈਡੇਨ ਦੀ ਸਰੀਰਕ ਫਿਟਨੈੱਸ ਬਾਰੇ ‘ਬਹੁਤ ਆਸਵੰਦ’ ਸਨ, ਜਦਕਿ 21 ਫੀਸਦੀ ਵੋਟਰ ਉਨ੍ਹਾਂ ਦੀ ਮਾਨਸਿਕ ਫਿਟਨੈੱਸ ਬਾਰੇ ਵੀ ਅਜਿਹਾ ਹੀ ਮਹਿਸੂਸ ਕਰਦੇ ਹਨ।

ਸਰੀਰਕ ਫਿਟਨੈੱਸ ਲਈ ਟ੍ਰੰਪ ਦਾ ਸਵੈ-ਵਿਸ਼ਵਾਸ ਪੱਧਰ 36 ਫੀਸਦੀ ਅਤੇ ਮਾਨਸਿਕ ਸਮਰੱਥਾ ਲਈ 38 ਫੀਸਦੀ ਵੱਧ ਸੀ। ਸੰਯੁਕਤ ਰਾਜ ਅਮਰੀਕਾ ’ਚ ਔਸਤ ਉਮਰ ਲਗਭਗ 39 ਸਾਲ ਹੈ, ਫਿਰ ਵੀ ਇਸ ਦੇ ਕਈ ਚੋਟੀ ਦੇ ਆਗੂ ਕਾਫੀ ਵੱਧ ਉਮਰ ਦੇ ਹਨ। 81 ਸਾਲਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ 78 ਸਾਲਾ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਅਮਰੀਕੀ ਸਿਆਸਤ ’ਚ ਸਭ ਤੋਂ ਬਜ਼ੁਰਗ ਵਿਅਕਤੀਆਂ ’ਚੋਂ ਹਨ। ਔਸਤ ਅਮਰੀਕੀ ਸੀਨੇਟਰ 64 ਸਾਲ ਦਾ ਹੈ।

2022 ਦੇ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅੱਧੇ ਤੋਂ ਵੱਧ ਅਮਰੀਕੀਆਂ ਦਾ ਮੰਨਣਾ ਹੈ ਕਿ ਚੁਣੇ ਹੋਏ ਅਧਿਕਾਰੀਆਂ ਲਈ ਇਕ ਉਮਰ ਹੱਦ ਹੋਣੀ ਚਾਹੀਦੀ ਹੈ, ਜਿਸ ’ਚ 39 ਫੀਸਦੀ ਨੇ ਸੁਝਾਅ ਦਿੱਤਾ ਕਿ ਇਹ ਹੱਦ 70 ਸਾਲ ਹੋਣੀ ਚਾਹੀਦੀ ਹੈ।

ਹਾਲਾਂਕਿ ਉਮਰ ਵਧਣ ਨਾਲ ਯਾਦਦਾਸ਼ਤ ਵਰਗੇ ਬੌਧਿਕਤਾ ਵਾਲੇ ਕਾਰਜ ਪ੍ਰਭਾਵਿਤ ਹੋ ਸਕਦੇ ਹਨ ਪਰ ਇਹ ਨਿਰਧਾਰਿਤ ਕਰਨ ਲਈ ਕੋਈ ਯੂਨੀਵਰਸਲ ਹੱਦ ਨਹੀਂ ਹੈ ਕਿ ਕੋਈ ਵਿਅਕਤੀ ਲੀਡਰਸ਼ਿਪ ਲਈ ਕਿੰਨਾ ਬੁੱਢਾ ਹੈ। ਉਮਰਵਾਦ, ਜੋ ਅਕਸਰ ਬਜ਼ੁਰਗ ਲੋਕਾਂ ਦੀਆਂ ਸਮਰੱਥਾਵਾਂ ਨੂੰ ਕਮਜ਼ੋਰ ਕਰਦਾ ਹੈ, ਇਕ ਵਿਆਪਕ ਤੌਰ ’ਤੇ ਬਹਿਸ ਦਾ ਮੁੱਦਾ ਬਣਿਆ ਹੈ। ਹਾਲਾਂਕਿ, ਨੈਲਸਨ ਮੰਡੇਲਾ ਅਤੇ ਵਾਰੇਨ ਬਫੇਟ ਵਰਗੇ ਵਿਅਕਤੀ ਇਹ ਪ੍ਰਦਰਸ਼ਿਤ ਕਰਦੇ ਹਨ ਕਿ ਸਿਰਫ ਉਮਰ ਹੀ ਕਿਸੇ ਵਿਅਕਤੀ ਦੀ ਪ੍ਰਭਾਵਸ਼ੀਲਤਾ ਨੂੰ ਨਿਰਧਾਰਿਤ ਨਹੀਂ ਕਰਦੀ ਅਤੇ ਲੋਕ ਆਪਣੇ ਬੁਢਾਪੇ ’ਚ ਵੀ ਸਾਰਥਕ ਯੋਗਦਾਨ ਪਾ ਸਕਦੇ ਹਨ।

ਅਮਰੀਕੀ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਦੀ ਉਮਰ ਘੱਟੋ-ਘੱਟ 35 ਸਾਲ ਹੋਣੀ ਚਾਹੀਦੀ ਹੈ ਪਰ ਕੋਈ ਉਪਰਲੀ ਉਮਰ ਹੱਦ ਨਹੀਂ ਹੈ। ਸਰਵੇਖਣ ਕੀਤੇ ਗਏ ਲਗਭਗ 80 ਫੀਸਦੀ ਅਮਰੀਕੀ ਬਾਲਗ ਸੰਘੀ ਚੁਣੇ ਅਧਿਕਾਰੀਆਂ ਲਈ ਉਪਰਲੀ ਉਮਰ ਹੱਦ ਦਾ ਸਮਰਥਨ ਕਰਦੇ ਹਨ। ਹਾਲਾਂਕਿ ਇਸ ਲੋੜ ਨੂੰ ਬਦਲਣ ਲਈ ਇਕ ਸੰਵਿਧਾਨਕ ਸੋਧ ਦੀ ਲੋੜ ਹੋਵੇਗੀ ਜੋ ਚੁਣੌਤੀਪੂਰਨ ਹੈ।

2024 ’ਚ ਦੁਨੀਆ ਦੇ ਕਈ ਪ੍ਰਮੁੱਖ ਦੇਸ਼ਾਂ ਦੀ ਅਗਵਾਈ ਬਜ਼ੁਰਗ ਸਿਆਸੀ ਆਗੂਆਂ ਵੱਲੋਂ ਕੀਤੀ ਜਾਵੇਗੀ, ਜਿਸ ਨੂੰ ਗੇਰੋਂਟੋਕ੍ਰੇਸੀ ਵਜੋਂ ਜਾਣਿਆ ਜਾਂਦਾ ਹੈ। ਇਹ ਇਕ ਦਹਾਕਾ ਪਹਿਲਾਂ ਦੀ ਤੁਲਨਾ ’ਚ ਇਕ ਵਰਨਣਯੋਗ ਬਦਲਾਅ ਹੈ ਜਦ ਭਾਰਤ ਇਕੋ-ਇਕ ਅਜਿਹਾ ਦੇਸ਼ ਸੀ ਜਿਸ ਦਾ ਨੇਤਾ 70 ਜਾਂ ਉਸ ਤੋਂ ਵੱਧ ਉਮਰ ਦਾ ਸੀ।

ਭਾਰਤ ਦੇ ਇਲਾਵਾ, ਬ੍ਰਾਜ਼ੀਲ (ਲੂਲਾ, 77), ਬੰਗਲਾਦੇਸ਼ (ਸ਼ੇਖ ਹਸੀਨਾ, 76) ਅਤੇ ਇੰਡੋਨੇਸ਼ੀਆ (ਪ੍ਰਬੋਵੋ ਸੁਬਿਯਾਂਟੋ, 72) ਵਰਗੇ ਦੇਸ਼ਾਂ ਦੀ ਅਗਵਾਈ ਵੀ 70 ਸਾਲ ਤੋਂ ਵੱਧ ਉਮਰ ਦੇ ਲੋਕ ਕਰ ਰਹੇ ਹਨ। ਇਸ ਪ੍ਰਵਿਰਤੀ ਨੇ ਇਕ ਬਹਿਸ ਨੂੰ ਜਨਮ ਦਿੱਤਾ ਹੈ। ਕੁਝ ਲੋਕ ਤਰਕ ਦਿੰਦੇ ਹਨ ਕਿ ਬਜ਼ੁਰਗ ਨੇਤਾ ਤਜਰਬਾ ਅਤੇ ਸਥਿਰਤਾ ਲਿਆਉਂਦੇ ਹਨ ਜਦਕਿ ਹੋਰ ਚਿੰਤਾ ਕਰਦੇ ਹਨ ਕਿ ਉਹ ਨੌਜਵਾਨ ਪੀੜ੍ਹੀ ਦੀਆਂ ਜ਼ਰੂਰਤਾਂ ਤੋਂ ਦੂਰ ਹੋ ਸਕਦੇ ਹਨ।

ਜਿਵੇਂ ਕਿ ਅਸੀਂ ਲੀਡਰਸ਼ਿਪ ’ਚ ਉਮਰ ਦੀ ਬਹਿਸ ਨੂੰ ਅੱਗੇ ਵਧਾਉਂਦੇ ਹਾਂ, ਨੇਤਾਵਾਂ ਦੀ ਉਮਰ ਦੀ ਬਜਾਏ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਪ੍ਰਭਾਵਸ਼ੀਲਤਾ ’ਤੇ ਧਿਆਨ ਦੇਣਾ ਮਹੱਤਵਪੂਰਨ ਹੈ, ਜਦਕਿ ਉਮਰ ਵਧਣ ਨਾਲ ਬੌਧਿਕਤਾ ਵਾਲੇ ਕਾਰਜ ਪ੍ਰਭਾਵਿਤ ਹੋ ਸਕਦੇ ਹਨ। ਅਸਰਦਾਇਕ ਅਗਵਾਈ ਸਮਰੱਥਾ ਅਤੇ ਅਨੁਕੂਲਸ਼ੀਲਤਾ ’ਤੇ ਨਿਰਭਰ ਕਰਦੀ ਹੈ। ਪ੍ਰਭਾਵੀ ਨੇਤਾਵਾਂ ਨੂੰ ਇਹ ਵੀ ਪਛਾਣਨਾ ਚਾਹੀਦਾ ਹੈ ਕਿ ਕਦੋਂ ਅਹੁਦਾ ਛੱਡਣ ਅਤੇ ਅਗਲੀ ਪੀੜ੍ਹੀ ਲਈ ਰਾਹ ਬਣਾਉਣ ਦਾ ਸਮਾਂ ਹੈ।

ਹਰੀ ਜੈਸਿੰਘ


Rakesh

Content Editor

Related News