ਮਨੁੱਖੀ ਦ੍ਰਿਸ਼ਟੀਕੋਣ ਅਤੇ ਪ੍ਰੀਖਿਆ ਦੀ ਘੜੀ

05/09/2021 11:21:40 AM

ਬੰਡਾਰੂ ਦੱਤਾਤ੍ਰੇਅ (ਮਾਣਯੋਗ ਰਾਜਪਾਲ ਹਿ. ਪ੍ਰ.)
ਹਿਮਾਚਲ ਪ੍ਰਦੇਸ਼- ਪਿਛਲੇ ਸਾਲ ਮਾਰਚ ਮਹੀਨੇ ’ਚ ਕੋਵਿਡ-19 ਦੀ ਭਾਰਤ ’ਚ ਦਸਤਕ ਦੇ ਨਾਲ ਹੀ ਕੇਂਦਰ ਸਰਕਾਰ ਅਤੇ ਹੋਰ ਸਰਕਾਰਾਂ ਨੇ ਵੀ ਜ਼ਰੂਰੀ ਕਦਮ ਚੁੱਕੇ। ਆਮ ਲੋਕਾਂ ਨੇ ਵੀ ਸਰਕਾਰ ਦਾ ਸਹਿਯੋਗ ਕੀਤਾ ਅਤੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਦ੍ਰਿੜ੍ਹਤਾ ਨਾਲ ਲੰਬੇ ਸਮੇਂ ਤੱਕ ਪਾਲਣਾ ਕੀਤੀ। ਵਿਸ਼ਵ ਦੇ ਦੂਸਰੇ ਦੇਸ਼ਾਂ ਦੇ ਅਨੁਭਵ ਤੋਂ ਸਿੱਖਦੇ ਹੋਏ ਭਾਰਤ ਨੇ ਪੂਰੇ ਦੇਸ਼ ’ਚ ਸਿਹਤ ਸੋਮਿਆਂ ਦੀ ਘਾਟ ਦੇ ਬਾਵਜੂਦ ਇਸ ਮਹਾਮਾਰੀ ਨਾਲ ਮੁਕਾਬਲਾ ਕੀਤਾ ਅਤੇ ਸਾਲ ਦੇ ਅੰਤ ਤੱਕ ਅਸੀਂ ਕੋਰੋਨਾ ਮਹਾਮਾਰੀ ਨਾਲ ਇਸ ਲੜਾਈ ’ਚ ਪੂਰੀ ਦੁਨੀਆ ਦੇ ਲਈ ਇਕ ਉਦਾਹਰਣ ਪੇਸ਼ ਕੀਤੀ। ਇਹ ਦੁੱਖ ਦੀ ਗੱਲ ਹੈ ਕਿ ਅਸੀਂ ਸਮਾਜਿਕ ਅਤੇ ਨਿੱਜੀ ਪੱਧਰ ’ਤੇ ਢਿੱਲ ਵਰਤੀ ਅਤੇ ਕੋਰੋਨਾ ਦੀ ਦੂਸਰੀ ਲਹਿਰ ਨੇ ਸਾਡੀ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਇਸ ਦੇ ਕਾਰਨ ਅੱਜ ਬਹੁਤ ਸਾਰੇ ਸੂਬਿਆਂ ਅਤੇ ਸ਼ਹਿਰਾਂ ’ਚ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਦਿਸ ਰਹੀ ਹੈ।

ਸਮਾਜਿਕ ਪੱਧਰ ’ਤੇ ਅਸੀਂ ਗੰਭੀਰ ਲਾਪ੍ਰਵਾਹੀ ਦਿਖਾਈ ਹੈ
ਪਿਛਲੇ ਮਹੀਨਿਆਂ ’ਚ ਸਮਾਜਿਕ ਪੱਧਰ ’ਤੇ ਅਸੀਂ ਗੰਭੀਰ ਲਾਪ੍ਰਵਾਹੀ ਦਿਖਾਈ ਹੈ ਅਤੇ ਕਈ ਆਤਮਘਾਤੀ ਕੰਮ ਕੀਤੇ ਹਨ, ਜਿਨ੍ਹਾਂ ਦੇ ਕਾਰਨ ਕਿੰਨੀਆਂ ਹੀ ਅਨਮੋਲ ਜ਼ਿੰਦਗੀਆਂ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ’ਚ ਜਾ ਪਈਆਂ। ਸੰਕਟ ਦੀ ਇਸ ਘੜੀ ’ਚ ਆਪਸੀ ਸਹਿਯੋਗ, ਹੌਂਸਲਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਅਸੀਂ ਮਹਾਮਾਰੀ ’ਤੇ ਜਿੱਤ ਪਾ ਸਕਦੇ ਹਾਂ। ਲੋੜ ਹੈ ਤਾਂ ਇਕਜੁੱਟਤਾ, ਚੌਕਸੀ, ਜਾਗਰੂਕਤਾ, ਸਮਝਦਾਰੀ ਅਤੇ ਸਹਿਯੋਗ ਦੀ। ਇਹ ਉਹ ਸਮਾਂ ਹੈ ਜਦੋਂ ਅਸੀਂ ਹਰ ਹੰਗਾਮੀ ਹਾਲਤ ਲਈ ਸਿਰਫ ਕੇਂਦਰ ਸਰਕਾਰ ਵੱਲ ਨਹੀਂ ਦੇਖ ਸਕਦੇ। ਸੂਬਾ ਸਰਕਾਰਾਂ ਦਾ ਬਰਾਬਰ ਸਹਿਯੋਗ ਵਾਲਾ ਵਤੀਰਾ ਅਤੇ ਕੇਂਦਰ ਦੇ ਨਾਲ ਤਾਲਮੇਲ ਦੀ ਇਸ ਸਮੇਂ ਸਭ ਤੋਂ ਵੱਡੀ ਲੋੜ ਹੈ। ਅਸੀਂ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੋਵਾਂ ਨੂੰ ਬਚਾਉਣਾ ਹੈ ਅਤੇ ਇਸ ਦੇ ਲਈ ਸਮੂਹਿਕ ਕੋਸ਼ਿਸ਼ਾਂ ਦੀ ਲੋੜ ਹੈ।

ਕੋਰੋਨਾ ਯੋਧਿਆਂ ਦਾ ਮਨੋਬਲ ਵਧਾਉਣਾ ਹੈ
ਅਸੀਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਦੇ ਹੋਏ ਆਪਣੇ ਕੋਰੋਨਾ ਯੋਧਿਆਂ ਦਾ ਮਨੋਬਲ ਵਧਾਉਣਾ ਹੈ। ਅੱਜ ਅਸੀਂ ਜਿੱਥੇ ਇਕ ਜ਼ਰੂਰੀ ਆਕਸੀਜਨ ਦੀ ਵਿਵਸਥਾ ਕਰਨ, ਸਿਹਤ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ, ਦਵਾਈਆਂ ਅਤੇ ਮੂਲਢਾਂਚਾ ਵਿਕਾਸ ਨੂੰ ਮਜ਼ਬੂਤ ਕਰਨਾ ਹੈ, ਉੱਥੇ ਕੋਰੋਨਾ ਵੈਕਸੀਨ ਦੇ ਟੀਕਾਕਰਨ ਨੂੰ ਵੀ ਵਧਾਉਣਾ ਹੈ। ਸਾਡੇ ਦੇਸ਼ ’ਚ ਸੀਮਤ ਸਰੋਤਾਂ ਦੇ ਬਾਅਦ ਵੀ ਵਿਗਿਆਨ ਅਤੇ ਤਕਨੀਕ ਦਾ ਆਧਾਰ ਬਹੁਤ ਮਜ਼ਬੂਤ ਹੈ। ਦੇਸ਼ ਦੀ ਫਾਰਮਾ ਇੰਡਸਟਰੀ ਨੂੰ ਫਾਰਮੇਸੀ ਆਫ ਦਿ ਵਰਲਡ ਕਿਹਾ ਜਾਂਦਾ ਹੈ। ਭਾਰਤ ’ਚ ਬਣਾਈਆਂ ਗਈਆਂ ਕਈ ਦਵਾਈਆਂ ਪੂਰੀ ਦੁਨੀਆ ’ਚ ਜਾਂਦੀਆਂ ਹਨ ਅਤੇ ਲੋਕਾਂ ਦੀ ਜਾਨ ਬਚਾਉਂਦੀਆਂ ਹਨ। ਕੋਰੋਨਾ ਦੇ ਵਿਰੁੱਧ ਬਣੇ ਟੀਕੇ ਨੂੰ ਅਸੀਂ ਉਨ੍ਹਾਂ ਦੇਸ਼ਾਂ ਤੱਕ ਪਹੁੰਚਾਇਆ ਜਿੱਥੇ ਉਸ ਸਮੇਂ ਇਸ ਮਦਦ ਦੀ ਵੱਧ ਲੋੜ ਸੀ। ਇਹ ਭਾਰਤ ਦਾ ਮਨੁੱਖੀ ਪਹਿਲੂ ਹੈ।

ਕੋਰੋਨਾ ਮਹਾਮਾਰੀ ਦੇ ਇਸ ਪ੍ਰਚੰਡ ਦੌਰ ’ਚ ਸਥਿਤੀ ਦਾ ਫਾਇਦਾ ਉਠਾਉਣ ਦਾ ਸਮਾਂ ਨਹੀਂ
ਕੋਰੋਨਾ ਮਹਾਮਾਰੀ ਦੇ ਇਸ ਪ੍ਰਚੰਡ ਦੌਰ ’ਚ ਸਥਿਤੀ ਦਾ ਫਾਇਦਾ ਉਠਾਉਣ ਦਾ ਸਮਾਂ ਨਹੀਂ ਹੈ। ਸਗੋਂ, ਇਹ ਸਮਾਂ ਮਨੁੱਖਤਾ ਦੀ ਸੋਚ ਨੂੰ ਸਥਾਪਿਤ ਕਰਨ ਦਾ ਹੈ। ਭਾਵਨਾਵਾਂ ਨੂੰ ਉਦੋਂ ਸੱਟ ਵੱਜਦੀ ਹੈ ਅਤੇ ਵਿਵਸਥਾ ਉਦੋਂ ਟੁੱਟਦੀ ਨਜ਼ਰ ਆਉਂਦੀ ਹੈ ਜਦ ਲੋਕ ਕੁਝ ਕੁ ਪੈਸਿਆਂ ਲਈ ਇਸ ਆਫਤ ਦੇ ਸਮੇਂ ’ਚ ਕਾਲਾਬਾਜ਼ਾਰੀ ਕਰਦੇ ਹਨ, ਲੁੱਟਣ ਦਾ ਯਤਨ ਕਰਦੇ ਹਨ। ਉਹ ਭਾਵੇਂ ਡਾਕਟਰ ਹੋਣ ਜਾਂ ਫਿਰ ਵਪਾਰੀ, ਦੇਸ਼ ਹਿੱਤ ਅਤੇ ਸਮਾਜ ਹਿੱਤ ਦੀ ਪਰਖ ਅਜਿਹੇ ’ਚ ਹੁੰਦੀ ਹੈ। ਅਜਿਹੇ ਲੋਕਾਂ ’ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਨੂੰ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਖਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ। ਕੋਰੋਨਾ ਮਹਾਮਾਰੀ ਦੇਸ਼ ਦੇ 10 ਤੋਂ 12 ਸੂਬਿਆਂ ’ਚ ਤੇਜ਼ੀ ਨਾਲ ਵਧੀ ਹੈ। ਇਹ ਹੋਰਨਾਂ ਸੂਬਿਆਂ ’ਚ ਇਸੇ ਰਫਤਾਰ ਨਾਲ ਨਾ ਫੈਲੇ, ਇਸ ਨੂੰ ਸਾਨੂੰ ਸੰਭਾਲਣਾ ਪਵੇਗਾ। ਕੋਵਿਡ ਤੋਂ ਪਹਿਲਾਂ ਭਾਰਤ ਦੀ ਮੈਡੀਕਲ ਆਕਸੀਜਨ ਪੈਦਾ ਕਰਨ ਦੀ ਰੋਜ਼ਾਨਾ ਸਮਰੱਥਾ 6500 ਮੀਟ੍ਰਿਕ ਟਨ ਰੋਜ਼ਾਨਾ ਸੀ ਜੋ ਵਧ ਕੇ ਹੁਣ 7200 ਮੀਟ੍ਰਿਕ ਟਨ ਰੋਜ਼ਾਨਾ ਹੋ ਗਈ ਹੈ।

ਕੋਵਿਡ ਤੋਂ ਪਹਿਲਾਂ ਭਾਰਤ ਨੂੰ ਰੋਜ਼ਾਨਾ 700 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੀ ਲੋੜ ਹੁੰਦੀ ਸੀ
ਕੋਵਿਡ ਤੋਂ ਪਹਿਲਾਂ ਭਾਰਤ ਨੂੰ ਰੋਜ਼ਾਨਾ 700 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੀ ਲੋੜ ਹੁੰਦੀ ਸੀ ਜਦਕਿ ਅੱਜ ਰੋਜ਼ਾਨਾ ਲੋੜ ਵਧ ਕੇ ਲਗਭਗ 5000 ਮੀਟ੍ਰਿਕ ਟਨ ਹੋ ਗਈ ਹੈ। ਲੋੜ ਅਨੁਸਾਰ ਵਿਵਸਥਾ ਤੇਜ਼ੀ ਨਾਲ ਬਣ ਰਹੀ ਹੈ, ਅਜਿਹੇ ’ਚ ਸਬਰ ਤੋਂ ਕੰਮ ਲਿਆ ਜਾਵੇ ਤਦ ਹੀ ਸਥਿਤੀਆਂ ਕੰਟਰੋਲ ਹੋ ਸਕਦੀਆਂ ਹਨ। ਸਰਕਾਰੀ ਪੱਧਰ ’ਤੇ ਵੀ ਕੋਸ਼ਿਸ਼ਾਂ ਸ਼ਲਾਘਾਯੋਗ ਹਨ। ਟ੍ਰੇਨ, ਹਵਾਈ ਮਾਰਗ ਹਰ ਤਰ੍ਹਾਂ ਆਕਸੀਜਨ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਵੇਂ-ਜਿਵੇਂ ਇਨਫੈਕਸ਼ਨ ਵਧਦੀ ਜਾ ਰਹੀ ਹੈ, ਆਕਸੀਜਨ ਦੀ ਮੰਗ ਵੀ ਵਧਦੀ ਜਾ ਰਹੀ ਹੈ। ਭਾਰਤ ’ਚ ਲਗਭਗ 500 ਫੈੈਕਟਰੀਆਂ ਹਵਾ ਤੋਂ ਆਕਸੀਜਨ ਹਾਸਲ ਕਰਨ ਅਤੇ ਇਸ ਨੂੰ ਸ਼ੁੱਧ ਕਰਨ ਦਾ ਕੰਮ ਕਰਦੀਆਂ ਹਨ। ਇਸ ਦੇ ਬਾਅਦ ਇਸ ਨੂੰ ਤਰਲ ਆਕਸੀਜਨ ’ਚ ਬਦਲ ਕੇ ਹਸਪਤਾਲਾਂ ਨੂੰ ਭੇਜਿਆ ਜਾਂਦਾ ਹੈ। ਜ਼ਿਆਦਾਤਰ ਗੈਸ ਦੀ ਸਪਲਾਈ ਟੈਂਕਰਾਂ ਰਾਹੀਂ ਕੀਤੀ ਜਾਂਦੀ ਹੈ।

ਰੇਮਡੇਸਿਵਿਰ ਟੀਕਾ ਆਮ ਤੌਰ ’ਤੇ ਮੁਹੱਈਆ ਸੀ
ਇਸੇ ਤਰ੍ਹਾਂ ਰੇਮਡੇਸਿਵਿਰ ਟੀਕਾ ਆਮ ਤੌਰ ’ਤੇ ਮੁਹੱਈਆ ਸੀ। ਇਸ ਦਾ ਮੁੱਲ ਨਿਰਧਾਰਤ ਕੀਤਾ ਗਿਆ ਸੀ ਪਰ ਕੋਵਿਡ ਦੀ ਦੂਸਰੀ ਲਹਿਰ ਦੇ ਨਾਲ ਹੀ ਇਸ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਮੁਨਾਫਾਖੋਰਾਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਨੇ ਇਸ ਨੂੰ 30 ਹਜ਼ਾਰ ਰੁਪਏ ਤੋਂ ਵੱਧ ਦੀ ਕੀਮਤ ’ਤੇ ਵੇਚਣਾ ਸ਼ੁਰੂ ਕਰ ਦਿੱਤਾ, ਜੋ ਮਨੁੱਖਤਾ ’ਤੇ ਇਕ ਕਲੰਕ ਹੈ। ਇਸ ਦੌਰ ’ਚ ਵੀ ਇਕੱਲੇ ਭਾਰਤ ’ਚ, 10 ਲੱਖ ਤੋਂ ਵੱਧ ਨੌਜਵਾਨ ਸਵੈਮਸੇਵਕਾਂ ਨੇ ਕੋਵਿਡ-19 ਦੇ ਖਤਰੇ ਨਾਲ ਨਜਿੱਠਣ ਲਈ ਸਿੱਧੀ ਕਾਰਵਾਈ ਕੀਤੀ ਅਤੇ ਮਹਾਮਾਰੀ ਨਾਲ ਨਜਿੱਠਣ ’ਚ ਮਦਦ ਕਰ ਰਹੇ ਹਨ, ਜੋ ਸਾਡੀ ਤਾਕਤ ਹੈ। ਇਹ ਮਾਣ ਵਾਲੀ ਗੱਲ ਹੈ ਕਿ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨ. ਵਾਈ. ਕੇ. ਐੱਸ.), ਰਾਸ਼ਟਰੀ ਸੇਵਾ ਯੋਜਨਾ (ਐੱਨ. ਐੱਸ. ਐੱਸ.), ਭਾਰਤ ਸਕਾਊਟਸ ਐਂਡ ਗਾਈਡਸ ਦੇ ਨੌਜਵਾਨ ਸਵੈਮਸੇਵਕ ਅਤੇ ਨੈਸ਼ਨਲ ਕੈਡੇਟ ਕਾਰਪਸ (ਐੱਨ. ਸੀ. ਸੀ.) ਪੂਰੇ ਭਾਰਤ ’ਚ ਕੋਵਿਡ ਵਿਰੁੱਧ ਲੜਾਈ ’ਚ ਸਭ ਤੋਂ ਅੱਗੇ ਹਨ।


DIsha

Content Editor

Related News