ਆਰਥਿਕ ਖੇਤਰ ਵਿਚ ਪਿੱਛੇ ਖਿਸਕ ਰਿਹਾ ਚੀਨ
Friday, Mar 31, 2023 - 11:30 AM (IST)

ਬੀਜਿੰਗ- ਚੀਨ ਦੇ ਅੰਦਰਖਾਤੇ ਕੁਝ ਵੀ ਸਹੀ ਨਹੀਂ ਚੱਲ ਰਿਹਾ ਹੈ, ਖਾਸ ਕਰ ਕੇ ਆਰਥਿਕ ਖੇਤਰ ਵਿਚ, ਇਸ ਦੇ ਪਿੱਛੇ ਕਾਰਨ ਇਹ ਹੈ ਕਿ ਚੀਨ ਦੀ ਬਰਾਮਦ ਲਗਭਗ ਠੱਪ ਹੈ, ਵਿਨਿਰਮਾਣ ਚੀਨ ਤੋਂ ਬਾਹਰ ਜਾ ਰਿਹਾ ਹੈ। ਰੀਅਲ ਅਸਟੇਟ ਲਗਭਗ ਖਤਮ ਹੋਣ ਦੇ ਕੰਢੇ ’ਤੇ ਹੈ, ਆਟੋਮੋਟਿਵ ਸੈਕਟਰ ਦੀ ਹਾਲਤ ਅਜਿਹੀ ਹੈ ਕਿ ਉਹ ਆਖਰੀ ਸਾਹ ਲੈ ਰਿਹਾ ਹੈ। ਅਜਿਹੇ ਵਿਚ ਰਹੀ ਸਹੀ ਕਸਰ ਚੀਨ ਦੇ ਵਿੱਤ ਮੰਤਰਾਲਾ ਨੇ ਪੂਰੀ ਕਰ ਦਿੱਤੀ। ਹਾਲ ਹੀ ਵਿਚ ਚੀਨ ਦੇ ਵਿੱਤ ਮੰਤਰਾਲਾ ਨੇ ਸਾਲ 2023 ਦੇ ਪਹਿਲੇ 2 ਮਹੀਨਿਆਂ ਦਾ ਆਰਥਿਕ ਅੰਕੜਾ ਪੇਸ਼ ਕੀਤਾ ਹੈ, ਜੋ ਇਹ ਦੱਸਣ ਲਈ ਕਾਫੀ ਹੈ ਕਿ ਚੀਨ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਪਰ ਸਾਰਿਆਂ ਦੇ ਮਨ ਵਿਚ ਇਹ ਗੱਲ ਰੜਕ ਰਹੀ ਹੈ ਕਿ ਚੀਨ ਦੇ ਵਿੱਤ ਮੰਤਰਾਲਾ ਨੇ ਇਸ ਗੱਲ ਨੂੰ ਇਸ ਸਮੇਂ ਜਨਤਕ ਕਿਉਂ ਕੀਤਾ ਜਦਕਿ ਚੀਨ ਦੀ ਕਮਿਊਨਿਸਟ ਸਰਕਾਰ ਅਜਿਹੀਆਂ ਜਾਣਕਾਰੀਆਂ ਨੂੰ ਲੋਕਾਂ ਕੋਲੋਂ ਲੁਕਾਉਣ ਦਾ ਕੰਮ ਕਰਦੀ ਹੈ। ਕੀ ਵਾਕਈ ਚੀਨ ਦੀ ਹਾਲਤ ਖਰਾਬ ਹੈ ਜਾਂ ਫਿਰ ਇਸ ਦੇ ਪਿੱਛੇ ਚੀਨ ਦੀ ਕੋਈ ਲੁਕੀ ਹੋਈ ਚਾਲ ਹੈ, ਜਿਸ ਨਾਲ ਉਹ ਦੁਨੀਆ ਦਾ ਧਿਆਨ ਇਥੇ ਵੰਡ ਕੇ ਕੁਝ ਹੋਰ ਯੋਜਨਾ ਬਣਾ ਰਿਹਾ ਹੈ।
ਇਸ ਰਿਪੋਰਟ ਨੂੰ ਲੈ ਕੇ ਕਈ ਜਾਣਕਾਰ ਆਪਣੇ ਤਰੀਕੇ ਨਾਲ ਚੀਨ ਦੀ ਹਾਲਤ ਦਾ ਵਿਸ਼ਲੇਸ਼ਣ ਕਰਨ ਵਿਚ ਲੱਗ ਗਏ ਹਨ। ਇਨ੍ਹਾਂ ਵਿਚ ਆਰਥਿਕ ਮਾਮਲੇ ਦੇ ਕੁਝ ਜਾਣਕਾਰਾਂ ਦੀ ਰਾਏ ਵਿਚ ਚੀਨ ਵਿਚ ਸਾਲ 2023 ਦੇ ਸ਼ੁਰੂਅਾਤੀ 2 ਮਹੀਨਿਆਂ ਵਿਚ ਖਪਤਕਾਰ ਟੈਕਸਾਂ ਵਿਚ 18.4 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਇਸ ਸਮੇਂ ਚੀਨ ’ਚ ਲੋਕ ਖਰੀਦਦਾਰੀ ਕਰਨ ਤੋਂ ਕਤਰਾ ਰਹੇ ਹਨ। ਜੇਕਰ ਇਹੀ ਹਾਲ ਚੀਨ ’ਚ ਬਣਿਆ ਰਿਹਾ ਤਾਂ ਅਰਥਵਿਵਸਥਾ ਨੂੰ ਚਲਾਉਣ ਲਈ ਸਰਕਾਰ ਨੂੰ ਸਰਕਾਰੀ ਖਜ਼ਾਨੇ ’ਚੋਂ ਪੈਸੇ ਪਾਉਣੇ ਪੈਣਗੇ। ਉੱਥੇ ਹੀ ਨਿੱਜੀ ਇਨਕਮ ਟੈਕਸ ’ਚ ਵੀ 4 ਫੀਸਦੀ ਦੀ ਕਮੀ ਦੇਖੀ ਗਈ ਹੈ ਜੋ ਇਹ ਦੱਸਣ ਲਈ ਕਾਫੀ ਹੈ।
ਚੀਨ ’ਚ ਲੋਕਾਂ ਦੀ ਆਮਦਨ ’ਚ ਕਮੀ ਆ ਰਹੀ ਹੈ, ਟੈਰਿਫ ’ਚ 27 ਫੀਸਦੀ ਦੀ ਕਮੀ ਆਈ ਹੈ, ਦਰਾਮਦ-ਬਰਾਮਦ ਉਪਭੋਗ ਟੈਕਸਾਂ ਅਤੇ ਵੈਟ ਟੈਕਸਾਂ ’ਚ 21.6 ਫੀਸਦੀ ਦੀ ਕਮੀ ਦੇਖੀ ਜਾ ਰਹੀ ਹੈ। ਇਸ ਤੋਂ ਸਾਫ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਚੀਨ ਦੀ ਦਰਾਮਦ ਅਤੇ ਬਰਾਮਦ ਦੋਵਾਂ ’ਚ ਬੜੀ ਕਮੀ ਆਈ ਹੈ। ਚੀਨ ਦੇ ਆਟੋਮੋਟਿਵ ਬਾਜ਼ਾਰ ’ਚ ਵੀ ਹਾਲਾਤ ਚੰਗੇ ਨਹੀਂ ਹਨ, ਕਾਰਾਂ ਦੇ ਖਰੀਦ ਟੈਕਸਾਂ ’ਚ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਚ 32.8 ਫੀਸਦੀ ਦੀ ਕਮੀ ਵੇਖੀ ਗਈ ਹੈ ਜੋ ਕਿ ਬਹੁਤ ਵੱਡੀ ਹੈ। ਚੀਨ ਦੇ ਕੁਲ ਘਰੇਲੂ ਉਤਪਾਦ ’ਚ ਰੀਅਲ ਅਸਟੇਟ ਤੋਂ ਬਾਅਦ ਸਭ ਤੋਂ ਵੱਡਾ ਸੈਕਟਰ ਆਟੋਮੋਟਿਵ ਸੈਕਟਰ ਹੈ, ਇਸ ’ਚ ਕਮੀ ਆਉਣ ਦਾ ਮਤਲਬ ਹੈ ਕਿ ਚੀਨ ਦੀ ਅਰਥਵਿਵਸਥਾ ਦਾ ਇਕ ਹੋਰ ਅਹਿਮ ਸਤੰਭ ਧਰਾਤਲ ਤੋਂ ਹਿੱਲਣ ਲੱਗਾ ਹੈ। ਚੀਨ ’ਚ ਇਸ ਸਾਲ ਜਨਵਰੀ ਅਤੇ ਫਰਵਰੀ ਮਹੀਨੇ ’ਚ ਸਿਰਫ 33 ਫੀਸਦੀ ਵਾਹਨਾਂ ਦੀ ਵਿਕਰੀ ਹੋਈ ਹੈ ਜੋ ਆਟੋਮੋਟਿਵ ਸੈਕਟਰ ਦੇ ਹਾਲਾਤ ਨੂੰ ਦੱਸਣ ਲਈ ਕਾਫੀ ਹੈ। ਇਸ ਦੇ ਨਾਲ ਹੀ ਸ਼ੇਅਰ ਬਾਜ਼ਾਰ ਦੇ ਡਿੱਗਣ ਨਾਲ ਇਸ ਤੋਂ ਹੋਣ ਵਾਲੀ ਸਟੈਂਪ ਡਿਊਟੀ ’ਚ 61.7 ਫੀਸਦੀ ਦੀ ਗਿਰਾਵਟ ਦੇਖੀ ਗਈ ਜੋ ਇਹ ਦੱਸ ਰਹੀ ਹੈ ਕਿ ਲੋਕਾਂ ਦੀ ਦਿਲਚਸਪੀ ਸ਼ੇਅਰ ਬਾਜ਼ਾਰ ’ਚ ਘੱਟ ਰਹੀ ਹੈ ਕਿਉਂਕਿ ਸਟਾਕ ਮਾਰਕੀਟ ’ਚ 60 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ।
ਚੀਨ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਐਵਰਗ੍ਰਾਂਡੇ ’ਚ ਚੀਨ ਸਰਕਾਰ ਸੁਧਾਰ ਕਰਨ ਵਾਲੀ ਹੈ। ਅਜਿਹਾ ਅਰਥਤੰਤਰ ਨਾਲ ਜੁੜੇ ਕੁਝ ਲੋਕਾਂ ਦਾ ਕਹਿਣਾ ਹੈ ਕਿਉਂਕਿ ਜੇਕਰ ਇਸ ਸੈਕਟਰ ਨੂੰ ਚੀਨ ਸਰਕਾਰ ਨੇ ਬਚਾ ਿਲਆ ਤਾਂ ਫਿਰ ਚੀਨ ਦੀ ਅਰਥਵਿਵਸਥਾ ’ਚ ਕੁਝ ਤੇਜ਼ੀ ਨਜ਼ਰ ਆ ਸਕਦੀ ਹੈ। ਹਾਲਾਂਕਿ ਦੋ ਸਾਲ ਪਹਿਲਾਂ ਸਤੰਬਰ 2021 ’ਚ ਸ਼ੀ ਜਿਨਪਿੰਗ ਐਵਰਗ੍ਰਾਂਡੇ ਕੰਪਨੀ ਦੇ ਸੀ. ਈ. ਓ. ਸੁਚਯਾਯਿਨ ਤੋਂ ਬੇਹੱਦ ਨਾਰਾਜ਼ ਚੱਲ ਰਹੇ ਸਨ ਕਿਉਂਕਿ ਸੁਚਯਾਯਿਨ ਕੋਲ ਬੇਮਿਸਾਲ ਜਾਇਦਾਦ ਹੈ। ਸ਼ੀ ਜਿਨਪਿੰਗ ਸੁਚਯਾਯਿਨ ਦੀ ਜਾਇਦਾਦ, ਮਕਾਨ ਅਤੇ ਦੂਜੀਆਂ ਵਸਤੂਆਂ ਨੂੰ ਸਰਕਾਰ ਵੱਲੋਂ ਜ਼ਬਤ ਕਰ ਕੇ ਉਸ ਨੂੰ ਆਪਣੇ ਤਰੀਕੇ ਨਾਲ ਬਣਾਉਣ ਲੱਗੇ, ਜਿਸ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਸ਼ੀ ਜਿਨਪਿੰਗ ਸੂ ਨੂੰ ਖਤਮ ਕਰ ਦੇਣਾ ਚਾਹੁੰਦੇ ਹਨ ਪਰ ਸ਼ੀ ਜਿਨਪਿੰਗ ਦੀ ਇਹ ਮਜਬੂਰੀ ਹੈ ਕਿ ਉਹ ਐਵਰਗ੍ਰਾਂਡੇ ਨੂੰ ਦੁਬਾਰਾ ਖੜ੍ਹਾ ਕਰਨਗੇ, ਨਹੀਂ ਤਾਂ ਇਸ ਦਾ ਅਸਰ ਚੀਨ ਦੇ ਦੂਜੇ ਸੈਕਟਰ ’ਤੇ ਪਵੇਗਾ ਜਿਸ ਨਾਲ ਉਸ ਦੀ ਪੂਰੀ ਅਰਥਵਿਵਸਥਾ ਖਤਮ ਹੋ ਸਕਦੀ ਹੈ।