ਅਪਰਾਧ ਰੁਕਣ ਇਸ ਲਈ ਨਜ਼ਰੀਆ ਬਦਲੋ

Tuesday, Sep 10, 2024 - 05:37 PM (IST)

ਅਪਰਾਧ ਰੁਕਣ ਇਸ ਲਈ ਨਜ਼ਰੀਆ ਬਦਲੋ

ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਹੈਰਾਨ ਕਰਦੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਸਿੰਬੋਲਿਜ਼ਮ ਜਾਂ ਪ੍ਰਤੀਕਾਤਮਿਕਤਾ ਵਧਦੀ ਹੀ ਜਾ ਰਹੀ ਹੈ। ਹਾਲ ਹੀ ’ਚ ਬੰਗਾਲ ਹੀ ’ਚ ਇਕ ਮੁਟਿਆਰ ਡਾਕਟਰ ਨਾਲ ਜਿਸ ਤਰ੍ਹਾਂ ਜਬਰ-ਜ਼ਨਾਹ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ, ਉਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਹਾਥਰਸ ਕਾਂਡ ਅਤੇ ਨਿਰਭਯਾ ਦੇ ਸਮੇਂ ਵੀ ਅਜਿਹਾ ਹੀ ਹੋਇਆ ਸੀ।

ਬੰਗਾਲ ’ਚ ਉਸ ਬਦਕਿਸਮਤੀ ਲੜਕੀ ਨੂੰ ਅਭਯਾ ਕਹਿ ਕੇ ਬੋਲਿਆ ਜਾਣ ਲੱਗਾ। ਤੁਸੀਂ ਕਹਿ ਸਕਦੇ ਹੋ ਕਿਉਂਕਿ ਜਬਰ-ਜ਼ਨਾਹ ਪੀੜਤਾ ਦਾ ਨਾਂ ਜਗ ਜ਼ਾਹਿਰ ਕਰਨਾ ਕਾਨੂੰਨੀ ਅਪਰਾਧ ਹੈ, ਅਜਿਹਾ ਇਸ ਲਈ ਕੀਤਾ ਗਿਆ। ਫਿਰ ਉੱਥੇ ਜੋ ਨਵਾਂ ਜਬਰ-ਜ਼ਨਾਹ ਸਬੰਧੀ ਕਾਨੂੰਨ ਆਇਆ ਤਾਂ ਵੀ ਅਪਰਾਜਿਤਾ ਕਹਿ ਕੇ ਸੱਦਿਆ ਗਿਆ। ਇਕ ਲੜਕੀ ਅਭਯਾ ਹੋ ਸਕਦੀ ਹੈ, ਨਿਰਭਯਾ ਹੋ ਸਕਦੀ ਹੈ, ਭਾਵ ਕਿ ਉਸ ਨੂੰ ਕਿਸੇ ਤੋਂ ਡਰ ਨਹੀਂ ਲੱਗਦਾ।

ਉਹ ਅਪਰਾਜਿਕਤਾ ਵੀ ਹੋ ਸਕਦੀ ਹੈ ਕਿ ਕਿਸੇ ਤੋਂ ਹਾਰੇ ਨਾ ਪਰ ਲੜਕੀਆਂ ਦੀ ਜ਼ਿੰਦਗੀ ’ਚ ਇਸ ਤਰ੍ਹਾਂ ਦੇ ਸੰਕੇਤਕ ਨਾਂ ਰੱਖਣ ਨਾਲ ਕੀ ਬਦਲਦਾ ਹੈ। ਕੀ ਉਨ੍ਹਾਂ ਦੇ ਪ੍ਰਤੀ ਅਪਰਾਧ ਹੋਣ ਤੋਂ ਰੁਕ ਜਾਂਦੇ ਹਨ। ਨਿਰਭਯਾ ਦਾ ਮਾਮਲਾ 2012 ’ਚ ਹੋਇਆ ਸੀ। ਕਿਹਾ ਗਿਆ ਸੀ ਕਿ ਜਬਰ-ਜ਼ਨਾਹ ਵਿਰੁੱਧ ਅਜਿਹਾ ਸਖਤ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਕਿ ਅਪਰਾਧੀ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ ਪਰ ਕੀ ਅਜਿਹਾ ਹੋ ਸਕਿਆ।

ਕੀ ਸਖਤ ਕਾਨੂੰਨ ਦੇ ਬਾਵਜੂਦ ਜਬਰ-ਜ਼ਨਾਹ ਦੇ ਮਾਮਲਿਆਂ ’ਚ ਕਮੀ ਆਈ। ਐੱਨ. ਸੀ. ਆਰ. ਬੀ. ਦੇ ਅੰਕੜਿਆਂ ਨੂੰ ਦੇਖੀਏ ਤਾਂ ਜਾਪਦਾ ਹੈ ਕਿ ਅਜਿਹਾ ਬਿਲਕੁਲ ਨਹੀਂ ਹੋਇਆ। 2021 ਭਾਵ ਕਿ ਨਿਰਭਯਾ ਮਾਮਲੇ ਦੇ 9 ਸਾਲ ਬਾਅਦ, ਦਿੱਲੀ ’ਚ ਸਭ ਤੋਂ ਵੱਧ ਜਬਰ-ਜ਼ਨਾਹ ਹੋਏ, ਜਿਨ੍ਹਾਂ ਦੀ ਗਿਣਤੀ ਇਕ ਹਜ਼ਾਰ ਦੋ ਸੌ ਇੱਕੀ ਸੀ । ਸੂਬਿਆਂ ’ਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦਾ ਨੰਬਰ ਸੀ। 2021 ’ਚ ਹੀ ਜੈਪੁਰ ’ਚ ਦੇਸ਼ ’ਚ ਸਭ ਤੋਂ ਵੱਧ ਜਬਰ-ਜ਼ਨਾਹ ਹੋਏ ਸਨ ਅਤੇ ਕੋਲਕਾਤਾ ’ਚ ਸਭ ਤੋਂ ਘੱਟ।

ਪਰ ਪਿਛਲੇ ਦਿਨੀਂ ਕੋਲਕਾਤਾ ਦੇ ਮਾਮਲੇ ਨੇ ਹੀ ਸਾਰਿਆਂ ਨੂੰ ਪ੍ਰੇਸ਼ਾਨ ਕਰ ਦਿੱਤਾ। ਅਜਿਹਾ ਕਿਉਂ ਹੈ ਕਿ ਇਕ ਪਾਸੇ ਲੜਕੀਆਂ ਨੂੰ ਪੂਜਦੇ ਹਨ, ਮਾਤ-ਸ਼ਕਤੀ ਨੂੰ ਸਭ ਤੋਂ ਵੱਡਾ ਮੰਨਦੇ ਹਨ ਅਤੇ ਦੂਜੇ ਪਾਸੇ ਮੌਕਾ ਮਿਲਦੇ ਹੀ ਉਨ੍ਹਾਂ ਪ੍ਰਤੀ ਕਿਸੇ ਵੀ ਘਟੀਆ ਕਾਰੇ ਨੂੰ ਕਰਨ ਤੋਂ ਬਾਜ਼ ਨਹੀਂ ਆਉਂਦੇ।

ਇੱਥੋਂ ਤੱਕ ਕਿ ਨਜ਼ਦੀਕੀ ਰਿਸ਼ਤੇਦਾਰ ਅਜਿਹਾ ਕਰਦੇ ਹਨ। ਬਹੁਤ ਪਹਿਲਾਂ ਕੇਰਲ ’ਚ ਇਕ ਰਿਪੋਰਟ ਆਈ ਸੀ ਜਿਸ ’ਚ ਦੱਸਿਆ ਗਿਆ ਸੀ ਕਿ ਬਹੁਤ ਸਾਰੇ ਨਜ਼ਦੀਕੀ ਰਿਸ਼ਤੇਦਾਰ ਆਪਣੀਆਂ ਰਿਸ਼ਤੇਦਾਰ ਵੱਡੀ ਉਮਰ ਦੀਆਂ ਔਰਤਾਂ ਨੂੰ ਨਹੀਂ ਬਖਸ਼ਦੇ। ਸੁਣਨ ’ਚ ਇਹ ਭਿਆਨਕ ਲੱਗਦਾ ਹੈ ਕਿ ਸਾਡੀਆਂ ਬਜ਼ੁਰਗ ਨਾਨੀਆਂ-ਦਾਦੀਆਂ ਵੀ ਇਸ ਤਰ੍ਹਾਂ ਦੇ ਅਪਰਾਧਾਂ ਦਾ ਸ਼ਿਕਾਰ ਹੋਣ।

ਇਸ ਰਿਪੋਰਟ ਨੂੰ ਪੜ੍ਹ ਕੇ ਉਸ ਸਮੇਂ ਦੇ ਕੇਰਲ ਦੇ ਮੁੱਖ ਮੰਤਰੀ ਵੀ ਹੈਰਾਨ ਹੋ ਉੱਠੇ ਸਨ। ਹਾਲ ਹੀ ’ਚ ਇਕ ਖਬਰ ਨੇ ਪ੍ਰੇਸ਼ਾਨ ਕੀਤਾ ਸੀ ਕਿ ਰਾਜਸਥਾਨ ’ਚ ਪਿੰਡ ’ਚ ਰਹਿਣ ਵਾਲੇ ਇਕ ਮਾਂ-ਪੁੱਤਰ ਵਿਆਹ ਤੋਂ ਪਰਤ ਰਹੇ ਸਨ। ਪੁੱਤਰ ਨੇ ਬੜੀ ਸ਼ਰਾਬ ਪੀਤੀ ਹੋਈ ਸੀ। ਇਕ ਸੁਨਸਾਨ ਥਾਂ ਦੇਖ ਕੇ ਪੁੱਤਰ ਨੇ ਮਾਂ ਦੇ ਨਾਲ ਜਬਰ-ਜ਼ਨਾਹ ਵਰਗੇ ਅਪਰਾਧ ਨੂੰ ਅੰਜਾਮ ਦਿੱਤਾ।

ਮਾਂ ਆਪਣੇ ਮਾਂ ਹੋਣ ਦੀ ਦੁਹਾਈ ਦਿੰਦੀ ਰਹੀ ਪਰ ਉਹ ਨਾ ਮੰਨਿਆ। ਨਸ਼ਾ ਉਤਰਨ ਦੇ ਬਾਅਦ ਉਸ ਨੇ ਖੁਦ ਜੁਰਮ ਮੰਨ ਲਿਆ। ਸ਼ਰਾਬ ਬਾਰੇ ਐਵੇਂ ਹੀ ਨਹੀਂ ਕਿਹਾ ਜਾਂਦਾ ਕਿ ਉਸ ਨੂੰ ਪੀਣ ਦੇ ਬਾਅਦ ਲੋਕ ਹੋਸ਼ ਗੁਆ ਬੈਠਦੇ ਹਨ ਪਰ ਜ਼ਰੂਰੀ ਨਹੀਂ ਕਿ ਸ਼ਰਾਬ ਪੀਣ ਦੇ ਬਾਅਦ ਹੀ ਅਜਿਹੇ ਅਪਰਾਧ ਕੀਤੇ ਜਾਂਦੇ ਹੋਣ।

ਹੱਦ ਤਾਂ ਇਹ ਹੈ ਕਿ ਛੋਟੇ ਬੱਚੇ ਵੀ ਇਸ ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਪਾਏ ਜਾਂਦੇ ਹਨ। ਅਸੀਂ ਸਮਝਦੇ ਹਾਂ ਕਿ ਲੜਕੀਆਂ ਅਤੇ ਔਰਤਾਂ ਦੇ ਪ੍ਰਤੀ ਅਪਰਾਧ ਬਾਹਰ ਵਾਲੇ ਹੀ ਕਰਦੇ ਹਨ ਪਰ ਹਮੇਸ਼ਾ ਅਜਿਹਾ ਸੱਚ ਨਹੀਂ ਹੈ।

ਬਚਪਨ ’ਚ ਜਦ ਘਰ ਦੀਆਂ ਬਜ਼ੁਰਗ ਔਰਤਾਂ ਕਹਿੰਦੀਆਂ ਹਨ ਕਿ ਘਰ ਦੇ ਮਰਦਾਂ ਦੇ ਸਾਹਮਣੇ ਦੁਪੱਟਾ ਲੈ ਕੇ ਜਾਓ ਤਾਂ ਬੜਾ ਬੁਰਾ ਲੱਗਦਾ ਸੀ ਪਰ ਅੱਜ ਸਮਝ ’ਚ ਆਉਂਦਾ ਹੈ ਕਿ ਉਹ ਅਜਿਹਾ ਕਿਉਂ ਕਹਿੰਦੀਆਂ ਸਨ। ਉਹ ਉਨ੍ਹਾਂ ਪ੍ਰਵਿਰਤੀਆਂ ਨੂੰ ਪਛਾਣ ਦੀਆਂ ਸਨ, ਜਿਨ੍ਹਾਂ ’ਚੋਂ ਅਪਰਾਧ ਜਨਮ ਲੈਂਦੇ ਹਨ।

ਪਰ ਇਹ ਵੀ ਸੱਚ ਹੈ ਕਿ ਕਿਸੇ ਨੇ ਕਿਹੋ ਜਿਹੇ ਕੱਪੜੇ ਪਹਿਨੇ ਹਨ, ਇਹ ਦੇਖ ਕੇ ਲੋਕ ਉਸ ਦੇ ਪ੍ਰਤੀ ਅਪਰਾਧ ਕਰਨ ਲਈ ਪ੍ਰੇਰਿਤ ਹੋਣ। ਜਾਪਦਾ ਇਹ ਹੈ ਕਿ ਲੜਕੀਆਂ ਅਤੇ ਔਰਤਾਂ ਕਿਹੋ ਜਿਹੇ ਵੀ ਕੱਪੜੇ ਪਹਿਨਣ, ਉਹ ਘਰ ਤੋਂ ਬਾਹਰ ਰਹਿਣ ਜਾਂ ਅੰਦਰ , ਉਹ ਹਮੇਸ਼ਾ ਅਪਰਾਧਾਂ ਦੇ ਘੇਰੇ ’ਚ ਆਉਂਦੀਆਂ ਹਨ ਅਤੇ ਇਹ ਸਿਰਫ ਹਿੰਦੂਸਤਾਨ ਦੀ ਗੱਲ ਨਹੀਂ ਹੈ।

ਉਹ ਦੇਸ਼ ਜੋ ਮਹਿਲਾ ਸੁਰੱਖਿਆ ਅਤੇ ਔਰਤਾਂ ਦੀ ਬਰਾਬਰੀ ਨੂੰ ਲੈ ਕੇ ਦੂਜੇ ਦੇਸ਼ਾਂ ਨੂੰ ਬੜਾ ਗਿਆਨ ਵੰਡਦੇ ਰਹਿੰਦੇ ਹਨ, ਉੱਥੋਂ ਦੀ ਆਬਾਦੀ ਦੇਖੋ ਅਤੇ ਜਬਰ-ਜ਼ਨਾਹ ਦੇ ਮਾਮਲੇ ਦੇਖੋ, ਤਾਂ ਉਹ ਬੜੀ ਵੱਡੀ ਗਿਣਤੀ ’ਚ ਨਜ਼ਰ ਆਉਂਦੇ ਹਨ।

ਸੋਚਣ ਵਾਲੀ ਗੱਲ ਇਹੀ ਹੈ ਕਿ ਆਖਰ ਅਜਿਹਾ ਕਿਵੇਂ ਹੋਵੇ ਕਿ ਔਰਤਾਂ ਆਪਣੇ ਘਰਾਂ ’ਚ ਅਤੇ ਬਾਹਰ ਸੁਰੱਖਿਅਤ ਰਹਿ ਸਕਣ। ਜਿੱਥੇ ਉਹ ਕੰਮ ਕਰਦੀਆਂ ਹਨ, ਉੱਥੇ ਤਾਂ ਸੁਰੱਖਿਆ ਹੋਰ ਵੀ ਜ਼ਰੂਰੀ ਹੈ। ਕੋਲਕਾਤਾ ਦੀ ਡਾਕਟਰ ਦੇ ਨਾਲ ਅਪਰਾਧ ਉਸੇ ਹਸਪਤਾਲ ’ਚ ਹੋਇਆ, ਿਜੱਥੇ ਉਹ ਕੰਮ ਕਰਦੀ ਸੀ। ਤੁਸੀਂ ਲੱਖ ਕਾਨੂੰਨ ਬਣਾ ਲਓ, ਸਖਤ ਤੋਂ ਸਖਤ ਸਜ਼ਾ ਦੇ ਦਿਓ ਪਰ ਅਪਰਾਧ ਨਹੀਂ ਰੁਕਦੇ । ਨਿਰਭਯਾ ਦੇ ਪ੍ਰਤੀ ਜਿਹੜੇ ਲੜਕਿਆਂ ਨੇ ਅਪਰਾਧ ਕੀਤਾ ਸੀ , ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ।

ਪਰ ਸਵਾਲ ਔਰਤਾਂ ਦੇ ਪ੍ਰਤੀ ਸਾਡੇ ਨਜ਼ਰੀਏ ਦਾ ਹੈ। ਜਦ ਤਕ ਔਰਤਾਂ ਹੋਣ ਦਾ ਮਤਲਬ ਕਿਸੇ ਤੋਂ ਕਮਜ਼ੋਰ ਹੋਣਾ ਹੈ, ਉੱਥੇ ਸਰੀਰ ਮਾਤਰ ਨੂੰ ਦੇਖ ਕੇ ਹਮਲਾਵਰ ਹੋਣਾ ਹੈ ਅਤੇ ਕਿਸੇ ਤਰ੍ਹਾਂ ਦਾ ਪਛਤਾਵਾ ਵੀ ਨਾ ਹੋਵੇ, ਤਾਂ ਸਾਰੇ ਕਾਨੂੰਨ ਅਤੇ ਸਾਰਾ ਹੋ-ਹੱਲਾ ਵਿਅਰਥ ਜਿਹਾ ਜਾਪਦਾ ਹੈ।

ਕਿਸੇ ਪੀੜਤਾ ਦਾ ਨਾਂ ਅਭਯਾ ਰੱਖ ਲਓ, ਨਿਰਭਯਾ ਰੱਖ ਲਓ, ਅਪਰਾਜਿਕਤਾ ਕਹੋ ਪਰ ਜੇਕਰ ਸੋਚ ਨਾ ਬਦਲੇ, ਔਰਤਾਂ ਦੇ ਪ੍ਰਤੀ ਨਜ਼ਰੀਆ ਨਾ ਬਦਲੇ ਤਾਂ ਕਾਨੂੰਨ ਕਿਸੇ ਕੰਮ ਦੇ ਨਹੀਂ ਹਨ। ਉਹ ਇਕ ਮਨੋਵਿਗਿਆਨਕ ਸਹਾਰਾ ਤਾਂ ਦੇ ਸਕਦੇ ਹਨ ਪਰ ਇਹ ਵੀ ਤਾਂ ਸੱਚ ਹੈ ਕਿ ਵਧੇਰੇ ਗਰੀਬ , ਸਾਧਨਹੀਣ ਔਰਤਾਂ ਦੀ ਪਹੁੰਚ ਉਨ੍ਹਾਂ ਤੱਕ ਨਹੀਂ ਹੁੰਦੀ। ਔਰਤਾਂ ਦੇ ਪ੍ਰਤੀ ਨਜ਼ਰੀਆ ਬਦਲਣ ’ਤੇ ਹੀ ਉਨ੍ਹਾਂ ਦੇ ਪ੍ਰਤੀ ਅਪਰਾਧ ਰੁਕ ਸਕਦੇ ਹਨ।

ਸ਼ਮਾ ਸ਼ਰਮਾ


author

Rakesh

Content Editor

Related News