ਉਪ-ਚੋਣਾਂ : ਬਗਾਵਤ ਨਾਲ ਜੂਝ ਰਹੀ ਭਾਜਪਾ ਨੂੰ ਸਿਰਫ ਸੱਤਾ ਦਾ ਸਹਾਰਾ

10/09/2019 1:39:16 AM

ਡਾ. ਰਾਜੀਵ ਪਥਰੀਆ

ਹਿਮਾਚਲ ਪ੍ਰਦੇਸ਼ ’ਚ ਫਿਰ ਤੋਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਧਰਮਸ਼ਾਲਾ ਅਤੇ ਪੱਛਾਦ (ਰਾਖਵੇਂ) ’ਚ ਉਪ-ਚੋਣਾਂ ਨੂੰ ਲੈ ਕੇ ਪ੍ਰਚਾਰ ਨੇ ਜ਼ੋਰ ਫੜ ਲਿਆ ਹੈ। ਸੱਤਾਧਾਰੀ ਭਾਜਪਾ ਲਈ ਇਹ ਉਪ-ਚੋਣ ਉਸ ਦੀ ਲੋਕਪ੍ਰਿਅਤਾ ਪਰਖਣ ਦੀ ਕਸੌਟੀ ਹੈ ਤਾਂ ਆਪੋਜ਼ੀਸ਼ਨ ਕਾਂਗਰਸ ਪਾਰਟੀ ਲਈ ਪ੍ਰਦੇਸ਼ ’ਚ ਆਪਣੀ ਮੌਜੂਦਗੀ ਸਾਬਿਤ ਕਰਨ ਦਾ ਮੌਕਾ। ਭਾਜਪਾ ਵਲੋਂ ਟਿਕਟਾਂ ਦੀ ਚੋਣ ਨੂੰ ਲੈ ਕੇ ਜੋ ਖੁੰਝਾਹਟ ਹੋਈ ਹੈ, ਉਸ ਨਾਲ ਪਾਰਟੀ ਦੇ ਆਪਣੇ ਹੀ ਬਾਗੀ ਤੇਵਰ ਅਪਣਾ ਕੇ ਭਾਜਪਾ ਉਮੀਦਵਾਰਾਂ ਲਈ ਚੁਣੌਤੀ ਬਣ ਕੇ ਸਾਹਮਣੇ ਖੜ੍ਹੇ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਲਈ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦੂਸਰੀ ਪ੍ਰੀਖਿਆ ਹੈ ਪਰ ਟਿਕਟਾਂ ਦੀ ਚੋਣ ਦਾ ਜ਼ਿੰਮਾ ਆਪਣੇ ਮੋਢਿਆਂ ’ਤੇ ਲੈ ਕੇ ਜੈਰਾਮ ਠਾਕੁਰ ਨੇ ਜੋ ਉਮੀਦਵਾਰ ਧਰਮਸ਼ਾਲਾ ਅਤੇ ਪੱਛਾਦ ਦੀਆਂ ਉਪ-ਚੋਣਾਂ ’ਚ ਉਤਾਰੇ ਹਨ, ਉਨ੍ਹਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਆਪਣੀ ਹੀ ਪਾਰਟੀ ਅੰਦਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਦੋਵਾਂ ਹਲਕਿਆਂ ’ਚ ਭਾਜਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਕਰਨ ਲਈ ਸੱਤਾਧਾਰੀ ਭਾਜਪਾ ਨੇ ਮੰਤਰੀਆਂ, ਵਿਧਾਇਕਾਂ, ਸਰਕਾਰ ’ਚ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦੇ ਸੰਭਾਲ ਰਹੇ ਨੇਤਾਵਾਂ ਸਮੇਤ ਪਾਰਟੀ ਦੇ ਸਾਰੇ ਸੀਨੀਅਰ ਅਹੁਦੇਦਾਰਾਂ ਨੂੰ ਉਪ-ਚੋਣਾਂ ’ਚ ਉਤਾਰ ਦਿੱਤਾ ਹੈ, ਜਿਸ ਨਾਲ ਚੋਣ ਪ੍ਰਚਾਰ ’ਚ ਹੋ ਰਹੀ ਜੋੜ-ਤੋੜ ’ਚ ਸੱਤਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਟਿਕਟਾਂ ਦੀ ਅਲਾਟਮੈਂਟ ਨੂੰ ਲੈ ਕੇ ਭਾਜਪਾ ’ਚ ਬਗਾਵਤ

ਪੱਛਾਦ ’ਚ ਟਿਕਟਾਂ ਦੀ ਅਲਾਟਮੈਂਟ ’ਚ ਉਮੀਦਵਾਰ ਦੀ ਲੋਕਪ੍ਰਿਯਤਾ ਦੇ ਪੈਮਾਨੇ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰ ਦਿੱਤਾ ਗਿਆ। ਧਰਮਸ਼ਾਲਾ ’ਚ 90 ਦੇ ਦਹਾਕੇ ਤੋਂ ਸਥਾਪਿਤ ਨੇਤਾ ਕਿਸ਼ਨ ਕਪੂਰ ਦੀ ਰਾਇ ਵੀ ਉਮੀਦਵਾਰ ਦੀ ਚੋਣ ’ਚ ਸ਼ਾਮਲ ਕਰਨ ਦੀ ਜ਼ਰੂਰਤ ਪਾਰਟੀ ਨੇ ਸਹੀ ਨਹੀਂ ਸਮਝੀ, ਜਿਸ ਕਾਰਣ ਪੱਛਾਦ ਦੀ ਮਹਿਲਾ ਨੇਤਾ ਦਿਆਲ ਪਿਆਰੀ ਪਾਰਟੀ ’ਚੋਂ ਬਗਾਵਤ ਕਰ ਕੇ ਬਤੌਰ ਆਜ਼ਾਦ ਚੋਣਾਂ ’ਚ ਉਤਰੀ ਹੋਈ ਹੈ। ਹਾਲਾਂਕਿ ਪੱਛਾਦ ਤੋਂ ਹੀ ਭਾਜਪਾ ਦੇ ਅਸੀਸ ਸਿਕਟਾ ਨੇ ਵੀ ਬਤੌਰ ਆਜ਼ਾਦ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਪਰ ਪਾਰਟੀ ਨੇ ਉਨ੍ਹਾਂ ਨੂੰ ਸਰਕਾਰ ਅਤੇ ਸੰਗਠਨ ’ਚ ਉੱਚ ਅਹੁਦਾ ਦੇਣ ਦੀ ਪੇਸ਼ਕਸ਼ ਕਰ ਕੇ ਬਾਅਦ ’ਚ ਮਨਾ ਲਿਆ ਸੀ ਪਰ ਦਿਆਲ ਪਿਆਰੀ ਨੂੰ ਮਨਾਉਣ ’ਚ ਪਾਰਟੀ ਅਸਫਲ ਰਹੀ ਹੈ। ਪੱਛਾਦ ਉਪ-ਚੋਣ ’ਚ ਇਸ ਸਮੇਂ ਦਿਆਲ ਪਿਆਰੀ ਭਾਜਪਾ ਲਈ ਇਕ ਵੱਡੀ ਚੁਣੌਤੀ ਬਣ ਚੁੱਕੀ ਹੈ। ਉਥੇ ਹੀ ਹਾਟੀ ਫਿਰਕੇ ਨੂੰ ਜਨਜਾਤੀ ਦਰਜਾ ਦੇਣ ਦਾ ਮੁੱਖ ਮੁੱਦਾ ਵੀ ਪੱਛਾਦ ਉਪ-ਚੋਣ ’ਚ ਚੱਲ ਰਿਹਾ ਹੈ ਕਿਉਂਕਿ ਕਿਸੇ ਵੀ ਜਾਤੀ ਨੂੰ ਜਨਜਾਤੀ ਦਾ ਦਰਜਾ ਦੇਣ ਦਾ ਵਿਸ਼ਾ ਕੇਂਦਰ ਸਰਕਾਰ ਦਾ ਹੈ ਅਤੇ ਸੂਬਾਈ ਸਰਕਾਰ ਵਲੋਂ ਪਹਿਲਾਂ ਹੀ ਇਸ ਬਾਰੇ ਕੇਂਦਰ ਨੂੰ ਪ੍ਰਸਤਾਵ ਭੇਜ ਕੇ ਮੰਗ ਕੀਤੀ ਜਾ ਚੁੱਕੀ ਹੈ ਪਰ ਸਾਲਾਂ ਤੋਂ ਇਸ ਮੰਗ ਨੂੰ ਕੇਂਦਰ ਨੇ ਸਵੀਕਾਰ ਨਹੀਂ ਕੀਤਾ ਹੈ, ਜਿਸ ਨਾਲ ਕਾਂਗਰਸੀ ਉਮੀਦਵਾਰ ਗੰਗੂ ਰਾਮ ਮੁਸਾਫਿਰ ਇਸ ਮੁੱਦੇ ਨੂੰ ਵੀ ਭਾਜਪਾ ਵਿਰੁੱਧ ਚੋਣਾਂ ’ਚ ਭਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਜ਼ਿਕਰ ਧਰਮਸ਼ਾਲਾ ਦਾ ਕਰੀਏ ਤਾਂ ਉਥੋਂ ਭਾਜਪਾ ’ਚ ਓ. ਬੀ. ਸੀ. ਵਰਗ ਦੀ ਅਣਦੇਖੀ ਤੋਂ ਖਫਾ ਹੋ ਕੇ ਬਰਾਦਰੀ ਵਲੋਂ ਰਾਕੇਸ਼ ਚੌਧਰੀ ਬਤੌਰ ਆਜ਼ਾਦ ਉਮੀਦਵਾਰ ਉਪ-ਚੋਣ ’ਚ ਉੱਤਰੇ ਹੋਏ ਹਨ। ਇਨ੍ਹਾਂ ਨੇ ਟਿਕਟ ਨਾ ਮਿਲਣ ’ਤੇ ਭਾਜਪਾ ਨਾਲ ਬਗਾਵਤ ਕੀਤੀ ਹੈ। ਉਥੇ ਹੀ ਟਿਕਟ ਦੀ ਲਾਈਨ ’ਚ ਸ਼ਾਮਲ ਧਰਮਸ਼ਾਲਾ ਭਾਜਪਾ ਦੇ ਕਈ ਚਿਹਰੇ ਇਨ੍ਹੀਂ ਦਿਨੀਂ ਚੁੱਪ ਧਾਰ ਕੇ ਘਰਾਂ ’ਚ ਬੈਠ ਚੁੱਕੇ ਹਨ। ਜ਼ਾਹਿਰ ਹੈ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਲਈ ਉਪ-ਚੋਣਾਂ ਲਈ ਟਿਕਟਾਂ ਦੀ ਚੋਣ ਇਕ ਸਖਤ ਪ੍ਰੀਖਿਆ ਰਹੀ ਹੈ, ਜਿਸ ਤੋਂ ਖੁਦ ਸਾਬਕਾ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਅਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦੂਰੀ ਬਣਾਈ ਸੀ। ਉਹ ਭਾਜਪਾ ਦੀ ਸੂਬਾਈ ਚੋਣ ਕਮੇਟੀ ਦੀ ਮੀਟਿੰਗ ’ਚ ਵੀ ਸ਼ਾਮਲ ਨਹੀਂ ਹੋਏ ਸਨ। ਉਥੇ ਹੀ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਨੇ ਵੀ ਉਪ-ਚੋਣਾਂ ਲਈ ਇਨ੍ਹਾਂ ਟਿਕਟਾਂ ਦੀ ਚੋਣ ’ਚ ਕੋਈ ਭੂਮਿਕਾ ਨਹੀਂ ਨਿਭਾਈ। ਅਜਿਹੀ ਹਾਲਤ ’ਚ ਬਗਾਵਤ ਅਤੇ ਨਾਰਾਜ਼ਗੀਆਂ ਵਿਚਾਲੇ ਭਾਜਪਾ ਨੂੰ ਲੈ ਕੇ ਸੱਤਾ ਦਾ ਹੀ ਸਹਾਰਾ ਹੈ।

ਸੁਧੀਰ ਨੇ ਨਾਜ਼ੁਕ ਕੀਤੇ ਕਾਂਗਰਸ ਦੇ ਹਾਲਾਤ

ਸਾਬਕਾ ਮੰਤਰੀ ਸੁਧੀਰ ਸ਼ਰਮਾ ਇਨ੍ਹੀਂ ਦਿਨੀਂ ਬੀਮਾਰ ਚੱਲ ਰਹੇ ਹਨ ਪਰ ਉਨ੍ਹਾਂ ਦੀ ਬੀਮਾਰੀ ਨਾਲ ਧਰਮਸ਼ਾਲਾ ਉਪ-ਚੋਣ ’ਚ ਕਾਂਗਰਸ ਦੇ ਹਾਲਾਤ ਨਾਜ਼ੁਕ ਦਿਸ ਰਹੇ ਹਨ।

ਟਿਕਟਾਂ ਦੀ ਅਲਾਟਮੈਂਟ ਤੋਂ ਠੀਕ ਪਹਿਲਾਂ ਸੁਧੀਰ ਸ਼ਰਮਾ ਵਲੋਂ ਉਪ-ਚੋਣ ਲੜਨ ਤੋਂ ਸਾਫ ਇਨਕਾਰ ਕਰ ਦੇਣਾ ਅੱਜ ਵੀ ਭੇਤ ਹੀ ਬਣਿਆ ਹੋਇਆ ਹੈ। ਕਾਂਗਰਸ ਦੀ ਰਾਜਨੀਤੀ ’ਚ ਕਾਂਗੜਾ ਜ਼ਿਲੇ ਦੇ ਇਕਲੌਤੇ ਬ੍ਰਾਹਮਣ ਨੇਤਾ ਰਹੇ ਸਵ. ਪੰਡਿਤ ਸੰਤ ਰਾਮ ਦੀ ਰਾਜਨੀਤਕ ਵਿਰਾਸਤ ਨੂੰ ਸੰਭਾਲ ਰਹੇ ਸੁਧੀਰ ਸ਼ਰਮਾ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਚਹੇਤੇ ਰਹੇ ਹਨ। ਧਰਮਸ਼ਾਲਾ ਉਪ-ਚੋਣ ’ਚ ਪਾਰਟੀ ਨੇ ਉਨ੍ਹਾਂ ਨੂੰ ਉਤਾਰਨ ਦਾ ਪੂਰਾ ਮਨ ਬਣਾਇਆ ਸੀ ਅਤੇ ਧਰਮਸ਼ਾਲਾ ਕਾਂਗਰਸ ਕਮੇਟੀ ਨੇ ਉਨ੍ਹਾਂ ਦਾ ਇਕਲੌਤਾ ਨਾਂ ਟਿਕਟ ਲਈ ਹਾਈਕਮਾਨ ਨੂੰ ਭੇਜਿਆ ਸੀ ਪਰ ਇਸ ਦੌਰਾਨ ਧਰਮਸ਼ਾਲਾ ਤੋਂ ਟਿਕਟ ਦੇ ਦਾਅਵੇਦਾਰਾਂ ’ਚ ਸੁਧੀਰ ਦੇ ਪੁਰਾਣੇ ਸਾਥੀਆਂ ਦੇ ਨਾਂ ਜਦੋਂ ਸਾਹਮਣੇ ਆਏ ਤਾਂ ਉਹ ਪਿੱਛੇ ਹਟ ਗਏ। ਅਜਿਹੀ ਹਾਲਤ ’ਚ ਸੰਗਠਨ ਦੇ ਚਿਹਰੇ ਅਤੇ ਗੱਦੀ ਫਿਰਕੇ ਨਾਲ ਸਬੰਧਤ ਵਿਜੇਂਦਰ ਕਰਨ ਨੂੰ ਪਾਰਟੀ ਨੇ ਉਪ-ਚੋਣ ’ਚ ਆਪਣਾ ਚਿਹਰਾ ਬਣਾਇਆ ਹੈ ਪਰ ਸੁਧੀਰ ਸ਼ਰਮਾ ਨੇ ਹੁਣ ਤਕ ਵੀ ਚੋਣ ਪ੍ਰਚਾਰ ਤੋਂ ਪੂਰੀ ਦੂਰੀ ਬਣਾਈ ਹੋਈ ਹੈ। ਇਹੀ ਨਹੀਂ, ਉਨ੍ਹਾਂ ਦੇ ਕੱਟੜ ਹਮਾਇਤੀਆਂ ’ਚ ਸ਼ਾਮਲ ਕੁਝ ਚਿਹਰੇ ਵੀ ਵਿਜੇਂਦਰ ਕਰਨ ਲਈ ਵੋਟ ਮੰਗਣ ਤੋਂ ਹੁਣ ਤਕ ਗੁਰੇਜ਼ ਕਰ ਰਹੇ ਹਨ। ਸੁਧੀਰ ਸ਼ਰਮਾ ਨੇ ਹੁਣ ਭਵਿੱਖ ’ਚ ਸਿਰਫ ਸੰਗਠਨ ਲਈ ਕੰਮ ਦੀ ਇੱਛਾ ਕਾਂਗਰਸ ਹਾਈਕਮਾਨ ਸਾਹਮਣੇ ਜਤਾਈ ਹੈ, ਜਦਕਿ ਭਾਜਪਾ ਪ੍ਰਧਾਨ ਸੱਤਪਾਲ ਸਿੰਘ ਸੱਤੀ ਦੇ ਬਿਆਨਾਂ ’ਤੇ ਗੌਰ ਕਰੀਏ ਤਾਂ ਸੁਧੀਰ ਸ਼ਰਮਾ ਭਾਜਪਾ ਤੋਂ ਟਿਕਟ ਹਾਸਲ ਕਰਨ ਦਾ ਯਤਨ ਕਰਦੇ ਰਹੇ ਹਨ। ਹਾਲਾਂਕਿ ਇਸ ਦਾ ਖੰਡਨ ਸੁਧੀਰ ਸ਼ਰਮਾ ਵਲੋਂ ਕੀਤਾ ਜਾ ਚੁੱਕਾ ਹੈ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਧਰਮਸ਼ਾਲਾ ਦੀ ਉਪ-ਚੋਣ ਦੇ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ, ਉਸ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਉਹ ਵਿਜੇਂਦਰ ਕਰਨ ਨੂੰ ਟਿਕਟ ਮਿਲਣ ਤੋਂ ਨਾ-ਖੁਸ਼ ਹਨ। ਅਜਿਹੀ ਹਾਲਤ ਵਿਚ ਪੱਛਾਦ ’ਚ ਜਿਥੇ ਭਾਜਪਾ ਅੰਦਰ ਹੋਈ ਬਗਾਵਤ ਦਾ ਲਾਭ ਲੈਣ ਦੀ ਕੋਸ਼ਿਸ਼ ਕਾਂਗਰਸ ਕਰ ਰਹੀ ਹੈ, ਉਥੇ ਹੀ ਧਰਮਸ਼ਾਲਾ ’ਚ ਸੁਧੀਰ ਸ਼ਰਮਾ ਦੀ ਪ੍ਰਚਾਰ ਤੋਂ ਦੂਰੀ ਪਾਰਟੀ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ।

email-pathriarajeev@gmail.com

Bharat Thapa

This news is Content Editor Bharat Thapa