ਖੁਦ ਤੋਂ ਹਾਰੇਗੀ ਦਿੱਲੀ ’ਚ ਭਾਜਪਾ

01/16/2020 1:45:13 AM

ਵਿਸ਼ਣੂ ਗੁਪਤ

ਭਾਜਪਾ ਨੇ ਮੁੜ ਤੋਂ ਦੇਸ਼ ’ਚ ਆਪਣੀ ਸਰਕਾਰ ਸਥਾਪਿਤ ਕਰਨ ਦੀ ਬਹਾਦਰੀ ਤਾਂ ਜ਼ਰੂਰ ਦਿਖਾਈ ਹੈ ਪਰ ਦਿੱਲੀ ’ਚ ਭਾਜਪਾ ਵਲੋਂ ਮੁੜ ਤੋਂ ਸਰਕਾਰ ਬਣਾਉਣ ਦਾ ਸੁਪਨਾ ਕਦੋਂ ਪੂਰਾ ਹੋਵੇਗਾ, ਇਸ ਦਾ ਬਨਵਾਸ ਕਦੋਂ ਸਮਾਪਤ ਹੋਵੇਗਾ? ਇਹ ਕਹਿਣਾ ਮੁਸ਼ਕਿਲ ਹੈ। ਬਨਵਾਸ ਕੋਈ 5-10 ਸਾਲ ਦਾ ਨਹੀਂ ਸਗੋਂ ਇਸ ਨੂੰ ਤਾਂ ਪੂਰੇ 20 ਸਾਲ ਹੋ ਗਏ ਹਨ ਭਾਵ ਕਿ ਭਾਜਪਾ ਦਿੱਲੀ ’ਚ 20 ਸਾਲ ਤੋਂ ਸੱਤਾ ਤੋਂ ਬਾਹਰ ਹੈ। ਦਿੱਲੀ ’ਚ ਭਾਜਪਾ ਦੇ ਅੰਤਿਮ ਮੁੱਖ ਮੰਤਰੀ ਸੁਸ਼ਮਾ ਸਵਰਾਜ ਸਨ, ਜੋ ਹੁਣ ਇਸ ਦੁਨੀਆ ’ਚ ਨਹੀਂ ਹਨ। ਪਿਆਜ਼ ਦੀਆਂ ਕੀਮਤਾਂ ’ਚ ਵਾਧੇ ਕਾਰਣ ਭਾਜਪਾ ਦੀ ਸਰਕਾਰ ਦਫਨ ਹੋਈ ਸੀ ਅਤੇ ਕਾਂਗਰਸ ਸਰਕਾਰ ਬਣੀ ਸੀ। ਸ਼ੀਲਾ ਦੀਕਸ਼ਿਤ, ਜਿਨ੍ਹਾਂ ਦੀ ਦਿੱਲੀ ਦੀ ਸਿਆਸਤ ’ਚ ਕੋਈ ਭੂਮਿਕਾ ਨਹੀਂ ਸੀ, ਫਿਰ ਵੀ ਉਹ ਮੁੱਖ ਮੰਤਰੀ ਬਣੀ ਅਤੇ ਪੂਰੇ 15 ਸਾਲ ਉਨ੍ਹਾਂ ਦੀ ਸਰਕਾਰ ਰਹੀ। 15 ਸਾਲਾਂ ਤਕ ਸ਼ੀਲਾ ਦੀਕਸ਼ਿਤ ਨੂੰ ਹਰਾਉਣ ’ਚ ਭਾਜਪਾ ਅਸਫਲ ਰਹੀ। ਸ਼ੀਲਾ ਦੀ ਸਰਕਾਰ ਦਾ ਪਤਨ ਹੋਇਆ ਤਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ ਗਈ। ਕੇਜਰੀਵਾਲ ਦੀ ਸਰਕਾਰ ਪੂਰੇ ਪੰਜ ਸਾਲ ਤਕ ਕਾਇਮ ਰਹੀ ਹੈ। ਹੁਣ ਦਿੱਲੀ ’ਚ ਵਿਧਾਨ ਸਭਾ ਚੋਣਾਂ ਹਨ, ਭਾਜਪਾ ਕੇਜਰੀਵਾਲ ਦੀ ਸਰਕਾਰ ਦੇ ਵਿਰੁੱਧ ਗੁੱਸੇ ’ਚ ਵੀ ਹੈ ਅਤੇ ਹਮਲਾਵਰ ਵੀ ਪਰ ਕੀ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਹਰਾਉਣ ’ਚ ਸਫਲ ਹੋਵੇਗੀ ਅਤੇ ਆਪਣਾ 20 ਸਾਲਾਂ ਦਾ ਬਨਵਾਸ ਖਤਮ ਕਰ ਸਕੇਗੀ? ਜੇਕਰ ਭਾਜਪਾ ਨੇ ਚੋਣਾਂ ’ਚ ਦਲੇਰੀ ਦਿਖਾਈ ਤਾਂ ਫਿਰ ਇਹ ਹੈਰਾਨ ਕਰਨ ਵਾਲੀ ਸਿਆਸੀ ਘਟਨਾ ਹੋਵੇਗੀ ਅਤੇ ਸੂਬਾ ਇਕਾਈਆਂ ’ਚ ਖੋਰੇ ਦੀ ਪ੍ਰਕਿਰਿਆ ਬੰਦ ਹੋ ਜਾਵੇਗੀ, ਸੂਬਾ ਇਕਾਈਆਂ ’ਚ ਭਾਜਪਾ ਦਾ ਲਗਾਤਾਰ ਖੋਰਾ ਹੋ ਰਿਹਾ ਹੈ। ਸੂਬਾ ਇਕਾਈਆਂ ਦੇ ਖੋਰੇ ਨੂੰ ਭਾਜਪਾ ਦੀ ਡਿੱਗਦੀ ਸਾਖ ਅਤੇ ਨਰਿੰਦਰ ਮੋਦੀ ਦੇ ਚਮਤਕਾਰ ਦੇ ਕਥਿਤ ਖੋਰੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ।

ਬਦਲ ਭਾਜਪਾ ਲੱਭ ਨਹੀਂ ਸਕੀ

ਦਿੱਲੀ ਭਾਜਪਾ ’ਚ ਕਦੇ ਇਕ ਤੋਂ ਵਧ ਕੇ ਇਕ ਨੇਤਾ ਸਨ ਅਤੇ ਪੂਰੀ ਦਿੱਲੀ ਦੀ ਜਨਤਾ ਦੀਆਂ ਇੱਛਾਵਾਂ ਨੂੰ ਸਮਝਦੇ ਸਨ ਅਤੇ ਦਿੱਲੀ ਦੀ ਜਨਤਾ ਦੇ ਨਾਲ ਜਿਨ੍ਹਾਂ ਦੇ ਆਤਮੀ ਸਬੰਧ ਸਨ। ਅਜਿਹੇ ਨੇਤਾਵਾਂ ’ਚ ਸਾਹਿਬ ਸਿੰਘ ਵਰਮਾ, ਮਦਨ ਲਾਲ ਖੁਰਾਣਾ, ਓਮ ਪ੍ਰਕਾਸ਼ ਕੋਹਲੀ, ਸੁਸ਼ਮਾ ਸਵਰਾਜ, ਕੇਦਾਰਨਾਥ ਸਾਹਨੀ, ਮਾਂਗੇ ਲਾਲ ਗਰਗ ਆਦਿ ਸ਼ਾਮਲ ਸਨ। ਇਨ੍ਹਾਂ ’ਚੋਂ ਓਮ ਪ੍ਰਕਾਸ਼ ਕੋਹਲੀ ਨੂੰ ਛੱਡ ਕੇ ਸਾਰੇ ਸਵਰਗਵਾਸ ਹੋ ਗਏ ਹਨ। ਓਮ ਪ੍ਰਕਾਸ਼ ਕੋਹਲੀ ਵੀ ਰਾਜਪਾਲ ਦਾ ਕਾਰਜਕਾਲ ਪੂਰਾ ਕਰ ਕੇ ਘਰ ਬੈਠ ਗਏ। ਇਹ ਸਾਰੇ ਨੇਤਾ ਜਨਸੰਘ ਕਾਰਜਕਾਲ ਦੇ ਮਹਾਰਥੀ ਸਨ। ਉਸ ਕਾਲ ’ਚ ਇਨ੍ਹਾਂ ਸਾਰਿਆਂ ਨੇ ਕਾਂਗਰਸ ਵਿਰੁੱਧ ਬੇਮਿਸਾਲ ਦਲੇਰੀ ਦਾ ਸਬੂਤ ਦਿੰਦਿਆਂ ਦਿੱਲੀ ’ਚ ਭਾਜਪਾ ਨੂੰ ਸਥਾਪਿਤ ਕੀਤਾ। ਇਕ ਸਮੇਂ ਇਹ ਕਿਹਾ ਜਾਂਦਾ ਸੀ ਕਿ ਦਿੱਲੀ ’ਚ ਭਾਜਪਾ ਸਾਹਮਣੇ ਕਾਂਗਰਸ ਵੀ ਪਸਤ ਰਹਿੰਦੀ ਹੈ। ਇਹ ਸਹੀ ਵੀ ਸੀ ਕਿ ਦਿੱਲੀ ’ਚ ਜਨਸੰਘ ਦੀ ਕੋਈ ਇਕ ਵਾਰ ਨਹੀਂ, ਵਾਰ-ਵਾਰ ਸਥਾਨਕ ਸਰਕਾਰ ਬਣਦੀ ਸੀ ਪਰ ਬਦਲ ਭਾਜਪਾ ਨਹੀਂ ਲੱਭ ਸਕੀ। ਸੰਪੂਰਨ ਬਦਲ ਤਾਂ ਮਿਲਦਾ ਨਹੀਂ ਪਰ ਬਦਲ ਖੜ੍ਹਾ ਕਰਨ ਦੀ ਜੋ ਦ੍ਰਿਸ਼ਟੀ ਹੁੰਦੀ ਹੈ, ਉਹ ਦ੍ਰਿਸ਼ਟੀ ਹੀ ਦੋਸ਼ਪੂਰਨ ਅਤੇ ਅਦੂਰਦਰਸ਼ੀ ਹੋਣ ਕਾਰਣ ਬਦਲ ਬਣਦਾ ਹੀ ਨਹੀਂ। ਇਹੀ ਸੰਕਟ ਭਾਜਪਾ ਦਾ ਹੈ। ਅੱਜ ਸਾਹਿਬ ਸਿੰਘ ਵਰਮਾ, ਮਦਨ ਲਾਲ ਖੁਰਾਣਾ, ਸੁਸ਼ਮਾ ਸਵਰਾਜ, ਕੇਦਾਰਨਾਥ ਸਾਹਨੀ, ਮਾਂਗੇ ਲਾਲ ਗਰਗ, ਵਿਜੇ ਕੁਮਾਰ ਮਲਹੋਤਰਾ ਆਦਿ ਦਾ ਜੋ ਬਦਲ ਭਾਜਪਾ ’ਚ ਸਾਹਮਣੇ ਹੈ, ਉਹ ਹਨ ਮਨੋਜ ਤਿਵਾੜੀ, ਵਿਜੇ ਗੋਇਲ, ਵਿਜੇਂਦਰ ਗੁਪਤਾ, ਮੀਨਾਕਸ਼ੀ ਲੇਖੀ, ਹਰਸ਼ਵਰਧਨ ਆਦਿ। ਇਹ ਸਾਰੇ ਨੇਤਾ ਨਰਿੰਦਰ ਮੋਦੀ ਦੇ ਚਮਤਕਾਰ ਤੋਂ ਪੈਦਾ ਸਿਆਸਤ ਦੇ ਬਲਬੂਤੇ ’ਤੇ ਹਨ ਪਰ ਇਨ੍ਹਾਂ ਸਭਨਾਂ ਦਾ ਆਪਣਾ ਕੋਈ ਅਜਿਹਾ ਚਮਤਕਾਰ ਦਾ ਅਕਸ ਨਹੀਂ ਬਣਦਾ, ਜੋ ਆਪਣੇ ਮੋਢਿਆਂ ’ਤੇ ਦਿੱਲੀ-ਭਾਜਪਾ ਦਾ ਭਾਰ ਚੁੱਕ ਕੇ ਅਰਵਿੰਦ ਕੇਜਰੀਵਾਲ ਦੀ ਸੱਤਾ ਨੂੰ ਹਰਾ ਸਕੇ।

ਕੀ ਕਹਿੰਦਾ ਹੈ ਸਿਆਸੀ ਹਵਾ ਦਾ ਰੁਖ਼ :

ਸਿਆਸੀ ਹਵਾ ਦਾ ਰੁਖ਼ ਕਹਿੰਦਾ ਹੈ ਕਿ ਭਾਜਪਾ ਖੁਦ ਤੋਂ ਦਿੱਲੀ ’ਚ ਹਾਰੇਗੀ?

ਅਜਿਹਾ ਮੰਨਣਾ ਕੋਈ ਵਿਰੋਧੀ ਪਾਰਟੀ ਜਾਂ ਆਮ ਪਾਰਟੀ ਦਾ ਨਹੀਂ ਅਤੇ ਨਾ ਹੀ ਅਜਿਹਾ ਮੰਨਣਾ ਕਾਂਗਰਸ ਦਾ ਹੈ। ਅਜਿਹਾ ਮੰਨਣਾ ਭਾਜਪਾ ਦੇ ਸਮਰਪਿਤ ਵਰਕਰਾਂ ਦਾ ਹੈ, ਅਜਿਹੇ ਵਰਕਰ ਪਹਿਲਾਂ 15 ਸਾਲ ਦੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਵਿਰੁੱਧ ਲੜੇ ਸਨ ਅਤੇ ਹੁਣ ਪੰਜ ਸਾਲ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਿਰੁੱਧ ਲੜਦੇ ਰਹੇ ਹਨ।

ਦਿੱਲੀ ’ਚ ਭਾਜਪਾ ਵਰਕਰਾਂ ਦੇ ਦੁੱਖ ਸੁਣ ਕੇ ਹੈਰਾਨ ਹੋਣਾ ਹੀ ਪਵੇਗਾ। ਭਾਜਪਾ ਦੇ ਕੌਂਸਲਰ ਦਾ ਦਰਦ ਹੈ ਕਿ ਉਸ ਦੇ ਟੈਲੀਫੋਨ ਸੰਸਦ ਮੈਂਬਰ ਨਹੀਂ ਚੁੱਕਦੇ, ਸੰਸਦ ਮੈਂਬਰ ਉਨ੍ਹਾਂ ਨੂੰ ਮਿਲਦੇ ਨਹੀਂ ਹਨ। ਇਹ ਮਿਲਣ ਦਾ ਸਮਾਂ ਤਕ ਨਹੀਂ ਦਿੰਦੇ, ਉਹ ਕੌਂਸਲਰ ਕਹਿੰਦਾ ਹੈ ਕਿ ਦਿੱਲੀ ’ਚ ਸਾਡੀ ਸਰਕਾਰ ਨਹੀਂ ਹੈ, ਸਾਡੇ ਤਿੰਨ ਹੀ ਵਿਧਾਇਕ ਹਨ, ਇਸ ਲਈ ਅਸੀਂ ਲਾਚਾਰ ਹਾਂ, ਬੇਵੱਸ ਹਾਂ, ਦਿੱਲੀ ਸਰਕਾਰ ਦੇ ਜ਼ਿਲਾ ਅਧਿਕਾਰੀ ਅਤੇ ਹੋਰ ਅਧਿਕਾਰੀ ਕੌਂਸਲਰਾਂ ਨੂੰ ਸੁਣਦੇ ਹੀ ਨਹੀਂ, ਦਿੱਲੀ ਦੀ ਸਰਕਾਰ ਦੇ ਅਧਿਕਾਰੀ ਸੰਸਦ ਮੈਂਬਰਾਂ ਨੂੰ ਸੁਣਦੇ ਹਨ, ਸੰਸਦ ਮੈਂਬਰ ਨਾ ਸੁਣਨ ਵਾਲੇ ਅਧਿਕਾਰੀਆਂ ਦੀ ਸ਼ਿਕਾਇਤ ਉਪ ਰਾਜਪਾਲ ਨੂੰ ਕਰ ਸਕਦੇ ਹਨ, ਜਿਸ ’ਤੇ ਕਾਰਵਾਈ ਵੀ ਯਕੀਨੀ ਹੋ ਸਕਦੀ ਹੈ। ਕੌਂਸਲਰਾਂ ਦਾ ਇਹ ਦਰਦ ਸਹੀ ਹੈ। ਕੌਂਸਲਰ ਜਨਤਾ ਦੇ ਬੇਹੱਦ ਕਰੀਬ ਹੁੰਦੇ ਹਨ। ਕੌਸਲਰਾਂ ਨੂੰ ਜਨਤਾ ਦੀਆਂ ਸਰਗਰਮੀਆਂ ਅਤੇ ਸਮੱਸਿਆਵਾਂ ਦਾ ਗਿਆਨ ਹੁੰਦਾ ਹੈ। ਦਿੱਲੀ ’ਚ ਨਗਰ ਨਿਗਮ ਦੇ ਤਿੰਨਾਂ ਕੇਂਦਰਾਂ ’ਚ ਭਾਜਪਾ ਦਾ ਬਹੁਮਤ ਹੈ ਪਰ ਸਮੱਸਿਆ ਇਹ ਹੈ ਕਿ ਨਗਰ ਨਿਗਮ ਨੂੰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਹੱਥ ਬੰਨ੍ਹ ਕੇ ਰੱਖਿਆ ਹੋਇਆ ਹੈ, ਵਿੱਤੀ ਸਹਾਇਤਾ ਦੀ ਅੜਚਣ ਨਾਲ ਨਗਰ ਨਿਗਮ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਅਤੇ ਸਾਰੀ ਬਦਨਾਮੀ ਭਾਜਪਾ ਦੇ ਸਿਰ ’ਤੇ ਆਉਂਦੀ ਹੈ।

ਭਾਜਪਾ ਦੀ ਦੋਸ਼ਪੂਰਨ ਨੀਤੀ :

ਭਾਜਪਾ ਨੇ ਦਿੱਲੀ ’ਚ ਸੰਸਦ ਮੈਂਬਰ ਬਣਾਉਣ ਦੀ ਜੋ ਨੀਤੀ ਬਣਾਈ ਸੀ, ਉਹ ਵੀ ਦੋਸ਼ਪੂਰਨ ਤਾਂ ਸੀ ਹੀ, ਇਸ ਤੋਂ ਇਲਾਵਾ ਉਹ ਨੀਤੀ ਦੂਰਦਰਸ਼ੀ ਵੀ ਨਹੀਂ ਸੀ, ਅਰਵਿੰਦ ਕੇਜਰੀਵਾਲ ਨੂੰ ਹਰਾਉਣ ਲਈ ਕੇਂਦਰ ਨੂੰ ਲੈ ਕੇ ਨਹੀਂ ਬਣਾਈ ਗਈ ਸੀ। ਦੂਜੇ ਸੱਭਿਆਚਾਰ ’ਚੋਂ ਆਏ ਉੱਦਤ ਰਾਜ ਪੂਰੇ ਪੰਜ ਸਾਲ ਤਕ ਭਾਜਪਾ ਨੂੰ ਅਣਿਡੱਠ ਕਰਦੇ ਰਹੇ, ਆਪਣੀ ਭਾਜਪਾ ਵਿਰੋਧੀ ਹਵਾ ਬਣਾਉਂਦੇ ਰਹੇ, ਦੂਸਰੇ ਮਹੇਸ਼ਗਿਰੀ ਸਿਆਸਤ ’ਚ ਜਨਤਾ ਦੀ ਸੇਵਾ ਦੇ ਸੱਭਿਆਚਾਰ ਤੋਂ ਦੂਰ ਰਹਿਣ ਵਾਲੇ ਸਾਬਤ ਹੋਏ ਸਨ। ਇਨ੍ਹਾਂ ਦੋਵਾਂ ਦੀ ਟਿਕਟ ਕੱਟੀ ਗਈ ਪਰ ਜਿਨ੍ਹਾਂ ਨੂੰ ਸੰਸਦ ਮੈਂਬਰ ਬਣਨ ਲਈ ਟਿਕਟ ਦਿੱਤੀ ਗਈ ਅਤੇ ਜਤਾਇਆ ਗਿਆ, ਉਨ੍ਹਾਂ ’ਚੋਂ ਪ੍ਰੋਫੈਸ਼ਨਲ ਅਤੇ ਗੈਰ-ਸਿਆਸੀ ਆਗੂਆਂ ਨੂੰ ਤਰਜੀਹ ਮਿਲੀ। ਗੌਤਮ ਗੰਭੀਰ, ਹੰਸਰਾਜ ਹੰਸ, ਮੀਨਾਕਸ਼ੀ ਲੇਖੀ ਅਤੇ ਖੁਦ ਮਨੋਜ ਤਿਵਾੜੀ ਦੀ ਲੋਕਾਂ ’ਚ ਘੱਟ ਵਿਚਰਨ ਦੀ ਭੂਮਿਕਾ ਦੇਖਣ ਵਾਲੇ ਲੋਕ ਕਹਿ ਸਕਦੇ ਹਨ ਕਿ ਇਹ ਫੈਸਲਾ ਭਾਜਪਾ ਲਈ ਆਤਮਘਾਤੀ ਹੀ ਹੈ। ਗੌਤਮ ਗੰਭੀਰ ਕ੍ਰਿਕਟ ਮੈਚਾਂ ’ਚ ਕੁਮੈਂਟਰੀ ਕਰਦੇ ਹਨ, ਦੇਸ਼-ਵਿਦੇਸ਼ ਘੁੰਮਦੇ ਹਨ, ਹੰਸਰਾਜ ਹੰਸ ਆਪਣੀ ਗਾਇਕੀ ਦੀ ਦੁਨੀਆ ਨੂੰ ਤਰਜੀਹ ਦਿੰਦੇ ਹਨ, ਜਨਤਾ ਦੀ ਸੇਵਾ ਉਨ੍ਹਾਂ ਦੀ ਪਹਿਲਕਦਮੀ ਵੀ ਸਮਰਪਣ ਵਾਲੀ ਨਹੀਂ ਹੈ। ਮੀਨਾਕਸ਼ੀ ਲੇਖੀ ਵੱਡੀ ਵਕੀਲ ਹੈ, ਉਨ੍ਹਾਂ ਕੋਲ ਵੀ ਆਮ ਵਰਕਰਾਂ ਨਾਲ ਮਿਲਣ ਦਾ ਸਮਾਂ ਨਹੀਂ। ਅਜਿਹੀ ਹਾਲਤ ’ਚ ਕੋਈ ਵਰਕਰ ਆਪਣਾ ਦੁੱਖ-ਦਰਦ ਕਿੱਥੇ ਬਿਆਨ ਕਰ ਸਕਦਾ ਹੈ।

ਸਿਆਸੀ ਪ੍ਰਕਿਰਿਆ ਜ਼ਰੂਰ ਭਾਜਪਾ ਦੇ ਪੱਖ ’ਚ ਦਿਖਾਈ ਦੇ ਰਹੀ ਹੈ। ਨਰਿੰਦਰ ਮੋਦੀ ਨੇ ਇਸ ਦੀ ਨੀਂਹ ਵੀ ਰੱਖ ਦਿੱਤੀ ਹੈ। ਕੱਚੀਆਂ ਕਾਲੋਨੀਆਂ ਨੂੰ ਪੱਕੀਆਂ ਕਰ ਕੇ ਇਕ ਦਲੇਰੀ ਵਾਲਾ ਕੰਮ ਹੋਇਆ ਹੈ ਅਤੇ ਇਸ ਦਾ ਸਿਹਰਾ ਨਰਿੰਦਰ ਮੋਦੀ ਨੂੰ ਹੈ। 2008 ਤੋਂ ਹੀ ਇਹ ਸਵਾਲ ਹੱਲ ਹੋਣ ਤੋਂ ਦੂਰ ਸੀ। ਕੱਚੀਆਂ ਕਾਲੋਨੀਆਂ ’ਚ ਕੋਈ ਇਕ-ਦੋ ਲੱਖ ਨਹੀਂ ਸਗੋਂ ਪੂਰੇ 40 ਲੱਖ ਲੋਕ ਰਹਿੰਦੇ ਹਨ। ਜੇਕਰ ਇਨ੍ਹਾਂ 40 ਲੱਖ ਲੋਕਾਂ ਕੋਲ ਭਾਜਪਾ ਦੇ ਲੋਕ ਪਹੁੰਚ ਸਕੇ ਤਾਂ ਫਿਰ ਭਾਜਪਾ ਨੂੰ ਜਿੱਤਣ ਤੋਂ ਕੌਣ ਰੋਕ ਸਕਦਾ ਹੈ? ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ ਵਿਚ ਵੋਟਰਾਂ ਦੀ ਗਿਣਤੀ ਇਕ ਕਰੋੜ 46 ਲੱਖ ਹੈ। ਇਨ੍ਹਾਂ ’ਚੋਂ 66 ਲੱਖ ਲੋਕ ਭਾਜਪਾ ਦੇ ਵਰਕਰ ਹਨ। ਜੇਕਰ ਭਾਜਪਾ ਆਪਣੇ 66 ਲੱਖ ਮੈਂਬਰਾਂ ਤਕ ਪਹੁੰਚ ਸਕਦੀ ਹੈ ਤਾਂ ਫਿਰ ਭਾਜਪਾ ਨੂੰ ਸੱਤਾ ’ਚ ਪਰਤਣ ਤੋਂ ਕੌਣ ਰੋਕ ਸਕਦਾ ਹੈ? ਪਰ ਭਾਜਪਾ ਦੇ ਲੋਕ ਹੀ ਸਵਾਲ ਉਠਾਉਂਦੇ ਹਨ ਕਿ ਦਿੱਲੀ ’ਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਫਰਜ਼ੀ ਹੈ, ਵੋਟ ਨਾ ਪਾਉਣ ਵਾਲਿਆਂ ਨੂੰ ਵੀ ਦੋਸ਼ਪੂਰਨ ਢੰਗ ਨਾਲ ਮੈਂਬਰੀ ਦੇ ਦਿੱਤੀ ਗਈ ਹੈ, ਕੇਂਦਰੀ ਸਰਕਾਰ ’ਚ ਲਾਭਪਾਤਰੀ ਹੋਣ ਦੇ ਲਾਲਚ ’ਚ ਵਿਰੋਧੀ ਵਿਚਾਰਧਾਰਾ ਦੇ ਲੋਕਾਂ ਨੂੰ ਵੀ ਮੈਂਬਰ ਬਣਾ ਦਿੱਤਾ ਗਿਆ। ਮਹਾਰਾਸ਼ਟਰ ਦੀ ਉਦਾਹਰਣ ਦੇਖਣੀ ਇਥੇ ਜ਼ਰੂਰੀ ਹੈ। ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ ’ਚੋਂ 14 ਲੱਖ ਘੱਟ ਵੋਟਾਂ ਪਈਆਂ ਸਨ।

ਸੰਕਟ ਇਹ ਹੈ ਕਿ ਭਾਜਪਾ ਦੇ ਚੋਣ ਪ੍ਰਬੰਧਾਂ ’ਚ ਜੋ ਲੋਕ ਲੱਗੇ ਹਨ, ਜਿਨ੍ਹਾਂ ਦੇ ਉੱਪਰ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਹਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਲੋਕ ਦਿੱਲੀ ਨੂੰ ਜਾਣਦੇ ਹੀ ਨਹੀਂ ਹਨ, ਜਿਨ੍ਹਾਂ ਕੋਲ ਆਮ ਵਰਕਰਾਂ ਦੀ ਪਹੁੰਚ ਹੀ ਨਹੀਂ ਹੋ ਸਕਦੀ ਹੈ, ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਅਤੇ ਕੱਚੀਆਂ ਕਾਲੋਨੀਆਂ ’ਚ ਰਹਿਣ ਵਾਲੀ ਆਬਾਦੀ ਦੇ ਸਬੰਧ ’ਚ ਇਨ੍ਹਾਂ ਨੂੰ ਜਾਣਕਾਰੀ ਹੀ ਨਹੀਂ, ਇਹ ਸਿਰਫ ਮੀਡੀਆ ’ਚ ਹੀ ਧਮਾਲ ਪਾ ਸਕਦੇ ਹਨ। ਇਨ੍ਹਾਂ ਦੀ ਪਹਿਲਕਦਮੀ ’ਚ ਏਅਰਕੰਡੀਸ਼ਨ ਦੇ ਸੱਭਿਆਚਾਰ ਹਨ, ਪੇਜ ਥ੍ਰੀ ਦਾ ਸੱਭਿਆਚਾਰ ਹੈ, ਪ੍ਰੋਫੈਸ਼ਨਲ ਲੋਕ ਵੋਟ ਕਿੱਥੇ ਪਾਉਂਦੇ ਹਨ, ਪ੍ਰੋਫੈਸ਼ਨਲ ਲੋਕਾਂ ਕੋਲ ਵੋਟ ਪਾਉਣ ਦਾ ਸਮਾਂ ਹੀ ਕਿੱਥੇ ਹੁੰਦਾ ਹੈ। ਇਨ੍ਹਾਂ ਨੂੰ ਲਾਈਨ ’ਚ ਲੱਗ ਕੇ ਵੋਟ ਪਾਉਣੀ ਪ੍ਰਵਾਨ ਕਿੱਥੇ ਹੁੰਦੀ ਹੈ ਅਤੇ ਭਾਜਪਾ ਦੇ ਆਗੂ ਇਨ੍ਹਾਂ ਲੋਕਾਂ ’ਤੇ ਦਾਅ ਲਾਉਂਦੇ ਹਨ। ਵੋਟ ਤਾਂ ਝੁੱਗੀਆਂ-ਝੌਂਪੜੀਆਂ ’ਚ ਰਹਿਣ ਵਾਲੇ ਅਤੇ ਕੱਚੀਆਂ ਕਾਲੋਨੀਆਂ ’ਚ ਰਹਿਣ ਵਾਲੇ ਲੋਕ ਸਰਗਰਮ ਹੋ ਕੇ ਪਾਉਂਦੇ ਹਨ। ਇਨ੍ਹਾਂ ਦਰਮਿਆਨ ਭਾਜਪਾ ਦੇ ਹਵਾ-ਹਵਾਈ ਆਗੂਆਂ ਦੀ ਪਹੁੰਚ ਹੀ ਨਹੀਂ, ਸਿਰਫ ਮੋਦੀ ਭਰੋਸੇ ਸੱਤਾ ਦੀ ਪ੍ਰਾਪਤੀ ਸੰਭਵ ਨਹੀਂ ਹੈ।

Bharat Thapa

This news is Content Editor Bharat Thapa