ਬਿਹਾਰ ਵਿਧਾਨ ਸਭਾ ਚੋਣਾਂ

10/19/2020 3:36:45 AM

ਰਾਹਿਲ ਨੋਰਾ ਚੋਪੜਾ

ਜਿਵੇਂ ਕਿ ਬਿਹਾਰ ਵਿਧਾਨ ਸਭਾ ਦਾ ਪਹਿਲਾ ਪੜਾਅ ਨੇੜੇ ਆ ਰਿਹਾ ਹੈ, ਉਥੇ ਭਾਜਪਾ ਅਤੇ ਜਦ (ਯੂ) ਦੌਰਾਨ ਲੋਜਪਾ ਨੂੰ ਲੈ ਕੇ ਮਤਭੇਦ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੇ ਹਨ। ਜਦ (ਯੂ) ਨੇਤਾ ਹੁਣ ਸ਼ਰੇਆਮ ਭਾਜਪਾ ’ਤੇ ਦੋਸ਼ ਲਗਾਉਂਦੇ ਹੋਏ ਉਸ ਨੂੰ ਸਪੱਸ਼ਟ ਕਰਨ ਲਈ ਕਹਿ ਰਹੇ ਹਨ ਕਿ ਉਹ ਦੋਵਾਂ ਪਾਸਿਆਂ ਤੋਂ ਨਹੀਂ ਖੇਡ ਰਹੇ। ਅਜਿਹਾ ਇਸ ਲਈ ਹੈ ਕਿਉਂਕਿ ਚਿਰਾਗ ਪਾਸਵਾਨ ਨੇ ਲਗਾਤਾਰ ਨਿਤੀਸ਼ ਕੁਮਾਰ ’ਤੇ ਸ਼ਬਦੀ ਹਮਲੇ ਕੀਤੇ ਹਨ ਅਤੇ ਲਗਾਤਾਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸ਼ਲਾਘਾ ’ਚ ਜੁਟੇ ਹੋਏ ਹਨ।

ਸਿਆਸੀ ਆਬਜ਼ਰਵਰਾਂ ਅਨੁਸਾਰ ਭਾਜਪਾ ਨੇਤਾਵਾਂ ਦਾ ਇਕ ਵਰਗ ਜੋ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪਸੰਦ ਨਹੀਂ ਕਰਦਾ, ਨੇ ਨਿਤੀਸ਼ ਵਿਰੁੱਧ ਚਿਰਾਗ ਨੂੰ ਖੜ੍ਹਾ ਕੀਤਾ ਹੈ। ਜੇਕਰ ਪਾਣੀ ਬੇੜੀ ’ਚ ਆ ਜਾਵੇਗਾ ਤਾਂ ਪੂਰੀ ਬੇੜੀ ਹੀ ਡੁੱਬ ਜਾਵੇਗੀ। ਭਾਜਪਾ ਨੇ ਆਖਰੀ ਤੌਰ ’ਤੇ ਇਹ ਫੈਸਲਾ ਲਿਆ ਹੈ ਕਿ ਭਾਜਪਾ ਅਤੇ ਜਦ (ਯੂ) ਵੱਖ-ਵੱਖ ਰੈਲੀਆਂ ਨਹੀਂ ਕੱਢਣਗੇ ਪਰ ਇਹ ਸਭ ਰਾਜਗ ਦੇ ਛਤਰ ਹੇਠਾਂ ਹੀ ਆਯੋਜਿਤ ਹੋਣਗੀਆਂ।

ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਤੀਸ਼ ਕੁਮਾਰ ਅਧੀਨ ਰਾਜਗ ਲਈ ਵੋਟਾਂ ਮੰਗਣਗੇ ਅਤੇ ਨਿਤੀਸ਼ ਪ੍ਰਧਾਨ ਮੰਤਰੀ ਨਾਲ ਮੰਚ ਸਾਂਝਾ ਕਰਨਗੇ। ਇਸੇ ਦੌਰਾਨ ਰਾਜਦ ਦੀ ਅਗਵਾਈ ਵਾਲੇ ਗਠਜੋੜ ਨੇ ਪਟਨਾ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਐਲਾਨ ਪੱਤਰ ਦਾ ਐਲਾਨ ਕਰ ਦਿੱਤਾ ਹੈ, ਜਿਸ ’ਚ 10 ਲੱਖ ਸਥਾਈ ਰੋਜ਼ਗਾਰ ਦੇਣ ਦਾ ਵਾਅਦਾ, ਕਿਸਾਨਾਂ ਲਈ ਕਰਜ਼ੇ ਨੂੰ ਖਤਮ ਕਰਨਾ, ਠੇਕੇ ’ਤੇ ਰੱਖੇ ਟੀਚਰਾਂ ਲਈ ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ ਅਤੇ ਪਹਿਲੇ ਵਿਧਾਨ ਸਭਾ ਸੈਸ਼ਨ ਦੌਰਾਨ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ ਸ਼ਾਮਲ ਹੈ। ਇਸਦੇ ਇਲਾਵਾ ਐਲਾਨ ਪੱਤਰ ’ਚ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਮੁੜ ਤੋਂ ਸਥਾਪਿਤ ਕਰਨ ਦੀ ਗੱਲ ਵੀ ਕਹੀ ਗਈ ਹੈ।

ਰਾਜਦ ਦੀ ਅਗਵਾਈ ਵਾਲੇ ਗਠਜੋੜ ਦੀਆਂ ਰੈਲੀਆਂ ’ਚ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ ਅਤੇ ਇਸ ਨੂੰ ਵੋਟਾਂ ’ਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗੁਲਾਮ ਨਬੀ ਆਜ਼ਾਦ ਬਿਹਾਰ ’ਚ ਚੋਣ ਮੁਹਿੰਮ ’ਚ ਹਿੱਸਾ ਨਹੀਂ ਲੈਣਗੇ

ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਚੋਣ ਮੁਹਿੰਮ ’ਚ ਹਿੱਸਾ ਲਿਆ ਸੀ, ਇਸ ਵਾਰ ਕੋਵਿਡ-19 ਕਾਰਨ ਕੰਪੇਨ ਨਹੀਂ ਕਰਨਗੇ। ਪਿਛਲੀ ਵਾਰ ਬਿਹਾਰ ਦੇ ਸਰਹੱਦੀ ਇਲਾਕੇ ’ਚ ਆਜ਼ਾਦ ਨੇ ਚੋਣ ਮੁਹਿੰਮ ’ਚ ਵਧ-ਚੜ੍ਹ ਕੇ ਹਿੱਸਾ ਲਿਆ ਸੀ।

3 ਹੋਰ ਕਾਂਗਰਸੀ ਆਗੂ ਜਿਨ੍ਹਾਂ ’ਚ ਅਹਿਮਦ ਪਟੇਲ, ਮੋਤੀ ਲਾਲ ਵੋਹਰਾ ਅਤੇ ਆਰ. ਪੀ. ਐੱਨ. ਸਿੰਘ ਸ਼ਾਮਲ ਹਨ, ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਤੇਜ਼ੀ ਨਾਲ ਰਿਕਵਰੀ ਕਰ ਰਹੇ ਹਨ। ਓਧਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਜ਼ਾਦ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

ਚੁੱਪ ਹੈ ਕਾਂਗਰਸ

ਕਾਂਗਰਸ ਨੇ ਇਸ ਸਮੇਂ ਕੁਮਾਰ ਵਿਸ਼ਵਾਸ ਦੀ ਪਤਨੀ ਮੰਜੂ ਸ਼ਰਮਾ ਦੀ ਬਤੌਰ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ (ਆਰ. ਪੀ. ਐੱਸ. ਸੀ.) ਦੀ ਮੈਂਬਰ ਦੀ ਨਿਯੁਕਤੀ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ। ਓਧਰ ਰਾਜਸਥਾਨ ਕਾਂਗਰਸ ਯੂਨਿਟ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੂਬੇ ਦੇ ਕਈ ਪਾਰਟੀ ਨੇਤਾਵਾਂ ਨੇ ਮੰਜੂ ਸ਼ਰਮਾ ਦੀ ਮੈਂਬਰ ਦੇ ਤੌਰ ’ਤੇ ਨਿਯੁਕਤੀ ’ਤੇ ਇਤਰਾਜ਼ ਪ੍ਰਗਟਾਇਆ ਹੈ।

ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਸ ਮਾਮਲੇ ’ਤੇ ਜ਼ਿਆਦਾ ਰੌਸ਼ਨੀ ਪਾ ਸਕਦੇ ਹਨ। ਕੁਮਾਰ ਵਿਸ਼ਵਾਸ ਨੇ 2014 ’ਚ ਲੋਕ ਸਭਾ ਚੋਣਾਂ ’ਚ ਕਾਂਗਰਸ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਅਮੇਠੀ ਤੋਂ ਚੋਣ ਲੜੀ ਸੀ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਵਿਸ਼ਵਾਸ ‘ਆਪ’ ਦੇ ਸੰਸਥਾਪਕ ਮੈਂਬਰਾਂ ’ਚ ਸ਼ਾਮਲ ਸਨ ਪਰ ਉਸਦੇ ਬਾਅਦ ਉਹ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਆਲੋਚਕ ਬਣ ਗਏ।

ਹਾਲਾਂਕਿ ਅਮੇਠੀ ’ਚ ਕਾਂਗਰਸ ਸਮਰਥਕ ਇਸ ਘਟਨਾਕ੍ਰਮ ਤੋਂ ਨਿਰਾਸ਼ ਹਨ। ਨਾਂ ਨਾ ਦੱਸਣ ਦੀ ਸ਼ਰਤ ’ਤੇ ਇਕ ਕਾਂਗਰਸੀ ਆਗੂ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਦਾ ਪਾਰਟੀ ’ਚ ਦਾਖਲਾ ਉਦੋਂ ਤੱਕ ਰੋਕ ਲੈਣਾ ਚਾਹੀਦਾ ਹੈ ਜਦੋਂ ਤੱਕ ਉਹ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਵਿਰੁੱਧ ਕੀਤੀ ਗਈ ਟਿੱਪਣੀ ਦੀ ਮੁਆਫੀ ਨਹੀਂ ਮੰਗ ਲੈਂਦੇ।

ਬਿਹਾਰ ਚੋਣਾਂ ਦੀ ਚੋਣ ਮੁਹਿੰਮ ਸੂਚੀ ’ਚੋਂ ਗਾਇਬ ਰੂਡੀ ਅਤੇ ਸ਼ਾਹਨਵਾਜ਼

ਰਾਜੀਵ ਪ੍ਰਤਾਪ ਰੂਡੀ ਅਤੇ ਸ਼ਾਹਨਵਾਜ਼ ਹੁਸੈਨ ਜੋ ਕਿ ਬਿਹਾਰ ਨਾਲ ਸਬੰਧ ਰੱਖਦੇ ਹਨ, ਭਾਜਪਾ ਦੇ ਦੋ ਉੱਚ ਸ਼੍ਰੇਣੀ ਦੇ ਨੇਤਾ ਹਨ। ਭਾਜਪਾ ਦੀ ਅਗਵਾਈ ਵਾਲੀ ਪਹਿਲੀ ਅਟਲ ਬਿਹਾਰੀ ਵਾਜਪਾਈ ਸਰਕਾਰ ’ਚ ਦੋਵੇਂ ਮੰਤਰੀ ਰਹਿ ਚੁੱਕੇ ਹਨ। ਨਰਿੰਦਰ ਮੋਦੀ-ਅਮਿਤ ਸ਼ਾਹ ਦੇ ਸ਼ਾਸਨ ਦੁਆਰਾ ਸਥਾਪਿਤ ਅਣਅਧਿਕਾਰਤ 75 ਸਾਲ ਦੀ ਰਿਟਾਇਰਮੈਂਟ ਉਮਰ ਨੂੰ ਦੋਵੇਂ ਨਹੀਂ ਤੋੜਦੇ।

ਸਰਕਾਰ ਨੇ ਵੱਡੀ ਉਮਰ ਹੋਣ ਦੇ ਕਾਰਨ ਭਾਜਪਾ ਦੇ ਮਹਾਰਥੀ ਲਾਲ ਕ੍ਰਿਸ਼ਨ ਅਡਵਾਨੀ ਤੱਕ ਨੂੰ ਬਾਹਰ ਰੱਖਿਆ ਹੈ। ਰੂਡੀ ਦੀ ਉਮਰ 58 ਅਤੇ ਹੁਸੈਨ 51 ਸਾਲ ਦੇ ਹਨ। ਬਿਹਾਰ ਚੋਣਾਂ ਲਈ ਭਾਜਪਾ ਵਲੋਂ ਜਾਰੀ 30 ਨੇਤਾਵਾਂ ਦੀ ਸੂਚੀ ’ਚੋਂ ਦੋਵੇਂ ਨੇਤਾ ਬਾਹਰ ਰੱਖੇ ਗਏ ਹਨ ਜਦਕਿ ਰੂਡੀ ਇਕ ਲੋਕ ਸਭਾ ਸੰਸਦ ਮੈਂਬਰ ਹਨ ਅਤੇ ਇਸ ਵਾਰ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ।

ਓਧਰ ਸ਼ਾਹਨਵਾਜ਼ ਹੁਸੈਨ 2014 ਦੀਆਂ ਲੋਕ ਸਭਾ ਚੋਣਾਂ ਨੂੰ ਹਾਰਨ ਦੇ ਬਾਅਦ ਅਜੇ ਵੀ ਕਿਸੇ ਅਹੁਦੇ ਦੀ ਉਡੀਕ ’ਚ ਹਨ। ਭਾਜਪਾ ਦੇ ਸੂਤਰਾਂ ਅਨੁਸਾਰ ਬਿਹਾਰ ਚੋਣਾਂ ਲਈ ਭਾਗਲਪੁਰ ਤੋਂ ਟਿਕਟ ਦੇਣ ਦੀ ਤਜਵੀਜ਼ ਰੱਖੀ ਗਈ ਸੀ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ।

ਉੱਤਰਾਖੰਡ ’ਚ ਰਾਜ ਸਭਾ ਸੀਟ ਲਈ ਦਾਅਵਾ

ਉੱਤਰਾਖੰਡ ਦੀ ਰਾਜ ਸਭਾ ਸੀਟ ਜੋ ਕਿ ਰਾਜ ਬੱਬਰ ਦੇ ਕਾਰਜਕਾਲ ਦੀ ਸਮਾਪਤੀ ਦੇ ਕਾਰਨ ਖਾਲੀ ਹੋ ਗਈ ਸੀ, ਨੇ ਭਾਜਪਾ ਲਈ ਸਿਆਸੀ ਭੜਥੂ ਖੜ੍ਹਾ ਕਰ ਦਿੱਤਾ ਹੈ। ਇਸ ਸੀਟ ’ਤੇ 9 ਨਵੰਬਰ ਨੂੰ ਚੋਣ ਹੋਣੀ ਹੈ।

ਰਾਜ ਬੱਬਰ ਇਸ ਸੀਟ ’ਤੇ ਹਰੀਸ਼ ਰਾਵਤ ਜੋ ਕਿ ਸਾਬਕਾ ਮੁੱਖ ਮੰਤਰੀ ਵਿਜੇ ਬਹੁਗੁਣਾ ਦੇ ਖਿਲਾਫ ਸਨ ਅਤੇ ਜਿਸ ਕਾਰਨ ਬਹੁਗੁਣਾ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਨੂੰ ਜੁਆਇਨ ਕੀਤਾ ਸੀ, ਦੀ ਥਾਂ ਚੁਣੇ ਗਏ ਸਨ। ਹੁਣ ਵਿਜੇ ਬਹੁਗੁਣਾ ਨੇ ਮੁੜ ਤੋਂ ਭਾਜਪਾ ਵਲੋਂ ਰਾਜ ਸਭਾ ਸੀਟ ਲਈ ਦਾਅਵਾ ਕੀਤਾ ਹੈ ਪਰ ਭਾਜਪਾ ਨੇਤਾ ਸ਼ਿਆਮ ਜਾਜੂ ਨੇ ਵੀ ਇਸੇ ਸੀਟ ਲਈ ਆਪਣਾ ਦਾਅਵਾ ਠੋਕਿਆ ਹੈ।

ਓਧਰ ਸੂਬੇ ਦੇ ਕੈਬਨਿਟ ਮੰਤਰੀ ਮਦਨ ਕੌਸ਼ਿਕ ਵੀ ਇਸ ਦੌੜ ’ਚ ਕੁੱਦ ਪਏ ਹਨ ਜਿਥੇ ਮੁੱਖ ਮੰਤਰੀ ਤਿਰਵੇਂਦਰ ਸਿੰਘ ਰਾਵਤ ਅਤੇ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ ਸੰਗਠਨ ਸ਼ਿਵ ਪ੍ਰਕਾਸ਼ ਮਦਨ ਕੌਸ਼ਿਕ ਦੀ ਪਿੱਠ ਥਾਪੜ ਰਹੇ ਹਨ। ਭਾਜਪਾ ਵਲੋਂ ਉਮੀਦਵਾਰ ’ਤੇ ਲਏ ਗਏ ਫੈਸਲੇ ਤੱਕ ਇਸ ਸਮੇਂ ਕਾਂਗਰਸ ਵਿਜੇ ਬਹੁਗੁਣਾ ਦੀ ਪ੍ਰਤੀਕਿਰਿਆ ਦੀ ਉਡੀਕ ’ਚ ਹੈ।


Bharat Thapa

Content Editor

Related News