ਸੋਸ਼ਲ ਮੀਡੀਆ ਇਨਫਲੂਐਂਸਰਾਂ ’ਤੇ ਹਮਲੇ
Monday, Aug 31, 2026 - 03:30 AM (IST)
ਦੁਨੀਆ ਭਰ ’ਚ ਸੋਸ਼ਲ ਮੀਡੀਆ ਇਨਫਲੂਐਂਸਰਾਂ ’ਤੇ ਜਾਨਲੇਵਾ ਹਮਲਿਆਂ ਅਤੇ ਕਤਲਾਂ ਦੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਏ ਹਨ। ਭਾਵੇਂ ਅਮਰੀਕਾ ਹੋਵੇ, ਮਿਸਰ ਜਾਂ ਕੋਈ ਹੋਰ ਦੇਸ਼। ਇਸੇ ਮਹੀਨੇ ਮੈਕਸੀਕੋ ਦੇ ਮਸ਼ਹੂਰ ਟਿਕਟੌਕ ਇਨਫਲੂਐਂਸਰ ‘ਸੀਰਜ਼ ਗੈਸਟੇਲਮ’ ਦੀ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਸੜਕ ’ਤੇ ਲਾਈਵਸਟ੍ਰੀਮ ਕਰ ਰਹੇ ਸਨ।
ਅਗਸਤ ’ਚ ਹੀ 13 ਲੱਖ ਤੋਂ ਵੱਧ ਫਾਲੋਅਰਜ਼ ਵਾਲੀ ਪਾਕਿਸਤਾਨ ਦੀ ਮਸ਼ਹੂਰ ਟਿਕਟੌਕਰ ‘ਆਇਸ਼ਾ ਗਿਲਾਮਾਨਾ’ ਨੂੰ ਅਗਸਤ 2026 ’ਚ ਉਨ੍ਹਾਂ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ 2 ਹਮਲਾਵਰਾਂ ਨੇ ਗਰਦਨ ’ਚ ਗੋਲੀ ਮਾਰ ਕੇ ਮਾਰ ਦਿੱਤਾ।
ਭਾਰਤ ਵੀ ਅਜਿਹੀਆਂ ਹਿੰਸਕ ਘਟਨਾਵਾਂ ਤੋਂ ਅਛੂਤਾ ਨਹੀਂ ਰਿਹਾ, ਇਸੇ ਮਹੀਨੇ ਪੁਣੇ ’ਚ ਸੋਸ਼ਲ ਮੀਡੀਆ ਕ੍ਰਿਏਟਰ ‘ਮਾਧਵੀ ਕੁੰਭਾਰ’ ਅਤੇ ‘ਅਥਰਵ ਜਗਤਾਪ’ ਦੇ ਵਿਚਾਲੇ ਇੰਸਟਾਗ੍ਰਾਮ ’ਤੇ ਸ਼ੁਰੂ ਹੋਇਆ ਵਿਵਾਦ ਇੰਨਾ ਵਧ ਗਿਆ ਕਿ ‘ਅਥਰਵ’ ’ਤੇ ਇਕ ਕੈਫੇ ’ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਪੁਲਸ ਨੇ ਇਸ ਮਾਮਲੇ ’ਚ ਮਾਧਵੀ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਤੇ ਹੁਣ 26 ਅਗਸਤ, 2026 ਨੂੰ ਲਗਭਗ 2 ਮਹੀਨੇ ਪਹਿਲਾਂ ਚੰਡੀਗੜ੍ਹ ਤੋਂ ਅਗਵਾ ਕੀਤੀ ਗਈ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ, ਜਿਸ ਨੂੰ ਉਸ ਦੇ 2 ਜਾਣਕਾਰਾਂ ਨੇ 3 ਜੁਲਾਈ ਰਾਤ ਨੂੰ ਜ਼ਬਰਦਸਤੀ ਕਾਰ ’ਚ ਬਿਠਾ ਕੇ ਮੋਰਿੰਡਾ ਲੈ ਜਾ ਕੇ ਉਸ ਨਾਲ ਮਾਰਕੁੱਟ ਕਰਨ ਤੋਂ ਬਾਅਦ ਇਕ ਸ਼ਹਿਤੂਤ ਦੇ ਰੁੱਖ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਸੀ, ਦੀ ਗੰਭੀਰ ਰੂਪ ’ਚ ਝੁਲਸ ਜਾਣ ਦੇ ਕਾਰਨ ਕਈ ਹਫਤਿਆਂ ਤੱਕ ਬੇਹੋਸ਼ ਰਹਿਣ ਤੋਂ ਬਾਅਦ ਪੀ. ਜੀ. ਆਈ. ਐੱਮ. ਈ. ਆਰ. ’ਚ ਮੌਤ ਹੋ ਗਈ।
ਸੋਸ਼ਲ ਮੀਡੀਆ ’ਤੇ ਸਰਗਰਮ ਕੁਝ ਨੌਜਵਾਨ ‘ਇਨਫਲੂਐਂਸਰ’ ਰਾਜਨੀਤੀ ਅਤੇ ਦੇਸ਼ ਨੂੰ ਦਰਪੇਸ਼ ਹੋਰ ਸਮੱਸਿਆਵਾਂ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਲੱਭ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਜ਼ਰੀਏ ਲੋਕਾਂ ਤੱਕ ਪਹੁੰਚਾ ਰਹੇ ਹਨ ਪਰ ਹੁਣ ਅਜਿਹੇ ਅਨਸਰਾਂ ਦਾ ਨਿਸ਼ਾਨਾ ਬਣ ਰਹੇ ਹਨ, ਜਿਨ੍ਹਾਂ ਦੇ ਹਿੱਤਾਂ ’ਤੇ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਇੰਕਸ਼ਾਫਾਂ ਨਾਲ ਸੇਕ ਲੱਗਦਾ ਹੈ। ਜੇਕਰ ਇਨ੍ਹਾਂ ਲੋਕਾਂ ਦੀ ਇਸ ਤਰ੍ਹਾਂ ਜ਼ੁਬਾਨਬੰਦੀ ਕੀਤੀ ਜਾਵੇਗੀ ਤਾਂ ਲੋਕਾਂ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਉਹ ਜਾਣਕਾਰੀ ਕਿਵੇਂ ਸਾਹਮਣੇ ਆ ਸਕੇਗੀ ਜਿਸ ਦਾ ਲੋਕਾਂ ਨੂੰ ਪਤਾ ਲੱਗਣਾ ਦੇਸ਼ ਦੇ ਹਿੱਤ ’ਚ ਜ਼ਰੂਰੀ ਹੈ। ਯਕੀਨੀ ਤੌਰ ’ਤੇ ਇਹ ਆਪਣੀ ਆਲੋਚਨਾ ਪ੍ਰਤੀ ਅਸਹਿਣਸ਼ੀਲਤਾ ਅਤੇ ਉਸ ਨੂੰ ਸਹਿ ਨਾ ਸਕਣ ਦੀ ਪ੍ਰਭਾਵਸ਼ਾਲੀ ਲੋਕਾਂ ਵਿਚਾਲੇ ਵਧ ਰਹੀ ਮਾਨਸਿਕਤਾ ਦਾ ਹੀ ਪ੍ਰਮਾਣ ਹੈ।
ਇਸ ਸਬੰਧ ’ਚ ਕਬੀਰ ਸਾਹਿਬ ਦਾ ਇਕ ਦੋਹਾ ਵਰਣਨਯੋਗ ਹੈ ਜਿਸ ’ਚ ਉਹ ਕਹਿੰਦੇ ਹਨ ਕਿ :
ਸਹਜ ਮਿਲੈ ਸੋ ਦੂਧ ਹੈ, ਮਾਂਗਿ ਮਿਲੈ ਸੋ ਪਾਨਿ।
ਕਹੈਂ ਕਬੀਰ ਵਹ ਰਕਤ ਹੈ, ਜਾਮੇਂ ਏਂਚਾ-ਤਾਨਿ।
ਭਾਵ ਕਿ ਜੋ ਵਸਤੂ ਜਾਂ ਸਫ਼ਲਤਾ ਆਪਣੇ ਯਤਨ, ਮਿਹਨਤ ਨਾਲ ਸਹਿਜ ਰੂਪ ’ਚ ਪ੍ਰਾਪਤ ਹੋ ਜਾਵੇ ਉਹ ਦੁੱਧ ਦੇ ਸਮਾਨ ਉੱਤਮ ਅਤੇ ਪੌਸ਼ਟਿਕ ਹੁੰਦੀ ਹੈ। ਜੋ ਚੀਜ਼ ਮੰਗ-ਮੰਗ ਕੇ ਹਾਸਲ ਕੀਤੀ ਜਾਵੇ ਉਹ ਪਾਣੀ ਦੇ ਸਮਾਨ ਹੁੰਦੀ ਹੈ ਅਤੇ ਤੀਜੀ ਹੈ ਉਹ ਚੀਜ਼ ਜੋ ਬਹੁਤ ਖਿੱਚੋਤਾਣ, ਲੜਾਈ-ਝਗੜੇ ਜਾਂ ਜ਼ਬਰਦਸਤੀ ਦਬਾਅ ਪਾ ਕੇ ਪ੍ਰਾਪਤ ਕੀਤੀ ਜਾਂਦੀ ਹੈ, ਉਹ ਖ਼ੂਨ ਚੂਸਣ ਜਾਂ ਕਸ਼ਟ ਦੇਣ ਵਾਲੀ ਹੁੰਦੀ ਹੈ। ਅਜਿਹੀ ਸਫ਼ਲਤਾ ਕਦੇ ਰਾਸ ਨਹੀਂ ਆਉਂਦੀ।
ਕਬੀਰ ਨੇ ਇਹ ਦੋਹਾ ਪੰਜ ਸੌ ਸਾਲ ਪਹਿਲਾਂ ਲਿਖਿਆ ਸੀ ਕਿ ਈਰਖਾ ਅਤੇ ਅਸਹਿਣਸ਼ੀਲਤਾ ਦੇ ਵੱਸ ਹੋ ਕੇ ਗਲਤ ਕੰਮ ਕਰਨ ਦੀ ਬਜਾਏ ਜੇਕਰ ਤੁਸੀਂ ਮਿਹਨਤੀ ਹੋ ਤਾਂ ਤੁਹਾਨੂੰ ਹਿੰਸਕ ਹੋਣ ਦੀ ਲੋੜ ਨਹੀਂ ਹੈ ਪਰ ਹੁਣ ਵੀ ਸਾਡੇ ਸਮਾਜ ’ਚ ਇਹੀ ਮਾਹੌਲ ਹੈ ਕਿ ਲੋਕ ਆਲੋਚਨਾ ਨਹੀਂ ਸਹਿ ਪਾਉਂਦੇ।
ਲੋਕ ਕਿਸੇ ਵਿਅਕਤੀ ਵੱਲੋਂ ਆਪਣੀ ਗ਼ਲਤੀ ਦੇ ਵਿਸ਼ੇ ’ਚ ਦੱਸਣ ’ਤੇ ਸ਼ਾਂਤੀਪੂਰਵਕ ਕਿਸੇ ਵੀ ਗੱਲ ਨੂੰ ਸੁਣਨਾ ਪਸੰਦ ਨਹੀਂ ਕਰਦੇ। ਅਤੇ ਹੁਣ ਕਿਉਂਕਿ ਮੌਜੂਦਾ ਪੀੜ੍ਹੀ ਨੂੰ ਸੋਸ਼ਲ ਮੀਡੀਆ ’ਤੇ ਕੁਝ ਵੀ ਬੋਲਣ ਦੀ ਆਜ਼ਾਦੀ ਹੈ, ਤਾਂ ਉਸ ਨੂੰ ਪਸੰਦ ਨਾ ਕਰਨ ਦੇ ਕਾਰਨ ਜਲਦੀ ਹੀ ਸਾਰੀ ਦੁਨੀਆ ’ਚ ਕਈ ਸਰਕਾਰਾਂ ਸੋਸ਼ਲ ਮੀਡੀਆ ਦੀ ਇਸ ਆਜ਼ਾਦੀ ’ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਂਝ ਤਾਂ ਜਦੋਂ ਤੱਕ ਕਿਸੇ ਵਿਅਕਤੀ ਕੋਲ ਕੋਈ ਪ੍ਰਮਾਣ ਨਹੀਂ ਹੈ ਉਦੋ ਤੱਕ ਕਿਸੇ ਵਿਸ਼ੇ ’ਤੇ ਕੁਝ ਨਹੀਂ ਕਹਿਣਾ ਚਾਹੀਦਾ।
ਇਨਫਲੂਐਂਸਰ, ਜਿਨ੍ਹਾਂ ’ਚ ਜ਼ਿਆਦਾਤਰ ਲੜਕੀਆਂ ਅਤੇ ਨੌਜਵਾਨ ਲੜਕੇ ਹਨ, ਆਪਣੇ ਪਹਿਰਾਵੇ, ਫ਼ਿਲਮਾਂ ਅਤੇ ਪਾਰਟੀਆਂ ਬਾਰੇ ਅਤੇ ਰਾਜਨੀਤੀ ਤੋਂ ਇਲਾਵਾ ਹੋਰ ਵਿਸ਼ਿਆਂ ’ਤੇ ਆਪਣੇ ਹਿਸਾਬ ਨਾਲ ਬਹਿਸ ਕਰਦੇ ਹਨ ਪਰ ਕਿਸੇ ਗੱਲ ’ਤੇ ਅਸਹਿਮਤੀ ਦੇ ਕਾਰਨ ਕਿਸੇ ਨੂੰ ਸਾੜ ਕੇ ਮਾਰ ਦੇਣਾ ਤਾਂ ਗੈਰ-ਮਨੁੱਖੀ ਅਤੇ ਗੰਭੀਰ ਅਪਰਾਧ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਵੀ ਓਨੀ ਹੀ ਸਖ਼ਤ ਸਜ਼ਾ ਦੇਣੀ ਜ਼ਰੂਰੀ ਹੈ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੇ ਗਲਤ ਰੁਝਾਨ ’ਤੇ ਰੋਕ ਲੱਗ ਸਕੇ।
ਸਾਡਾ ਸੰਵਿਧਾਨ ਵੀ ਇਹ ਗੱਲ ਕਹਿੰਦਾ ਹੈ ਕਿ ਲੜਕੀਆਂ ਵੀ ਉਹ ਸਭ ਕੁਝ ਕਰ ਸਕਦੀਆਂ ਹਨ ਜੋ ਲੜਕੇ ਕਰ ਸਕਦੇ ਹਨ ਪਰ ਔਰਤਾਂ ਪ੍ਰਤੀ ਅਸਮਾਨ ਭਾਵ ਰੱਖਣਾ ਅਤੇ ਉਨ੍ਹਾਂ ਬਾਰੇ ਇਹ ਕਹਿਣਾ ਕਿ ਕੋਈ ਲੜਕੀ ਇੰਨਾ ਖੁੱਲ੍ਹ ਕੇ ਸਾਹਮਣੇ ਕਿਉਂ ਆ ਰਹੀ ਹੈ, ਇਨ੍ਹਾਂ ਕੁਝ ਗੱਲਾਂ ਦੇ ਮਾਮਲੇ ’ਚ ਸਮਾਜ ਨੂੰ ਆਪਣੇ ਨਜ਼ਰੀਏ ’ਚ ਬਦਲਾਅ ਲਿਆਉਣ ਦੀ ਲੋੜ ਹੈ। ਇਹ ਵੀ ਜ਼ਰੂਰੀ ਹੈ ਕਿ ਪੁਲਸ ਅਤੇ ਨਿਆਂਪਾਲਿਕਾ ਪ੍ਰਭਾਵਸ਼ਾਲੀ ਅਤੇ ਕੁਸ਼ਲ ਭੂਮਿਕਾ ਨਿਭਾਉਣ ਕਿਉਂਕਿ ਇਹ ਹਿੰਸਾ ਤੇਜ਼ੀ ਨਾਲ ਗੈਂਗ ਹਿੰਸਾ ਦਾ ਰੂਪ ਲੈ ਰਹੀ ਹੈ।
