ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਦੇ ਮੈਂਬਰਾਂ ਅਤੇ ਧਰਮ ਅਸਥਾਨਾਂ ’ਤੇ ਲਗਾਤਾਰ ਵਧ ਰਹੇ ਚਿੰਤਾਜਨਕ ਹਮਲੇ

Saturday, Jul 13, 2024 - 02:34 AM (IST)

1871 ਦੇ ‘ਮੁਕਤੀ ਸੰਗ੍ਰਾਮ’ ’ਚ ਪਾਕਿਸਤਾਨ ਦੀ ਹਾਰ ਦੇ ਬਾਅਦ ਹੋਂਦ ’ਚ ਆਏ ਬੰਗਲਾਦੇਸ਼ ’ਚ ਵੀ ਕੱਟੜਪੰਥੀ ਤੱਤਾਂ ਵੱਲੋਂ ਪਾਕਿਸਤਾਨ ਦੇ ਵਾਂਗ ਹੀ ਘੱਟਗਿਣਤੀ ਹਿੰਦੂਆਂ, ਬੋਧੀਆਂ, ਇਸਾਈਆਂ ਅਤੇ ਹੋਰਨਾਂ ਘੱਟਗਿਣਤੀਆਂ ’ਤੇ ਹਿੰਸਾ ਜਾਰੀ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਪਿਛਲੇ ਲਗਭਗ 5 ਮਹੀਨਿਆਂ ਦੇ ਦੌਰਾਨ ਸਾਹਮਣੇ ਆਈਆਂ ਹੇਠਲੀਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ :

* 16 ਫਰਵਰੀ, 2024 ਨੂੰ ‘ਬ੍ਰਾਹਮਣਬਾਰਿਆ’ ਜ਼ਿਲੇ ਦੇ ‘ਪਾਇਕਪਾਰਾ’ ਇਲਾਕੇ ’ਚ ਕੁਝ ਬਦਮਾਸ਼ਾਂ ਨੇ ਸਰਸਵਤੀ ਪੂਜਾ ਪੰਡਾਲ ’ਤੇ ਹਮਲਾ ਕਰ ਕੇ ਮੂਰਤੀ ਨੂੰ ਭੰਨ ਦਿੱਤਾ ਅਤੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।

* ਇਸੇ ਦਿਨ ‘ਦਿਨਾਜਪੁਰ’ ਜ਼ਿਲੇ ’ਚ ਇਕ ਯੂਨੀਵਰਸਿਟੀ ’ਚ ਕੁਝ ਮੁਸਲਿਮ ਵਿਦਿਆਰਥੀਆਂ ਨੇ ਸਰਸਵਤੀ ਪੂਜਾ ਦੇ ਮੰਡਪ ’ਚ ਭੰਨ-ਤੋੜ ਕੀਤੀ ਅਤੇ ਇਕ ਹੋਰ ਘਟਨਾ ’ਚ ‘ਪਿਰੋਜ਼ਪੁਰ’ ਜ਼ਿਲੇ ’ਚ ਕੁਝ ਦੰਗਾਕਾਰੀਆਂ ਨੇ ਹਿੰਦੂਆਂ ਦੇ ਕਈ ਮਕਾਨਾਂ ਨੂੰ ਅੱਗ ਲਗਾ ਦਿੱਤੀ।

* 8 ਫਰਵਰੀ ਨੂੰ ‘ਮੌਲਵੀ ਬਾਜ਼ਾਰ’ ਸ਼ਹਿਰ ’ਚ ਸਥਿਤ ਕਾਲੀ ਮੰਦਰ ਦੀਆਂ ਮੂਰਤੀਆਂ ਭੰਨੀਆਂ ਗਈਆਂ ਅਤੇ ਗਹਿਣੇ ਚੋਰੀ ਕਰ ਲਏ ਗਏ।

* 3 ਮਾਰਚ ਨੂੰ ਕੱਟੜਪੰਥੀ ਤੱਤ ਗੋਪਾਲਗੰਜ ’ਚ ਇਕ ਮਹਿਲਾ ਪੁਜਾਰੀ ਦੀ ਹੱਤਿਆ ਕਰਨ ਦੇ ਬਾਅਦ ਦੇਵੀ ਦੇ ਮੰਦਰ ’ਚੋਂ ਸੋਨਾ ਅਤੇ ਗਹਿਣੇ ਲੁੱਟ ਕੇ ਲੈ ਗਏ।

* 22 ਮਾਰਚ ਨੂੰ ‘ਸਿਰਾਜਗੰਜ’ ’ਚ ਦੰਗਾਕਾਰੀ ਤੱਤਾਂ ਵੱਲੋਂ ‘ਕਾਲੀ ਮੰਦਰ’ ’ਤੇ ਹਮਲਾ ਕਰ ਕੇ ਕਈ ਮੂਰਤੀਆਂ ਭੰਨ ਦਿੱਤੀਆਂ ਗਈਆਂ।

* 17 ਅਪ੍ਰੈਲ ਨੂੰ ‘ਬਰੀਸਲ’ ’ਚ ‘ਰਾਧਾ-ਗੋਬਿੰਦ ਸੇਵਾਸ਼੍ਰਮ ਮੰਦਰ’ ’ਤੇ ਹਮਲਾ ਕਰ ਕੇ ਭੰਨ-ਤੋੜ ਕੀਤੀ ਗਈ।

* 23 ਅਪ੍ਰੈਲ ਨੂੰ ਢਾਕਾ ਦੇ ਨੇੜੇ ‘ਫਰੀਦਪੁਰ’ ਦੇ ‘ਪੰਚਪੱਲੀ ਕਾਲੀ ਮੰਦਰ’ ’ਚ ਦੰਗਾਕਾਰੀ ਤੱਤਾਂ ਨੇ ਦੇਵੀ ਦੀ ਸਾੜ੍ਹੀ ’ਚ ਅੱਗ ਲਗਾ ਦਿੱਤੀ।

* 21 ਮਈ ਨੂੰ ‘ਮਾਗੁਰਾ’ ਸ਼ਹਿਰ ’ਚ ਸਥਿਤ ਮੰਦਰ ’ਚ ਭੰਨ-ਤੋੜ ਕਰਨ ਦੇ ਬਾਅਦ ਮੰਦਰ ਅਤੇ ਕੁਝ ਮਕਾਨਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ।

* 26 ਮਈ ਨੂੰ ਇਕ ਹਿੰਦੂ ਵਿਦਿਆਰਥੀ ਉਤਸਵ ਕੁਮਾਰ ‘ਗਿਆਨ’ ਨੂੰ ਈਸ਼ਨਿੰਦਾ ਦੇ ਦੋਸ਼ ’ਚ ਮੁਸਲਿਮ ਭੀੜ ਨੇ ਫੜ ਕੇ ਬੇਰਹਿਮੀ ਨਾਲ ਕੁੱਟਿਆ ਜਿਸ ਨਾਲ ਉਹ ਬੇਹੋਸ਼ ਹੋ ਗਿਆ।

* 10 ਜੁਲਾਈ ਨੂੰ ਹਿੰਦੂਆਂ ’ਤੇ ਹਮਲਿਆਂ ਦੀ ਨਵੀਂ ਘਟਨਾ ਰਾਜਧਾਨੀ ਢਾਕਾ ਦੀ ਹਿੰਦੂ ਬਹੁਗਿਣਤੀ ਵਾਲੀ ‘ਮੀਰਾਂਜਿਲਾ ਕਾਲੋਨੀ’ ’ਚ ਹੋਈ ਜਿੱਥੇ ਸੱਤਾਧਾਰੀ ਅਵਾਮੀ ਲੀਗ ਦੇ ਗੁੰਡਿਆਂ ਨੇ ਹਿੰਦੂਆਂ ਦੇ ਕਈ ਮਕਾਨਾਂ ਅਤੇ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੇ ਇਲਾਵਾ ਕਾਲੋਨੀ ’ਚ ਰਹਿਣ ਵਾਲੇ ਹਿੰਦੂਆਂ ’ਤੇ ਹਮਲਾ ਕਰ ਕੇ 60 ਤੋਂ ਵੱਧ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੰਗਾਕਾਰੀ ਤੱਤਾਂ ਨੇ ਇਹ ਹਮਲਾ ਉਦੋਂ ਕੀਤਾ ਜਦੋਂ ਘੱਟਗਿਣਤੀ ਹਿੰਦੂਆਂ ਦੇ ਮੁੜ-ਵਸੇਬੇ ਲਈ ਢਾਕਾ ’ਚ ਬਣਾਈ ਗਈ ਕਮੇਟੀ ਦੇ ਮੈਂਬਰਾਂ ਨੇ ਕਾਲੋਨੀ ਦਾ ਦੌਰਾ ਕੀਤਾ। ਇਸ ਦਾ ਵਿਰੋਧ ਕਰ ਰਹੇ ਸਥਾਨਕ ਮੁਸਲਮਾਨਾਂ ਦੇ ਇਕ ਵਰਗ ਨੇ ਹਿੰਦੂਆਂ ’ਤੇ ਜ਼ਬਰਦਸਤ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਮਕਾਨਾਂ ਅਤੇ ਮੰਦਰ ਨੂੰ ਤਹਿਸ-ਨਹਿਸ ਕਰ ਦਿੱਤਾ।

ਬੰਗਲਾਦੇਸ਼ ’ਚ ਇਸੇ ਸਾਲ 7 ਜਨਵਰੀ ਨੂੰ ਹੋਈਆਂ ਆਮ ਚੋਣਾਂ ਦੇ ਬਾਅਦ ਉੱਥੇ ਰਹਿਣ ਵਾਲੇ ਹਿੰਦੂਆਂ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ‘ਅਵਾਮੀ ਲੀਗ’ ਨੂੰ ਵੋਟਾਂ ਪਾਈਆਂ ਸਨ ਤਾਂ ਕਿ ਉਹ ਦੇਸ਼ ’ਚ ਸੁਰੱਖਿਅਤ ਅਤੇ ਸ਼ਾਂਤੀਪੂਰਵਕ ਰਹਿ ਸਕਣ ਪਰ ਸ਼ੇਖ ਹਸੀਨਾ ਸਰਕਾਰ ਘੱਟਗਿਣਤੀਆਂ ’ਤੇ ਹਮਲੇ ਰੋਕਣ ’ਚ ਅਸਫਲ ਰਹੀ ਹੈ। ਘੱਟਗਿਣਤੀ ਸੰਗਠਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਮੈਂਬਰਾਂ ’ਤੇ ਹਰ ਮਹੀਨੇ ਘੱਟੋ-ਘੱਟ 3 ਹਮਲੇ ਹੋ ਰਹੇ ਹਨ।

ਇਹੀ ਨਹੀਂ, ਇਸੇ ਸਾਲ 24 ਜਨਵਰੀ ਤੋਂ ਬੰਗਲਾਦੇਸ਼ ’ਚ ਕੁਝ ਐਕਟੀਵਿਸਟ ਸਮੂਹਾਂ ਤੇ ਵਿਰੋਧੀ ਪਾਰਟੀਆਂ ਵੱਲੋਂ ‘ਇੰਡੀਆ ਆਊਟ’ ਮੁਹਿੰਮ ਵੀ ਸ਼ੁਰੂ ਕਰ ਕੇ ਭਾਰਤੀ ਵਸਤੂਆਂ ਦੇ ਬਾਈਕਾਟ ਤੇ ਹਿੰਦੂ ਅਤੇ ਮੁਸਲਮਾਨਾਂ ਦੇ ਸਬੰਧ ਵਿਗਾੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਸੇ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਬੰਗਲਾਦੇਸ਼ ’ਚ ਹਿੰਦੂਆਂ ਦੀ ਆਬਾਦੀ ਘੱਟ ਰਹੀ ਹੈ। ਅਮਰੀਕਾ ਦੀ ‘ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਰਿਪੋਰਟ’ ਦੇ ਅਨੁਸਾਰ 2022 ’ਚ ਦੇਸ਼ ਦੀ 165.7 ਮਿਲੀਅਨ ਆਬਾਦੀ ’ਚ 91 ਫੀਸਦੀ ਮੁਸਲਿਮ ਅਤੇ 9 ਫੀਸਦੀ ਹਿੰਦੂ ਰਹਿ ਗਏ ਹਨ, ਜਦਕਿ 2011 ’ਚ 89 ਫੀਸਦੀ ਮੁਸਲਿਮ ਅਤੇ 10 ਫੀਸਦੀ ਹਿੰਦੂ ਸਨ। ਭਾਰਤ ਸਰਕਾਰ ਨੂੰ ਇਹ ਮਾਮਲਾ ਗੰਭੀਰਤਾਪੂਰਵਕ ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਦੇ ਸਾਹਮਣੇ ਉਠਾਉਣਾ ਚਾਹੀਦਾ ਹੈ ਜਿਸ ਦੇ ਨਾਲ ਸਾਡੇ ਚੰਗੇ ਸਬੰਧ ਹਨ।

ਮੁਸਲਿਮ ਦੇਸ਼ ਹੋਣ ਦੇ ਬਾਵਜੂਦ ਬੰਗਲਾਦੇਸ਼ ਦੇ ਲੋਕਾਂ ’ਤੇ ਅਣਵੰਡੇ ਭਾਰਤ ਦੇ ਬੰਗਲਾ ਸੱਭਿਆਚਾਰ ਦਾ ਪ੍ਰਭਾਵ ਹੈ ਅਤੇ ਇਸ ਦੇਸ਼ ਨੇ ਕਈ ਰਾਸ਼ਟਰ ਭਗਤ ਅਤੇ ਕ੍ਰਾਂਤੀਕਾਰੀ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਕ੍ਰਾਂਤੀਕਾਰੀ ਕਵੀ ਅਤੇ ਸਾਹਿਤਕਾਰ ਦਿੱਤੇ ਹਨ। ਅਜਿਹੇ ’ਚ ਬੰਗਲਾਦੇਸ਼ ’ਚ ਅੱਤਵਾਦੀ ਤੱਤਾਂ ਦਾ ਉਭਾਰ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸ ’ਤੇ ਰੋਕ ਨਾ ਲਗਾਈ ਗਈ ਤਾਂ ਬੰਗਲਾਦੇਸ਼ ’ਚ ਕੱਟੜਪੰਥੀ ਤੱਤਾਂ ਦੇ ਉਭਰਨ ਨਾਲ ਉੱਥੋਂ ਦਾ ਸਮਾਜਿਕ ਤਾਣਾ-ਬਾਣਾ ਵੀ ਹੋਰ ਵਿਗੜੇਗਾ। 
-ਵਿਜੇ ਕੁਮਾਰ


Harpreet SIngh

Content Editor

Related News