ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ’ਤੇ ਹਮਲਾ–ਪਾਕਿਸਤਾਨ ਵਲੋਂ ਸੱਚਾਈ ਲੁਕਾਉਣ ਦੀ ਕੋਸ਼ਿਸ਼

01/05/2020 1:51:12 AM

ਲੰਡਨ ਤੋਂ ਕ੍ਰਿਸ਼ਨ ਭਾਟੀਆ

ਸ਼ੁੱਕਰਵਾਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਤੇ ਹੋਏ ਹਮਲੇ ਦੀ ਅਸਲੀਅਤ ਨੂੰ ਲੁਕਾਉਣ ਦੀ ਪਾਕਿਸਤਾਨ ਸਰਕਾਰ ਵਲੋਂ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਗਲਤ ਢੰਗ ਨਾਲ ਪੇਸ਼ ਕਰ ਕੇ ਦੁਨੀਆ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਉਥੇ ਤਾਂ ਕੁਝ ਹੋਇਆ ਹੀ ਨਹੀਂ ਸੀ, ਕੁਝ ਲੋਕਾਂ ਵਿਚ ਐਵੇਂ ਤਕਰਾਰ ਜਿਹਾ ਹੋ ਗਿਆ ਸੀ।

ਸੱਚਾਈ ਇਹ ਹੈ ਕਿ ਉਤੇਜਿਤ ਮੁਸਲਮਾਨਾਂ ਦੇ ਇਕ ਭਾਰੀ ਇਕੱਠ ਨੇ ਗੁਰਦੁਆਰਾ ਸਾਹਿਬ ’ਤੇ ਹਮਲਾ ਕਰ ਕੇ ਪਥਰਾਅ ਕੀਤਾ ਅਤੇ ਬਿਲਡਿੰਗ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜੋ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਉਨ੍ਹਾਂ ’ਚ ਬਿਲਡਿੰਗ ਅਤੇ ਮੁੱਖ ਦੁਆਰ ਨੂੰ ਪਹੁੰਚੇ ਨੁਕਸਾਨ ਨੂੰ ਪੂਰੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਭੀੜ ਨੇ ਸਿੱਖ ਵਿਰੋਧੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਪਮਾਨ ਵਿਚ ਨਾਅਰੇ ਲਾਏ ਅਤੇ ਇਥੋਂ ਤਕ ਵੀ ਕਿਹਾ ਕਿ ਅਸੀਂ ਇਸ ਸਥਾਨ ਦਾ ਨਾਂ ਬਦਲ ਕੇ ਗੁਲਾਮ ਅਲੀ ਮੁਸਤਫਾ ਰੱਖ ਦਿਆਂਗੇ।

ਬਿਲਡਿੰਗ ਦੇ ਅੰਦਰ 20 ਦੇ ਲੱਗਭਗ ਲੋਕ ਸਨ। ਦੱਸਿਆ ਗਿਆ ਹੈ ਕਿ ਵਿਖਾਵਾ ਸ਼ੁਰੂ ਹੋਣ ਤੋਂ ਕੋਈ 45 ਮਿੰਟਾਂ ਬਾਅਦ ਪੁਲਸ ਉਥੇ ਪੁੱਜੀ ਅਤੇ ਇਕੱਠੇ ਹੋਏ ਹਜੂਮ ਨੂੰ ਹਟਾਉਣ ਵਿਚ 4 ਘੰਟੇ ਲੱਗ ਗਏ।

ਇਸ ਦੇ ਉਲਟ ਪਾਕਿਸਤਾਨ ਆਪਣੇ ਸਰਕਾਰੀ ਬਿਆਨਾਂ ਵਿਚ ਦੁਨੀਆ ਨੂੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੁਝ ਲੋਕਾਂ ਦਾ ਆਪਸ ਵਿਚ ਤਕਰਾਰ ਹੋ ਗਿਆ ਸੀ, ਜਿਸ ਨੂੰ 2 ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਰਫਾ-ਦਫਾ ਕਰ ਦਿੱਤਾ ਗਿਆ।

ਸੱਚਾਈ ਇਸ ਦੇ ਬਿਲਕੁਲ ਉਲਟ ਹੈ ਅਤੇ ਸਾਹਮਣੇ ਆਏ ਵੀਡੀਓਜ਼ ਅਤੇ ਤਸਵੀਰਾਂ ਉੱਤੇ ਲੰਡਨ ਤੋਂ ਪ੍ਰਾਪਤ ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਾਮਲਾ ਬੜਾ ਗੰਭੀਰ ਸੀ, ਜਿਸ ’ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਕਾਫੀ ਦੇਰ ਤੋਂ ਕੀਤੀਆਂ ਜਾ ਰਹੀਆਂ ਸਨ। ਇਕ ਅੱਗ ਜਿਹੀ ਸੀ, ਜੋ ਪਾਕਿਸਤਾਨ ਦੇ ਹਿੰਦੂ-ਸਿੱਖ ਸਮਾਜ ਦੇ ਦਿਲਾਂ ਵਿਚ ਅੰਦਰ ਹੀ ਅੰਦਰ ਸੁਲਗ ਰਹੀ ਸੀ ਪਰ ਜਿਸ ਦਾ ਕੋਈ ਹੱਲ ਲੱਭਣ ਦਾ ਠੋਸ ਯਤਨ ਨਹੀਂ ਕੀਤਾ ਜਾ ਰਿਹਾ ਸੀ, ਨਾ ਤਾਂ ਪਾਕਿਸਤਾਨ ਸਰਕਾਰ ਵਲੋਂ ਅਤੇ ਨਾ ਹੀ ਉਨ੍ਹਾਂ ਪਾਕਿਸਤਾਨੀ ਸੰਸਥਾਵਾਂ ਵਲੋਂ, ਜੋ ਸਮਾਜ ਭਲਾਈ ਦੇ ਖੇਤਰ ਵਿਚ ਸਰਗਰਮ ਹਨ। ਇਹ ਸਮੱਸਿਆ ਸੀ ਹਿੰਦੂ-ਸਿੱਖ ਲੜਕੀਆਂ ਦੇ ਅਗ਼ਵਾ, ਉਨ੍ਹਾਂ ਦਾ ਧਰਮ ਤਬਦੀਲ ਕਰ ਕੇ ਮੁਸਲਮਾਨਾਂ ਨਾਲ ਜਬਰੀ ਵਿਆਹ ਕਰ ਦੇਣ ਦਾ। ਇਹ ਕੁਕਰਮ ਵਰ੍ਹਿਆਂ ਤੋਂ ਜਾਰੀ ਹੈ। ਪਾਕਿਸਤਾਨ ਦਾ ਹਿੰਦੂ-ਸਿੱਖ ਸਮਾਜ ਪੀੜਤ, ਬੇਵੱਸ ਇਹ ਜ਼ੁਲਮ ਸਹਿ ਰਿਹਾ ਹੈ ਪਰ ਪਤਾ ਨਹੀਂ ਕਿਉਂ ਭਾਰਤਵਾਸੀ, ਉਨ੍ਹਾਂ ਦੀ ਭਾਰਤ ਸਰਕਾਰ ਇਸ ਜ਼ੁਲਮ ਵਿਰੁੱਧ ਵਿਸ਼ਵ ਮੰਚ ’ਤੇ ਆਵਾਜ਼ ਉਠਾਉਣ ’ਚ ਚੁੱਪ ਧਾਰੀ ਬੈਠੇ ਹਨ।

ਸ਼ੁੱਕਰਵਾਰ ਦੀ ਘਟਨਾ ਉਸ ਗੰਭੀਰ ਸਮੱਸਿਆ ਨਾਲ ਸਬੰਧਤ ਸੀ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਇਕ ਗ੍ਰੰਥੀ ਦੀ ਮੁਟਿਆਰ ਧੀ ਦਾ ਮੁਸਲਮਾਨਾਂ ਵਲੋਂ ਪਿਛਲੇ ਸਾਲ ਅਗਸਤ ਮਹੀਨੇ ਵਿਚ ਅਗਵਾ ਕਰ ਕੇ ਧਰਮ ਤਬਦੀਲ ਕਰ ਦਿੱਤਾ ਗਿਆ ਅਤੇ ਮੁਹੰਮਦ ਅਹਿਸਾਨ ਨਾਂ ਦੇ ਲੜਕੇ ਨਾਲ ਉਸ ਦਾ ਜਬਰੀ ਵਿਆਹ ਕਰ ਦਿੱਤਾ ਗਿਆ। ਮਾਤਾ-ਪਿਤਾ, ਰਿਸ਼ਤੇਦਾਰਾਂ ਅਤੇ ਸਿੱਖ ਸਮਾਜ ਵਲੋਂ ਕੀਤੀ ਗਈ ਸ਼ਿਕਾਇਤ ’ਤੇ ਲੜਕੀ ਜਗਜੀਤ ਕੌਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਪਰ ਉਥੇ ਉਹੀ ਡਰਾਮਾ ਪੇਸ਼ ਕੀਤਾ ਗਿਆ, ਜੋ ਪਾਕਿਸਤਾਨ ਬਣਨ ਤੋਂ ਬਾਅਦ ਸਿੰਧ ਸੂਬੇ ਵਿਚ ਹਜ਼ਾਰਾਂ ਹਿੰਦੂ ਲੜਕੀਆਂ ਦੇ ਨਾਲ ਕੀਤਾ ਜਾਂਦਾ ਰਿਹਾ ਸੀ। ਫਰਕ ਸਿਰਫ ਇਹ ਸੀ ਕਿ ਹੁਣ ਪਹਿਲੀ ਵਾਰ ਇਸ ਨੂੰ ਪੰਜਾਬ ਵਿਚ ਖੇਡਿਆ ਗਿਆ ਸੀ ਅਤੇ ਜ਼ੁਲਮ ਦਾ ਨਿਸ਼ਾਨਾ ਇਕ ਮਾਸੂਮ ਸਿੱਖ ਲੜਕੀ ਨੂੰ ਬਣਾਇਆ ਗਿਆ ਸੀ।

ਜਗਜੀਤ ਕੌਰ ਕੋਲੋਂ ਵੀ ਅਦਾਲਤ ਵਿਚ ਉਹੀ ਕੁਝ ਅਖਵਾਇਆ ਗਿਆ, ਜੋ ਸਿੰਧ ਵਿਚ ਹਿੰਦੂ ਲੜਕੀਆਂ ਨੂੰ ਕਹਿਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਹੈ, ਭਾਵ : ‘ਮੈਂ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ, ਇਸ ਮੁਸਲਮਾਨ ਲੜਕੇ ਨਾਲ ਮੇਰੇ ਸਬੰਧ ਹੋਣ ਕਾਰਣ ਮੈਂ ਆਪਣੀ ਖੁਸ਼ੀ ਨਾਲ ਇਸ ਦੇ ਨਾਲ ਵਿਆਹ ਕਰ ਰਹੀ ਹਾਂ ਅਤੇ ਆਪਣੇ ਮਾਂ-ਬਾਪ ਕੋਲ ਵਾਪਿਸ ਨਹੀਂ ਜਾਣਾ ਚਾਹੁੰਦੀ। ਮੈਂ ਬਾਲਗ ਹਾਂ।’

ਅਦਾਲਤਾਂ ਇਸ ’ਤੇ ਆਪਣੀ ਮਨਜ਼ੂਰੀ ਦੀ ਮੋਹਰ ਲਾ ਦਿੰਦੀਆਂ ਹਨ ਕਿ ਲੜਕੀ ਨੇ ਕਿਉਂਕਿ ਖ਼ੁਦ ਇਸਲਾਮ ਕਬੂਲ ਕੀਤਾ ਹੈ ਅਤੇ ਬਾਲਗ ਹੈ, ਇਸ ਲਈ ਕਾਨੂੰਨ ਇਜਾਜ਼ਤ ਦਿੰਦਾ ਹੈ ਕਿ ਉਹ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰ ਲਵੇ। ਉਸ ਨੂੰ ਮਾਂ-ਬਾਪ ਦੇ ਘਰ ਵਾਪਿਸ ਜਾਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।

ਇਸ ਸਿਲਸਿਲੇ ਦਾ ਕੋਈ ਵੀ ਕਿੱਸਾ ਚੁੱਕ ਕੇ ਦੇਖ ਲਓ, ਹਰ ਕਿਸੇ ਅਗਵਾ ਹੋਈ ਹਿੰਦੂ-ਸਿੱਖ ਲੜਕੀ ਨੂੰ ਇਹੀ ਕੁਝ ਕਹਿਣ ਲਈ ਮਜਬੂਰ ਕੀਤਾ ਗਿਆ ਹੈ। ਪਤਾ ਨਹੀਂ ਕਿਸੇ ਨੇ ਇਸ ਦਾ ਨੋਟਿਸ ਕਿਉਂ ਨਹੀਂ ਲਿਆ–ਨਾ ਕਿਸੇ ਪੁਲਸ ਅਧਿਕਾਰੀ ਨੇ, ਨਾ ਅਦਾਲਤ ਨੇ, ਨਾ ਸਿਆਸੀ ਆਗੂਆਂ ਨੇ ਇਸ ਦੀ ਰੋਕਥਾਮ ਦਾ ਕੋਈ ਉਪਾਅ ਕਰਨਾ ਜ਼ਰੂਰੀ ਸਮਝਿਆ।

ਜਗਜੀਤ ਕੌਰ ਨਾਲ ਵੀ ਇਹੋ ਕਹਾਣੀ ਦੁਹਰਾਈ ਗਈ ਪਰ ਉਸ ਦਾ ਪਰਿਵਾਰ ਚੁੱਪ ਨਹੀਂ ਬੈਠਾ। ਹੋਰਨਾਂ ਦੁਖੀ ਮਾਤਾ-ਪਿਤਾ ਵਾਂਗ ਉਸ ਦੇ ਬਜ਼ੁਰਗ ਮਾਂ-ਬਾਪ ਨੇ ਵੀ ਆਪਣੀ ਧੀ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਸਿਆਸੀ ਦਬਾਅ ਪਾਇਆ ਗਿਆ। ਉਸ ਦੇ ਗ੍ਰੰਥੀ ਪਿਤਾ ਨੂੰ ਵੱਡੇ-ਵੱਡੇ ਅਧਿਕਾਰੀਆਂ ਅਤੇ ਪੰਜਾਬ ਦੇ ਗਵਰਨਰ ਸਾਹਮਣੇ ਪੇਸ਼ ਕਰ ਕੇ ਭਰਮਾਉਣ ਦੀ ਕੋਸ਼ਿਸ਼ ਕਰ ਕੇ ਇਹ ਲਿਖਵਾ ਲਿਆ ਗਿਆ ਕਿ ਉਸ ਨੂੰ ਜਗਜੀਤ ਕੌਰ ਦਾ ਮੁਸਲਮਾਨ ਬਣਨਾ, ਮੁਸਲਮਾਨ ਲੜਕੇ ਨਾਲ ਵਿਆਹ ਕਰ ਕੇ ਗੁਲਜ਼ਾਰ ਨਾਂ ਕਬੂਲ ਕਰਨਾ ਮਨਜ਼ੂਰ ਹੈ।

ਭਲਾ ਇਹ ਕਿਵੇਂ ਸੰਭਵ ਹੈ? ਕਿਹੜਾ ਹਿੰਦੂ-ਸਿੱਖ ਬਾਪ ਇਹ ਪ੍ਰਵਾਨ ਕਰ ਸਕਦਾ ਹੈ? ਕਿਹੜੀ ਮਜਬੂਰੀ ਅਤੇ ਬੇਵਸੀ ਰਹੀ ਹੋਵੇਗੀ, ਇਸ ਦਾ ਤਾਂ ਸਿਰਫ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਜਗਜੀਤ ਕੌਰ ਦੇ ਪਿਤਾ ਅਤੇ ਭਰਾ ਨੇ ਵੀ ਉਸ ਦੀ ਵਾਪਸੀ ਲਈ ਸੰਘਰਸ਼ ਜਾਰੀ ਰੱਖਿਆ। ਉਸ ਦੀ ਸ਼ਿਕਾਇਤ ’ਤੇ ਪੁਲਸ ਨੇ ਕੁਝ ਸਮਾਂ ਹੋਇਆ 6 ਅਪਰਾਧੀਆਂ ’ਚੋਂ 2 ਨੂੰ ਗ੍ਰਿਫਤਾਰ ਕੀਤਾ ਪਰ ਬਾਕੀ ਭੱਜ ਗਏ ਤੇ ਅਜੇ ਤਕ ਲਾਪਤਾ ਹਨ।

ਜਿਸ ਮੁਹੰਮਦ ਅਹਿਸਾਨ ਲੜਕੇ ਨਾਲ ਜਗਜੀਤ ਕੌਰ ਦਾ ਜਬਰੀ ਵਿਆਹ ਕੀਤਾ ਗਿਆ ਸੀ, ਉਸ ਦੇ ਭਰਾ ਨੇ ਕੁਝ ਲੋਕਾਂ ਨੂੰ ਇਕੱਠਿਆਂ ਕਰ ਕੇ ਇਨ੍ਹਾਂ ਗ੍ਰਿਫਤਾਰੀਆਂ ਵਿਰੁੱਧ ਜਲੂਸ ਕੱਢਿਆ, ਜਿਸ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ’ਤੇ ਹਮਲਾ ਕੀਤਾ।

ਇਸੇ ਕਹਾਣੀ ਦੀ ਲੜੀ ਅਜੇ ਬਾਕੀ ਹੈ। ਪਿਤਾ ਅਤੇ ਭਰਾ ਵਲੋਂ ਕਰਵਾਏ ਗਏ ਕੇਸ ਦੀ ਅਦਾਲਤ ਵਿਚ ਸੁਣਵਾਈ 9 ਜਨਵਰੀ ਨੂੰ ਹੈ। ਪਾਕਿਸਤਾਨ ਸਰਕਾਰ ਵਲੋਂ ਇਸ ’ਤੇ ਪਰਦਾ ਪਾਉਣ ਅਤੇ ਦੁਨੀਆ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤ ਵਿਚ ਇਸ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉੱਠਣੀ ਚਾਹੀਦੀ ਹੈ।

krishanbhatia@btinternet.com


Bharat Thapa

Content Editor

Related News