ਅਮਰੀਕੀ ਟੀ. ਵੀ. ਤੋਂ ਸਿੱਖਣ ਭਾਰਤੀ ਟੀ. ਵੀ. ਚੈਨਲ
Monday, Nov 09, 2020 - 02:10 AM (IST)

ਵਿਨੀਤ ਨਾਰਾਇਣ
ਅਮਰੀਕਾ ’ਚ ਚੋਣਾਂ ਦਾ ਜੋ ਵੀ ਨਤੀਜਾ ਹੋਵੇ, ਵੋਟਾਂ ਦੀ ਗਿਣਤੀ ਦੌਰਾਨ ਡੋਨਾਲਡ ਟਰੰਪ ਨੇ ਜੋ-ਜੋ ਨਾਟਕ ਕੀਤੇ ਉਸ ਨਾਲ ਉਨ੍ਹਾਂ ਦਾ ਪੂਰੀ ਦੁਨੀਆ ’ਚ ਮਜ਼ਾਕ ਉੱਡਿਆ ਹੈ। ਆਪਣੀ ਹਾਰ ਦੇ ਖਦਸ਼ੇ ਤੋਂ ਬੌਖਲਾਏ ਟਰੰਪ ਨੇ ਕਈ ਵਾਰ ਪ੍ਰੈੱਸ ਕਾਨਫਰੰਸ ਕਰ ਕੇ ਵਿਰੋਧੀ ਧਿਰ ’ਤੇ ਚੋਣ ਹੜੱਪਣ ਦੇ ਕਾਫੀ ਝੂਠੇ ਦੋਸ਼ ਲਗਾਏ ਅਤੇ ਉਨ੍ਹਾਂ ਦੇ ਸਮਰਥਨ ’ਚ ਇਕ ਵੀ ਸਬੂਤ ਪੇਸ਼ ਨਹੀਂ ਕੀਤਾ। ਉਨ੍ਹਾਂ ਦੇ ਇਸ ਗੈਰ-ਜ਼ਿੰਮੇਵਾਰਾਨਾ ਆਚਰਣ ਨਾਲ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਪਛਾਣ ਨੂੰ ਭਾਰੀ ਸੱਟ ਵੱਜੀ ਹੈ।
ਪਰ ਸਾਡਾ ਅੱਜ ਦਾ ਵਿਸ਼ਾ ਟਰੰਪ ਨਹੀ ਸਗੋਂ ਅਮਰੀਕੀ ਟੀ. ਵੀ. ਚੈਨਲ ਹਨ, ਜਿਨ੍ਹਾਂ ਨੇ ਬੀਤੇ ਸ਼ੁੱਕਰਵਾਰ ਨੂੰ ਟਰੰਪ ਦੀ ਪ੍ਰੈੱਸ ਕਾਨਫਰੰਸ ਦਾ ਸਿੱਧਾ ਪ੍ਰਸਾਰਨ ਵਿਚਾਲੇ ਹੀ ਰੋਕ ਦਿੱਤਾ, ਇਹ ਕਹਿੰਦੇ ਹੋਏ ਕਿ ਟਰੰਪ ਸਰਾਸਰ ਝੂਠ ਬੋਲ ਰਹੇ ਹਨ ਅਤੇ ਬਿਨਾਂ ਸਬੂਤ ਦੇ ਦਰਜਨਾਂ ਝੂਠੇ ਦੋਸ਼ ਲਗਾ ਰਹੇ ਹਨ। ਇਨ੍ਹਾਂ ਟੀ. ਵੀ. ਚੈਨਲਾਂ ਦੇ ਐਂਕਰਾਂ ਨੇ ਇਹ ਵੀ ਕਿਹਾ ਕਿ ਟਰੰਪ ਦੇ ਇਸ ਗੈਰ-ਜ਼ਿੰਮੇਵਾਰਾਨਾ ਆਚਰਣ ਨਾਲ ਅਮਰੀਕੀ ਸਮਾਜ ’ਚ ਹਫੜਾ-ਦਫੜੀ ਫੈਲ ਸਕਦੀ ਹੈ ਅਤੇ ਝੜਪਾਂ ਹੋ ਸਕਦੀਆਂ ਹਨ, ਇਸ ਲਈ ਲੋਕ ਹਿੱਤ ’ਚ ਅਸੀਂ ਰਾਸ਼ਟਰਪਤੀ ਟਰੰਪ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਨ ਵਿਚਾਲੇ ਹੀ ਰੋਕ ਰਹੇ ਹਾਂ।
ਅਮਰੀਕਾ ਦੇ ਨਿਊਜ਼ ਟੀ. ਵੀ. ਚੈਨਲਾਂ ਦੀ ਇਸ ਬਹਾਦਰੀ ਅਤੇ ਜ਼ਿੰਮੇਵਾਰਾਨਾ ਪੱਤਰਕਾਰਿਤਾ ਦੀ ਸਾਰੀ ਦੁਨੀਆ ’ਚ ਸ਼ਲਾਘਾ ਹੋ ਰਹੀ ਹੈ। ਦਰਅਸਲ ਆਪਣੀ ਇਸੇ ਭੂਮਿਕਾ ਲਈ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਇਹ ਭਾਰਤ ਦੇ ਨਿਊਜ਼ ਟੀ. ਵੀ. ਚੈਨਲਾਂ ਲਈ ਬਹੁਤ ਵੱਡੀ ਚਪੇੜ ਹੈ। ਦੂਰਦਰਸ਼ਨ ਤਾਂ ਆਪਣੇ ਜਨਮ ਤੋਂ ਹੀ ਸਰਕਾਰ ਦਾ ਭੋਂਪੂ ਰਿਹਾ ਹੈ। ਪ੍ਰਸਾਰ ਭਾਰਤੀ ਬਣਨ ਦੇ ਬਾਅਦ ਉਸਦੀ ਸਥਿਤੀ ’ਚ ਥੋੜ੍ਹੀ ਤਬਦੀਲੀ ਜ਼ਰੂਰ ਆਈ ਹੈ ਪਰ ਕਿਤੇ-ਕਿਤੇ ਉਹ ਅੱਜ ਵੀ ਸਰਕਾਰ ਦਾ ਭੋਂਪੂ ਬਣਿਆ ਹੋਇਆ ਹੈ।
ਭਾਰਤ ’ਚ ਸੁਤੰਤਰ ਟੀ. ਵੀ. ਪੱਤਰਕਾਰਿਤਾ ਇੰਡੀਆ ਟੂਡੇ ਸਮੂਹ ਨੇ ਅੰਗਰੇਜ਼ੀ ਵੀਡੀਓ ਨਿਊਜ਼ ਪੱਤ੍ਰਿਕਾ ‘ਨਿਊਜ਼ ਟਰੈਕ’ ਨਾਲ ਅਤੇ ਮੈਂ ‘ਕਾਲਚੱਕਰ’ ਹਿੰਦੀ ਵੀਡੀਓ ਨਿਊਜ਼ ਪੱਤ੍ਰਿਕਾ ਨਾਲ ਸ਼ੁਰੂ ਕੀਤੀ ਸੀ। ਉਦੋਂ ਅੰਗਰੇਜ਼ੀ ਰੋਜ਼ਾਨਾ ਪਾਇਨੀਅਰ ਅਖਬਾਰ ’ਚ ਮੇਰਾ ਅਤੇ ਨਿਊਜ਼ ਟਰੈਕ ਦੀ ਸੰਪਾਦਕਾ ਮਧੂ ਤ੍ਰੇਹਨ ਦਾ ਇਕ ਇੰਟਰਵਿਊ ਵੀ ਛਪਿਆ ਸੀ ਜਿਸ ’ਚ ਮਧੂ ਨੇ ਕਿਹਾ ਸੀ ਕਿ, ‘‘ਅਸੀਂ ਮੀਡੀਆ ਦੇ ਵਪਾਰ ’ਚ ਹਾਂ ਅਤੇ ਵਪਾਰ ਲਾਭ ਲਈ ਕੀਤਾ ਜਾਂਦਾ ਹੈ।’’ ਅਤੇ ਮੈਂ ਕਿਹਾ ਸੀ, ‘‘ਅਸੀਂ ਜਨਤਾ ਦੇ ਬੁਲਾਰੇ ਹਾਂ, ਇਸ ਲਈ ਜੋ ਵੀ ਸਰਕਾਰ ’ਚ ਹੋਵੇਗਾ ਉਸਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨੀ ਅਤੇ ਜਨਤਾ ਦੇ ਦੁੱਖ-ਦਰਦ ਨੂੰ ਸਰਕਾਰ ਤਕ ਪਹੁੰਚਾਉਣਾ ਸਾਡਾ ਫਰਜ਼ ਹੈ ਅਤੇ ਅਸੀਂ ਹਮੇਸ਼ਾ ਇਹੀ ਕਰਾਂਗੇ।’’
ਜਦੋਂ ਤੋਂ ਨਿੱਜੀ ਟੀ. ਵੀ. ਚੈਨਲਾਂ ਦੀ ਭਰਮਾਰ ਹੋਈ ਹੈ, ਉਦੋਂ ਤੋਂ ਲੋਕਾਂ ਨੂੰ ਜਾਪਿਆ ਕਿ ਹੁਣ ਟੀ. ਵੀ. ਨਿਊਜ਼ ਚੈਨਲ ਸਰਕਾਰ ਦੇ ਸ਼ਿਕੰਜੇ ਤੋਂ ਮੁਕਤ ਹੋ ਗਏ ਪਰ ਅਜਿਹਾ ਹੋਇਆ ਨਹੀਂ। ਵਪਾਰਕ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਜ਼ਿਆਦਾਤਰ ਨਿਊਜ਼ ਚੈਨਲ ਸਿਆਸੀ ਧੜਿਆਂ ’ਚ ਵੰਡੇ ਗਏ। ਅਜਿਹਾ ਕਰਨਾ ਉਨ੍ਹਾਂ ਦੀ ਮਜਬੂਰੀ ਵੀ ਸੀ ਕਿਉਂਕਿ ਜਿੰਨਾ ਅਡੰਬਰ ਵਾਲਾ ਅਤੇ ਖਰਚੀਲਾ ਸਾਮਰਾਜ ਇਨ੍ਹਾਂ ਟੀ. ਵੀ. ਚੈਨਲਾਂ ਨੇ ਖੜ੍ਹਾ ਕਰ ਲਿਆ ਹੈ, ਉਸ ਨੂੰ ਚਲਾਉਣ ਲਈ ਮੋਟੀ ਰਕਮ ਚਾਹੀਦੀ ਹੈ ਜੋ ਸਿਆਸੀ ਪਾਰਟੀਆਂ ਜਾਂ ਉਦਯੋਗਿਕ ਘਰਾਣਿਆਂ ਦੇ ਸਹਿਯੋਗ ਤੋਂ ਬਿਨਾਂ ਮਿਲਣੀ ਅਸੰਭਵ ਹੈ।
ਫਿਰ ਵੀ ਕੁਝ ਸਾਲ ਪਹਿਲਾਂ ਤਕ ਕੁਲ ਮਿਲਾ ਕੇ ਸਾਰੇ ਟੀ. ਵੀ. ਚੈਨਲ ਇਕ ਸੰਤੁਲਨ ਬਣਾਏ ਰੱਖਣ ਦਾ ਦਿਖਾਵਾ ਤਾਂ ਕਰ ਹੀ ਰਹੇ ਸਨ ਪਰ ਪਿਛਲੇ ਕੁਝ ਸਾਲਾਂ ’ਚ ਭਾਰਤ ਦੇ ਵਧੇਰੇ ਨਿਊਜ਼ ਚੈਨਲਾਂ ਦਾ ਇੰਨੀ ਤੇਜ਼ੀ ਨਾਲ ਪਤਨ ਹੋਇਆ ਕਿ ਰਾਤੋ-ਰਾਤ ਟੀ. ਵੀ. ਪੱਤਰਕਾਰਿਤਾ ਦੀ ਥਾਂ ਚਾਰਨ ਅਤੇ ਭਾਟਾਂ ਨੇ ਲੈ ਲਈ ਜੋ ਦਿਨ-ਰਾਤ ਉੱਚੀ-ਉੱਚੀ ਰੌਲਾ ਪਾ ਕੇ ਇਕ ਧਿਰ ਦੇ ਸਮਰਥਨ ’ਚ ਦੂਸਰੀ ਧਿਰ ’ਤੇ ਹਮਲਾ ਕਰਦੇ ਹਨ।
ਉਨ੍ਹਾਂ ਦੀ ਐਂਕਰਿੰਗ ਜਾਂ ਰਿਪੋਰਟਿੰਗ ’ਚ ਤੱਥਾਂ ਦੀ ਭਾਰੀ ਘਾਟ ਹੁੰਦੀ ਹੈ ਜਾਂ ਉਹ ਇਕ ਪਾਸੜ ਹੁੰਦੇ ਹਨ। ਇਨ੍ਹਾਂ ਦੀ ਭਾਸ਼ਾ ਅਤੇ ਤੇਵਰ ਗਲੀ-ਮੁਹੱਲਿਆਂ ਦੇ ਸ਼ਰਾਰਤੀ ਤੱਤਾਂ ਵਰਗੀ ਹੋ ਗਈ ਹੈ। ਇਨ੍ਹਾਂ ਦੇ ‘ਟਾਕ ਸ਼ੋਅ’ ਚੌਕਾਂ ’ਤੇ ਹੋਣ ਵਾਲੇ ਛੋਟੇ-ਮੋਟੇ ਝਗੜਿਆਂ ਵਰਗੇ ਹੁੰਦੇ ਹਨ। ਹੋਰ ਤਾਂ ਹੋਰ ਕਦੇ ਚੰਦ ’ਤੇ ਉਤਰਨ ਦਾ ਐਸਟ੍ਰੋਨਾਟ ਪਹਿਰਾਵਾ ਪਹਿਨ ਕੇ, ਕਦੇ ਰਾਫੇਲ ਦੇ ਪਾਇਲਟ ਬਣ ਕੇ ਜੋ ਡਰਾਮੇਬਾਜ਼ੀ ਇਹ ਐਂਕਰ ਕਰਦੇ ਹਨ, ੳੁਸ ਨਾਲ ਇਹ ਪੱਤਰਕਾਰ ਘੱਟ ਜੋਕਰ ਜ਼ਿਆਦਾ ਨਜ਼ਰ ਆਉਂਦੇ ਹਨ। ਇੰਨਾ ਹੀ ਨਹੀਂ, ਦੁਨੀਆ ਭਰ ਦੇ ਟੀ. ਵੀ. ਚੈਨਲਾਂ ਦੇ ਮਰਦ ਅਤੇ ਮਹਿਲਾ ਐਂਕਰਾਂ ਅਤੇ ਰਿਪੋਰਟਰਾਂ ਦੇ ਪਹਿਰਾਵੇ, ਭਾਸ਼ਾ ਅਤੇ ਤੇਵਰ ਦੀ ਤੁਲਨਾ ਜੇਕਰ ਭਾਰਤ ਦੇ ਜ਼ਿਆਦਾਤਰ ਟੀ. ਵੀ. ਚੈਨਲਾਂ ਦੇ ਐਕਰਾਂ ਨਾਲ ਕੀਤੀ ਜਾਵੇ ਤਾਂ ਸਥਿਤੀ ਖੁਦ ਹੀ ਸਪੱਸ਼ਟ ਹੋ ਜਾਵੇਗੀ। ਭਾਰਤ ਦੇ ਜ਼ਿਆਦਾਤਰ ਨਿਊਜ਼ ਟੀ. ਵੀ. ਚੈਨਲ ਪੱਤਰਕਾਰਿਤਾ ਦੇ ਇਲਾਵਾ ਸਭ ਕੁਝ ਕਰ ਰਹੇ ਹਨ। ਇਹ ਸ਼ਰਮਨਾਕ ਹੀ ਨਹੀਂ ਦੁਖਦਾਈ ਸਥਿਤੀ ਹੈ। ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਝੂਠੇ ਬਿਆਨਾਂ ਦਾ ਪ੍ਰਸਾਰਨ ਵਿਚਾਲੇ ਰੋਕਣ ਦੀ ਜੋ ਦਲੇਰੀ ਅਮਰੀਕਾ ਦੇ ਟੀ. ਵੀ. ਐਂਕਰਾਂ ਨੇ ਦਿਖਾਈ ਹੈ, ਉਹੋ ਜਿਹੀ ਹਿੰਮਤ ਭਾਰਤ ਦੇ ਕਿੰਨੇ ਨਿਊਜ਼ ਟੀ. ਵੀ. ਐਂਕਰਾਂ ਦੀ ਹੈ?
ਓਧਰ ਅਰਨਬ ਗੋਸਵਾਮੀ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਜੋ ਵਿਵਾਦ ਹੋਇਆ ਹੈ, ਉਸ ਨੂੰ ਵੀ ਇਸੇ ਨਜ਼ਰੀਏ ’ਚ ਦੇਖਣ ਦੀ ਲੋੜ ਹੈ। ਜੇਕਰ ਤੁਸੀਂ ਯੂਟਿਊਬ ’ਤੇ ਮੇਰੇ ਨਾਂ ਨਾਲ ਲੱਭੋ ਤਾਂ ਤੁਹਾਨੂੰ ਸਾਰੇ ਟੀ. ਵੀ. ਸ਼ੋਅ ਅਜਿਹੇ ਮਿਲਣਗੇ ਜਿਨ੍ਹਾਂ ’ਚ ਐਂਕਰ ਦੇ ਨਾਤੇ ਅਰਨਬ ਨੇ ਹਮੇਸ਼ਾ ਮੈਨੂੰ ਪੂਰਾ ਸਨਮਾਨ ਦਿੱਤਾ ਅਤੇ ਮੇਰੇ ਸੰਘਰਸ਼ਾਂ ਦਾ ਮਾਣ ਨਾਲ ਵਰਨਣ ਵੀ ਕੀਤਾ। ਜ਼ਾਹਿਰ ਹੈ ਕਿ ਮੈਂ ਅਰਨਬ ਦੇ ਵਿਰੋਧੀਆਂ ’ਚੋਂ ਨਹੀਂ ਹਾਂ। ਟੀ. ਵੀ. ਸਮਾਚਾਰਾਂ ਦੇ 31 ਸਾਲ ਦੇ ਆਪਣੇ ਤਜਰਬੇ ਅਤੇ ਉਮਰ ਦੇ ਹਿਸਾਬ ਨਾਲ ਮੈਂ ਉਸ ਸਥਿਤੀ ’ਚ ਹਾਂ ਕਿ ਇਕ ਸ਼ੁੱਭਚਿੰਤਕ ਦੇ ਨਾਤੇ ਅਰਨਬ ਦੀਆਂ ਕਮੀਆਂ ਨੂੰ ਉਸਦੇ ਹਿੱਤ ’ਚ ਖੁੱਲ੍ਹ ਕੇ ਕਹਿ ਸਕਾਂ।
ਪਿਛਲੇ ਕੁਝ ਸਾਲਾਂ ’ਚ ਅਰਨਬ ਨੇ ਪੱਤਰਕਾਰਿਤਾ ਦੀਆਂ ਹੱਦਾਂ ਨੂੰ ਟੱਪ ਕੇ ਜੋ ਕੁਝ ਵੀ ਕੀਤਾ ਹੈ, ਉਸ ਨਾਲ ਸੁਤੰਤਰ ਟੀ. ਵੀ. ਪੱਤਰਕਾਰਿਤਾ ਕਲੰਕਿਤ ਹੋਈ ਹੈ। ਅਰਨਬ ਦੇ ਅੰਨ੍ਹੇ-ਭਗਤਾਂ ਨੂੰ ਮੇਰੀ ਇਹ ਟਿੱਪਣੀ ਚੰਗੀ ਨਹੀਂ ਲੱਗੇਗੀ ਪਰ ਹਕੀਕਤ ਇਹ ਹੈ ਕਿ ਅਰਨਬ ਭਾਰਤੀ ਟੀ. ਵੀ. ਦਾ ਇਕ ਜਾਗਰੂਕ, ਸਮਝਦਾਰ ਅਤੇ ਊਰਜਾਵਾਨ ਐਂਕਰ ਸੀ ਪਰ ਹੁਣ ਉਸਨੇ ਆਪਣੀ ਉਹ ਪ੍ਰਾਪਤੀ ਆਪਣੇ ਹੀ ਵਤੀਰੇ ਨਾਲ ਗੁਆ ਲਈ ਹੈ। ਕਹਿੰਦੇ ਹਨ ਜਦੋਂ ਜਾਗੋ ਉਦੋਂ ਸਵੇਰਾ। ਹੋ ਸਕਦਾ ਹੈ ਕਿ ਅਰਨਬ ਨੂੰ ਇਸ ਅਪਰਾਧਿਕ ਮਾਮਲੇ ’ਚ ਸਜ਼ਾ ਹੋ ਜਾਵੇ ਜਾਂ ਉਹ ਬਰੀ ਹੋ ਜਾਵੇ। ਜੇਕਰ ਉਹ ਬਰੀ ਹੋ ਜਾਂਦਾ ਹੈ ਤਾਂ ਉਸ ਨੂੰ ਇਕਾਂਤ ’ਚ ਕੁਝ ਦਿਨ ਪਹਿਲਾਂ ਧਿਆਨ ਕਰਨਾ ਚਾਹੀਦਾ ਹੈ ਅਤੇ ਫਿਰ ਚਿੰਤਨ ਅਤੇ ਵਿਚਾਰ ਕਿ ਉਹ ਪੱਤਰਕਾਰਿਤਾ ਦੇ ਰਾਹ ਤੋਂ ਕਦੋਂ ਅਤੇ ਕਿਉਂ ਭਟਕਿਆ। ਇਹ ਚਿਤਾਵਨੀ ਬਾਕੀ ਨਿਊਜ਼ ਚੈਨਲਾਂ ਅਤੇ ਪੱਤਰਕਾਰਾਂ ਲਈ ਵੀ ਹੈ ਕਿ ਉਹ ਲੋਕਤੰਤਰ ਦੇ ਇਸ ਚੌਥੇ ਥੰਮ੍ਹ ਦੇ ਮੈਂਬਰ ਹੋਣ ਦੀ ਸ਼ਾਨ ਅਤੇ ਮਰਿਆਦਾ ਨੂੰ ਸਮਝਣ ਅਤੇ ਟੀ. ਵੀ. ਪੱਤਰਕਾਰ ਵਾਂਗ ਸਲੂਕ ਕਰਨ, ਚਾਰਨ ਅਤੇ ਭਾਟ ਵਾਂਗ ਨਹੀਂ।