‘ਹਰਿਤ ਕੁੰਭ ਮੁਹਿੰਮ 2025 : ਵਿਸ਼ਵਾਸ ਅਤੇ ਜ਼ਿੰਮੇਵਾਰੀ ਦਾ ਸੰਗਮ’

Friday, Nov 29, 2024 - 05:49 PM (IST)

‘ਹਰਿਤ ਕੁੰਭ ਮੁਹਿੰਮ 2025 : ਵਿਸ਼ਵਾਸ ਅਤੇ ਜ਼ਿੰਮੇਵਾਰੀ ਦਾ ਸੰਗਮ’

ਕੁੰਭ ਮੇਲਾ ਹਰ 3 ਸਾਲ ਬਾਅਦ ਉੱਜੈਨ, ਪ੍ਰਯਾਗਰਾਜ, ਹਰਿਦੁਆਰ ਅਤੇ ਨਾਸਿਕ ਵਿਚ ਲਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਪੂਰਨ ਕੁੰਭ ਮੇਲਾ ਹਰ 12 ਸਾਲਾਂ ਬਾਅਦ ਪ੍ਰਯਾਗਰਾਜ ਵਿਚ ਲੱਗਦਾ ਹੈ। ਮਹਾਕੁੰਭ ਹਰ 12 ਪੂਰਨ ਕੁੰਭ ਮੇਲਿਆਂ ਤੋਂ ਬਾਅਦ, ਭਾਵ ਹਰ 144 ਸਾਲਾਂ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਇਸ ਵਾਰ ਮਹਾਕੁੰਭ 144 ਸਾਲ ਬਾਅਦ 2025 ’ਚ ਹੋਵੇਗਾ। ਇਹ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਵਿਚੋਂ ਇਕ ਹੈ।
ਆਗਾਮੀ ਮਹਾਕੁੰਭ ਮੇਲਾ, ਜੋ ਕਿ 13 ਜਨਵਰੀ ਤੋਂ 26 ਫਰਵਰੀ 2025 ਤੱਕ ਪ੍ਰਯਾਗਰਾਜ ਵਿਚ ਹੋਣ ਵਾਲਾ ਹੈ, ਆਕਾਰ ਵਿਚ ਬੇਮਿਸਾਲ ਹੋਵੇਗਾ ਅਤੇ ਲਗਭਗ 45 ਕਰੋੜ ਸ਼ਰਧਾਲੂ ਅਤੇ ਇਕ ਲੱਖ ਤੋਂ ਵੱਧ ਕਲਪਵਾਸੀ ਹਾਜ਼ਰ ਹੋਣਗੇ। ਇਹ ਵਿਸ਼ਾਲ ਸਮਾਗਮ ਪਵਿੱਤਰ ਤ੍ਰਿਵੇਣੀ ਸੰਗਮ ’ਤੇ ਹੋਵੇਗਾ, ਜਿੱਥੇ ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਮਿਲਦੀਆਂ ਹਨ ਅਤੇ ਇਹ ਸਿਰਫ਼ ਇਕ ਆਯੋਜਨ ਨਹੀਂ ਹੈ, ਸਗੋਂ ਵਿਸ਼ਵਾਸ, ਪਰੰਪਰਾ ਅਤੇ ਅਧਿਆਤਮਿਕ ਨਵੀਨੀਕਰਨ ਦਾ ਪ੍ਰਤੀਕ ਹੈ।

ਕੁੰਭ ਮੇਲਾ ਸ਼ੁੱਧਤਾ, ਮੁਕਤੀ ਅਤੇ ਜੀਵਨ ਦੇ ਨਵੀਨੀਕਰਨ ਦਾ ਇਕ ਸ਼ਕਤੀਸ਼ਾਲੀ ਪ੍ਰਤੀਕ ਹੈ। ਭਾਰਤ ਅਤੇ ਦੁਨੀਆ ਭਰ ਦੇ ਸ਼ਰਧਾਲੂ ਆਪਣੇ ਪਾਪਾਂ ਤੋਂ ਮੁਕਤੀ ਅਤੇ ਅਧਿਆਤਮਿਕ ਮੁਕਤੀ ਪ੍ਰਾਪਤ ਕਰਨ ਲਈ ਇਸ ਪਵਿੱਤਰ ਪਾਣੀ ਵਿਚ ਡੁਬਕੀ ਲਾਉਂਦੇ ਹਨ। ਹਿਮਾਲਿਆ ਤੋਂ ਦੂਰ-ਦੁਰਾਡੇ ਤੋਂ ਸਾਧੂ ਅਤੇ ਸੰਤ ਵੀ ਇਸ ਬ੍ਰਹਮ ਮੌਕੇ ਦਾ ਹਿੱਸਾ ਬਣਨ ਲਈ ਆਉਂਦੇ ਹਨ, ਿਜਸ ਨਾਲ ਇਸ ਦੀ ਪਵਿੱਤਰਤਾ ਹੋਰ ਵੀ ਵਧ ਜਾਂਦੀ ਹੈ।

ਹਾਲਾਂਕਿ ਇਸ ਸਾਰੇ ਧਾਰਮਿਕ ਜਜ਼ਬੇ ਅਤੇ ਸ਼ਰਧਾ ਦੇ ਵਿਚਕਾਰ ਇਕ ਚਿੰਤਾ ਦਾ ਵਿਸ਼ਾ ਉਭਰ ਕੇ ਸਾਹਮਣੇ ਆ ਰਿਹਾ ਹੈ ਜੋ ਇਸ ਇਤਿਹਾਸਕ ਜੋੜ ਮੇਲੇ ਦੀ ਪਵਿੱਤਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ, ਉਹ ਹੈ ਮੇਲੇ ਵਿਚ ਹੋਣ ਵਾਲੀਆਂ ਮਨੁੱਖੀ ਸਰਗਰਮੀਆਂ ਕਾਰਨ ਵਾਤਾਵਰਣ ਨੂੰ ਹੋਣ ਵਾਲਾ ਨੁਕਸਾਨ। ਇਸ ਵਿਸ਼ਾਲ ਆਯੋਜਨ ਕਾਰਨ ਕੂੜਾ ਇਕੱਠਾ ਹੋਣ, ਜਲ ਸਰੋਤਾਂ ਦੇ ਪ੍ਰਦੂਸ਼ਣ ਅਤੇ ਸਥਾਨਕ ਸਰੋਤਾਂ ’ਤੇ ਬਹੁਤ ਜ਼ਿਆਦਾ ਦਬਾਅ ਪਾਉਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਮਹਾਕੁੰਭ ਮੇਲਾ 2025 ਵਿਚ ਇਹ ਚੁਣੌਤੀਆਂ ਹੋਰ ਵੀ ਵਧ ਜਾਣਗੀਆਂ ਕਿਉਂਕਿ ਸ਼ਰਧਾਲੂਆਂ ਦੀ ਅਨੁਮਾਨਿਤ ਗਿਣਤੀ ਪਿਛਲੇ ਸਮਾਗਮਾਂ ਨਾਲੋਂ ਕਿਤੇ ਵੱਧ ਹੋਵੇਗੀ। ਜੇਕਰ ਇਸ ਨੂੰ ਸਹੀ ਢੰਗ ਨਾਲ ਨਜਿੱਠਿਆ ਨਾ ਗਿਆ ਤਾਂ ਇਸ ਮੇਲੇ ਦਾ ਵਾਤਾਵਰਣ ’ਤੇ ਮਾਰੂ ਅਸਰ ਪੈ ਸਕਦਾ ਹੈ।

ਮਹਾਕੁੰਭ ਮੇਲਾ ਲੱਖਾਂ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ, ਜਿਨ੍ਹਾਂ ਦੀਆਂ ਆਪਣੀਆਂ-ਆਪਣੀਆਂ ਲੋੜਾਂ, ਰਸਮਾਂ ਅਤੇ ਪਰੰਪਰਾਵਾਂ ਹਨ ਪਰ ਇਸ ਵਿਸ਼ਾਲ ਮਨੁੱਖੀ ਮੌਜੂਦਗੀ ਕਾਰਨ ਕੂੜੇ ਦੇ ਵੱਡੇ ਭੰਡਾਰ ਵੀ ਇਕੱਠੇ ਹੁੰਦੇ ਹਨ। ਪਲਾਸਟਿਕ, ਪੈਕਿੰਗ, ਭੋਜਨ ਦੀ ਰਹਿੰਦ-ਖੂੰਹਦ ਅਤੇ ਹੋਰ ਸੁੱਟੀਆਂ ਗਈਆਂ ਚੀਜ਼ਾਂ ਸੜਕਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਕੂੜਾ ਫੈਲਾਉਂਦੀਆਂ ਹਨ।

ਕੂੜਾ ਪ੍ਰਬੰਧਨ ਦੀ ਘਾਟ ਇਸ ਸਮੱਸਿਆ ਨੂੰ ਹੋਰ ਵਧਾ ਦਿੰਦੀ ਹੈ। ਇਹ ਕੂੜਾ ਨਾ ਸਿਰਫ਼ ਸਥਾਨਕ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਸਥਾਨਕ ਲੋਕਾਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਿਹਤ ਲਈ ਵੀ ਖਤਰਾ ਪੈਦਾ ਕਰਦਾ ਹੈ।

ਮਹਾਕੁੰਭ ਮੇਲੇ ਵਿਚ ਇਕ ਹੋਰ ਗੰਭੀਰ ਵਾਤਾਵਰਣ ਦੀ ਸਮੱਸਿਆ ਪੂਜਾ ਸਮੱਗਰੀ, ਜਿਵੇਂ ਕਿ ਫੁੱਲ, ਧੂਫ, ਅਗਰਬੱਤੀਆਂ ਅਤੇ ਹੋਰ ਵਸਤੂਆਂ ਨੂੰ ਨਦੀਆਂ ਵਿਚ ਿਵਸਰਜਨ (ਰੋੜ੍ਹਨ) ਦੀ ਪ੍ਰਥਾ ਹੈ। ਇਹ ਸਮੱਗਰੀ ਜਿੱਥੇ ਸ਼ਰਧਾ ਦੀ ਪ੍ਰਤੀਕ ਹੈ, ਉੱਥੇ ਇਹ ਦਰਿਆਵਾਂ ਦੇ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ।

ਧਾਰਮਿਕ ਸਰਗਰਮੀਆਂ ਤੋਂ ਪੈਦਾ ਹੋਣ ਵਾਲੇ ਕੂੜੇ ਤੋਂ ਇਲਾਵਾ, ਇਕ ਹੋਰ ਚਿੰਤਾਜਨਕ ਰੁਝਾਨ ਮੇਲੇ ਦੌਰਾਨ ਡਿਸਪੋਜ਼ੇਬਲ ਪਲੇਟਾਂ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਿਆਪਕ ਵਰਤੋਂ ਹੈ। ਸ਼ਰਧਾਲੂ ਅਕਸਰ ਪਲਾਸਟਿਕ ਜਾਂ ਸਟਾਇਰੋਫੋਮ ਪਲੇਟਾਂ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਦੀਆਂ ਬਚੀਆਂ ਹੋਈਆਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਬੇਕਾਰ ਵਿਚ ਸੁੱਟ ਦਿੱਤਾ ਜਾਂਦਾ ਹੈ।

ਮਹਾਕੁੰਭ ਮੇਲੇ ਦੀਆਂ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਜ਼ਰੂਰੀ ਹੈ ਕਿ ਅਸੀਂ ਇਸਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਇਕ ਵਧੇਰੇ ਟਿਕਾਊ ਅਤੇ ਵਾਤਾਵਰਣ ਲਈ ਜ਼ਿੰਮੇਵਾਰ ਸਮਾਗਮ ਨੂੰ ਯਕੀਨੀ ਬਣਾਉਣ ਲਈ ਸਰਗਰਮ ਕਦਮ ਚੁੱਕੀਏ।

ਕੁੰਭ ਮੇਲਾ 2025 ਦੇ ਇਸ ਵਿਸ਼ਾਲ ਸਮਾਗਮ ਦੇ ਆਕਾਰ ਨੂੰ ਦੇਖਦੇ ਹੋਏ, ਇਸ ਨੂੰ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਘਟਾਉਣ, ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਅਤੇ ਇਹ ਯਕੀਨੀ ਬਣਾਉਣ ਲਈ ਸਮੂਹਿਕ ਯਤਨਾਂ ਦੀ ਲੋੜ ਹੈ ਕਿ ਇਹ ਸਮਾਗਮ ਕੁਦਰਤ ਨਾਲ ਇਕਸੁਰਤਾ ਵਿਚ ਰਹੇ। ਇਸ ਮਕਸਦ ਲਈ ‘ਹਰਿਤ ਕੁੰਭ ਮੁਹਿੰਮ 2025’ ਸ਼ੁਰੂ ਕੀਤੀ ਗਈ ਹੈ। ਇਹ ਇਕ ਪਹਿਲ ਹੈ ਜੋ ਸ਼ਰਧਾਲੂਆਂ ਅਤੇ ਭਗਤਾਂ ਨੂੰ ਇਸ ਮਿਸ਼ਨ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੀ ਹੈ ਤਾਂ ਜੋ 2025 ਦਾ ਕੁੰਭ ਮੇਲਾ ਕਾਰਬਨ-ਰਹਿਤ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਟਿਕਾਊ ਹੋ ਸਕੇ।

‘ਹਰਿਤ ਕੁੰਭ ਮੁਹਿੰਮ 2025’ ਦਾ ਉਦੇਸ਼ ਸਾਰੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਵਾਤਾਵਰਣ ਦੇ ਪ੍ਰਭਾਵਾਂ ਦੀ ਜ਼ਿੰਮੇਵਾਰੀ ਲੈਣ ਅਤੇ ਨਦੀਆਂ ਅਤੇ ਆਲੇ-ਦੁਆਲੇ ਦੇ ਵਾਤਾਵਰਣ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਵਿਚ ਯੋਗਦਾਨ ਪਾਉਣ ਲਈ ਸੱਦਾ ਦੇਣਾ ਹੈ।

ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਮੇਲੇ ਦੌਰਾਨ ਡਿਸਪੋਜ਼ੇਬਲ ਪਲਾਸਟਿਕ ਪਲੇਟਾਂ, ਕੱਪਾਂ ਅਤੇ ਹੋਰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਹੈ, ਜੋ ਕਿ ਮੇਲੇ ਦੌਰਾਨ ਵਾਤਾਵਰਣ ਪ੍ਰਦੂਸ਼ਣ ਦਾ ਵੱਡਾ ਕਾਰਨ ਹੁੰਦੇ ਹਨ।

‘ਹਰਿਤ ਕੁੰਭ ਮੁਹਿੰਮ’ ਦਾ ਇਕ ਵੱਡਾ ਹਿੱਸਾ ਸ਼ਰਧਾਲੂਆਂ ਨੂੰ ਸਟੀਲ ਦੀਆਂ ਪਲੇਟਾਂ ਅਤੇ ਕੱਪੜੇ ਦੇ ਥੈਲਿਆਂ ਨੂੰ ਵੰਡਣਾ ਹੈ। ਕੱਪੜੇ ਦੇ ਥੈਲੇ ਦਿੱਤੇ ਗਏ ਹਨ ਤਾਂ ਜੋ ਸ਼ਰਧਾਲੂ ਇਕੋ-ਵਾਰ ਵਰਤੇ ਜਾਣ ਵਾਲੇ (ਸਿੰਗਲ ਯੂਜ਼) ਪਲਾਸਟਿਕ ਥੈਲਿਆਂ ਦੀ ਵਰਤੋਂ ਕੀਤੇ ਬਿਨਾਂ ਆਪਣਾ ਭੋਜਨ ਅਤੇ ਸਾਮਾਨ ਲਿਜਾ ਸਕਣ।

ਡਾ. ਪ੍ਰਦੀਪ ਕੁਮਾਰ


author

Rakesh

Content Editor

Related News