ਸ਼ਾਰਟ ਸਰਕਟ ਕਾਰਨ ਇਲੈਕਟ੍ਰਾਨਿਕ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
Monday, Aug 17, 2026 - 05:49 PM (IST)
ਬਰੇਟਾ (ਬਾਂਸਲ) : ਸ਼ਹਿਰ ਦੇ ਡਾਕਖਾਨੇ ਸਥਿਤ ਇਕ ਗੋਇਲ ਨਾਮ ਦੇ ਇਲੈਕਟ੍ਰਾਨਿਕ ਸਮਾਨ ਦੇ ਗੋਦਾਮ ਨੂੰ ਬੀਤੀ ਦੁਪਹਿਰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਗੋਦਾਮ ਵਿਚ ਟੀਵੀ, ਫਰਿੱਜ, ਏਸੀ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਵੱਡੀ ਗਿਣਤੀ ਵਿਚ ਰੱਖੇ ਹੋਏ ਸਨ, ਜੋ ਅੱਗ ਦੀ ਲਪੇਟ ਵਿਚ ਆ ਕੇ ਸੜ ਕੇ ਸੁਆਹ ਹੋ ਗਏ। ਸਥਾਨਕ ਲੋਕਾਂ ਮੁਤਾਬਕ ਦੁਪਹਿਰ ਗੋਦਾਮ ਦੇ ਅੰਦਰੋਂ ਧੂੰਆਂ ਉੱਠਦਾ ਦੇਖ ਕੇ ਸ਼ੋਰ ਮਚਾਇਆ ਗਿਆ, ਜਿਸ ਤੋਂ ਬਾਅਦ ਲਾਗੇ ਦੇ ਦੁਕਾਨਦਾਰਾਂ ਅਤੇ ਲੋਕਾਂ ਨੇ ਗੋਦਾਮ ਦੇ ਮਾਲਕ ਨੂੰ ਇਤਲਾਹ ਦਿੱਤੀ ਅਤੇ ਨਾਲ ਦੇ ਘਰਾਂ ਵਿਚੋਂ ਪਾਣੀ ਦਾ ਪ੍ਰਬੰਧ ਕੀਤਾ ਅਤੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ।
ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਕਿਉਂਕਿ ਘਟਨਾ ਦੇ ਸਮੇਂ ਗੋਦਾਮ ਵਿੱਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ। ਗੋਦਾਮ ਦੇ ਮਾਲਕ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਅੱਗ ਬਿਜਲੀ ਦੀ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ। ਉਨ੍ਹਾਂ ਦੱਸਿਆ ਕਿ ਗੋਦਾਮ ਵਿੱਚ ਰੱਖੇ ਲੱਖਾਂ ਰੁਪਏ ਦੇ ਇਲੈਕਟ੍ਰਾਨਿਕ ਸਮਾਨ ਚ ਢਾਈ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ।
