ਅਦਾਲਤੀ ਕੰਪਲੈਕਸ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, CM ਮਾਨ ਦਾ ਵੀ ਜ਼ਿਕਰ

Wednesday, Aug 26, 2026 - 05:18 PM (IST)

ਅਦਾਲਤੀ ਕੰਪਲੈਕਸ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, CM ਮਾਨ ਦਾ ਵੀ ਜ਼ਿਕਰ

ਬਠਿੰਡਾ (ਵਿਜੈ ਵਰਮਾ) : ਖਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖਾਲਸਾ ਵੱਲੋਂ ਭੇਜੀ ਗਈ ਈ-ਮੇਲ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਦੇ ਅਦਾਲਤੀ ਕੰਪਲੈਕਸ ਦੇ ਨਾਲ-ਨਾਲ ਸ਼ਹਿਰ ਦੇ ਡੀ. ਏ. ਵੀ., ਸਿਲਵਰ ਓਕਸ ਆਦਿ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਸਬੰਧੀ ਈ-ਮੇਲ ਭੇਜੀ ਗਈ ਹੈ। ਉਕਤ ਈ-ਮੇਲ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਲਨਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਕਰਦਿਆਂ 5 ਸਤੰਬਰ ਨੂੰ ਬਠਿੰਡਾ 'ਚ ਉਨ੍ਹਾਂ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਗਈ ਹੈ। ਈ-ਮੇਲ 'ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰਨ ਵਾਲੇ ਦਿਲਾਵਰ ਸਿੰਘ ਦਾ ਜ਼ਿਕਰ ਵੀ ਕੀਤਾ ਗਿਆ ਹੈ। 
ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ। ਧਮਕੀ ਤੋਂ ਬਾਅਦ ਅਦਾਲਤੀ ਕੰਪਲੈਕਸ ਅਤੇ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ। ਪੁਲਸ ਦੀ ਬੰਬ ਸਕੁਐਡ ਅਤੇ ਡੌਗ ਸਕੁਐਡ ਟੀਮਾਂ ਨੇ ਅਦਾਲਤੀ ਕੰਪਲੈਕਸ ਦੇ ਚੱਪੇ-ਚੱਪੇ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਪੁਲਸ ਵੱਲੋਂ ਸਕੂਲਾਂ 'ਚਪਹੁੰਚ ਕੇ ਵੀ ਜਾਂਚ ਕੀਤੀ ਗਈ। ਧਮਕੀ ਭਰੀ ਈ-ਮੇਲ ਮਿਲਦੇ ਹੀ ਪੁਲਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਪੁਲਸ ਦੀਆਂ ਵੱਖ-ਵੱਖ ਟੀਮਾਂ ਨੂੰ ਸਬੰਧਿਤ ਥਾਵਾਂ ਵੱਲ ਰਵਾਨਾ ਕੀਤਾ ਗਿਆ। ਪੁਲਸ ਦੀਆਂ ਐਂਟੀ-ਸਾਬੋਟਾਜ ਟੀਮਾਂ ਨੇ ਵੀ ਸਾਰੇ ਸਥਾਨਾਂ ਦੀ ਜਾਂਚ ਕੀਤੀ। 
ਇੰਸਪੈਕਟਰ ਰਵਿੰਦਰ ਸੰਧੂ ਨੇ ਦੱਸਿਆ ਕਿ ਈ-ਮੇਲ ਮਿਲਣ ਤੋਂ ਬਾਅਦ ਪੁਲਸ ਵੱਲੋਂ ਸਾਰੇ ਸਥਾਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਇਸ ਦੇ ਬਾਵਜੂਦ ਪੁਲਸ ਵੱਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਧਮਕੀ ਭਰੀ ਈ-ਮੇਲ ਦੇ ਸਰੋਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਠਿੰਡਾ ਦਿਹਾਤੀ ਦੇ ਕਈ ਇਲਾਕਿਆਂ 'ਚ ਕੰਧਾਂ ’ਤੇ ਵੀ ਖਾਲਿਸਤਾਨ ਸਮਰਥਕ ਅਤੇ ਦਿਲਾਵਰ ਸਿੰਘ ਦੇ ਸਮਰਥਨ 'ਚ ਨਾਅਰੇ ਲਿਖੇ ਗਏ ਸਨ।
 


author

Babita

Content Editor

Related News