ਰੱਜ ਕੇ ਸੌਣ ਅਤੇ ਆਰਾਮ ਦੇ ਬਾਵਜੂਦ ਵੀ ਕੀ ਤੁਸੀਂ ਹਰ ਸਮੇਂ ਥੱਕਿਆ ਹੋਇਆ ਮਹਿਸੂਸ ਕਰਦੇ ਹੋ?

Thursday, Feb 01, 2024 - 07:50 PM (IST)

ਰੱਜ ਕੇ ਸੌਣ ਅਤੇ ਆਰਾਮ ਦੇ ਬਾਵਜੂਦ ਵੀ ਕੀ ਤੁਸੀਂ ਹਰ ਸਮੇਂ ਥੱਕਿਆ ਹੋਇਆ ਮਹਿਸੂਸ ਕਰਦੇ ਹੋ?
ਥੱਕਿਆ
Getty Images
ਮਾਹਰਾਂ ਦਾ ਕਹਿਣਾ ਹੈ ਕਿ 7-9 ਘੰਟੇ ਦੀ ਨੀਂਦ ਲੈਣਾ ਲਾਜ਼ਮੀ ਹੈ

ਕੁਝ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਰਾਤ ਕਈ ਘੰਟੇ ਸੌਂਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ।

ਜਦਕਿ ਉਹ ਕਸਰਤ ਜਾਂ ਕੋਈ ਭਾਰੀ ਮਿਹਨਤ ਵਾਲਾ ਕੰਮ ਨਹੀਂ ਕਰਦੇ।

ਕੀ ਤੁਸੀਂ ਵੀ ਕੁਝ ਅਜਿਹਾ ਹੀ ਮਹਿਸੂਸ ਕਰਦੇ ਹੋ? ਅਜਿਹਾ ਤੁਸੀਂ ਹੀ ਨਹੀਂ ਹੋਰ ਲੋਕ ਵੀ ਮਹਿਸੂਸ ਕਰਦੇ ਹਨ।

ਸਾਲ 2023 ’ਚ 3 ਮਹਾਂਦੀਪਾਂ ’ਚ ਕੀਤੀਆਂ ਗਈਆਂ 91 ਖੋਜਾਂ ਦੀ ਪੜਤਾਲ ਵਿੱਚ ਇਹ ਸਾਹਮਣੇ ਆਇਆ ਕਿ ਦੁਨੀਆ ਭਰ ’ਚ ਹਰ ਪੰਜ ’ਚੋਂ ਇੱਕ ਬਾਲਗ ਘੱਟ ਤੋਂ ਘੱਟ 6 ਮਹੀਨਿਆਂ ਤੱਕ ਅਜਿਹਾ ਮਹਿਸੂਸ ਕਰਦਾ ਹੈ ਕਿ ਉਹ ਥੱਕਿਆ ਹੋਇਆ ਹੈ।

ਅਜਿਹੇ ਲੋਕਾਂ ਨੂੰ ਕੋਈ ਸਿਹਤ ਸਬੰਧੀ ਦਿੱਕਤ ਨਹੀਂ ਸੀ।

ਬੀਬੀਸੀ ਫਿਊਚਰ ’ਤੇ ਪ੍ਰਕਾਸ਼ਿਤ ਇੱਕ ਲੇਖ ਦੇ ਅਨੁਸਾਰ ਅਮਰੀਕਾ ਦੀ ਜੇਕਰ ਉਦਾਹਰਣ ਲਈ ਜਾਵੇ ਤਾਂ ਇੱਥੇ ‘ਨੈਸ਼ਨਲ ਸਲੀਪ ਫਾਊਂਡੇਸ਼ਨ’ ਨੇ 1000 ਬਾਲਗਾਂ ’ਤੇ ਅਧਿਐਨ ਕੀਤਾ ਸੀ।

ਇਸ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਇਸ ਵਿੱਚ ਸ਼ਾਮਲ 33 ਪ੍ਰਤੀਸ਼ਤ ਲੋਕ ਹਫ਼ਤੇ ’ਚ ਦੋ ਤੋਂ ਚਾਰ ਦਿਨ ਅਜਿਹਾ ਮਹਿਸੂਸ ਕਰਦੇ ਹਨ, ਜਿਵੇਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਹੋਵੇ।

ਅੱਠ ’ਚੋਂ ਇੱਕ ਵਿਅਕਤੀ ਥਕਾਵਟ ਤੋਂ ਪੀੜਤ

ਨੀਂਦ
Getty Images
ਡਾ. ਪ੍ਰਾਚੀ ਜੈਨ ਦਾ ਕਹਿਣਾ ਹੈ ਕਿ ਥਕਾਵਟ ਦਾ ਇੱਕ ਹੋਰ ਕਾਰਨ ਖਰਾਬ ਜੀਵਨ ਸ਼ੈਲੀ ਵੀ ਹੋ ਸਕਦਾ ਹੈ

ਉੱਥੇ ਹੀ ‘ਯੂਗੋਵ’ ਨੇ ਬ੍ਰਿਟੇਨ ’ਚ 1700 ਲੋਕਾਂ ’ਤੇ ਅਧਿਐਨ ਕੀਤਾ ਸੀ। ਇਨ੍ਹਾਂ ’ਚੋਂ ਇੱਕ-ਚੌਥਾਈ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜ਼ਿਆਦਾਤਰ ਸਮਾਂ ਥਕਾਵਟ ਮਹਿਸੂਸ ਹੁੰਦੀ ਹੈ।

ਹਰ ਅੱਠ ’ਚੋਂ ਇੱਕ ਜਣੇ ਨੇ ਕਿਹਾ ਕਿ ਉਹ ਤਾਂ ਹਰ ਵੇਲੇ ਥੱਕਿਆ ਹੋਇਆ ਹੀ ਮਹਿਸੂਸ ਕਰਦੇ ਹਨ।

ਕਈ ਅਧਿਐਨਾਂ ’ਚ ਅਜਿਹਾ ਵੀ ਸਾਹਮਣੇ ਆਇਆ ਹੈ ਕਿ ਮਰਦਾਂ ਦੇ ਮੁਕਾਬਲੇ ਥਕਾਵਟ ਮਹਿਸੂਸ ਕਰਨ ਵਾਲਿਆਂ ਵਿੱਚ ਔਰਤਾਂ ਦੀ ਗਿਣਤੀ ਵਧੇਰੇ ਹੈ।

ਸਕਾਟਲੈਂਡ ਦੇ ਐਬਰਡੀਨ ’ਚ ਬਤੌਰ ਪਰਿਵਾਰਕ ਡਾਕਟਰ ਸੇਵਾਵਾਂ ਨਿਭਾਅ ਰਹੀ ਰੋਜ਼ਾਲਿੰਡ ਐਡਮ ਦਾ ਕਹਿਣਾ ਹੈ ਕਿ ਲੋਕਾਂ ’ਚ ਥਕਾਵਟ ਦੀ ਸਮੱਸਿਆ ਬਹੁਤ ਹੀ ਆਮ ਹੋ ਗਈ ਹੈ।

ਉਨ੍ਹਾਂ ਨੇ ਬੀਬੀਸੀ ਫਿਊਚਰ ਦੇ ਲਈ ਸੈਂਡੀ ਓਂਗ ਨੂੰ ਦੱਸਿਆ ਕਿ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਨੇ ਇਸ ਨੂੰ ‘ਟਾਇਰਡ ਆਲ ਦ ਟਾਈਮ’ ਜਾਂ ਟੈਟ (ਟੀਏਟੀਟੀ) ਦਾ ਨਾਮ ਦਿੱਤਾ ਹੈ, ਭਾਵ ਕਿ ਹਰ ਸਮੇਂ ਥੱਕਿਆ ਮਹਿਸੂਸ ਕਰਨਾ।

ਕਿਉਂ ਹੁੰਦੀ ਹੈ ਥਕਾਵਟ?

ਥਕਾਵਟ
Getty Images
ਮਨੁੱਖ ਦੇ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਹੀ ਜ਼ਰੂਰੀ ਹੈ

ਆਖ਼ਰਕਾਰ ਇਹ ਥਕਾਵਟ ਕਿਉਂ ਹੁੰਦੀ ਹੈ, ਇਸ ਦਾ ਸਰੀਰ ਅਤੇ ਦਿਮਾਗ ’ਤੇ ਕੀ ਅਸਰ ਪੈਂਦਾ ਹੈ ਅਤੇ ਇਸ ਦਾ ਇਲਾਜ ਕਿਵੇਂ ਕਰਨਾ ਚਾਹੀਦਾ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਅਜੇ ਵਿਗਿਆਨੀਆਂ ਕੋਲ ਵੀ ਹਨ।

ਮੁਸ਼ਕਲ ਇਹ ਵੀ ਹੈ ਕਿ ਇਸ ਥਕਾਵਟ ਨੂੰ ਕਿਸੇ ਇੱਕ ਪਰਿਭਾਸ਼ਾ ’ਚ ਨਹੀਂ ਬੰਨ੍ਹਿਆ ਜਾ ਸਕਦਾ ਹੈ।

ਐਡਮ ਕਹਿੰਦੇ ਹਨ, “ਥਕਾਵਟ ਹੋਣੀ ਨੀਂਦ ਆਉਣ ਦੀ ਤਰ੍ਹਾਂ ਲੱਗਣ ਨਾਲੋਂ ਵੱਖਰੀ ਹੈ। ਭਾਵੇਂ ਕਿ ਇਨ੍ਹਾਂ ਦਾ ਆਪਸ ’ਚ ਸਬੰਧ ਹੈ, ਪਰ ਥਕਾਵਟ ਦੇ ਕਈ ਪਹਿਲੂ ਹੁੰਦੇ ਹਨ।”

ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ’ਚ ‘ਓਰਗਨਾਈਜੇਸ਼ਨ ਬੀਹੇਵੀਅਰ ਐਂਡ ਮੈਨਜਮੈਂਟ’ ਦੇ ਪ੍ਰੋਫੈਸਰ ਕ੍ਰਿਸਟੋਫ਼ਰ ਬਾਰਨਸ ਦਾ ਕਹਿਣਾ ਹੈ, “ਤੁਸੀਂ ਕਈ ਤਰੀਕਿਆਂ ਨਾਲ ਥੱਕਿਆ ਹੋਇਆ ਮਹਿਸੂਸ ਕਰ ਸਕਦੇ ਹੋ। ਜਿਵੇਂ ਕਿ ਲੰਬੇ ਸਮੇਂ ਤੱਕ ਚੱਲਣ ਜਾਂ ਕਸਰਤ ਕਰਨ ਤੋਂ ਬਾਅਦ ਹੋਣ ਵਾਲੀ ਥਕਾਨ ਇੱਕ ਆਮ ਸਰੀਰਕ ਥਕਾਵਟ ਹੁੰਦੀ ਹੈ।”

ਪਰ ਇਸ ਤਰ੍ਹਾਂ ਦੀ ਸਰੀਰਕ ਥਕਾਵਟ ਮਾਨਸਿਕ ਥਕਾਵਟ ਦਾ ਵੀ ਕਾਰਨ ਬਣ ਸਕਦੀ ਹੈ।

ਬੀਬੀਸੀ
BBC

ਵਿਕੀ ਵਾਈਟਮੋਰ ਅਮਰੀਕਾ ਦੇ ਮੈਰੀਲੈਂਡ ਦੇ ਬੈਥੇਸਡਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ’ਚ ਪ੍ਰੋਗਰਾਮ ਡਾਇਰੈਕਟਰ ਹਨ।

ਉਹ ਥਕਾਵਟ ਦੇ ਕਾਰਨਾਂ ਦਾ ਅਧਿਐਨ ਕਰ ਰਹੇ ਹਨ।

ਉਨ੍ਹਾਂ ਨੇ ਬੀਬੀਸੀ ਫਿਊਚਰ ਨੂੰ ਦੱਸਿਆ, “ਫ਼ੈਟੀਗ ਯਾਨਿ ਥਕਾਵਟ ਦਾ ਸੋਚਣ-ਸਮਝਣ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਤੇ ਵੀ ਪ੍ਰਭਾਵ ਪੈਂਦਾ ਹੈ। ਜਿਵੇਂ ਕਿ ਥਕਾਨ ਹੋਣ ’ਤੇ ਅਸੀਂ ਚਿੜਚਿੜੇ ਹੋ ਸਕਦੇ ਹਾਂ।”

ਥਕਾਵਟ ਦਾ ਮਤਲਬ ਹਰ ਕਿਸੇ ਲਈ ਵੱਖੋ ਵੱਖ ਹੋ ਸਕਦਾ ਹੈ ਅਤੇ ਇਸ ਦੇ ਕਾਰਨ ਵੀ ਵੱਖ-ਵੱਖ ਹੋ ਸਕਦੇ ਹਨ। ਜਿਵੇਂ ਕਿ ਇਹ ਕਈ ਆਮ ਅਤੇ ਇੱਥੋਂ ਤੱਕ ਕਿ ਗੰਭੀਰ ਬਿਮਾਰੀਆਂ ਦਾ ਲੱਛਣ ਵੀ ਹੋ ਸਕਦੇ ਹਨ।

ਬੀਬੀਸੀ ਫਿਊਚਰ ਦੇ ਮੁਤਾਬਕ ਕੈਂਸਰ, ਮਲਟੀਪਲ ਸਕਲੇਰੋਸਿਸ, ਲਾਗ, ਕੋਵਿਡ ਅਤੇ ਤਣਾਅ/ਡਿਪਰੈਸ਼ਨ ਦੇ ਕਾਰਨ ਵੀ ਵਿਅਕਤੀ ਥਕਾਵਟ ਮਹਿਸੂਸ ਕਰ ਸਕਦਾ ਹੈ।

ਨੀਂਦ ਦਾ ਥਕਾਵਟ ਨਾਲ ਸਬੰਧ

ਥਕਾਵਟ
Getty Images

ਮਨੁੱਖ ਦੇ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਹੀ ਜ਼ਰੂਰੀ ਹੈ। ਹਰ ਕਿਸੇ ਦੀ ਨੀਂਦ ਦੀ ਜ਼ਰੂਰਤ ਅਲੱਗ ਹੋ ਸਕਦੀ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ 7-9 ਘੰਟੇ ਦੀ ਨੀਂਦ ਲੈਣਾ ਲਾਜ਼ਮੀ ਹੈ।

ਸਾਡੇ ਸਰੀਰ ਨੂੰ ਮਾਸਪੇਸ਼ੀਆਂ ਦੀ ਮੁਰੰਮਤ ਕਰਨ, ਪ੍ਰਤੀਰੋਧਕ ਸ਼ਕਤੀ ਨੂੰ ਸਹੀ ਕਰਨ, ਭਾਵਨਾਵਾਂ ਨੂੰ ਸੰਭਾਲਣ, ਯਾਦਾਂ ਨੂੰ ਇੱਕਠਾ ਕਰਕੇ ਰੱਖਣ ਅਤੇ ਨਵੀਂ ਜਾਣਕਾਰੀਆਂ ਨੂੰ ਯਾਦ ਕਰਨ ਦੇ ਲਈ ਇੰਨੇ ਸਮੇਂ ਤੱਕ ਨੀਂਦ ਲੈਣਾ ਜ਼ਰੂਰੀ ਹੁੰਦਾ ਹੈ।

ਕਈ ਅਧਿਐਨਾਂ ਵਿੱਚ ਅਜਿਹਾ ਵੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਲੰਮੇ ਸਮੇਂ ਤੱਕ ਥਕਾਵਟ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ’ਚ ਆਮ ਲੋਕਾਂ ਦੇ ਮੁਕਾਬਲੇ ਮੌਤ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਡਿਪਰੈਸ਼ਨ ਅਤੇ ਚਿੰਤਾ ਦੇ ਸ਼ਿਕਾਰ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।

ਘੱਟ ਆਰਾਮ ਮਿਲਣ ’ਤੇ ਸਿਰ ਦਰਦ ਅਤੇ ਸਰੀਰ ਦੁਖਣ ਦੀ ਸਮੱਸਿਆ ਹੋ ਸਕਦੀ ਹੈ। ਮੂਡ ਖ਼ਰਾਬ ਰਹਿਣ ਦਾ ਅਸਰ ਆਪਸੀ ਰਿਸ਼ਤਿਆਂ ’ਤੇ ਪੈ ਸਕਦਾ ਹੈ। ਪ੍ਰੋਫੈਸਰ ਬਾਰਨਸ ਦਾ ਕਹਿਣਾ ਹੈ ਕਿ ਖੋਜ ਤੋਂ ਪਤਾ ਲੱਗਦਾ ਹੈ ਕਿ ਚੰਗੀ ਨੀਂਦ ਲੈਣ ਵਾਲੇ ਜੋੜੇ ਖੁਸ਼ ਰਹਿੰਦੇ ਹਨ, ਜਦਕਿ ਘੱਟ ਨੀਂਦ ਲੈਣ ਵਾਲੇ ਜੋੜਿਆਂ ’ਚ ਵਿਵਾਦ ਦੀ ਸਥਿਤੀ ਜ਼ਿਆਦਾ ਬਣੀ ਰਹਿੰਦੀ ਹੈ।

ਇੰਨਾ ਹੀ ਨਹੀਂ ਬਾਰਨਸ ਦਾ ਕਹਿਣਾ ਹੈ ਕਿ ਥਕਾਵਟ ਦੇ ਕਾਰਨ ਦਫ਼ਤਰੀ ਮਾਹੌਲ ਵੀ ਪ੍ਰਭਾਵਿਤ ਹੋ ਸਕਦਾ ਹੈ। ਕੰਮ ਦੇ ਨਾਲ–ਨਾਲ ਵਿਵਹਾਰ ਅਤੇ ਫਿਰ ਦਫ਼ਤਰੀ ਮਾਹੌਲ ਵਿਗੜ ਸਕਦਾ ਹੈ। ਉਨ੍ਹਾਂ ਦੀ ਇੱਕ ਖੋਜ ਦੱਸਦੀ ਹੈ ਕਿ ਘੱਟ ਨੀਂਦ ਲੈਣ ਵਾਲੇ ਬੌਸ ਆਪਣੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰ ਸਕਦੇ ਹਨ।

ਕੁਝ ਖੋਜਾਂ ਇਹ ਵੀ ਦਰਸਾਉਂਦੀਆਂ ਹਨ ਕਿ ਥਕਾਵਟ ਦੇ ਕਾਰਨ ਸੜਕ ਹਾਦਸਿਆਂ ਅਤੇ ਹੋਰ ਥਾਵਾਂ ’ਤੇ ਕੰਮ ਕਰਦੇ ਸਮੇਂ ਗਲਤੀਆਂ ਹੋਣ ਦੇ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਲੰਬਾ ਸਮਾਂ ਨਹੀਂ ਬਲਕਿ ਵਧੀਆ ਆਰਾਮ ਜ਼ਰੂਰੀ

ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਦੇਰ ਤੱਕ ਨੀਂਦ ਲੈਣ ਦੀ ਥਾਂ ਚੰਗੀ ਨੀਂਦ ਲੈਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਨੀਂਦ ਵਧੀਆ ਅਤੇ ਆਰਾਮਦਾਇਕ ਹੋਵੇ ਤਾਂ ਜ਼ਰੂਰੀ ਨਹੀਂ ਕਿ ਲੰਬੇ ਸਮੇਂ ਤੱਕ ਲਈ ਜਾਵੇ।

ਥਕਾਵਟ ਦੇ ਮੁੱਦੇ ’ਤੇ ਖੋਜ ਕਰਨ ਵਾਲੇ ਵਿਗਿਆਨੀ ਵਿੱਕੀ ਵਾਈਟਮੋਰ ਦਾ ਕਹਿਣਾ ਹੈ, “ਕੁਝ ਘੰਟਿਆਂ ਦੀ ਚੈਨ ਦੀ ਨੀਂਦ ਲੰਮੇ ਸਮੇਂ ਤੱਕ ਲਈ ਜਾਣ ਵਾਲੀ ਕੱਚੀ ਅਤੇ ਵਾਰ-ਵਾਰ ਖੁੱਲ੍ਹਣ ਵਾਲੀ ਨੀਂਦ ਨਾਲੋਂ ਕਿਤੇ ਬਿਹਤਰ ਹੈ। ਤੁਸੀਂ ਜਦੋਂ ਡੂੰਗੀ ਤੇ ਚੈਨ ਦੀ ਨੀਂਦ ’ਚੋਂ ਉੱਠੋਗੇ ਤਾਂ ਤੁਸੀਂ ਜ਼ਿਆਦਾ ਤਾਜ਼ਾ ਮਹਿਸੂਸ ਕਰੋਗੇ।”

ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡਾ ਦਿਮਾਗ ਗੈਰ-ਜ਼ਰੂਰੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਵਾਈਟਮੋਰ ਦੱਸਦੇ ਹਨ ਕਿ ਜੇਕਰ ਨੀਂਦ ਕੱਚੀ ਹੋਵੇ ਜਾਂ ਵਾਰ-ਵਾਰ ਖੁੱਲ੍ਹੇ ਤਾਂ ਦਿਮਾਗ ’ਚੋਂ ਕਈ ਜ਼ਹਿਰੀਲੇ ਪਦਾਰਥ ਬਾਹਰ ਨਹੀਂ ਨਿਕਲ ਪਾਉਂਦੇ ।

ਨੀਂਦ
Getty Images

ਖੋਜ ਇਹ ਵੀ ਦਰਸਾਉਂਦੀ ਹੈ ਕਿ ਰੋਜ਼ਾਨਾ ਇੱਕ ਹੀ ਸਮੇਂ ’ਤੇ ਸੌਣਾ ਬਹੁਤ ਫਾਈਦੇਮੰਦ ਰਹਿੰਦਾ ਹੈ, ਕਿਉਂਕਿ ਦਿਮਾਗ 24 ਘੰਟੇ ਦੇ ਚੱਕਰ ’ਚ ਕੰਮ ਕਰਦਾ ਹੈ।

ਨਿਰਧਾਰਤ ਸਮੇਂ ’ਤੇ ਸੌਣ ’ਤੇ ਦਿਮਾਗ ਬਿਹਤਰ ਢੰਗ ਨਾਲ ਆਪਣਾ ਕੰਮ ਕਰ ਸਕਦਾ ਹੈ। ਇਸ ਲਈ ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਸ਼ਿਫਟਾਂ ’ਚ ਕੰਮ ਕਰਨ ਨਾਲ ਲੋਕਾਂ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਇਸ ਕਰਕੇ ਢਿੱਡ ’ਚ ਗੈਸ/ਐਸੀਡਿਟੀ ਤੋਂ ਲੈ ਕੇ ਡਾਇਬਟੀਜ਼ ਤੱਕ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਬੀਬੀਸੀ ਫਿਊਚਰ ਦੇ ਅਨੁਸਾਰ ਜੇਕਰ ਤੈਅ ਸਮੇਂ ’ਤੇ ਨਾ ਨੀਂਦ ਲਈ ਜਾਵੇ ਤਾਂ ਰੈਪਿਡ ਆਈ ਮੂਵਮੈਂਟ ਵਾਲੀ ਨੀਂਦ ਆਉਂਦੀ ਹੈ। ਇਹ ਨੀਂਦ ਦੇ ਚੱਕਰ ਦਾ ਚੌਥਾ ਪੜਾਅ ਹੈ, ਜਿਸ ’ਚ ਅੱਖਾਂ ਜ਼ਿਆਦਾ ਮੂਵਮੈਂਟ ਕਰਦੀਆਂ ਹਨ।

ਇਹ ਉਹੀ ਪੜਾਅ ਹੈ ਜਿਸ ’ਚ ਅਸੀਂ ਸੁਪਨੇ ਵੇਖਦੇ ਹਾਂ। ਇਸ ’ਚ ਦਿਮਾਗ ਦਿਨ ਭਰ ਦੀਆਂ ਜਾਣਕਾਰੀਆਂ ਅਤੇ ਭਾਵਨਾਵਾਂ ਨੂੰ ਸਮਝ ਕੇ ਇੱਕਠਾ ਕਰਦਾ ਹੈ।

ਅਧਿਐਨ ਮੁਤਾਬਕ ਜਿਹੜੇ ਲੋਕ ਅਜਿਹੀ ਨੀਂਦ ਨਹੀਂ ਲੈ ਸਕਦੇ ਉਨ੍ਹਾਂ ਨੂੰ ਡਿਪਰੈਸ਼ਨ, ਡਿਮੈਨਸ਼ੀਆ ਅਤੇ ਪਾਰਕਿੰਸਨਸ ਜਾਂ ਸੋਚਣ-ਸਮਝਣ ‘ਚ ਦਿੱਕਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਥਕਾਵਟ ਦੇ ਕਈ ਕਾਰਨ ਹੋ ਸਕਦੇ ਹਨ?

ਇਹ ਸਪੱਸ਼ਟ ਹੈ ਕਿ ਸਹੀ ਢੰਗ ਨਾਲ ਆਰਾਮ ਨਾ ਮਿਲਣ ਕਾਰਨ ਸਾਡੀ ਸਿਹਤ, ਰਿਸ਼ਤੇਦਾਰੀਆਂ ਅਤੇ ਕੰਮਕਾਜ ਬਹੁਤ ਪ੍ਰਭਾਵਿਤ ਹੁੰਦਾ ਹੈ। ਪਰ ਥਕਾਵਟ ਦੇ ਲਈ ਸਿਰਫ ਨੀਂਦ ਹੀ ਜ਼ਿੰਮੇਵਾਰ ਨਹੀਂ ਹੈ।

ਡਾਕਟਰ ਪ੍ਰਾਚੀ ਜੈਨ ਦਿੱਲੀ ਦੇ ਮੈਕਸ ਹਸਪਤਾਲ ’ਚ ਬਾਲ ਰੋਗਾਂ ਦੇ ਔਨਕੋਲੋਜੀ ਅਤੇ ਹੇਮਾਟੋਲੋਜੀ ਵਿਭਾਗ ਦੇ ਇੰਚਾਰਜ ਹਨ। ਉਹ ਦੱਸਦੇ ਹਨ ਕਿ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦੇ ਕਰਕੇ ਵੀ ਥਕਾਵਟ ਹੋ ਸਕਦੀ ਹੈ।

ਉਨ੍ਹਾਂ ਨੇ ਬੀਬੀਸੀ ਸਹਿਯੋਗੀ ਆਦਰਸ਼ ਰਾਠੌਰ ਨੂੰ ਦੱਸਿਆ, “ਥਕਾਵਟ ਰਹਿਣ ਦਾ ਇੱਕ ਮੁੱਖ ਕਾਰਨ ਜੋ ਕਿ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਹੈ ਆਇਰਨ ਦੀ ਘਾਟ। ਔਰਤਾਂ, ਛੋਟੇ ਬੱਚਿਆਂ ਅਤੇ ਵਾਧੇ ਪਏ ਬੱਚਿਆਂ ’ਚ ਇਸ ਦੇ ਕਾਰਨ ਕਈ ਵਾਰ ਅਨੀਮੀਆ ਦੀ ਦਿੱਕਤ ਹੁੰਦੀ ਹੈ, ਜਿਸ ਕਰਕੇ ਉਹ ਥਕਾਵਟ ਮਹਿਸੂਸ ਕਰਦੇ ਹਨ।”

ਉਨ੍ਹਾਂ ਨੇ ਅੱਗੇ ਕਿਹਾ, “ਇਸ ਤੋਂ ਇਲਾਵਾ ਭੱਜ-ਦੌੜ ਵਾਲੀ ਜ਼ਿੰਦਗੀ ’ਚ ਲੋਕ ਇਸ ਗੱਲ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਹਨ ਕਿ ਉਹ ਕੀ ਖਾ-ਪੀ ਰਹੇ ਹਨ। ਕੀ ਉਸ ’ਚ ਜ਼ਰੂਰੀ ਪੌਸ਼ਟਿਕ ਤੱਤ ਮੌਜੂਦ ਵੀ ਹਨ। ਜ਼ਰੂਰੀ ਨਿਊਟ੍ਰੀਸ਼ਨ, ਵਿਟਾਮਿਨ ਅਤੇ ਮਿਨਰਲਸ ਆਦਿ ਦੀ ਕਮੀ ਹੋ ਜਾਵੇ ਤਾਂ ਸਾਡੀ ਸਿਹਤ ਖ਼ਰਾਬ ਹੋਣ ਲੱਗਦੀ ਹੈ।”

ਉਨ੍ਹਾਂ ਦੱਸਿਆ, “ਇਸ ਲਈ ਜ਼ਰੂਰੀ ਹੈ ਕਿ ਜੇਕਰ ਤੁਹਾਨੂੰ ਲੰਮੇ ਸਮੇਂ ਤੱਕ ਥਕਾਵਟ ਦਾ ਅਹਿਸਾਸ ਹੋ ਰਿਹਾ ਹੈ ਤਾਂ ਤੁਰੰਤ ਡਾਕਟਰ ਦੇ ਕੋਲ ਜਾਓ। ਡਾਕਟਰ ਹੀ ਜਾਂਚ ਕਰਨ ਤੋਂ ਬਾਅਦ ਥਕਾਵਟ ਦੇ ਕਾਰਨਾਂ ਦਾ ਪਤਾ ਲਗਾ ਸਕਦੇ ਹਨ ਅਤੇ ਨਾਲ ਹੀ ਉਸ ਦਾ ਹੱਲ ਦੱਸ ਸਕਦੇ ਹਨ।”

ਥਕਾਵਟ
Getty Images

ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਕਈ ਵਾਰ ਹਾਰਮੋਨਲ ਦਾ ਸੰਤੁਲਨ ਠੀਕ ਨਾ ਹੋਣ ਕਰਕੇ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਜੇਕਰ ਥਾਇਰਾਇਡ ਠੀਕ ਢੰਗ ਨਾਲ ਕੰਮ ਨਾ ਕਰੇ ਤਾਂ ਵੀ ਥਕਾਵਟ ਦਾ ਅਹਿਸਾਸ ਹੁੰਦਾ ਹੈ। ਅਜਿਹੇ ’ਚ ਖੂਨ ਦੀ ਜਾਂਚ ਕਰਵਾ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਤੇ ਕੋਈ ਕਮੀ ਤਾਂ ਨਹੀਂ ਹੈ।

ਗੁਜਰਾਤ ’ਚ ਇੱਕ ਹੋਟਲ ਚੇਨ ’ਚ ਹਾਈਜੀਨ ਮੈਨੇਜਰ ਹਰੀਸ਼ ਰਾਣਾ ਨੂੰ ਵਿਟਾਮਿਨ ਡੀ ਦੀ ਕਮੀ ਦੇ ਕਰਕੇ ਥਕਾਵਟ ਮਹਿਸੂਸ ਹੁੰਦੀ ਸੀ ਅਤੇ ਇਸ ਦਾ ਪਤਾ ਟੈਸਟ ਕਰਵਾ ਕੇ ਹੀ ਲੱਗਿਆ ਸੀ।

ਉਨ੍ਹਾਂ ਨੇ ਬੀਬੀਸੀ ਸਹਿਯੋਗੀ ਆਦਰਸ਼ ਰਾਠੌਰ ਨੂੰ ਦੱਸਿਆ, “ਪਿਛਲੇ ਸਾਲ ਦੇ ਸ਼ੁਰੂ ’ਚ ਰੂਟੀਨ ਬਿਲਕੁਲ ਠੀਕ ਹੋਣ ਦੇ ਬਾਵਜੂਦ ਮੈਨੂੰ ਥਕਾਵਟ ਮਹਿਸੂਸ ਹੋਣ ਲੱਗੀ ਸੀ। ਜਦੋਂ ਡੇਢ ਮਹੀਨੇ ਤੱਕ ਇਹੀ ਸਥਿਤੀ ਰਹੀ ਤਾਂ ਮੈਂ ਡਾਕਟਰ ਨਾਲ ਸੰਪਰਕ ਕੀਤਾ।"

ਉਨ੍ਹਾਂ ਦੱਸਿਆ, "ਡਾਕਟਰ ਨੇ ਵਿਟਾਮਿਨ ਡੀ ਦੀ ਕਮੀ ਦਾ ਸ਼ੱਕ ਪ੍ਰਗਟ ਕੀਤਾ। ਟੈਸਟ ਕਰਵਾਉਣ ’ਤੇ ਉਹੀ ਸਮੱਸਿਆ ਸਾਹਮਣੇ ਆਈ। ਫਿਰ ਮੈਂ ਡਾਕਟਰ ਦੀ ਸਲਾਹ ’ਤੇ ਸਪਲੀਮੈਂਟ ਲੈਣੇ ਸ਼ੁਰੂ ਕੀਤੇ ਅਤੇ ਬਿਹਤਰ ਮਹਿਸੂਸ ਕੀਤਾ।”

ਪਰ ਡਾ. ਰੋਜ਼ਾਲਿੰਡ ਐਡਮ ਦਾ ਕਹਿਣਾ ਹੈ ਕਿ ਸਰੀਰਕ ਤੌਰ ’ਤੇ ਸਿਹਤਮੰਦ ਲੋਕਾਂ ਨੂੰ ਹੋਰ ਕਈ ਕਾਰਨਾਂ ਕਰਕੇ ਥਕਾਵਟ ਮਹਿਸੂਸ ਹੋ ਸਕਦੀ ਹੈ, ਜਿਵੇਂ ਕਿ ਜ਼ਿਆਦਾ ਕੰਮ ਕਰਨਾ, ਖਾਣਾ ਠੀਕ ਢੰਗ ਨਾਲ ਨਾ ਖਾਣਾ ਜਾਂ ਮਾਨਸਿਕ ਸਿਹਤ ਠੀਕ ਨਾ ਹੋਣਾ ਆਦਿ।

ਥਕਾਵਟ ਹੋਣ ਦੇ ਕਈ ਹੋਰ ਕਾਰਨ

ਥਕਾਵਟ
Getty Images

ਇਸ ਤੋਂ ਇਲਾਵਾ ਵੀ ਹੋਰ ਕਈ ਕਾਰਨ ਹਨ, ਜਿਵੇਂ ਕਿ ਜੇਕਰ ਕਿਸੇ ਦੇ ਘਰ ’ਚ ਛੋਟੇ ਬੱਚੇ ਹਨ ਤਾਂ ਉਸ ਲਈ ਸਹੀ ਨੀਂਦ ਲੈ ਸਕਣਾ ਸੰਭਵ ਨਹੀਂ ਹੁੰਦਾ ਹੈ।

ਇਸੇ ਤਰ੍ਹਾਂ ਸ਼ਰਾਬ ਪੀਣ ਜਾਂ ਕੈਫ਼ੀਨ ਵਾਲੇ ਡਰਿੰਕ ਪੀਣ ਨਾਲ ‘ਡੀਹਾਈਡ੍ਰੇਸ਼ਨ’ (ਪਾਣੀ ਦੀ ਕਮੀ) ਹੋ ਜਾਂਦੀ ਹੈ, ਜਿਸ ਨਾਲ ਥਕਾਵਟ ਮਹਿਸੂਸ ਹੁੰਦੀ ਹੈ।

ਡਾ. ਪ੍ਰਾਚੀ ਜੈਨ ਦਾ ਕਹਿਣਾ ਹੈ ਕਿ ਥਕਾਵਟ ਦਾ ਇੱਕ ਹੋਰ ਕਾਰਨ ਖਰਾਬ ਜੀਵਨ ਸ਼ੈਲੀ ਵੀ ਹੋ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ “ਸਮੇਂ ’ਤੇ ਖਾਣਾ ਨਾ ਖਾਣਾ ਜਾਂ ਬਹੁਤ ਜ਼ਿਆਦਾ ਜੰਕ ਫੂਡ ਖਾਣਾ ਵੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਸਕ੍ਰੀਨ ’ਤੇ ਜ਼ਿਆਦਾ ਸਮਾਂ ਬਿਤਾਉਣਾ ਜਾਂ ਸੌਣ ਤੋਂ ਪਹਿਲਾਂ ਸਮਾਰਟਫੋਨ ਦੇਖਣਾ ਵੀ ਸਲੀਪ ਸਾਇਕਲ ਨੂੰ ਡਿਸਟਰਬ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਿਹਤਮੰਦ ਜੀਵਨ ਸ਼ੈਲੀ ਅਪਣਾਈ ਜਾਵੇ।”

ਨੌਰਵੇ ’ਚ ਕਾਉਂਸਲ ਫ਼ਾਰ ਨਿਊਟ੍ਰੀਸ਼ਨਲ ਐਂਡ ਇਨਵਾਇਰਮੈਂਟਲ ਮੈਡੀਸਨ ਨਾਮ ਦੇ ਇੱਕ ਸੰਗਠਨ ਦੇ ਸੰਸਥਪਕ ਜੇਅਰ ਬਓਰਕਲੁੰਦ ਦਾ ਵੀ ਮੰਨਣਾ ਹੈ ਕਿ ਜੇਕਰ ਊਰਜਾ ਨਾਲ ਭਰਿਆ ਮਹਿਸੂਸ ਕਰਨਾ ਹੈ ਤਾਂ ਸਧਾਰਨ ਤਰੀਕਿਆਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ।

ਉਹ ਸੁਝਾਅ ਦਿੰਦੇ ਹਨ, “ਸੰਤੁਲਿਤ ਖ਼ੁਰਾਕ ਲਓ, ਭੋਜਨ ’ਚ ਪੌਸ਼ਟਿਕ ਤੱਤਾਂ ਦਾ ਧਿਆਨ ਰੱਖੋ, ਸਮੇਂ ’ਤੇ ਸੌਂ ਜਾਓ ਅਤੇ ਲੋੜੀਂਦੀ ਨੀਂਦ ਲਓ, ਕਸਰਤ ਕਰੋ, ਤਣਾਅ ਤੋਂ ਦੂਰੀ ਬਣਾ ਕੇ ਰੱਖੋ, ਪਾਣੀ ਠੀਕ ਮਾਤਰਾ ’ਚ ਪੀਓ ਅਤੇ ਆਪਣੇ ਆਲੇ ਦੁਆਲੇ ਵਧੀਆ ਮਾਹੌਲ ਬਣਾ ਕੇ ਰੱਖੋ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News