ਸੰਸਦ ਦੀ ਸੁਰੱਖਿਆ ''''ਚ ਸੰਨ੍ਹ ਲਗਾਉਣ ਦੇ ਮੁਲਜ਼ਮਾਂ ਨੇ ਕਿਹਾ, ''''ਬਿਜਲੀ ਦੇ ਝਟਕੇ ਦੇ ਕੇ ਢਾਹੇ ਜਾ ਰਹੇ ਤਸ਼ੱਦਦ''''

Thursday, Feb 01, 2024 - 06:05 PM (IST)

ਭਾਰਤੀ ਸੰਸਦ
ANI

ਸੰਸਦ ਦੀ ਸੁਰੱਖਿਆ ਨੂੰ ਸੰਨ੍ਹ ਲਗਾਉਣ ਵਾਲੇ ਛੇ ਵਿੱਚੋਂ ਪੰਜ ਮੁਲਜ਼ਮਾਂ ਨੇ ਬੁੱਧਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਅਰਜ਼ੀ ਦਾਇਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਿਜਲੀ ਦੇ ਝਟਕੇ ਦੇ ਕੇ ਤਸੀਹੇ ਦਿੱਤੇ ਜਾ ਰਹੇ ਹਨ ਅਤੇ 70 ਕੋਰੇ ਕਾਗਜ਼ਾਂ ''''ਤੇ ਜ਼ਬਰਦਸਤੀ ਦਸਤਖ਼ਤ ਕਰਵਾਏ ਗਏ ਹਨ।

ਇਸ ਪਟੀਸ਼ਨ ''''ਚ ਮੁਲਜ਼ਮਾਂ ਨੇ ਕਿਹਾ ਹੈ ਕਿ "ਉਨ੍ਹਾਂ ਨੂੰ ਯੂਏਪੀਏ ਤਹਿਤ ਅਪਰਾਧ ਕਰਨ ਅਤੇ ਕੌਮੀ ਸਿਆਸੀ ਦਲਾਂ ਨਾਲ ਸਬੰਧ ਹੋਣ ਵਰਗੇ ਕਬੂਲਨਾਮਿਆਂ ''''ਤੇ ਦਸਤਖ਼ਤ ਵੀ ਕਰਵਾਏ ਗਏ ਹਨ।"

ਮੁਲਜ਼ਮਾਂ ਨੇ ਕਿਹਾ ਹੈ ਕਿ ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਕੋਲੋਂ "ਇੱਕ ਕਾਗਜ਼ ''''ਤੇ ਇਹ ਲਿਖਵਾਇਆ ਗਿਆ ਹੈ ਕਿ ਉਨ੍ਹਾਂ ਦੇ ਕਿਸੇ ਸਿਆਸੀ ਦਲ/ਵਿਰੋਧੀ ਪਾਰਟੀ ਦੇ ਨੇਤਾ ਨਾਲ ਸਬੰਧ ਹਨ।"

ਇਹ ਅਰਜ਼ੀ ਮਨੋਰੰਜਨ ਡੀ, ਸਾਗਰ ਸ਼ਰਮਾ, ਲਲਿਤ ਝਾਅ, ਅਮੋਲ ਸ਼ਿੰਦੇ ਅਤੇ ਮਹੇਸ਼ ਕੁਮਾਵਤ ਵੱਲੋਂ ਦਾਇਰ ਕੀਤੀ ਗਈ ਹੈ।

ਇਨ੍ਹਾਂ ਪੰਜਾਂ ਮੁਲਜ਼ਮਾਂ ਦੀ ਤਰਫੋਂ ਅਦਾਲਤ ਵਿੱਚ ਦਲੀਲ ਦੇਣ ਵਾਲੇ ਵਕੀਲ ਅਮਿਤ ਸ਼ੁਕਲਾ ਨੇ ਕਿਹਾ, "ਅਸੀਂ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ। ਅਸੀਂ ਇਹ ਤੱਥ ਅਦਾਲਤ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਸੀ, ਕਿਉਂਕਿ ਚਾਰਜਸ਼ੀਟ ਦਾਇਰ ਕਰਦੇ ਸਮੇਂ ਪੁਲਿਸ ਇਨ੍ਹਾਂ ਤੱਥਾਂ ਦੇ ਨਾਲ ਕੁਝ ਨਾ ਕੁਝ ਕਰੇਗੀ।"

ਉਨ੍ਹਾਂ ਕਿਹਾ, “ਬਾਅਦ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਦੇ ਸਮੇਂ ਅਸੀਂ ਇਨ੍ਹਾਂ ਤੱਥਾਂ ਦੀ ਵਰਤੋਂ ਕਰਾਂਗੇ।”

ਮੁਲਜ਼ਮ
ANI
ਸੰਸਦ ਦੀ ਸੁਰੱਖਿਆ ਨੂੰ ਸੰਨ੍ਹ ਲਗਾਉਣ ਵਾਲੇ ਮੁਲਜ਼ਮਾਂ ਨੇ ਪੁਲਿਸ ਉੱਤੇ ਇਲਜ਼ਾਮ ਲਗਾਏ ਹਨ

ਵਕੀਲ ਅਮਿਤ ਸ਼ੁਕਲਾ ਨੇ ਕਿਹਾ, "ਇਸਤਗਾਸਾ ਪੱਖ ਨੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ। ਉਹ ਅਗਲੀ ਤਰੀਕ ਤੱਕ ਜਮ੍ਹਾਂ ਕਰਨਗੇ, ਜੋ ਕਿ 17 ਫਰਵਰੀ ਹੈ।"

ਉਨ੍ਹਾਂ ਨੇ ਕਿਹਾ, "ਪਰ ਮੈਨੂੰ ਯਕੀਨ ਹੈ ਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰ ਦੇਣਗੇ। ਪਰ ਜੇਕਰ ਉਹ ਨਹੀਂ ਮੰਨਦੇ ਤਾਂ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਾਂ ਨਹੀਂ।"

ਮੁਲਜ਼ਮਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਮੌਜੂਦਾ ਅਤੇ ਪੁਰਾਣੇ ਸਿਮ ਨੰਬਰਾਂ ਨੂੰ ਜਾਰੀ ਕਰਵਾਉਣ ਲਈ ਏਅਰਟੈੱਲ, ਵੋਡਾਫੋਨ ਅਤੇ ਬੀਐੱਸਐੱਨਐੱਲ ਦੇ ਦਫ਼ਤਰ ਲੈ ਕੇ ਗਏ। ਇਸਦਾ ਕਾਰਨ "ਇਸਤਗਾਸਾ ਪੱਖ ਨੂੰ ਚੰਗੀ ਤਰ੍ਹਾਂ ਪਤਾ ਹੋਵੇਗੀ।"

ਵਕੀਲ ਨੇ ਕਿਹਾ ਕਿ ਪੰਜਾਂ ਮੁਲਜ਼ਮਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਨੰਬਰਾਂ ਨਾਲ ਛੇੜਛਾੜ ਕਰਕੇ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਗ਼ਲਤ ਲੋਕਾਂ ਜਾਂ ਕਿਸੇ ਸਿਆਸੀ ਦਲਾਂ ਨਾਲ ਸਬੰਧ ਵੀ ਸਨ।

ਮੁਲਜ਼ਮਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਤੋਂ ਜ਼ਬਰਦਸਤੀ ਈਮੇਲ ਅਤੇ ਸੋਸ਼ਲ ਮੀਡੀਆ ਖ਼ਾਤਿਆਂ ਦੇ ਪਾਸਵਰਡ ਲਏ ਗਏ ਹਨ। ਵਕੀਲ ਅਮਿਤ ਸ਼ੁਕਲਾ ਨੇ ਕਿਹਾ, "ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਇਹ ਗ਼ੈਰ-ਕਾਨੂੰਨੀ ਹੈ।"

ਭਾਰਤੀ ਸੰਸਦ
SANSAD TV

ਦਿੱਲੀ ਪੁਲਿਸ ਕੀ ਕਹਿ ਰਹੀ ਹੈ?

ਦਿੱਲੀ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਅਖੰਡ ਪ੍ਰਤਾਪ ਸਿੰਘ ਨੇ ਕਿਹਾ, "ਅਸੀਂ ਆਪਣਾ ਢੁਕਵਾਂ ਜਵਾਬ ਦਾਇਰ ਕਰਾਂਗੇ।"

ਹਾਲਾਂਕਿ, ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਵੀ ਅਦਾਲਤ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਜਾ ਚੁੱਕਾ ਹੈ ਪਰ ਜਦੋਂ ਜੱਜ ਨੇ ਮੁਲਜ਼ਮਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ।

ਉਹ ਕਹਿੰਦੇ ਹਨ, "13 ਜਨਵਰੀ ਨੂੰ ਜਦੋਂ ਸਾਰੇ ਮੁਲਜ਼ਮ ਅਦਾਲਤ ''''ਚ ਪੇਸ਼ ਹੋਏ ਸਨ ਤਾਂ ਜ਼ੁਬਾਨੀ ਤੌਰ ''''ਤੇ ਇਹੀ ਇਲਜ਼ਾਮ ਲਾਏ ਗਏ ਸਨ ਅਤੇ ਅਦਾਲਤ ਨੇ ਇਸ ਬਾਰੇ ਇੱਕ-ਇੱਕ ਕਰਕੇ ਸਾਰੇ ਮੁਲਜ਼ਮਾਂ ਨੂੰ ਇਸ ਬਾਰੇ ਸਵਾਲ ਕੀਤਾ ਸੀ।"

"ਹਾਲਾਂਕਿ, ਉਸ ਵੇਲੇ ਮੁਲਜ਼ਮਾਂ ਨੇ ਦਿੱਲੀ ਪੁਲਿਸ ਵੱਲੋਂ ਅਜਿਹੇ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਇਸ ਤਰ੍ਹਾਂ ਦੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਸੀ। 13 ਜਨਵਰੀ ਦੇ ਹੁਕਮ ਵਿੱਚ ਇਹ ਵੀ ਦਰਜ ਹੈ।"

ਹਮਲੇ ਦਾ ਕਥਿਤ ਮਾਸਟਰਮਾਈਂਡ ਲਲਿਤ ਝਾਅ
ANI
ਹਮਲੇ ਦਾ ਕਥਿਤ ਮਾਸਟਰਮਾਈਂਡ ਲਲਿਤ ਝਾਅ

ਉਧਰ, ਪੰਜਾਂ ਮੁਲਜ਼ਮਾਂ ਦੇ ਵਕੀਲ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਪੁਲਿਸ ਦੇ ਡਰ ਕਾਰਨ ਕੁਝ ਨਹੀਂ ਕਿਹਾ।

ਉਨ੍ਹਾਂ ਨੇ ਕਿਹਾ, "ਨੀਲਮ ਆਜ਼ਾਦ (ਛੇਵੀਂ ਮੁਲਜ਼ਮ) ਨੇ ਇਹ ਮੁੱਦਾ ਉਦੋਂ ਚੁੱਕਿਆ ਜਦੋਂ ਇੱਕ ਮਹਿਲਾ ਅਧਿਕਾਰੀ ਨੇ ਉਨ੍ਹਾਂ ''''ਤੇ 50 ਕੋਰੇ ਕਾਗਜ਼ਾਂ ''''ਤੇ ਦਸਤਖ਼ਤ ਦਾ ਦਬਾਅ ਪਾਇਆ।"

"ਜਦੋਂ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਮੇਰੇ ਮੁਵੱਕਿਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਜ਼ਬਰਦਸਤੀ ਕੋਰੇ ਕਾਗਜ਼ਾਂ ''''ਤੇ ਦਸਤਖ਼ਤ ਲਏ ਗਏ ਹਨ।"

ਉਨ੍ਹਾਂ ਕਿਹਾ, "ਜਦੋਂ ਮੈਂ ਇਹ ਮਾਮਲਾ ਚੁੱਕਿਆ ਅਤੇ ਕਿਹਾ ਕਿ ਇਸ ਨੂੰ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਅਦਾਲਤ ਨੇ ਕਿਹਾ ਕਿ ਉਹ ਹਰੇਕ ਮੁਲਜ਼ਮ ਨੂੰ ਪੁੱਛੇਗੀ। ਜਦੋਂ ਅਦਾਲਤ ਨੇ ਮੁਲਜ਼ਮਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ।"

"ਉਸ ਦਿਨ ਉਹ (ਮੁਲਜ਼ਮ) ਪੁਲਿਸ ਅਧਿਕਾਰੀਆਂ ਨਾਲ ਖੜ੍ਹੇ ਸਨ। ਤਾਂ ਕੁਝ ਤਾਂ ਹੋਇਆ (ਪੁਲਿਸ ਵੱਲੋਂ) ਜਿਸ ਤੋਂ ਬਾਅਦ ਉਨ੍ਹਾਂ ਨੇ (ਮੁਲਜ਼ਮਾਂ) ਕਿਹਾ ਕਿ ਪੁਲਿਸ ਉਨ੍ਹਾਂ ''''ਤੇ ਦਬਾਅ ਨਹੀਂ ਬਣਾ ਰਹੀ।"

"ਬਾਅਦ ਵਿੱਚ, ਜਦੋਂ ਮੈਂ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਿਆ, ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਉੱਤੇ ਦਬਾਅ ਸੀ ਕਿ ਉਹ ਅਦਾਲਤ ਵਿੱਚ ਕੁਝ ਨਾ ਬੋਲਣ।"

"ਉਸ ਦਿਨ (13 ਜਨਵਰੀ) ਉਹ ਪੁਲਿਸ ਹਿਰਾਸਤ ਵਿੱਚ ਸੀ। ਇਹ ਹਿਰਾਸਤ ਉਸੇ ਦਿਨ ਹੀ ਪੂਰੀ ਹੋ ਗਈ ਸੀ। ਪੁਲਿਸ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ੱਵਿਚ ਮਿਲਿਆ, ਤਾਂ ਉਨ੍ਹਾਂ ਨੇ ਮੈਨੂੰ ਸਭ ਕੁਝ ਦੱਸਿਆ।"

"ਜਦੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਨਿਆਂਇਕ ਹਿਰਾਸਤ ਵਿੱਚ ਪੁਲਿਸ ਉਨ੍ਹਾਂ ਦਾ ਸ਼ੋਸ਼ਣ ਨਹੀਂ ਕਰੇਗੀ, ਫਿਰ ਉਨ੍ਹਾਂ ਨੇ ਮੈਨੂੰ ਸਭ ਕੁਝ ਦੱਸਿਆ।"

ਸੰਸਦ ਦੀ ਸੁਰੱਖਿਆ ਨੂੰ ਸੰਨ੍ਹ
ANI

ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ

ਬੁੱਧਵਾਰ ਨੂੰ ਹੋਈ ਸੁਣਵਾਈ ''''ਚ ਦਿੱਲੀ ਪੁਲਿਸ ਨੇ ਸਾਰੇ 6 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਧਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਇਹ ਹਿਰਾਸਤ ਇੱਕ ਮਾਰਚ ਤੱਕ ਵਧਾ ਦਿੱਤੀ ਹੈ।

ਸਰਕਾਰੀ ਵਕੀਲ ਅਖੰਡ ਪ੍ਰਤਾਪ ਸਿੰਘ ਨੇ ਕਿਹਾ, "ਜਾਂਚ ਅਜੇ ਬਾਕੀ ਹੈ। ਜੇਕਰ ਇਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਨਾ ਰੱਖਿਆ ਗਿਆ ਤਾਂ ਗਵਾਹਾਂ ''''ਤੇ ਦਬਾਅ ਬਣਾਉਣ ਅਤੇ ਸਬੂਤਾਂ ਨਾਲ ਛੇੜਛਾੜ ਦੀ ਸੰਭਾਵਨਾ ਹੈ।"

ਇਹ 6 ਮੁਲਜ਼ਮ 13 ਦਸੰਬਰ ਨੂੰ ਸੰਸਦ ''''ਤੇ ਹੋਏ ਹਮਲੇ ਦੀ ਬਰਸੀ ਵਾਲੇ ਦਿਨ ਸੁਰੱਖਿਆ ਦੀ ਉਲੰਘਣਾ ਕਰਨ ਦੇ ਮਾਮਲੇ ''''ਚ ਹਿਰਾਸਤ ''''ਚ ਹਨ।

ਉਸ ਦਿਨ ਮਨੋਰੰਜਨ ਡੀ ਅਤੇ ਸਾਗਰ ਸ਼ਰਮਾ ਨੇ ਐੱਮਪੀ ਚੈਂਬਰ ਵਿੱਚ ਦਾਖ਼ਲ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਧੂੰਏਂ ਦਾ ਡੱਬਾ ਯਾਨਿ ਸਮੋਕ ਕੈਨ ਸੁੱਟ ਦਿੱਤਾ।

ਦੋ ਹੋਰ ਮੁਲਜ਼ਮਾਂ ਨੀਲਮ ਅਤੇ ਅਮੋਲ ਸ਼ਿੰਦੇ ਨੂੰ ਸੰਸਦ ਦੇ ਬਾਹਰ ਨਾਅਰੇਬਾਜ਼ੀ ਕਰਨ ਅਤੇ ਰੰਗੀਨ ਗੈਸ ਛਿੜਕਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਮਹੇਸ਼ ਕੁਮਾਵਤ ਅਤੇ ਲਲਿਤ ਝਾਅ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਲਲਿਤ ਝਾਅ ਇਸ ਹਮਲੇ ਦਾ ''''ਮਾਸਟਰਮਾਈਂਡ'''' ਸੀ ਅਤੇ ਕੁਮਾਵਤ ਸੁਰੱਖਿਆ ਨੂੰ ਸੰਨ੍ਹ ਲਗਾਉਣ ਦੀ ਉਨ੍ਹਾਂ ਦੀ ਯੋਜਨਾ ''''ਚ ਮਦਦ ਕਰ ਰਿਹਾ ਸੀ।

ਬਾਅਦ ਵਿੱਚ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਬੇਰੁਜ਼ਗਾਰ ਹਨ ਅਤੇ ਰੁਜ਼ਗਾਰ ਨਾ ਮਿਲਣ ਦਾ ਮੁੱਦਾ ਸੰਸਦ ਵਿੱਚ ਚੁੱਕਣਾ ਚਾਹੁੰਦੇ ਸਨ।

ਇਨ੍ਹਾਂ ਸਾਰੇ ਮੁਲਜ਼ਮਾਂ ''''ਤੇ ਯੂਏਪੀਏ ਦੇ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਦੇ ਵਕੀਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਐੱਫਆਈਆਰ ਦੀ ਕਾਪੀ ਵੀ ਨਹੀਂ ਮਿਲੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News