ਗਿਆਨਵਾਪੀ ਕੇਸ: ਅਦਾਲਤ ਨੇ ਹਿੰਦੂ ਪੱਖ ਨੂੰ ਦਿੱਤਾ ਪੂਜਾ ਕਰਨ ਦਾ ਅਧਿਕਾਰ, ਕੀ ਹੈ ਪੂਰਾ ਮਾਮਲਾ
Wednesday, Jan 31, 2024 - 04:50 PM (IST)
ਵਾਰਾਣਸੀ ਦੀ ਗਿਆਨਵਾਪੀ ਮਸਜਿਦ ਦੇ ਮਾਮਲੇ ਵਿੱਚ ਅਦਾਲਤ ਨੇ ਹਿੰਦੂ ਪੱਖ ਦੇ ਸਮਰਥਨ ਵਿੱਚ ਆਪਣਾ ਫ਼ੈਸਲਾ ਸੁਣਾਇਆ ਹੈ। ਵਾਰਾਣਸੀ ਦੀ ਅਦਾਲਤ ਨੇ ਹਿੰਦੂ ਪੱਖ ਨੂੰ ਗਿਆਨਵਾਪੀ ਮਸਜਿਦ ਦੇ ਵਿਆਸ ਤਹਿਖ਼ਾਨੇ ਵਿੱਚ ਪੂਜਾ ਕਰਨ ਦਾ ਅਧਿਕਾਰ ਦੇ ਦਿੱਤਾ ਹੈ।
ਅਦਾਲਤ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ, “ਜ਼ਿਲ੍ਹਾ ਮੈਜਿਸਟ੍ਰੇਟ, ਵਾਰਾਣਸੀ/ਰਿਸੀਵਰ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸੈਟਲਮੈਂਟ ਪਲਾਟ ਨੰਬਰ 9130 ਥਾਣਾ-ਚੌਕ, ਜ਼ਿਲ੍ਹਾ ਵਾਰਾਣਸੀ ਵਿਖੇ ਸਥਿਤ ਇਮਾਰਤ ਦੇ ਦੱਖਣ ਵਾਲੇ ਪਾਸੇ ਸਥਿਤ ਤਹਿਖ਼ਾਨਾ, ਜੋ ਕਿ ਵਿਵਾਦਤ ਜਾਇਦਾਦ ਹੈ, ਵਾਦੀ ਅਤੇ ਕਾਸ਼ੀ ਵਿਸ਼ਵਨਾਥ ਟਰੱਸਟ ਬੋਰਡ ਦੁਆਰਾ ਨਾਮਜ਼ਦ ਮੁਦਈ ਅਤੇ ਪੁਜਾਰੀ ਕੋਲੋਂ ਪੂਜਾ, ਰਾਗ-ਭੋਗ, ਤਹਿਖ਼ਾਨੇ ਵਿੱਚ ਸਥਿਤ ਮੂਰਤੀਆਂ ਨੂੰ ਪ੍ਰਾਪਤ ਕਰਨ ਅਤੇ ਇਸ ਮੰਤਵ ਲਈ 7 ਦਿਨਾਂ ਦੇ ਅੰਦਰ ਲੋਹੇ ਦੀ ਵਾੜ ਆਦਿ ਵਿੱਚ ਉਚਿਤ ਪ੍ਰਬੰਧ ਕਰਨ।"
ਹਿੰਦੂ ਪੱਖ ਦੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਜ਼ਿਲ੍ਹਾ ਪ੍ਰਸ਼ਾਸਨ ਨੂੰ ਸੱਤ ਦਿਨਾਂ ਦੇ ਅੰਦਰ ਪੂਜਾ ਕਰਵਾਉਣ ਲਈ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਜਿਵੇਂ ਹੀ ਪ੍ਰਸ਼ਾਸਨ ਅਜਿਹਾ ਕਰੇਗਾ, ਪੂਜਾ ਸ਼ੁਰੂ ਹੋ ਜਾਵੇਗੀ।"
ਜੈਨ ਨੇ ਮਸਜਿਦ ਦੇ ਅਹਾਤੇ ਵਿੱਚ ਪੂਜਾ ਕਰਨ ਦੇ ਵਿਧੀ-ਵਿਧਾਨ ''''ਤੇ ਵੀ ਟਿੱਪਣੀ ਕੀਤੀ ਹੈ।
ਜੈਨ ਨੇ ਕਿਹਾ, "ਕਾਸ਼ੀ ਵਿਸ਼ਵਨਾਥ ਟਰੱਸਟ ਇਹ ਤੈਅ ਕਰੇਗਾ ਕਿ ਪੂਜਾ ਕਿਵੇਂ ਹੋਵੇਗੀ। ਇਹ ਬਿਹਤਰ ਜਾਣਦਾ ਹੈ। ਸਾਡਾ ਕਾਨੂੰਨੀ ਕੰਮ ਸੀ ਜਿਸ ਨੂੰ ਅਸੀਂ ਪੂਰਾ ਕਰ ਲਿਆ ਹੈ। ਹੁਣ ਕਾਸ਼ੀ ਵਿਸ਼ਵਨਾਥ ਟਰੱਸਟ ਉੱਤੇ ਹੈ ਕਿ ਪੂਜਾ ਸ਼ੁਰੂ ਹੋ ਜਾਏ। ਸ਼ਰਧਾਲੂਆਂ ਤੋਂ ਲੈ ਕੇ ਪੁਜਾਰੀ ਆਦਿ ਤੱਕ ਸਾਰਿਆਂ ਨੂੰ ਜਾਣ ਦਿੱਤਾ ਜਾਵੇਗਾ।"
"ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਸਟਿਸ ਕੇਐੱਮ ਪਾਂਡੇ ਨੇ 1 ਫਰਵਰੀ, 1986 ਨੂੰ ਰਾਮ ਮੰਦਰ ਦਾ ਤਾਲਾ ਖੋਲ੍ਹਣ ਦਾ ਹੁਕਮ ਦਿੱਤਾ ਸੀ। ਮੈਂ ਅੱਜ ਦੇ ਹੁਕਮ ਨੂੰ ਉਸ ਦੇ ਮੁਕਾਬਲੇ ਦੇਖਦਾ ਹਾਂ।"
"ਇਹ ਇਸ ਕੇਸ ਦਾ ਨਵਾਂ ਮੋੜ ਹੈ। ਇੱਕ ਸਰਕਾਰ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰਦਿਆਂ ਹੋਇਆ ਹਿੰਦੂ ਭਾਈਚਾਰੇ ਦੀ ਪੂਜਾ ''''ਤੇ ਰੋਕ ਲਗਾ ਦਿੱਤੀ ਸੀ, ਅੱਜ ਅਦਾਲਤ ਨੇ ਆਪਣੀ ਕਲਮ ਨਾਲ ਇਸ ਨੂੰ ਠੀਕ ਕਰ ਦਿੱਤਾ ਹੈ।"
ਦਰਅਸਲ, ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਉਸ ਨਾਲ ਲਗਦੀ ਗਿਆਨਵਾਪੀ ਮਸਜਿਦ, ਦੋਵਾਂ ਦੀ ਉਸਾਰੀ ਅਤੇ ਮੁੜ ਉਸਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਹਨ ਪਰ ਸਪਸ਼ਟ ਤੇ ਪੁਖ਼ਤਾ ਇਤਿਹਾਸਕ ਜਾਣਕਾਰੀ ਕਾਫ਼ੀ ਘੱਟ ਹੈ, ਦਾਅਵਿਆਂ ਅਤੇ ਕਿੱਸਿਆਂ ਦੀ ਭਰਮਾਰ ਜ਼ਰੂਰ ਹੈ।
ਆਮ ਮਾਣਤਾ ਹੈ ਕਿ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਔਰੰਗਜ਼ੇਬ ਨੇ ਤੁੜਵਾ ਦਿੱਤਾ ਸੀ ਅਤੇ ਉੱਥੇ ਮਸਜਿਦ ਬਣਾ ਦਿੱਤੀ ਗਈ। ਪਰ ਇਤਿਹਾਸਿਕ ਦਸਤਾਵੇਜ਼ਾਂ ਨੂੰ ਦੇਖਣ ਸਮਝਣ ''''ਤੇ ਮਾਮਲਾ ਇਸ ਤੋਂ ਕਿਤੇ ਵੱਧ ਗੁੰਝਲਦਾਰ ਨਜ਼ਰ ਆਉਂਦਾ ਹੈ।
ਕੀ ਕਹਿੰਦੇ ਹਨ ਇਤਿਹਾਸਕਾਰ
ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗਿਆਨਵਾਪੀ ਮਸਜਿਦ ਨੂੰ 14ਵੀਂ ਸਦੀ ਵਿੱਚ ਜੌਨਪੁਰ ਦੇ ਸ਼ਰਕੀ ਸੁਲਤਾਨਾਂ ਨੇ ਬਣਵਾਇਆ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਇੱਥੇ ਪਹਿਲਾਂ ਤੋਂ ਮੌਜੂਦ ਵਿਸ਼ਵਨਾਥ ਮੰਦਰ ਨੂੰ ਤੁੜਵਾਇਆ ਸੀ। ਪਰ ਇਸ ਮਾਨਤਾ ਨੂੰ ਤੱਥ ਮੰਨਣ ਤੋਂ ਕਈ ਇਤਿਹਾਸਕਾਰ ਇਨਕਾਰ ਕਰਦੇ ਹਨ, ਇਹ ਦਾਅਵੇ ਸਬੂਤਾਂ ਦੀ ਪ੍ਰੀਖਿਆ ਵਿੱਚ ਖ਼ਰੇ ਨਹੀਂ ਉੱਤਰਦੇ।
ਨਾ ਤਾਂ ਸ਼ਰਕੀ ਸੁਲਤਾਨਾਂ ਵੱਲੋਂ ਕਰਵਾਈ ਗਈ ਕਿਸੇ ਉਸਾਰੀ ਦੇ ਕੋਈ ਸਬੂਤ ਮਿਲਦੇ ਹਨ ਤੇ ਨਾ ਹੀ ਉਨ੍ਹਾਂ ਵੱਲੋਂ ਮੰਦਰ ਢਾਹੇ ਜਾਣ ਦੇ।
ਜਿੱਥੋਂ ਤੱਕ ਵਿਸ਼ਵਨਾਥ ਮੰਦਰ ਦੀ ਉਸਾਰੀ ਦਾ ਸਵਾਲ ਹੈ ਤਾਂ ਇਸ ਦਾ ਸਿਹਰਾ ਅਕਬਰ ਦੇ ਨੌਂ ਰਤਨਾਂ ਵਿੱਚੋਂ ਇੱਕ ਰਾਜਾ ਟੋਡਰਮਲ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸਾਲ 1585 ਵਿੱਚ ਅਕਬਰ ਦੇ ਹੁਕਮਾਂ ''''ਤੇ ਦੱਖਣ ਭਾਰਤ ਦੇ ਵਿਦਵਾਨ ਨਰਾਇਣ ਭੱਟ ਦੀ ਮਦਦ ਨਾਲ ਕਰਵਾਇਆ ਸੀ।
ਵਾਰਾਣਸੀ ਸਥਿਤ ਕਾਸ਼ੀ ਵਿਦਿਆਪੀਠ ਵਿੱਚ ਇਤਿਹਾਸ ਵਿਭਾਗ ਵਿੱਚ ਪ੍ਰੋਫ਼ੈੱਸਰ ਰਹਿ ਚੁੱਕੇ ਡਾ. ਰਾਜੀਵ ਦਵੀਵੇਦੀ ਕਹਿੰਦੇ ਹਨ, "ਵਿਸ਼ਵਨਾਥ ਮੰਦਰ ਦੀ ਉਸਾਰੀ ਰਾਜਾ ਟੋਡਰਮਲ ਨੇ ਕਰਵਾਈ, ਇਸ ਦੇ ਇਤਿਹਾਸਿਕ ਸਬੂਤ ਹਨ ਅਤੇ ਟੋਡਰਮਲ ਨੇ ਇਸ ਤਰ੍ਹਾਂ ਦੇ ਕਈ ਹੋਰ ਨਿਰਮਾਣ ਵੀ ਕਰਵਾਏ ਸਨ।
ਇੱਕ ਗੱਲ ਹੋਰ, ਇਹ ਕੰਮ ਉਨ੍ਹਾਂ ਨੇ ਅਕਬਰ ਦੇ ਹੁਕਮਾਂ ''''ਤੇ ਕਰਵਾਇਆ ਸੀ, ਇਹ ਗੱਲ ਵੀ ਇਤਿਹਾਸਿਕ ਤੌਰ ''''ਤੇ ਪੁਖ਼ਤਾ ਨਹੀਂ ਹੈ। ਰਾਜਾ ਟੋਡਰਮਲ ਦੀ ਹੈਸੀਅਤ ਅਕਬਰ ਦਰਬਾਰ ਵਿੱਚ ਅਜਿਹੀ ਸੀ ਕਿ ਇਸ ਕੰਮ ਲਈ ਉਨ੍ਹਾਂ ਨੂੰ ਅਕਬਰ ਦੇ ਹੁਕਮਾਂ ਦੀ ਲੋੜ ਨਹੀਂ ਸੀ।"
ਪ੍ਰੋਫ਼ੈੱਸਰ ਰਾਜੀਵ ਕਹਿੰਦੇ ਹਨ ਕਿ ਵਿਸ਼ਵਨਾਥ ਮੰਦਰ ਦੀ ਮਿਥਿਹਾਸਿਕ ਅਹਿਮੀਅਤ ਤਾਂ ਬਹੁਤ ਪਹਿਲਾਂ ਤੋਂ ਹੀ ਰਹੀ ਹੈ। ਪਰ ਪਹਿਲਾਂ ਇੱਥੇ ਬਹੁਤ ਵਿਸ਼ਾਲ ਮੰਦਰ ਰਿਹਾ ਹੋਵੇ, ਇਹ ਇਤਿਹਾਸ ਵਿੱਚ ਪ੍ਰਮਾਣਿਤ ਤੌਰ ''''ਤੇ ਕਿਤੇ ਦਰਜ ਨਹੀਂ ਹੈ। ਇੱਥੋਂ ਤੱਕ ਕਿ ਟੋਡਰਮਲ ਦਾ ਬਣਵਾਇਆ ਮੰਦਰ ਵੀ ਬਹੁਤ ਵਿਸ਼ਾਲ ਨਹੀਂ ਸੀ।
ਦੂਜੇ ਪਾਸੇ, ਇਸ ਗੱਲ ਨੂੰ ਇਤਿਹਾਸਿਕ ਤੌਰ ''''ਤੇ ਵੀ ਮੰਨਿਆ ਜਾਂਦਾ ਹੈ ਕਿ ਗਿਆਨਵਾਪੀ ਮਸਜਿਦ ਦੀ ਉਸਾਰੀ ਮੰਦਰ ਟੁੱਟਣ ਤੋਂ ਬਾਅਦ ਹੀ ਹੋਈ ਅਤੇ ਮੰਦਰ ਤੋੜਨ ਦੇ ਹੁਕਮ ਔਰੰਗਜ਼ੇਬ ਨੇ ਹੀ ਦਿੱਤੇ ਸਨ।
ਗਿਆਨਵਾਪੀ ਮਸਿਜਦ ਦੀ ਦੇਖਭਾਲ ਕਰਨ ਵਾਲੀ ਸੰਸਥਾ ਅੰਜੁਮਨ ਇੰਤਜ਼ਾਮੀਆ ਮਸਜਿਦ ਦੇ ਸੰਯੁਕਤ ਸਕੱਤਰ ਸਈਦ ਮੁਹੰਮਦ ਯਾਸੀਨ ਕਹਿੰਦੇ ਹਨ ਕਿ ਆਮ ਤੌਰ ''''ਤੇ ਇਹੀ ਹੀ ਮੰਨਿਆਂ ਜਾਂਦਾ ਹੈ ਕਿ ਮਸਜਿਦ ਅਤੇ ਮੰਦਰ ਦੋਵੇਂ ਹੀ ਅਕਬਰ ਨੇ ਸਾਲ 1585 ਦੇ ਨੇੜੇ-ਤੇੜੇ ਨਵੇਂ ਮਜ਼ਹਬ ਦੀਨ-ਏ-ਇਲਾਹੀ ਦੇ ਤਹਿਤ ਬਣਵਾਏ ਸਨ ਪਰ ਇਸਦੇ ਦਸਤਾਵੇਜ਼ੀ ਸਬੂਤ ਬਹੁਤ ਬਾਅਦ ਦੇ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਸਈਦ ਮੁਹੰਮਦ ਯਾਸੀਨ ਕਹਿੰਦੇ ਹਨ, ''''''''ਜ਼ਿਆਦਾਤਰ ਲੋਕ ਤਾਂ ਇਹ ਹੀ ਮੰਨਦੇ ਹਨ ਕਿ ਮਸਜਿਦ ਅਕਬਰ ਦੇ ਜ਼ਮਾਨੇ ਵਿੱਚ ਬਣੀ ਸੀ। ਔਰੰਗਜ਼ੇਬ ਨੇ ਮੰਦਰ ਨੂੰ ਢਾਹ ਦਿੱਤਾ ਸੀ ਕਿਉਂਕਿ ਉਹ ''''ਦੀਨ-ਏ-ਇਲਾਹੀ'''' ਨੂੰ ਨਕਾਰ ਰਹੇ ਸਨ।
ਮੰਦਰ ਨੂੰ ਤੋੜਕੇ ਮਸਜਿਦ ਬਣੀ ਹੋਵੇ, ਅਜਿਹਾ ਨਹੀਂ ਹੈ। ਇਹ ਮੰਦਰ ਤੋਂ ਬਿਲਕੁਲ ਅਲੱਗ ਹੈ। ਇਹ ਜੋ ਗੱਲ ਕਹੀ ਜਾ ਰਹੀ ਹੈ ਕਿ ਇੱਥੇ ਖੂਹ ਹੈ ਅਤੇ ਉਸ ਵਿੱਚ ਸ਼ਿਵਲਿੰਗ ਹੈ ਤਾਂ ਇਹ ਗੱਲ ਬਿਲਕੁਲ ਗ਼ਲਤ ਹੈ। ਸਾਲ 2010 ਵਿੱਚ ਅਸੀਂ ਖ਼ੂਹ ਦੀ ਸਫ਼ਾਈ ਕਰਵਾਈ ਸੀ, ਉੱਥੇ ਕੁਝ ਵੀ ਨਹੀਂ ਸੀ।"
ਕਾਸ਼ੀ ਵਿਸ਼ਵਨਾਥ ਮੰਦਰ ਮਾਮਲੇ ਵਿੱਚ ਦਾਅਵੇ ਦਾ ਸਮਰਥਨ ਕਰਨ ਵਾਲੇ ਵਿਜੇ ਸ਼ੰਕਰ ਰਸਤੋਗੀ ਕਹਿੰਦੇ ਹਨ ਕਿ ਔਰੰਗਜ਼ੇਬ ਨੇ ਆਪਣੇ ਸ਼ਾਸਨ ਦੌਰਾਨ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਤੋੜਨ ਦੇ ਹੁਕਮ ਤਾਂ ਜਾਰੀ ਕੀਤੇ ਸੀ ਉਨ੍ਹਾਂ ਨੇ ਮਸਜਿਦ ਬਣਾਉਣ ਦਾ ਫ਼ਰਮਾਨ ਨਹੀਂ ਸੀ ਦਿੱਤਾ। ਰਸਤੋਗੀ ਮੁਤਬਾਕ, ਮਸਜਿਦ ਬਾਅਦ ਵਿੱਚ ਮੰਦਰ ਦੇ ਖੰਡਰਾਂ ਉੱਪਰ ਹੀ ਬਣਾਈ ਗਈ ਹੈ।
ਮਸਜਿਦ ਬਣਾਏ ਜਾਣ ਦੇ ਇਤਿਹਾਸਿਕ ਸਬੁਤ ਬਹੁਤ ਸਪਸ਼ਟ ਨਹੀਂ ਹਨ ਪਰ ਇਤਿਹਾਸਕਾਰ ਪ੍ਰੋਫ਼ੈੱਸਰ ਰਾਜੀਵ ਦਵੀਵੇਦੀ ਕਹਿੰਦੇ ਹਨ ਕਿ ਮੰਦਰ ਢਹਿਣ ਤੋਂ ਬਾਅਦ ਜੇ ਮਸਜਿਦ ਬਣੀ ਹੈ ਤਾਂ ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਅਜਿਹਾ ਉਸ ਦੌਰ ਵਿੱਚ ਕਈ ਵਾਰ ਹੋਇਆ।
ਉਹ ਕਹਿੰਦੇ ਹਨ, "ਔਰੰਗਜ਼ੇਬ ਦੀ ਮੌਜੂਦਗੀ ਵਿੱਚ ਨਹੀਂ ਹੋਇਆ ਹੈ, ਹੁਕਮ ਚਾਹੇ ਦਿੱਤਾ ਹੋਵੇ ਪਰ ਮਸਜਿਦ ਦੀ ਉਸਾਰੀ ਔਰੰਗਜ਼ੇਬ ਦੇ ਸਮੇਂ ਤੋਂ ਬਾਅਦ ਹੋਈ।"
ਯਾਨੀ ਮਸਜਿਦ ਅਕਬਰ ਦੇ ਜ਼ਮਾਨੇ ਵਿੱਚ ਦੀਨ-ਏ-ਇਲਾਹੀ ਦੇ ਦਰਸ਼ਨ ਤਹਿਤ ਬਣਵਾਈ ਗਈ ਜਾਂ ਔਰੰਗਜ਼ੇਬ ਦੇ ਜ਼ਮਾਨੇ ਵਿੱਚ ਇਸ ਨੂੰ ਲੈ ਕੇ ਜਾਣਕਾਰਾਂ ਵਿੱਚ ਮਤਭੇਦ ਹਨ।
ਇਤਿਹਾਸਕ ਦਸਤਾਵੇਜ਼
ਦਰਅਸਲ, ਵਾਰਾਣਸੀ ਵਿੱਚ ਗਿਆਨਵਾਪੀ ਮਸਜਿਦ ਦੀ ਉਸਾਰੀ ਅਤੇ ਵਿਸ਼ਵਨਾਥ ਮੰਦਰ ਨੂੰ ਤੋੜਨ ਸਬੰਧੀ ਔਰੰਗਜ਼ੇਬ ਦੇ ਹੁਕਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਹਨ ਪਰ ਇਤਿਹਾਸਕ ਦਸਤਾਵੇਜ਼ਾਂ ਤੋਂ ਇਹ ਗੱਲਾਂ ਸਾਬਤ ਨਹੀਂ ਹੁੰਦੀਆਂ।
ਇਤਿਹਾਸਕਾਰ ਐੱਲਪੀ ਸ਼ਰਮਾ ਆਪਣੀ ਕਿਤਾਬ, ''''ਮੱਧਕਾਲੀਨ ਭਾਰਤ'''' ਦੇ ਪਾਠ ਨੰਬਰ 232 ਵਿੱਚ ਲਿਖਦੇ ਹਨ, "1669 ਵਿੱਚ ਸਾਰੇ ਸੂਬੇਦਾਰਾਂ ਅਤੇ ਮੂਸਾਹਿਬਾਂ ਨੂੰ ਹਿੰਦੂ ਮੰਦਰਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਤੋੜ ਦੇਣ ਦੀ ਇਜਾਜ਼ਤ ਦਿੱਤੀ ਗਈ। ਇਸ ਲਈ ਇੱਕ ਵੱਖਰਾ ਵਿਭਾਗ ਵੀ ਖੋਲ੍ਹਿਆ ਗਿਆ।
ਇਹ ਤਾਂ ਸੰਭਵ ਹੀ ਨਹੀਂ ਸੀ ਕਿ ਹਿੰਦੂਆਂ ਦੇ ਸਾਰੇ ਸਕੂਲ ਅਤੇ ਮੰਦਰ ਨਸ਼ਟ ਕਰ ਦਿੱਤੇ ਜਾਂਦੇ ਪਰ ਬਨਾਰਸ ਦਾ ਵਿਸ਼ਵਨਾਥ ਮੰਦਰ, ਮਥੂਰਾ ਦਾ ਕੇਸ਼ਵਦੇਵ ਮੰਦਰ, ਪਾਟਨ ਦਾ ਸੋਮਨਾਥ ਮੰਦਰ ਅਤੇ ਤਕਰੀਬਨ ਸਾਰੇ ਵੱਡੇ ਮੰਦਰ, ਖ਼ਾਸ ਤੌਰ ''''ਤੇ ਉੱਤਰ ਭਾਰਤ ਦੇ ਮੰਦਰ ਇਸੇ ਸਮੇਂ ਤੋੜੇ ਗਏ।"
ਪਰ ਦਾਅਵਿਆਂ ਦੀ ਕਿਸੇ ਸਮਕਾਲੀ ਇਤਿਹਾਸਕ ਸਾਧਨ ਤੋਂ ਪੁਸ਼ਟੀ ਨਹੀਂ ਹੁੰਦੀ। ਇਲਾਹਾਬਾਦ ਯੂਨੀਵਰਸਿਟੀ ਵਿੱਚ ਮੱਧ ਕਾਲੀਨ ਇਤਿਹਾਸ ਵਿਭਾਗ ਦੇ ਪ੍ਰੋਫ਼ੈੱਸਰ ਹੇਰੰਬ ਚਤੁਰਵੇਦੀ ਕਹਿੰਦੇ ਹਨ ਕਿ ਮਥੁਰਾ ਦੇ ਕੇਸ਼ਵਰਾਏ ਮੰਦਰ ਨੂੰ ਤੋੜੇ ਜਾਣ ਦੇ ਹੁਕਮ ਦੇ ਬਾਰੇ ਸਮਕਾਲੀ ਇਤਿਹਾਸਕਾਰਾਂ ਨੇ ਲਿਖਿਆ ਹੈ ਪਰ ਵਿਸ਼ਵਨਾਥ ਮੰਦਰ ਤੋੜੇ ਜਾਣ ਦੇ ਹੁਕਮਾਂ ਦਾ ਜ਼ਿਕਰ ਨਹੀਂ ਹੈ।
ਉਨ੍ਹਾਂ ਮੁਤਾਬਕ, "ਸਾਕੀ ਮੁਸਤਈਦ ਖ਼ਾ ਅਤੇ ਸੁਜਾਨ ਰਾਏ ਭੰਡਾਰੀ ਵਰਗੇ ਔਰੰਗਜ਼ੇਬ ਦੇ ਸਮਕਾਲੀ ਇਤਿਹਾਸਕਾਰਾਂ ਨੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਜਦੋਂਕਿ ਇਨ੍ਹਾਂ ਦੇ ਵੇਰਵਿਆਂ ਨੂੰ ਉਸ ਕਾਲ ਦੇ ਸਭ ਤੋਂ ਪ੍ਰਮਾਣਿਕ ਦਸਤਾਵੇਜ਼ ਮੰਨਿਆ ਜਾਂਦਾ ਹੈ।
ਅਜਿਹਾ ਲੱਗਦਾ ਹੈ ਕਿ ਔਰੰਗਜ਼ੇਬ ਤੋਂ ਬਾਅਦ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਦੇ ਵੇਰਵਿਆਂ ਤੋਂ ਹੀ ਇਹ ਗੱਲ ਅੱਗੇ ਵੱਧੀ ਹੋਵੇਗੀ ਪਰ ਸਭ ਤੋਂ ਪਹਿਲਾਂ ਕਿਸ ਨੇ ਜ਼ਿਕਰ ਕੀਤਾ, ਇਹ ਦੱਸਣਾ ਔਖਾ ਹੈ।"
ਗਿਆਨਵਾਪੀ ਮਸਜਿਦ ਦੀ ਉਸਾਰੀ ਬਾਰੇ ਪ੍ਰੋਫ਼ੈੱਸਰ ਚਤੁਰਵੇਦੀ ਕਹਿੰਦੇ ਹਨ, "ਮਸਜਿਦ ਉਸਾਰੀ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ ਅਤੇ ਮਸਜਿਦ ਦਾ ਨਾਮ ਗਿਆਨਵਾਪੀ ਹੋ ਵੀ ਨਹੀਂ ਸਕਦਾ। ਅਜਿਹਾ ਲੱਗਦਾ ਹੈ ਕਿ ਗਿਆਨਵਾਪੀ ਕੋਈ ਗਿਆਨ ਦਾ ਸਕੂਲ ਰਿਹਾ ਹੋਵੇਗਾ। ਸਕੂਲ ਦੇ ਨਾਲ ਮੰਦਰ ਵੀ ਰਿਹਾ ਹੋਵੇਗਾ ਜੋ ਪੁਰਾਤਨ ਗੁਰੂਕੁਲ ਰਵਾਇਤ ਵਿੱਚ ਹਮੇਸ਼ਾ ਹੋਇਆ ਕਰਦਾ ਸੀ। ਉਸ ਮੰਦਰ ਨੂੰ ਤੋੜ ਕੇ ਮਸਜਿਦ ਬਣੀ ਤਾਂ ਉਸ ਦਾ ਨਾਮ ਗਿਆਨਵਾਪੀ ਪੈ ਗਿਆ, ਅਜਿਹਾ ਮੰਨਿਆ ਜਾ ਸਕਦਾ ਹੈ।"
ਵਾਰਾਣਸੀ ਵਿੱਚ ਉੱਘੇ ਪੱਤਰਕਾਰ ਯੋਗੇਂਦਰ ਸ਼ਰਮਾ ਨੇ ਗਿਆਨਵਾਪੀ ਮਸਜਿਦ ਤੇ ਵਿਸ਼ਵਨਾਥ ਮੰਦਰ ਬਾਰੇ ਕਾਫ਼ੀ ਖੋਜ ਕੀਤੀ ਹੈ।
ਉਹ ਸਪਸ਼ਟ ਤੌਰ ''''ਤੇ ਕਹਿੰਦੇ ਹਨ, "ਅਕਬਰ ਦੇ ਸਮੇਂ ਟੋਡਰਮਲ ਨੇ ਮੰਦਰ ਬਣਵਾਇਆ। ਕਰੀਬ ਸੋ ਸਾਲ ਬਾਅਦ ਔਰੰਗਜ਼ੇਬ ਦੇ ਸਮੇਂ ਮੰਦਰ ਨਸ਼ਟ ਹੋਇਆ ਅਤੇ ਫ਼ਿਰ ਅੱਗੇ ਕਰੀਬ 125 ਸਾਲਾਂ ਤੱਕ ਕੋਈ ਵਿਸ਼ਵਨਾਥ ਮੰਦਰ ਨਹੀਂ ਸੀ। ਸਾਲ 1735 ਵਿੱਚ ਇੰਦੌਰ ਦੀ ਮਹਾਰਾਣੀ ਦੇਵੀ ਅਹਿਲਿਆਬਾਈ ਨੇ ਮੌਜੂਦਾ ਮੰਦਰ ਦੀ ਉਸਾਰੀ ਕਰਾਵਈ।"
ਯੋਗੇਂਦਰ ਸ਼ਰਮਾ ਕਹਿੰਦੇ ਹਨ, "ਪੁਰਾਣਾਂ ਵਿੱਚ ਜਿਸ ਵਿਸ਼ਵਨਾਥ ਮੰਦਰ ਜਾ ਜ਼ਿਕਰ ਮਿਲਦਾ ਹੈ, ਉਸ ਦਾ ਇਸ ਮੰਦਰ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਸਦਾ ਕੋਈ ਸਿੱਧਾ ਜਵਾਬ ਇਤਿਹਾਸਕਾਰ ਨਹੀਂ ਦੇ ਪਾਉਂਦੇ। ਗਿਆਨਵਾਪੀ ਦੇ ਨੇੜੇ ਆਦਿਵਿਸ਼ਵੇਸ਼ਵਰ ਮੰਦਰ ਬਾਰੇ ਜ਼ਰੂਰ ਕਿਹਾ ਜਾਂਦਾ ਹੈ ਕਿ ਇਹ ਉੱਥੇ ਹੀ ਸੀ, ਜਿਸਦਾ ਪੁਰਾਣਾਂ ਵਿੱਚ ਜ਼ਿਕਰ ਹੈ। ਮੰਦਰ ਢਹਿਣ ਤੋਂ ਬਾਅਦ ਹੀ ਮਸਜਿਦ ਬਣੀ ਅਤੇ ਗਿਆਨਵਾਪੀ ਖੂਹ ਦੇ ਨਾਮ ''''ਤੇ ਮਸਜਿਦ ਦਾ ਨਾਮ ਵੀ ਗਿਆਨਵਾਪੀ ਪੈ ਗਿਆ। ਗਿਆਨਵਾਪੀ ਖੂਹ ਅੱਜ ਵੀ ਮੌਜੂਦ ਹੈ।"
ਗਿਆਨਵਾਪੀ ਮਸਜਿਦ ਦੀ ਉਸਾਰੀ ਦਾ ਸਮਾਂ
ਭਰੋਸੇਯੋਗ ਇਤਿਹਾਸਿਕ ਦਸਤਾਵੇਜਾਂ ਵਿੱਚ ਗਿਆਨਵਾਪੀ ਮਸਜਿਦ ਦਾ ਪਹਿਲਾ ਜ਼ਿਕਰ 1883-84 ਵਿੱਚ ਮਿਲਦਾ ਹੈ ਜਦੋਂ ਇਸ ਨੂੰ ਸਰਕਾਰੀ ਦਸਤਾਵੇਜਾਂ ਵਿੱਚ ਜਾਮਾ ਮਸਜਿਦ ਗਿਆਨਵਾਪੀ ਦੇ ਤੌਰ ''''ਤੇ ਦਰਜ ਕੀਤਾ ਗਿਆ।
ਸਈਦ ਮੁਹੰਮਦ ਯਾਸੀਨ ਕਹਿੰਦੇ ਹਨ, "ਮਸਜਿਦ ਵਿੱਚ ਉਸ ਤੋਂ ਪਹਿਲਾਂ ਦੀ ਕੋਈ ਵੀ ਚੀਜ਼ ਨਹੀਂ ਹੈ ਜਿਸ ਤੋਂ ਸਪਸ਼ਟ ਹੋਵੇ ਕਿ ਇਹ ਕਦੋਂ ਬਣੀ ਹੈ। ਸਰਕਾਰੀ ਦਸਤਾਵੇਜ ਹੀ ਸਭ ਤੋਂ ਪੁਰਾਣਾ ਦਸਤਾਵੇਜ ਹੈ। ਇਸੇ ਦੇ ਆਧਾਰ ''''ਤੇ ਸਾਲ 1936 ਵਿੱਚ ਦਾਇਰ ਇੱਕ ਮੁਕੱਦਮੇ ''''ਤੇ ਅਗਲੇ ਸਾਲ 1937 ਵਿੱਚ ਉਸ ਦਾ ਫ਼ੈਸਲਾ ਵੀ ਆਇਆ ਸੀ ਅਤੇ ਇਸ ਨੂੰ ਮਸਜਿਦ ਦੇ ਤੌਰ ''''ਤੇ ਅਦਾਲਤ ਨੇ ਸਵੀਕਾਰ ਕੀਤਾ ਸੀ।"
"ਅਦਾਲਤ ਨੇ ਮੰਨਿਆ ਸੀ ਕਿ ਇਹ ਹੇਠੋਂ ਉੱਪਰ ਤੱਕ ਮਸਜਿਦ ਹੈ ਅਤੇ ਵਕਫ਼ ਜਾਇਦਾਦ ਹੈ। ਬਾਅਦ ਵਿੱਚ ਹਾਈ ਕੋਰਟ ਨੇ ਵੀ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ। ਇਸ ਮਸਜਿਦ ਵਿੱਚ 15 ਅਗਸਤ, 1947 ਤੋਂ ਪਹਿਲਾਂ ਤੋਂ ਹੀ ਨਹੀਂ ਬਲਕਿ 1660 ਵਿੱਚ ਜਦੋਂ ਇਹ ਬਣੀ ਹੈ ਉਸ ਸਮੇਂ ਤੋਂ ਇੱਥੇ ਨਮਾਜ਼ ਪੜ੍ਹੀ ਜਾ ਰਹੀ ਹੈ। ਕੋਰੋਨਾ ਕਾਲ ਵਿੱਚ ਵੀ ਇਹ ਸਿਲਸਿਲਾ ਨਹੀਂ ਟੁੱਟਿਆ।"
ਹਾਲਾਂਕਿ ਮਸਜਿਦ ਦੇ 1669 ਵਿੱਚ ਬਣਨ ਦਾ ਕੋਈ ਇਤਿਹਾਸਿਕ ਸਬੂਤ ਮੌਜੂਦ ਨਹੀਂ ਹੈ ਜੋ ਸਈਦ ਮੁਹੰਮਦ ਯਾਸੀਨ ਦੇ ਦਾਅਵੇ ਦੀ ਪੁਸ਼ਟੀ ਕਰ ਸਕੇ।
ਸਈਦ ਯਾਸੀਨ ਦੱਸਦੇ ਹਨ ਕਿ ਮਸਜਿਦ ਦੇ ਠੀਕ ਪੱਛਮ ਵਿੱਚ ਦੋ ਕਬਰਾਂ ਹਨ ਜਿਨ੍ਹਾਂ ''''ਤੇ ਸਾਲਾਨਾ ਉਰਸ (ਕਿਸੇ ਦਰਗਾਹ ਦੀ ਮਨਾਈ ਜਾਣ ਵਾਲੀ ਬਰਸੀ) ਹੁੰਦਾ ਸੀ। ਉਨ੍ਹਾਂ ਮੁਤਾਬਕ ਸਾਲ 1937 ਵਿੱਚ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਉਰਸ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ।
ਉਹ ਕਹਿੰਦੇ ਹਨ ਕਿ ਇਹ ਕਬਰਾਂ ਵੀ ਮਹਿਫ਼ੂਜ਼ ਹਨ ਪਰ ਉਰਸ ਨਹੀਂ ਹੁੰਦਾ। ਦੋਵੇਂ ਕਬਰਾਂ ਕਦੋਂ ਦੀਆਂ ਹਨ, ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ।
ਕੁਝ ਹੋਰ ਦਿਲਚਸਪ ਕਹਾਣੀਆਂ
ਵਿਸ਼ਵਨਾਥ ਮੰਦਰ ਢਾਉਣ ਅਤੇ ਫ਼ਿਰ ਮਸਜਿਦ ਬਣਵਾਉਣ ਬਾਰੇ ਕੁਝ ਹੋਰ ਦਿਲਚਸਪ ਕਹਾਣੀਆਂ ਹਨ ਅਤੇ ਇਤਿਹਾਸਕ ਦਸਤਾਵੇਜਾਂ ਦੇ ਨਾਲ ਉਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਹੁੰਦੀ ਹੈ।
ਮਸ਼ਹੂਰ ਇਤਿਹਾਸਕਾਰ ਡਾ. ਵਿਸ਼ਵੰਭਰ ਨਾਥ ਪਾਂਡੇ ਆਪਣੀ ਕਿਤਾਬ, ''''ਭਾਰਤੀ ਸੰਸਕ੍ਰਿਤੀ, ਮੁਗ਼ਲ ਵਿਰਾਸਤ ਔਰੰਗਜ਼ੇਬ ਦੇ ਫ਼ਰਮਾਨ'''' ਦੇ ਪਾਠ ਨੰਬਰ 119 ਅਤੇ 120 ਵਿੱਚ ਪੱਟਾਭਿਸੀਤਾਰਮਈਆ ਦੀ ਕਿਤਾਬ ''''ਫ਼ੈਦਰਸ ਐਂਡ ਸਟੋਨਸ'''' ਦੇ ਹਵਾਲੇ ਨਾਲ ਵਿਸ਼ਵਨਾਥ ਮੰਦਰ ਨੂੰ ਤੋੜੇ ਜਾਣ ਸਬੰਧੀ ਔਰੰਗਜ਼ੇਬ ਦੇ ਹੁਕਮਾਂ ਅਤੇ ਉਸ ਦੇ ਕਾਰਨਾਂ ਬਾਰੇ ਦੱਸਦੇ ਹਨ।
ਉਹ ਲਿਖਦੇ ਹਨ, ''''''''ਇੱਕ ਵਾਰ ਔਰੰਗਜ਼ੇਬ ਬਨਾਰਸ ਦੇ ਨੇੜਲੇ ਸੂਬੇ ਵਿੱਚੋਂ ਲੰਘ ਰਹੇ ਸਨ। ਸਾਰੇ ਹਿੰਦੂ ਦਰਬਾਰੀ ਆਪਣੇ ਪਰਿਵਾਰ ਦੇ ਨਾਲ ਗੰਗਾ ਵਿੱਚ ਇਸ਼ਨਾਨ ਅਤੇ ਵਿਸ਼ਵਨਾਥ ਦਰਸ਼ਨ ਲਈ ਕਾਸ਼ੀ ਆਏ। ਵਿਸ਼ਵਨਾਥ ਦਰਸ਼ਨ ਕਰਕੇ ਜਦੋਂ ਲੋਕ ਬਾਹਰ ਆਏ ਤਾਂ ਪਤਾ ਲੱਗਿਆ ਕਿ ਕੱਛ ਦੇ ਰਾਜਾ ਦੀ ਪਤਨੀ ਗਵਾਚ ਗਈ ਹੈ।
ਭਾਲ ਕੀਤੀ ਗਈ ਤਾਂ ਮੰਦਰ ਦੇ ਹੇਠਾਂ ਤਹਿਖਾਨੇ ਵਿੱਚ ਰਾਣੀ ਕੱਪੜਿਆਂ ਤੋਂ ਬਗ਼ੈਰ ਡਰੀ ਹੋਈ ਦਿਖਾਈ ਦਿੱਤੀ। ਜਦੋਂ ਔਰੰਗਜ਼ੇਬ ਨੂੰ ਪੰਡਾਂ (ਤੀਰਥ ਯਾਤਰੀਆਂ ਨੂੰ ਜਗ੍ਹਾ ਬਾਰੇ ਜਾਣਕਾਰੀ ਦੇ ਕੇ ਰੋਜ਼ੀ ਰੋਟੀ ਕਮਾਉਣ ਵਾਲੇ) ਦੀ ਇਸ ਕਾਲੀ ਕਰਤੂਤ ਦਾ ਪਤਾ ਲੱਗਿਆ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ ਅਤੇ ਬੋਲਿਆ ਕਿ ਜਿੱਥੇ ਮੰਦਰ ਦੇ ਗਰਭ ਗ੍ਰਹਿ ਦੇ ਹੇਠਾਂ ਇਸ ਤਰ੍ਹਾਂ ਦੀ ਡਕੈਤੀ ਤੇ ਬਲਾਤਕਾਰ ਹੋਵੇ, ਉਹ ਬੇਸ਼ੱਕ ਰੱਬ ਦਾ ਘਰ ਨਹੀਂ ਹੋ ਸਕਦਾ। ਉਨ੍ਹਾਂ ਨੇ ਤੁਰੰਤ ਮੰਦਰ ਨੂੰ ਨਸ਼ਟ ਕਰਨ ਦਾ ਹੁਕਮ ਜਾਰੀ ਕਰ ਦਿੱਤਾ।"
ਵਿਸ਼ਵੰਭਰ ਨਾਥ ਪਾਂਡੇ ਅੱਗੇ ਲਿਖਦੇ ਹਨ ਕਿ ਔਰੰਗਜ਼ੇਬ ਦੇ ਹੁਕਮਾਂ ਦਾ ਤਤਕਾਲ ਪਾਲਣ ਹੋਇਆ ਪਰ ਜਦੋਂ ਇਹ ਗੱਲ ਕੱਛ ਦੀ ਰਾਣੀ ਨੇ ਸੁਣੀ ਤਾਂ ਉਨ੍ਹਾਂ ਨੇ ਉਸ ਨੂੰ ਸੁਨੇਹਾ ਭਿਜਵਾਇਆ ਕਿ ਇਸ ਵਿੱਚ ਮੰਦਰ ਦਾ ਕੀ ਕਸੂਰ ਹੈ, ਦੋਸ਼ੀ ਤਾਂ ਉੱਥੋਂ ਦੇ ਪੰਡ ਹਨ।
ਉਹ ਲਿਖਦੇ ਹਨ, "ਰਾਣੀ ਨੇ ਇੱਛਾ ਜ਼ਾਹਰ ਕੀਤੀ ਕਿ ਮੰਦਰ ਨੂੰ ਦੁਬਾਰਾ ਬਣਵਾ ਦਿੱਤਾ ਜਾਵੇ। ਔਰੰਗਜ਼ੇਬ ਲਈ ਆਪਣੇ ਧਾਰਮਿਕ ਵਿਸ਼ਵਾਸ ਦੇ ਕਾਰਨ ਫ਼ਿਰ ਤੋਂ ਨਵਾਂ ਮੰਦਰ ਬਣਵਾਉਣਾ ਸੰਭਵ ਨਹੀਂ ਸੀ। ਇਸ ਲਈ ਉਸਨੇ ਮੰਦਰ ਦੀ ਜਗ੍ਹਾ ਮਸਜਿਦ ਖੜੀ ਕਰਕੇ ਰਾਣੀ ਦੀ ਇੱਛਾ ਪੂਰੀ ਕੀਤੀ।"
ਪ੍ਰੋਫ਼ੈੱਸਰ ਰਾਜੀਵ ਦਵੀਵੇਦੀ ਸਮੇਤ ਕਈ ਹੋਰ ਇਤਿਹਾਸਕਾਰ ਵੀ ਇਸ ਘਟਨਾ ਦੀ ਪੁਸ਼ਟੀ ਕਰਦੇ ਹਨ ਅਤੇ ਕਹਿੰਦੇ ਹਨ ਕਿ ਔਰੰਗਜ਼ੇਬ ਦਾ ਇਹ ਫ਼ਰਮਾਨ ਹਿੰਦੂ ਵਿਰੋਧ ਜਾਂ ਫ਼ਿਰ ਹਿੰਦੂਆਂ ਪ੍ਰਤੀ ਕਿਸੇ ਕਿਸਮ ਦੀ ਨਫ਼ਰਤ ਦੇ ਕਾਰਨ ਨਹੀਂ ਬਲਕਿ ਉਨ੍ਹਾਂ ਪੰਡਾਂ ਦੇ ਖ਼ਿਲਾਫ਼ ਗੁੱਸਾ ਸੀ ਜਿਨ੍ਹਾਂ ਨੇ ਕੱਛ ਦੀ ਰਾਣੀ ਨਾਲ ਮਾੜਾ ਵਿਵਹਾਰ ਕੀਤਾ ਸੀ।
ਪ੍ਰੋਫ਼ੈੱਸਰ ਹੇਰੰਬ ਕਹਿੰਦੇ ਹਨ ਕਿ ਕੱਛ ਦੇ ਰਾਜਾ ਕੋਈ ਹੋਰ ਨਹੀਂ ਬਲਕਿ ਆਮੇਰ ਦੇ ਕਛਵਾਹਾ ਸ਼ਾਸਕ ਸਨ।
ਪ੍ਰੋਫ਼ੈੱਸਰ ਚਤੁਰਵੇਦੀ ਕਹਿੰਦੇ ਹਨ ਕਿ ਮੰਦਰ ਢਾਉਣ ਦੇ ਹੁਕਮ ਔਰੰਗਜ਼ੇਬ ਨੇ ਦਿੱਤੇ ਸਨ ਪਰ ਮੰਦਰ ਨੂੰ ਢਾਉਣ ਦਾ ਕੰਮ ਕਛਵਾਹਾ ਸ਼ਾਸਕ ਰਾਜਾ ਜੈ ਸਿੰਘ ਦੀ ਨਿਗਰਾਨੀ ਵਿੱਚ ਕੀਤਾ ਗਿਆ ਸੀ।
ਪ੍ਰੋਫ਼ੈੱਸਰ ਚਤੁਰਵੇਦੀ ਕਹਿੰਦੇ ਹਨ, "ਹਰਿਮੰਦਰ ਸਾਹਿਬ ਵਿੱਚ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਸ ਦੀ ਰੌਸ਼ਨੀ ਵਿੱਚ ਸਾਨੂੰ ਇਸ ਘਟਨਾ ਨੂੰ ਦੇਖਣਾ ਚਾਹੀਦਾ ਹੈ।"
"ਜਿਸ ਤਰ੍ਹਾਂ ਦਾ ਗੁੱਸਾ ਸਿੱਖ ਸਮਾਜ ਵਿੱਚ ਆਪਰੇਸ਼ਨ ਬਲੂ ਸਟਾਰ ਸਮੇਂ ਪੈਦਾ ਹੋਇਆ ਅਤੇ ਉਸਦਾ ਨਤੀਜਾ ਇੰਦਰਾ ਗਾਂਧੀ ਨੂੰ ਭੁਗਤਨਾ ਪਿਆ, ਉਸੇ ਤਰ੍ਹਾਂ ਦਾ ਗੁੱਸਾ ਮੰਦਰ ਤੋੜਨ ''''ਤੇ ਤਤਕਾਲੀ ਹਿੰਦੂ ਸਮਾਜ ਵਿੱਚ ਪੈਦਾ ਹੋਇਆ। ਇਹ ਇਤਿਹਾਸ ਹੀ ਨਹੀਂ, ਇਤਿਹਾਸ ਸਮਝਣ ਦਾ ਨਜ਼ਰੀਆ ਵੀ ਹੈ।"
1991 ਤੋਂ ਪਹਿਲਾਂ ਦੀਆਂ ਪਟੀਸ਼ਨਾਂ
ਪਿਛਲੇ ਹਫ਼ਤੇ ਗਿਆਨਵਾਪੀ ਇਮਾਰਤ ਦੇ ਸਰਵੇਖਣ ਦੇ ਹੁਕਮ ਉਨ੍ਹਾਂ ਪਟੀਸ਼ਨਾਂ ''''ਤੇ ਦਿੱਤੇ ਗਏ ਹਨ ਜੋ ਸਾਲ 1991 ਵਿੱਚ ਦਾਇਰ ਕੀਤੀਆਂ ਗਈਆਂ ਸਨ ਤੇ ਉਸੇ ਸਾਲ ਹੀ ਸੰਸਦ ਨੇ ਪੂਜਾ ਸਥਲ ਕਾਨੂੰਨ ਬਣਾਇਆ ਸੀ।
18 ਸਤੰਬਰ, 1991 ਵਿੱਚ ਬਣੇ ਇਸ ਕਾਨੂੰਨ ਮੁਤਾਬਕ, 15 ਅਗਸਤ, 1947 ਤੋਂ ਪਹਿਲਾਂ ਹੋਂਦ ਵਿੱਚ ਆਏ ਕਿਸੇ ਵੀ ਧਰਮ ਦੇ ਪੂਜਾ ਸਥਾਨ ਨੂੰ ਕਿਸੇ ਹੋਰ ਧਰਮ ਦੇ ਪੂਜਾ ਸਥਾਨ ਵਿੱਚ ਨਹੀਂ ਬਦਲਿਆ ਜਾ ਸਕਦਾ।
ਜੇ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇੱਕ ਤੋਂ ਤਿੰਨ ਸਾਲ ਤੱਕ ਜ਼ੇਲ੍ਹ ਅਤੇ ਜ਼ੁਰਮਾਨਾ ਹੋ ਸਕਦਾ ਹੈ। ਕਿਉਂਕਿ ਅਯੋਧਿਆ ਨਾਲ ਜੁੜਿਆ ਮੁਕਦਮਾ ਆਜ਼ਾਦੀ ਤੋਂ ਪਹਿਲਾਂ ਤੋਂ ਅਦਾਲਤ ਵਿੱਚ ਲੰਬਿਤ ਸੀ ਇਸ ਲਈ ਅਯੁੱਧਿਆ ਮਾਮਲੇ ਨੂੰ ਇਸ ਕਾਨੂੰਨ ਦੇ ਦਾਇਰੇ ਵਿੱਚੋਂ ਬਾਹਰ ਰੱਖਿਆ ਗਿਆ ਸੀ।
ਸਥਾਨਕ ਲੋਕਾਂ ਮੁਤਾਬਕ, ਮੰਦਰ-ਮਸਜਿਦ ਨੂੰ ਲੈ ਕੇ ਕਈ ਵਾਰ ਵਿਵਾਦ ਹੋਏ ਹਨ ਪਰ ਇਹ ਵਿਵਾਦ ਆਜ਼ਾਦੀ ਤੋਂ ਪਹਿਲਾਂ ਦੇ ਹਨ, ਉਸ ਤੋਂ ਬਾਅਦ ਦੇ ਨਹੀਂ। ਜ਼ਿਆਦਾਤਰ ਵਿਵਾਦ ਮਸਜਿਦ ਇਮਾਰਤ ਦੇ ਬਾਹਰ ਮੰਦਰ ਦੇ ਇਲਾਕੇ ਵਿੱਚ ਨਮਾਜ਼ ਪੜ੍ਹਨ ਨੂੰ ਲੈ ਕੇ ਹੋਏ ਸਨ।
ਸਭ ਤੋਂ ਅਹਿਮ ਵਿਵਾਦ 1809 ਵਿੱਚ ਹੋਇਆ ਸੀ ਜਿਸ ਕਾਰਨ ਫ਼ਿਰਕੂ ਦੰਗੇ ਵੀ ਹੋਏ ਸਨ।
ਵਾਰਾਣਸੀ ਵਿੱਚ ਪੱਤਰਕਾਰ ਜੈ ਸਿੰਘ ਦੱਸਦੇ ਹਨ, "1991 ਦੇ ਕਾਨੂੰਨ ਤੋਂ ਬਾਅਦ ਮਸਜਿਦ ਦੇ ਚਾਰੇ ਪਾਸੇ ਲੋਹੇ ਦੀ ਚਾਰਦਿਵਾਰੀ ਬਣਾ ਦਿੱਤੀ ਗਈ ਹਾਲਾਂਕਿ ਉਸ ਤੋਂ ਪਹਿਲਾਂ ਇੱਥੇ ਕਿਸੇ ਤਰ੍ਹਾਂ ਦੇ ਕਾਨੂੰਨੀ ਜਾਂ ਫ਼ਿਰ ਫ਼ਿਰਕੂ ਵਿਵਾਦ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਸੀ।
ਮਸਜਿਦ ਦੀ ਪ੍ਰਬੰਧਕੀ ਕਮੇਟੀ ਦੇ ਸੰਯੁਕਤ ਸਕੱਤਰ ਸਈਦ ਮੁਹੰਮਦ ਯਾਸੀਨ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ।
ਯਾਸੀਨ ਕਹਿੰਦੇ ਹਨ, "ਸਾਲ 1937 ਵਿੱਚ ਫ਼ੈਸਲੇ ਦੇ ਅਧੀਨ ਮਸਜਿਦ ਦੀ ਜਗ੍ਹਾ ਇੱਕ ਬੀਘਾ, ਨੌ ਬਿਸਵਾ ਅਤੇ ਛੇ ਧੂਰ ਤੈਅ ਕੀਤਾ ਗਿਆ ਸੀ ਪਰ 1991 ਵਿੱਚ ਸਿਰਫ਼ ਮਸਜਿਦ ਦੀ ਉਸਾਰੀ ਖੇਤਰ ਨੂੰ ਹੀ ਘੇਰਿਆ ਗਿਆ ਅਤੇ ਹੁਣ ਮਸਜਿਦ ਦੇ ਹਿੱਸੇ ਵਿੱਚ ਉਨ੍ਹੀਂ ਹੀ ਜਗ੍ਹਾ ਹੈ।
ਇਹ ਕਿੰਨੀ ਹੈ ਉਸ ਦਾ ਕਦੇ ਨਾਪ-ਤੋਲ ਨਹੀਂ ਕੀਤਾ ਗਿਆ। ਵਿਵਾਦ ਸਾਡੇ ਜਾਣਨ ਵਿੱਚ ਕਦੇ ਹੋਇਆ ਹੀ ਨਹੀਂ। ਇਥੋਂ ਤੱਕ ਕਿ ਅਜਿਹੇ ਵੀ ਮੌਕੇ ਆਏ ਕਿ ਜੁੰਮੇ ਦੀ ਨਮਾਜ਼ ਅਤੇ ਸ਼ਿਵਰਾਤਰੀ ਇੱਕ ਹੀ ਦਿਨ ਆਏ ਪਰ ਉਸ ਸਮੇਂ ਵੀ ਸਭ ਕੁਝ ਸ਼ਾਂਤਮਈ ਰਿਹਾ।"
ਸਾਲ 1991 ਵਿੱਚ ਸਰਵੇਖਣ ਦੇ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਹਰਿਹਰ ਪਾਂਡੇ ਦੱਸਦੇ ਹਨ, "ਸਾਲ 1991 ਵਿੱਚ ਅਸੀਂ ਤਿੰਨ ਲੋਕਾਂ ਨੇ ਇਹ ਮੁਕੱਦਮਾਂ ਦਾਇਰ ਕੀਤਾ ਸੀ। ਮੇਰੇ ਇਲਾਵਾ ਸੋਮਨਾਥ ਵਿਆਸ ਅਤੇ ਸੰਪੂਰਣਾਨੰਦ ਸੰਸਕ੍ਰਿਤ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਰਹੇ ਰਾਮਰੰਗ ਸ਼ਰਮਾ ਸਨ। ਇਹ ਦੋਵੇਂ ਲੋਕ ਹੁਣ ਜ਼ਿਉਂਦੇ ਨਹੀਂ ਹਨ।"
ਇਸ ਮੁਕੱਦਮੇ ਦੇ ਦਰਜ ਹੋਣ ਤੋਂ ਕੁਝ ਦਿਨ ਬਾਅਦ ਹੀ ਮਸਜਿਦ ਪ੍ਰਬੰਧਨ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਪੂਜਾ ਸਥਾਨ ਕਾਨੂੰਨ, 1991 (ਪਲੇਸ ਆਫ਼ ਵਰਸ਼ਿਪ ਲੌ) ਦਾ ਹਵਾਲਾ ਦੇ ਕੇ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਇਲਾਹਾਬਾਦ ਹਾਈ ਕੋਰਟ ਨੇ ਸਾਲ 1993 ਵਿੱਚ ਸਟੇਅ ਲਗਾਕੇ ਉਸੇ ਸਥਿਤੀ ਨੂੰ ਕਾਇਮ ਰੱਖਣ ਦੇ ਹੁਕਮ ਦਿੱਤੇ ਸਨ।
ਪਰ ਸਟੇਅ ਆਰਡਰ ਦੀ ਕਾਨੂੰਨੀ ਮਾਨਤਾ ''''ਤੇ ਸੁਪਰੀਮ ਕੋਰਟ ਦੇ ਇੱਕ ਹੁਕਮ ਤੋਂ ਬਾਅਦ ਸਾਲ 2019 ਵਿੱਚ ਵਾਰਾਣਸੀ ਕੋਰਟ ਵਿੱਚ ਫ਼ਿਰ ਤੋਂ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਅਤੇ ਇਸੇ ਸੁਣਵਾਈ ਤੋਂ ਬਾਅਦ ਇਮਾਰਤ ਦੇ ਪੁਰਾਤੱਤਵ ਸਰਵੇਖਣ ਦੀ ਮਨਜ਼ੂਰੀ ਦਿੱਤੀ ਗਈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)