ਮਨੁੱਖ ਬੈੱਡ ਉੱਤੇ ਕਦੋਂ ਤੋਂ ਸੌਂ ਰਿਹਾ ਹੈ, ਕਿਵੇਂ ਹੁੰਦੇ ਸੀ ਪੁਰਾਣੇ ਬੈੱਡ, ਖੋਜਾਂ ਤੋਂ ਹੋਏ ਦਿਲਚਸਪ ਖੁਲਾਸੇ

Tuesday, Jan 30, 2024 - 02:50 PM (IST)

ਸਕੌਟਲੈਂਡ
Alamy
ਸਕਾਰਾ ਬ੍ਰੇ ਦੀ ਖੋਜ ਪਹਿਲੀ ਵਾਰ 1850 ਵਿੱਚ ਕੀਤੀ ਗਈ ਸੀ, ਜਦੋਂ ਇੱਕ ਹਿੰਸਕ ਤੂਫ਼ਾਨ ਨੇ ਉਸ ਮੈਦਾਨ ਨੂੰ ਹਟਾ ਦਿੱਤਾ ਜਿਸ ਨੇ ਇਸ ਨੂੰ ਹਜ਼ਾਰਾਂ ਸਾਲਾਂ ਤੋਂ ਢੱਕਿਆ ਹੋਇਆ ਸੀ

ਮਾਲਟਾ ਵਿੱਚ ਖੁਦਾਈ ਤੋਂ ਮਿਲੀ ਮਿੱਟੀ ਦੀ ਮੂਰਤੀ ਵਿੱਚ ਇੱਕ ਔਰਤ ਨੂੰ ਪਾਸਾ ਵੱਟ ਕੇ ਆਰਾਮ ਨਾਲ ਸੌਂਦੇ ਹੋਏ ਦਰਸਾਇਆ ਗਿਆ ਹੈ।

ਸਕਾਟਲੈਂਡ ਦੇ ਓਰਕਨੇਯ ਟਾਪੂ ਦੇ ਪੱਛਮੀ ਤੱਟ ’ਤੇ ਸਕੈਲ ਦੀ ਖਾੜੀ ਦੇ ਖੁੱਲ੍ਹੇ ਡੁੱਲ੍ਹੇ ਹਵਾਦਾਰ ਖੇਤਰ ਵਿਚਕਾਰ ਸਕਾਰਾ ਬ੍ਰੇ ਨਾਂ ਦਾ ਇੱਕ ਪ੍ਰਾਚੀਨ ਪਿੰਡ ਸਥਿਤ ਹੈ।

ਹਰੇ ਭਰੇ ਟਿੱਲਿਆਂ ਵਾਲੇ ਇਸ ਘੁੰਮਣਘੇਰੀ ਵਾਲੇ ਇਲਾਕੇ ਵਿੱਚ ਇੱਕ ਵੱਡੇ ਕਮਰੇ ਵਾਲੇ ਘਰ ਹਨ ਜਿਨ੍ਹਾਂ ਦੀਆਂ ਮੋਟੀਆਂ ਕੰਧਾਂ ਹਨ। ਕੰਧਾਂ ’ਤੇ ਘਾਹ ਉੱਗਿਆ ਹੈ ਅਤੇ ਪੱਥਰਾਂ ਵਾਲੇ ਰਸਤੇ ਛੱਤਾਂ ਵਾਲੇ ਹਨ।

ਇਹ ਘਰ ਲਗਭਗ ਸਾਢੇ ਚਾਰ ਹਜ਼ਾਰ ਸਾਲ ਪਹਿਲਾਂ ਛੱਡ ਦਿੱਤੇ ਗਏ ਸਨ। ਪਰ ਹਰ ਘਰ ਅੰਦਰ ਦੋ ਵਸਤੂਆਂ ਹਨ ਜੋ ਅਜੇ ਵੀ ਆਧੁਨਿਕ ਮਨੁੱਖ ਨੂੰ ਜਾਣੀਆਂ ਪਛਾਣੀਆਂ ਲੱਗਦੀਆਂ ਹਨ, ਉਹ ਹਨ ਬੈੱਡ।

ਸਕਾਟਲੈਂਡ ਦੇ ਦੂਰ ਉੱਤਰ ਵਿੱਚ ਸਕਾਰਾ ਬ੍ਰੇ ਵਿੱਚ ਸਥਿਤ ਇਨ੍ਹਾਂ ਨਿਵਾਸ ਸਥਾਨਾਂ ਵਿੱਚ ਜ਼ਿਆਦਾਤਰ ਇੱਕੋ ਜਿਹਾ ਸੈੱਟਅੱਪ ਹੈ ਯਾਨਿ ਇੱਕ ਕੇਂਦਰੀ ਚੁੱਲ੍ਹਾ ਅਤੇ ਪੂਰਵ-ਇਤਿਹਾਸਕ ਫਰਨੀਚਰ ਦੇ ਨਾਲ ਲਗਭਗ 40 ਵਰਗ ਮੀਟਰ (430 ਵਰਗ ਫੁੱਟ) ਦਾ ਕਮਰਾ।

ਤੂਤਨਖਮੁਨ
Alamy
ਤੂਤਨਖਮੁਨ ਸਿਰਫ ਥੋੜ੍ਹੇ ਸਮੇਂ ਲਈ ਸੱਤਾ ਵਿੱਚ ਸੀ, ਅਤੇ ਮੁੱਖ ਤੌਰ ''''ਤੇ ਉਸਦੀ ਕਬਰ ਦੇ ਅੰਦਰ ਮਿਲੇ ਕੀਮਤੀ ਭੰਡਾਰ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਛੇ ਬਿਸਤਰੇ ਵੀ ਸ਼ਾਮਲ ਹਨ।

ਸਟੋਰੇਜ਼ ਬਕਸੇ ਅਤੇ ਸ਼ੈਲਫਾਂ ਨਾਲ ਭਰੀਆਂ ਡਰੈਸਿੰਗ ਟੇਬਲਾਂ ਦੇ ਨਾਲ-ਨਾਲ ਮਨੁੱਖ ਦੀ ਲੰਬਾਈ ਦੇ ਬਰਾਬਰ ਦੋ ਆਇਤਾਕਾਰ ਖਾਨੇ ਹਨ।

ਇਸ ਰੁੱਖਾਂ ਤੋਂ ਵਿਹੂਣੇ ਟਾਪੂ ’ਤੇ ਮਿਲੀਆਂ ਜ਼ਿਆਦਾਤਰ ਕਲਾਕ੍ਰਿਤੀਆਂ ਦੀ ਤਰ੍ਹਾਂ, ਇਹ ਪੂਰਵ-ਇਤਿਹਾਸਕ ਬੈੱਡ ਵੀ ਸਖ਼ਤ ਪੱਥਰ ਦੀਆਂ ਸਲੈਬਾਂ ਦੇ ਬਣੇ ਹਨ।

ਉੱਚੀਆਂ ਢੋਹਾਂ ਅਤੇ ਬਾਹੀਆਂ ਵਾਲੇ ਇਹ ਬੈੱਡ ਤੁਰੰਤ ਪਛਾਣ ਵਿੱਚ ਆ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਉੱਤੇ ਉਕਰੇ ਪੁਰਾਤਨ ਸ਼ਿਲਾਲੇਖਾਂ ਅਤੇ ਹੇਠਾਂ ਲੁਕੇ ਪਿੰਜਰਾਂ ਨੂੰ ਅਣਗੌਲਿਆਂ ਕਰ ਦੇਈਏ ਤਾਂ ਇਹ ਲਗਭਗ 21ਵੀਂ ਸਦੀ ਦੇ ਬੈੱਡਾਂ ਵਰਗੇ ਹੀ ਹਨ।

ਮਨੁੱਖ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਬੈੱਡ ਬਣਾਉਂਦੇ ਆ ਰਹੇ ਹਨ। ਪੁਸਤਕ ‘ਵ੍ਹਟ ਵੀ ਡੂ ਇਨ ਬੈੱਡ: ਏ ਹੌਰੀਜੌਂਟਲ ਹਿਸਟਰੀ’ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਬਾਰਬਰਾ ਦੇ ਮਾਨਵ-ਵਿਗਿਆਨੀ ਬ੍ਰਾਇਨ ਫਗਨ ਅਤੇ ਪੁਰਾਤਤਵ-ਵਿਗਿਆਨੀ ਨਾਦੀਆ ਦੁਰਾਨੀ ਨੇ ਮਨੁੱਖ ਦੇ ਵਿਕਾਸ ਦਾ ਸ਼ੁਰੂਆਤ ਤੋਂ ਇੱਕ ਖਾਕਾ ਤਿਆਰ ਕੀਤਾ ਹੈ।

ਮੰਨਿਆ ਜਾਂਦਾ ਹੈ ਕਿ ਸਾਡੀ ਜ਼ਿਆਦਾਤਰ ਪ੍ਰਜਾਤੀ ਦੀ ਹੋਂਦ ਦੌਰਾਨ ਸੌਣ ਵਾਲੀਆਂ ਥਾਵਾਂ ਨਰਮ, ਕੀਟ-ਰੋਧਕ ਪੱਤਿਆਂ ਦੀਆਂ ਸਾਵਧਾਨੀ ਨਾਲ ਤਿਆਰ ਕੀਤੀਆਂ ਪਰਤਾਂ ਦੇ ਵੱਡੇ ਢੇਰ ਵਾਲੀਆਂ ਹੁੰਦੀਆਂ ਸਨ।

ਫਿਰ ਪਹਿਲੇ ਬੈੱਡਾਂ ਦੇ ਚੌਖਟੇ ਬਣਾਏ ਜਾਣ ਲੱਗੇ। ਸਟੋਨਹੇਂਜ ਨੇੜੇ ਡੁਰਿੰਗਟਨ ਵਾਲਜ ਦੀ ਬਸਤੀ ਦੀ ਮਿੱਟੀ ਵਿੱਚ ਬਾਕੀ ਬਚੀਆਂ ਬੈੱਡਾਂ ਦੀਆਂ ਨਿਸ਼ਾਨੀਆਂ ਦੇ ਨਾਲ-ਨਾਲ ਸਕਾਰਾ ਬ੍ਰੇ ਵਿਖੇ ਚੂਨਾ ਪੱਥਰ ਦੇ ਬੈੱਡ ਹੁਣ ਤੱਕ ਮਿਲੇ ਸਭ ਤੋਂ ਪੁਰਾਣੇ ਬੈੱਡਾਂ ਵਿੱਚੋਂ ਹਨ।

ਲੰਬੇ ਸਮੇਂ ਤੋਂ ਮਿੱਟੀ ਵਿੱਚ ਮਿਲ ਗਏ ਲੱਕੜ ਦੇ ਬਾਕਸ ਬੈੱਡਾਂ ਦੀਆਂ ਵੀ ਨਾਂਮਾਤਰ ਨਿਸ਼ਾਨੀਆਂ ਬਚੀਆਂ ਹਨ ਜਿੱਥੇ ਕਦੇ ਉਸ ਸਮਾਰਕ ਨੂੰ ਬਣਾਉਣ ਵਾਲੇ ਸੌਂਦੇ ਹੋਣਗੇ।

ਲਗਭਗ 5,000 ਸਾਲ ਪਹਿਲਾਂ ਉੱਭਰ ਕੇ ਸਾਹਮਣੇ ਆਉਣ ਤੋਂ ਕੁਝ ਸਮੇਂ ਬਾਅਦ ਹੀ ਲਿਖਣ ਵਰਗੀਆਂ ਹੋਰ ਅਹਿਮ ਤਕਨੀਕਾਂ ਦੇ ਬਾਅਦ, ਬੈੱਡ ਦੇ ਢਾਂਚੇ ਲਗਭਗ ਇੱਕੋ ਸਮੇਂ ਕਈ ਥਾਵਾਂ ''''ਤੇ ਨਜ਼ਰ ਆਏ।

ਮਾਲਟਾ ਵਿੱਚ ਓਰਕਨੇਯ ਤੋਂ ਲਗਭਗ 1,700 ਮੀਲ (2,735 ਕਿਲੋਮੀਟਰ) ਦੀ ਦੂਰੀ ''''ਤੇ ਰਸਮੀ ਤੌਰ ''''ਤੇ ਦਫ਼ਨਾਉਣ ਵਾਲੀਆਂ ਸੁਰੰਗਾਂ ਤੋਂ ਇਸ ਫਰਨੀਚਰ ਦੇ ਸ਼ੁਰੂਆਤੀ ਰੂਪਾਂ ਦੇ ਸਬੂਤ ਮਿਲੇ ਹਨ, ਜਿਸ ਵਿੱਚ ਇੱਕ ਔਰਤ ਦੀ ਮਿੱਟੀ ਦੀ ਮੂਰਤੀ ਵੀ ਸ਼ਾਮਲ ਹੈ ਜੋ ਇੱਕ ਸਧਾਰਨ ਚਬੂਤਰੇ ’ਤੇ ਆਪਣੇ ਸਿਰ ਦੇ ਹੇਠ ਹੱਥ ਰੱਖ ਕੇ ਆਰਾਮ ਨਾਲ ਸੌਂ ਰਹੀ ਹੈ।

ਇਹ ਸ਼ੁਰੂਆਤੀ ਬੈੱਡ ਸਿਰਫ਼ ਅਰਾਮ ਕਰਨ ਦੀ ਜਗ੍ਹਾ ਨਹੀਂ ਸਨ। ਫਗਨ ਅਤੇ ਦੁਰਾਨੀ ਦੇ ਅਨੁਸਾਰ, ਉਹ ਅਕਸਰ ਮੌਤ ਤੋਂ ਬਾਅਦ ਦੇ ਪਰਲੋਕ ਨਾਲ ਗਹਿਰੇ ਪ੍ਰਤੀਕਾਤਮਕ ਅਰਥ ਅਤੇ ਸਬੰਧ ਰੱਖਦੇ ਸਨ।

ਹਜ਼ਾਰਾਂ ਸਦੀਆਂ ਦੇ ਬਾਅਦ ਤੋਂ ਬੈੱਡ ਵੱਖੋ-ਵੱਖਰੇ ਰੂਪਾਂ ਵਿੱਚ ਵਿਕਸਤ ਹੋਇਆ ਹੈ ਜੋ ਉਨ੍ਹਾਂ ਸੱਭਿਆਚਾਰਾਂ ਦੀਆਂ ਮਾਨਤਾਵਾਂ ਅਤੇ ਵਿਹਾਰਕ ਚਿੰਤਾਵਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਵਿੱਚ ਲੋਕਾਂ ਨੇ ਆਪਣੇ ਆਪ ਨੂੰ ਪਾਇਆ। ਘੱਟੋ-ਘੱਟ ਪੱਛਮੀ ਦੁਨੀਆ ਵਿੱਚ ਤਾਂ ਸੌਣ ਦੇ ਇਨ੍ਹਾਂ ਮੰਦਰਾਂ ਦਾ ਇੱਕ ਸੰਖੇਪ ਇਤਿਹਾਸ ਹੈ।

ਬੀਬੀਸੀ
BBC

ਪ੍ਰਾਚੀਨ ਮਿਸਰ-ਢੋਹ ਅਤੇ ਸੌਣ ਦੇ ਚਬੂਤਰੇ

ਜਦੋਂ 1922 ਵਿੱਚ ਹਾਵਰਡ ਕਾਰਟਰ ਪਲਾਸਟਰ ਦੇ ਦਰਵਾਜ਼ੇ ਨੂੰ ਤੋੜ ਕੇ ਰਾਜਾ ਤੁਤਨਖਾਮੁਨ ਦੀ ਕਬਰ ਵਿੱਚ ਗਿਆ ਤਾਂ ਉਸ ਦਾ ਸਵਾਗਤ ਸੋਨੇ ਦੀਆਂ ਵਸਤੂਆਂ ਦੇ ਚਮਕਦਾਰ ਢੇਰ ਨਾਲ ਹੋਇਆ। ਇਨ੍ਹਾਂ ਵਿੱਚੋਂ ਛੇ ਚੀਜ਼ਾਂ ਬੈੱਡ ਸਨ।

ਦੋ ਪ੍ਰਾਚੀਨ ਡਕੈਤੀਆਂ ਦੇ ਬਾਅਦ ਇਹ ਵਸਤੂਆਂ ਇੱਧਰ ਉੱਧਰ ਬਿਖਰੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਗਊ ਦੇਵੀ ਮੇਹੇਤ-ਵੇਰੇਟ ਵਾਂਗ ਸਜਾਇਆ ਹੋਇਆ ਇੱਕ ਅੰਤਮ ਸੰਸਕਾਰ ਵਾਲਾ ਬੈੱਡ, ਇੱਕ ਸੋਨੇ ਦੀ ਪਰਤ ਚੜ੍ਹਿਆ ਹੋਇਆ ਲੱਕੜੀ ਦਾ ਬੈੱਡ ਅਤੇ ਯਾਤਰਾ ਕਰਨ ਲਈ ਇੱਕ ਵਿਹਾਰਕ ਕੈਂਪ ਬੈੱਡ ਸ਼ਾਮਲ ਸੀ।

ਇਹ ਕੈਂਪ ਬੈੱਡ ਫੋਲਡਿੰਗ ਸੀ ਜੋ ਕਿ ਕ੍ਰਾਂਤੀਕਾਰੀ ਤਕਨਾਲੋਜੀ ਦਾ ਸਬੂਤ ਸੀ ਜੋ ਉਸ ਸਮੇਂ ਆਪਣੀ ਤਰ੍ਹਾਂ ਦੀ ਪਹਿਲੀ ਤਕਨੀਕ ਰਹੀ ਹੋਵੇਗੀ।

ਤੁਤਨਖਾਮੁਨ ਸਿਰਫ਼ ਥੋੜ੍ਹੇ ਸਮੇਂ ਲਈ ਹੀ ਸੱਤਾ ਵਿੱਚ ਰਿਹਾ ਸੀ। ਉਸ ਨੂੰ ਮੁੱਖ ਤੌਰ ''''ਤੇ ਉਸ ਦੀ ਕਬਰ ਦੇ ਅੰਦਰ ਮਿਲੇ ਬੇਸ਼ਕੀਮਤੀ ਭੰਡਾਰ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਛੇ ਬੈੱਡ ਵੀ ਸ਼ਾਮਲ ਹਨ।

ਅਮੀਰਜ਼ਾਦਿਆਂ ਲਈ ਬਣਾਏ ਗਏ ਜ਼ਿਆਦਾਤਰ ਪ੍ਰਾਚੀਨ ਮਿਸਰ ਦੇ ਬੈੱਡਾਂ ਦੀ ਤਰ੍ਹਾਂ ਤੁਤਨਖਾਮੁਨ ਦੇ ਜ਼ਿਆਦਾਤਰ ਬੈੱਡ ਲੱਕੜੀ ਦੇ ਫਰੇਮ ਨਾਲ ਕਾਨੇ ਜਾਂ ਤਾਰਾਂ ਦੇ ਬੁਣੇ ਹੋਈ ਬੁਨਿਆਦ ਵਾਲੇ ਹੁੰਦੇ ਸਨ।

ਜਿਵੇਂ ਕਿ ਉਸ ਸਮੇਂ ਦੀ ਪ੍ਰਥਾ ਸੀ ਕਿ ਨੌਜਵਾਨ ਰਾਜਾ ਹਰ ਰਾਤ ਸੌਂਦੇ ਸਮੇਂ ਆਪਣੇ ਸਿਰ ਨੂੰ ਨਰਮ ਸਿਰਹਾਣੇ ਦੀ ਬਜਾਏ ਇੱਕ ਸਖ਼ਤ, ਉੱਚੇ ਢੋਹ ’ਤੇ ਰੱਖਦਾ ਸੀ।

ਇਸ ਤਰ੍ਹਾਂ ਅਕਸਰ ਗਰਮ ਮੌਸਮ ਵਿੱਚ ਕੀਤਾ ਜਾਂਦਾ ਸੀ, ਜਿੱਥੇ ਇਸ ਨਾਲ ਹਵਾ ਦਾ ਆਦਾਨ-ਪ੍ਰਦਾਨ ਚੰਗੀ ਤਰ੍ਹਾਂ ਹੋਇਆ ਹੋ ਸਕਦਾ ਹੈ।

ਇਹ ਸਾਵਧਾਨੀ ਨਾਲ ਤਿਆਰ ਕੀਤੇ ਗਏ ਵਾਲਾਂ ਦੇ ਸਟਾਈਲ ਦੀ ਸੁਰੱਖਿਆ ਦੇ ਇੱਕ ਤਰੀਕੇ ਵਜੋਂ ਵੀ ਆਕਰਸ਼ਕ ਹੋ ਸਕਦਾ ਸੀ।

ਪ੍ਰਾਚੀਨ ਮਿਸਰ ਵਾਸੀ ਜਿਸ ਵਿੱਚ ਤੁਤਨਖਾਮੁਨ ਦੀ ਦਾਦੀ ਵੀ ਸ਼ਾਮਲ ਸੀ, ਉਹ ਕਈ ਵਾਰੀ ਘੁੰਗਰਾਲੇ, ਮੀਢੀਆਂ ਜਾਂ ਵਾਲਾਂ ਦੀ ਗੁੱਤ ਕਰਨ ਦੇ ਸਟਾਈਲ ਅਪਣਾਉਂਦੇ ਸਨ।

ਸਖ਼ਤ ਢੋਹ ਦੇ ਬਹੁਤ ਸਾਰੇ ਸੰਭਾਵੀ ਫਾਇਦੇ ਸਨ, ਜਿਸ ਵਿੱਚ ਪ੍ਰਾਚੀਨ ਮਿਸਰ ਵਾਸੀਆਂ ਨੂੰ ਨਰਮ ਬੈੱਡ ਦੀ ਵਰਤੋਂ ਕਰਨ ਤੋਂ ਬਚਣ ਵਿੱਚ ਮਦਦ ਮਿਲਦੀ ਸੀ, ਜਿਨ੍ਹਾਂ ਵਿੱਚ ਆਸਾਨੀ ਨਾਲ ਜੂੰਆਂ ਜਾਂ ਪਿੱਸੂ ਪੈ ਜਾਂਦੇ ਸਨ।

ਬੈੱਡ
Alamy

ਪ੍ਰਾਚੀਨ ਰੋਮ- ਹਰ ਮੌਕੇ ਲਈ ਬੈੱਡ

ਪ੍ਰਾਚੀਨ ਰੋਮ ਵਿੱਚ ਕਈ ਸਮਾਜਾਂ ਵਿੱਚ ਲੋਕਾਂ ਦਾ ਸੌਣਾ ਉਨ੍ਹਾਂ ਦੀ ਸਮਾਜਿਕ ਸਥਿਤੀ ’ਤੇ ਨਿਰਭਰ ਕਰਦਾ ਸੀ। ਕੁਝ ਨੌਕਰ ਹਰ ਰਾਤ ਸੁੱਕੇ ਪੱਤਿਆਂ ਜਾਂ ਜਾਨਵਰਾਂ ਦੀਆਂ ਖੱਲਾਂ ਦੀ ਚਟਾਈ ’ਤੇ ਸੌਂਦੇ ਸਨ ਜਾਂ ਉਹ ਰੜੀ ਜ਼ਮੀਨ ’ਤੇ ਵੀ ਸੌਂ ਜਾਂਦੇ ਸਨ, ਜਦੋਂਕਿ ਇਸ ਦੇ ਉਲਟ ਲੋਕ ਅਰਾਮਦਾਇਕ ਢੰਗ ਨਾਲ ਸੌਂਦੇ ਸਨ।

2021 ਵਿੱਚ ਪੁਰਾਤਤਵ-ਵਿਗਿਆਨੀ ਰੋਮਨ ਸ਼ਹਿਰ ਪੋਂਪੇਈ ਦੇ ਇੱਕ ਉਪਨਗਰ ਸਿਵਿਟਾ ਗਿਉਲੀਆਨਾ ਵਿੱਚ ਇੱਕ ਪ੍ਰਾਚੀਨ ਵਿਲਾ ਦੇ ਮੈਦਾਨ ਦੀ ਖੁਦਾਈ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਇੱਕ ਬੈੱਡਰੂਮ ਮਿਲਿਆ ਜੋ ਲਗਭਗ 2,000 ਸਾਲਾਂ ਤੋਂ ਜੰਮਿਆ ਹੋਇਆ ਸੀ।

ਕੰਟੇਨਰਾਂ, ਲੱਕੜ ਦੇ ਸੰਦੂਕਾਂ ਅਤੇ ਹੋਰ ਚੀਜ਼ਾਂ ਦੇ ਢੇਰ ਦੇ ਵਿਚਕਾਰ ਤਿੰਨ ਬੈੱਡ ਸਨ ਅਤੇ ਹੇਠਾਂ ਸਟੋਰੇਜ਼ ਵਾਲੇ ਡੱਬੇ ਸਨ ਜਿਨ੍ਹਾਂ ਵਿੱਚ ਚੂਹਿਆਂ ਦੇ ਅਵਸ਼ੇਸ਼ ਸਨ ਜੋ ਉਨ੍ਹਾਂ ਦੇ ਹੇਠਾਂ ਰਹਿ ਰਹੇ ਸਨ।

ਜਾਲ ਵਾਂਗ ਪਤਲੀ ਰੱਸੀ ਨਾਲ ਬੁਣੇ ਲੱਕੜੀ ਦੇ ਪਾਵਿਆਂ ਨਾਲ ਬਣੇ ਇਨ੍ਹਾਂ ਬੈੱਡਾਂ/ਮੰਜਿਆਂ ’ਤੇ ਗੱਦੇ ਨਹੀਂ ਸਨ। ਇਸ ਦੀ ਬਜਾਏ ਇਹ ਢਿੱਲੇ ਕੰਬਲਾਂ ਨਾਲ ਢਕੇ ਹੋਏ ਸਨ।

ਸਿਵਿਟਾ ਗਿਉਲੀਆਨਾ ਵਿੱਚ ਜਵਾਲਾਮੁਖੀ ਦੀ ਸੁਆਹ ਵਿੱਚ ਯਾਦਗਾਰ ਬਣ ਗਏ ਗ਼ੁਲਾਮਾਂ ਦੇ ਬਿਸਤਰੇ ਉਸ ਸਵੇਰ ਸੈੱਟ ਨਹੀਂ ਕੀਤੇ ਗਏ ਸਨ। ਉਨ੍ਹਾਂ ’ਤੇ ਕੰਬਲ ਬਿਖਰੇ ਪਏ ਸਨ।

ਦੂਜੇ ਪਾਸੇ ਅਮੀਰਾਂ ਕੋਲ ਅਲੱਗ-ਅਲੱਗ ਮੰਤਵਾਂ ਲਈ ਇੱਕ ਤੋਂ ਵੱਧ ਬੈੱਡ ਸਨ। ਰੋਮਨਾਂ ਨੇ ਵੱਖ-ਵੱਖ ਗਤੀਵਿਧੀਆਂ ਲਈ ਵੱਖ-ਵੱਖ ਕਿਸਮਾਂ ਦੇ ਬੈੱਡਾਂ ਦੀ ਖੋਜ ਕੀਤੀ।

ਇਨ੍ਹਾਂ ਵਿੱਚ ਪੜ੍ਹਾਈ ਕਰਨ ਲਈ ਲੈਕਟਸਲੂਕੁਬ੍ਰੈਟੋਰੀਅਸ (lectuslucubratorius), ਨਵ-ਵਿਆਹੇ ਜੋੜਿਆਂ ਲਈ ਲੈਕਟਸਜੇਨਿਅਲਿਸ (lectusgenialis), ਇਕੱਠੇ ਹੋ ਕੇ ਆਰਾਮ ਕਰਨ ਅਤੇ ਖਾਣਾ-ਖਾਣ ਲਈ ਲੈਕਟੂਸਟਿਕਲਿਨਿਆਰਿਸ (lectustricliniaris) ਅਤੇ ਸੌਣ ਲਈ ਲੈਕਟਸਕੂਬਿਕੁਲਰਿਸ (lectuscubicularis) ਸ਼ਾਮਲ ਹਨ।

ਉਨ੍ਹਾਂ ਕੋਲ ਅੰਤਿਮ ਸੰਸਕਾਰ ਲਈ ਇੱਕ ਖ਼ਾਸ ਬੈੱਡ ਵੀ ਸੀ। ਇਨ੍ਹਾਂ ਵਿੱਚੋਂ ਬਹੁਤੇ ਬੈੱਡਾਂ ਵਿੱਚ ਧਾਤ ਨਾਲ ਬਣਿਆ ਇੱਕ ਉੱਚਾ ਚਬੂਤਰਾ ਜਿਹਾ ਹੁੰਦਾ ਸੀ ਜਿਸ ਦੇ ਉੱਪਰ ਇੱਕ ਪਤਲਾ ਗੱਦਾ ਹੁੰਦਾ ਸੀ।

ਅਮੀਰ ਰੋਮਨ ਰਾਤ ਦੇ ਖਾਣੇ ਲਈ ਵੀ ਬੈੱਡ ਤੋਂ ਨਹੀਂ ਉੱਠਦੇ ਸਨ, ਇਸ ਦੀ ਬਜਾਏ ਉਹ ਇੱਕ ਮੇਜ਼ ਦੇ ਦੁਆਲੇ ਰੱਖੀ ਲੈਕਟੀਟ੍ਰਿਕਲਿਨੀਅਰਿਸ ਤੋਂ ਖਾਣਾ ਖਾਂਦੇ ਸਨ।

ਸ਼ੁਰੂਆਤੀ ਆਧੁਨਿਕ ਯੂਰਪ- ਖਟਮਲ ਅਤੇ ਮੋਟੇ ਗੱਦੇ

17ਵੀਂ ਸਦੀ ਤੱਕ ਯੂਰਪੀ ਲੋਕਾਂ ਕੋਲ ਚੁਣਨ ਲਈ ਬੈੱਡਾਂ ਦੀ ਵਿਸ਼ਾਲ ਰੇਂਜ ਸੀ। ਉੱਥੇ ਬਾਕਸ ਬੈੱਡ, ਰੱਸੀ ਨਾਲ ਬੁਣੇ ਹੋਏ ਬੈੱਡ (ਮੰਜੇ) ਸਨ ਜਿਨ੍ਹਾਂ ਨੂੰ ਨਿਯਮਤ ਤੌਰ ''''ਤੇ ਕੱਸਣਾ ਪੈਂਦਾ ਸੀ ਜੋ ਸੰਭਾਵੀ ਤੌਰ ''''ਤੇ ''''ਚੰਗੀ ਨੀਂਦ'''' ਦੀ ਅਗਵਾਈ ਕਰਦਾ ਸੀ।

‘ਗ੍ਰੇਟ ਬੈੱਡ ਆਫ ਵੇਅਰ’ ਵਰਗੇ ਵਿਸਤ੍ਰਿਤ ਲੱਕੜ ਦੀਆਂ ਉੱਪਰ ਵੱਲ ਨੂੰ ਚਾਰ ਬਾਹੀਆਂ ਵਾਲੇ ਬੈੱਡ (four-poster beds) ਸਨ, ਜਿਸ ਵਿੱਚ ਕਥਿਤ ਤੌਰ ’ਤੇ ਇੱਕ ਵਾਰ 52 ਲੋਕ ਸੌਂਦੇ ਸਨ।

ਪਰ ਸ਼ੁਰੂਆਤੀ ਆਧੁਨਿਕ ਬੈੱਡ ਦੀ ਇੱਕ ਮੁੱਖ ਸਮੱਗਰੀ "ਟਿਕ ਗੱਦਾ" (ਪੁਰਾਣੇ ਕੱਪੜੇ, ਖੰਭ, ਪਰਾਲੀ/ਤੂੜੀ, ਘਾਹ ਫੂਸ ਆਦਿ ਭਰ ਕੇ ਬਣਾਈ ਗਈ ਤਲਾਈ) ਸੀ।

ਇਹ ਸਧਾਰਨ ਤਲਾਈਆਂ/ਬੋਰੀਆਂ ਜੋ ਕਦੇ-ਕਦੇ ਬਹੁਤ ਵੱਡੇ ਆਕਾਰ ਵਿੱਚ ਬਣ ਜਾਂਦੀਆਂ ਸਨ, ਉਹ ਲਿਨਨ ਵਰਗੀ ਮਜ਼ਬੂਤ, ਕੱਸ ਕੇ ਬੁਣੀ ਗਈ ਸਮੱਗਰੀ ਤੋਂ ਬਣੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ‘ਟਿਕਿੰਗ’ ਕਿਹਾ ਜਾਂਦਾ ਸੀ।

ਉਨ੍ਹਾਂ ਨੂੰ ਖੰਭਾਂ ਤੋਂ ਲੈ ਕੇ ਤੂੜੀ/ਪਰਾਲੀ ਤੱਕ, ਕਈ ਤਰ੍ਹਾਂ ਦੀਆਂ ਭਰਾਈਆਂ ਨਾਲ ਭਰਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਵਰਤੀ ਗਈ ਖ਼ਾਸ ਪੈਕਿੰਗ ਸਮੱਗਰੀ ਦਾ ਵਿਅਕਤੀ ਦੀ ਨੀਂਦ ਦੀ ਗੁਣਵੱਤਾ ’ਤੇ ਗਹਿਰਾ ਅਸਰ ਪੈ ਸਕਦਾ ਹੈ।

‘ਐਟ ਡੇਜ਼ ਕਲੋਜ਼: ਏ ਹਿਸਟਰੀ ਆਫ ਨਾਈਟਟਾਈਮ’ ਨਾਮਕ ਕਿਤਾਬ ਦੇ ਅਨੁਸਾਰ 1646 ਵਿੱਚ ਸਵਿਟਜ਼ਰਲੈਂਡ ਵਿੱਚੋਂ ਲੰਘ ਰਹੇ ਇੱਕ ਯਾਤਰੀ ਨੇ ਪੱਤਿਆਂ ਨਾਲ ਭਰੇ ਇੱਕ ਬਿਸਤਰੇ ਵਿੱਚ ਰਾਤ ਬਿਤਾਉਣ ਬਾਰੇ ਸ਼ਿਕਾਇਤ ਕੀਤੀ, ਜਿਸ ਨੂੰ ਉਸ ਵਿੱਚੋਂ ‘ਤਿੜਕਣ ਦੀਆਂ ਆਵਾਜ਼ਾਂ’ ਆਈਆਂ ਅਤੇ ਪੱਤਿਆਂ ਦੇ ਚੁਭਣ ਨਾਲ ਉਸ ਦੀ ਚਮੜੀ ਵਿੰਨ੍ਹੀ ਗਈ।

‘ਟਿੱਕ ਗੱਦਿਆਂ’ ਦੀ ਵਰਤੋਂ 20ਵੀਂ ਸਦੀ ਤੱਕ ਵੀ ਜਾਰੀ ਰਹੀ।

ਹਾਲਾਂਕਿ ‘ਟਿੱਕ ਗੱਦਿਆਂ’ ਨੂੰ ਨਿਯਮਿਤ ਤੌਰ ’ਤੇ ਹਵਾ ਲਗਾਉਣੀ ਹੁੰਦੀ ਸੀ ਕਿਉਂਕਿ ਉਹ ਕੱਟਣ ਵਾਲੇ ਕੀੜਿਆਂ ਦੇ ਪ੍ਰਜਣਨ ਲਈ ਢੁੱਕਵੇਂ ਸਥਾਨ ਸਨ।

ਅਜਨਬੀਆਂ ਸਮੇਤ ਬਹੁਤ ਸਾਰੇ ਹੋਰ ਲੋਕਾਂ ਨਾਲ ਬਿਸਤਰਾ ਸਾਂਝਾ ਕਰਨ ਦੀ ਉਸ ਸਮੇਂ ਦੀ ਆਮ ਆਦਤ ਕਾਰਨ ਉਹ ਅਕਸਰ ਭਿਆਨਕ ਸੰਕਰਮਣ ਦਾ ਸ਼ਿਕਾਰ ਹੋ ਜਾਂਦੇ ਸਨ।

‘ਕੌਫਿਨ ਹਾਊਸ’ ਨੇ ਲੰਡਨ ਵਿੱਚ ਬੇਘਰ ਲੋਕਾਂ ਲਈ ਭੋਜਨ ਅਤੇ ਸੌਣ ਲਈ ਇੱਕ ਸੁਰੱਖਿਅਤ ਜਗ੍ਹਾ ਪ੍ਰਦਾਨ ਕੀਤੀ।

ਗੱਦੇ
Alamy
ਟਿੱਕ ਗੱਦਿਆਂ ਦੀ ਵਰਤੋਂ 20ਵੀਂ ਸਦੀ ਵਿੱਚ ਚੰਗੀ ਤਰ੍ਹਾਂ ਜਾਰੀ ਰਹੀ

ਵਿਕਟੋਰੀਅਨ ਇੰਗਲੈਂਡ - ਹੈਂਗਓਵਰ ਅਤੇ ਬੇਘਰ ਹੋਣਾ

19ਵੀਂ ਸਦੀ ਤੱਕ ਇੰਗਲੈਂਡ ਵਿੱਚ ਅਸਮਾਨਤਾ ਰਿਕਾਰਡ ਪੱਧਰ ''''ਤੇ ਪਹੁੰਚ ਗਈ ਸੀ, ਕਿਉਂਕਿ ਮਜ਼ਦੂਰ ਵਰਗ ਨਵੀਂ ਉਦਯੋਗਿਕ ਆਰਥਿਕਤਾ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਸੰਘਰਸ਼ ਕਰ ਰਹੇ ਸਨ।

ਇਸ ਨੇ ਤੇਜ਼ੀ ਨਾਲ ਵਧ ਰਹੀ ਆਬਾਦੀ ਨਾਲ ਮਿਲ ਕੇ, ਕਸਬਿਆਂ ਅਤੇ ਸ਼ਹਿਰਾਂ ਵਿੱਚ ਬੇਘਰ ਹੋਣ ਦੀ ਮਹਾਮਾਰੀ ਨੂੰ ਜਨਮ ਦਿੱਤਾ।

ਲੰਡਨ ਵਿੱਚ ਚੈਰਿਟੀ ਸੰਸਥਾਵਾਂ ਕੁਝ ਗ਼ੈਰ-ਰਵਾਇਤੀ ਹੱਲ ਲੈ ਕੇ ਸਾਹਮਣੇ ਆਈਆਂ। ਇਨ੍ਹਾਂ ਵਿੱਚੋਂ ਇੱਕ ਸੀ ‘ਫੋਰਪੈਨੀ ਕੌਫਿਨ’।

ਇਹ ਤਾਬੂਤ ਦੇ ਆਕਾਰ ਦੇ ਬਕਸੇ ਸਨ ਜੋ ਕਤਾਰਾਂ ਵਿੱਚ ਰੱਖੇ ਗਏ ਸਨ। ਲੋਕ ਰਾਤ ਨੂੰ ਇਨ੍ਹਾਂ ਵਿੱਚ ਸੌਣ ਲਈ ਚਾਰ ਪੈਸੇ ਦਾ ਭੁਗਤਾਨ ਕਰ ਸਕਦੇ ਸਨ।

ਦੂਜਾ ‘ਰੋਪ ਬੈੱਡ’ ਸੀ, ਜਿਸ ਨੂੰ ‘ਟੂ-ਪੈਨੀ ਹੈਂਗਓਵਰ’ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਵਿੱਚ ਲੋਕ ਇੱਕ ਸਮੁਦਾਇਕ ਬੈਂਚ ’ਤੇ ਬੈਠ ਕੇ ਸੈਂਕੜੇ ਹੋਰ ਲੋਕਾਂ ਨਾਲ ਬੈਂਚ ਅੱਗੇ ਲਾਈ ਇੱਕ ਅਜਿਹੀ ਲੰਬੀ ਰੱਸੀ ’ਤੇ ਸਵੇਰ ਤੱਕ ਝੁਕੇ ਰਹਿੰਦੇ ਸਨ, ਜਿਸ ਨੂੰ ਜਦੋਂ ਸਵੇਰੇ ਕੱਟਿਆ ਜਾਂਦਾ ਸੀ ਤਾਂ ਉਹ ਸਭ ਵੀ ਅਚਾਨਕ ਜਾਗ ਜਾਂਦੇ ਸਨ ਜੋ ਅਜੇ ਤੱਕ ਵੀ ਸੌਂ ਰਹੇ ਹੁੰਦੇ ਸਨ।

ਇਹ ‘ਹੈਂਗਓਵਰ’ ਸ਼ਬਦ ਦੀ ਉਤਪਤੀ ਲਈ ਇੱਕ ਸੰਭਾਵਿਤ ਕਾਰਨ ਹੋ ਸਕਦਾ ਹੈ।

ਹਾਲਾਂਕਿ ਵਿੱਤੀ ਪਹੁੰਚ ਦੇ ਦੂਜੇ ਸਿਰੇ ''''ਤੇ ਮੌਜੂਦ ਲੋਕਾਂ ਲਈ ਨੀਂਦ ਕਾਫ਼ੀ ਬਿਹਤਰ ਹੋਣ ਵਾਲੀ ਸੀ।

1900 ਦੇ ਦਹਾਕੇ ਦੇ ਅਖੀਰ ਵਿੱਚ ਇੱਕ ਜਰਮਨ ਖੋਜਕਰਤਾ ਨੇ ਪਹਿਲੇ ਕੋਇਲ-ਸਪ੍ਰੰਗ ਗੱਦੇ ਲਈ ਪੇਟੈਂਟ ਦਾਇਰ ਕੀਤਾ ਅਤੇ ਉਦੋਂ ਤੋਂ ਨੀਂਦ ਕਦੇ ਵੀ ਪਹਿਲਾਂ ਵਰਗੀ ਨਹੀਂ ਰਹੀ।

ਅੱਜ ਫੋਮ ਬੈੱਡ, ਵਾਟਰ ਬੈੱਡ, ਹੀਟਡ ਬੈੱਡ, ਫਿਊਟਨ, ਬੰਕ ਬੈੱਡ, ਓਟੋਮੈਨ ਬੈੱਡ, ਕੈਨੋਪੀ ਬੈੱਡ ਦੇ ਨਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਕਲਪ ਮੌਜੂਦ ਹਨ... ਇਨ੍ਹਾਂ ਦੀ ਸੂਚੀ ਬਹੁਤ ਲੰਬੀ ਹੈ।

ਅਸੀਂ ਸਿਰਫ਼ ਹੈਰਾਨ ਹੋ ਸਕਦੇ ਹਾਂ ਕਿ ਸਕਾਰਾ ਬ੍ਰੇ ਦੇ ਨਿਵਾਸੀਆਂ ਨੇ ਕੀ ਬਣਾਇਆ ਹੋਵੇਗਾ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News