ਭਾਨਾ ਸਿੱਧੂ: ਉਹ ਮਾਮਲੇ ਜਿਨ੍ਹਾਂ ਵਿੱਚ ਪੰਜਾਬ ਸਰਕਾਰ ''''ਤੇ ''''ਬਦਲਾਖੋਰੀ'''' ਅਤੇ ''''ਚੁੱਪ ਕਰਾਉਣ'''' ਦੇ ਇਲਜ਼ਾਮ ਲੱਗੇ
Sunday, Jan 28, 2024 - 11:05 AM (IST)
ਪੰਜਾਬ ਪੁਲਿਸ ਨੇ ਕਾਕਾ ਸਿੱਧੂ ਉਰਫ ਭਾਨਾ ਸਿੰਘ ਸਿੱਧੂ ਵਿਰੁੱਧ ਪਿਛਲੇ ਹਫ਼ਤੇ ਵਿੱਚ ਤਿੰਨ ਵੱਖ ਵੱਖ ਅਪਰਾਧਿਕ ਮਾਮਲੇ ਦਰਜ ਕੀਤੇ ਹਨ।
ਇਸ ਨਾਲ ਆਪ ਸਰਕਾਰ ''''ਤੇ ਇਲਜ਼ਾਮ ਲੱਗ ਰਹੇ ਹਨ ਕਿ ਭਾਨਾ ਸਿੱਧੂ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਸਖ਼ਤ ਆਲੋਚਕ ਹੈ।
ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਦੋ ਆਪ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਦੇ ਆਲੋਚਕ ਰਹੇ ਕਾਰਕੁਨਾਂ ਅਤੇ ਸਿਆਸੀ ਵਿਰੋਧੀਆਂ ਵਿਰੁੱਧ ਅਪਰਾਧਿਕ ਕੇਸ ਦਰਜ ਕਰਨ ਦੇ ਇਲਜ਼ਾਮ ਲੱਗ ਰਹੇ ਹਨ।
ਉਹ ਵੀ ਉਦੋਂ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਨਵੀਂ ਦਿੱਲੀ ਦੀ ''''ਆਪ'''' ਸਰਕਾਰ, ਕੇਂਦਰ ਸਰਕਾਰ ''''ਤੇ ਕਥਿਤ ਤੌਰ ''''ਤੇ ਕੇਂਦਰੀ ਏਜੰਸੀਆਂ ਨੂੰ ਬਦਲਾਖੋਰੀ ਦੀ ਰਾਜਨੀਤੀ ਲਈ ਵਰਤਣ ਦਾ ਇਲਜ਼ਾਮ ਲਗਾ ਰਹੇ ਹੋਣ।
ਭਾਨਾ ਸਿੱਧੂ ਹਾਲ ਹੀ ਵਿੱਚ ਉਨ੍ਹਾਂ ਟਰੈਵਲ ਏਜੰਟਾਂ ਨੂੰ ਫੋਨ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਨ ਲਈ ਕਹਿ ਰਿਹਾ ਸੀ ਜਿਨ੍ਹਾਂ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ ''''ਤੇ ਠੱਗੀ ਮਾਰੀ ਜਾਂ ਪੈਸੇ ਨਹੀਂ ਮੋੜ ਰਹੇ ਸਨ।
ਭਾਨਾ ਸਿੱਧੂ, ਜੋ ਟਰੈਵਲ ਏਜੇਂਟ ਕਥਿਤ ਤੌਰ ''''ਤੇ ਲੋਕਾਂ ਦੇ ਪੈਸੇ ਵਾਪਿਸ ਨਹੀਂ ਕਰਦੇ, ਉਨ੍ਹਾਂ ਦੇ ਖਿਲਾਫ ਸੋਸ਼ਲ ਮੀਡਿਆ ਤੇ ਵੀਡੀਓ ਪਾਉਂਦਾ ਹੈ।
ਭਾਨਾ ਸਿੱਧੂ ਉੱਪਰ ਦਰਜ ਪਿਛਲੇ ਮਾਮਲੇ
ਭਾਨਾ ਸਿੱਧੂ ਨੂੰ ਬਰਨਾਲਾ ਪੁਲਿਸ ਨੇ ਮਈ 2023 ਵਿੱਚ ਵੀ ਗ੍ਰਿਫਤਾਰ ਕੀਤਾ ਸੀ ਜਦੋਂ ਉਸਨੇ ''''ਪੁਲਿਸ ਨੂੰ ਧਮਕਾਉਣ ਵਾਲਾ ਕਥਿਤ ਵੀਡੀਓ'''' ਪੋਸਟ ਕੀਤਾ ਸੀ।
ਕਾਕਾ ਸਿੱਧੂ ਉਰਫ ਭਾਨਾ ਸਿੰਘ ਸਿੱਧੂ ਨੂੰ ਲੁਧਿਆਣਾ ਸਿਟੀ ਪੁਲਿਸ ਨੇ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਟਰੈਵਲ ਏਜੰਸੀ ਚਲਾਉਣ ਵਾਲੀ ਇੱਕ ਔਰਤ ਨੂੰ ਕਥਿਤ ਤੌਰ ''''ਤੇ ਬਲੈਕਮੇਲ ਕਰਨ ਅਤੇ 10,000 ਰੁਪਏ ਦੀ ਮੰਗ ਕਰਨ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ।
ਬਾਅਦ ''''ਚ ਲੁਧਿਆਣਾ ਅਦਾਲਤ ਨੇ ਉਸਦੀ ਜ਼ਮਾਨਤ ਮਨਜ਼ੂਰ ਕਰ ਲਈ। ਭਾਨੇ ਸਿੱਧੂ ਦੀ ਰਿਹਾਈ ਤੋਂ ਠੀਕ ਪਹਿਲਾਂ ਪਟਿਆਲਾ ਪੁਲਿਸ ਨੇ ਸ਼ੁੱਕਰਵਾਰ ਨੂੰ ਉਸਨੂੰ ਮਲੇਰਕੋਟਲਾ ਜੇਲ ਤੋਂ ਆਪਣੀ ਹਿਰਾਸਤ ਵਿਚ ਲੈ ਲਿਆ।
ਉਸ ਨੂੰ 20 ਜਨਵਰੀ ਨੂੰ ਪਟਿਆਲਾ ਸਦਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੇ ਗਏ ਇੱਕ ਕਥਿਤ ਸਨੈਚਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ। ਪਟਿਆਲਾ ਅਦਾਲਤ ਨੇ ਭਾਨਾ ਸਿੱਧੂ ਨੂੰ 29 ਜਨਵਰੀ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ।
ਪਟਿਆਲਾ ਪੁਲਿਸ ਨੇ ਸਿੱਧੂ ''''ਤੇ ਚੋਰੀ ਸਮੇਤ ਕਈ ਹੋਰ ਇਲਜ਼ਾਮਾਂ ਤਹਿਤ ਮਾਮਲਾ ਪਟਿਆਲਾ ਵਾਸੀ ਤੇਜਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ।
ਤੇਜਪ੍ਰੀਤ ਨੇ ਦਾਅਵਾ ਕੀਤਾ ਕਿ 21 ਦਸੰਬਰ 2023 ਨੂੰ ਜਦੋਂ ਉਹ ਪਟਿਆਲਾ ਤੋਂ ਪਰਤ ਰਿਹਾ ਸੀ ਤਾਂ ਇੱਕ ਕਾਰ ''''ਚ ਸਵਾਰ ਕੁਝ ਜਣਿਆਂ ਨੇ ਉਸ ''''ਤੇ ਹਮਲਾ ਕਰਕੇ ਸੋਨੇ ਦੀ ਚੇਨ ਖੋਹ ਲਈ। ਤੇਜਪ੍ਰੀਤ ਨੇ ਕਿਹਾ ਕਿ ਉਹ ਉਨ੍ਹਾਂ ਵਿੱਚੋਂ ਭਾਨਾ ਸਿੱਧੂ ਨੂੰ ਪਛਾਣਦਾ ਹੈ।
26 ਜਨਵਰੀ ਨੂੰ ਫਾਜ਼ਿਲਕਾ ਪੁਲਿਸ ਨੇ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਰੋਹਿਤ ਭਟੇਜਾ ਦੀ ਸ਼ਿਕਾਇਤ ''''ਤੇ ਭਾਨਾ ਸਿੱਧੂ, ਅਰਸ਼ਦੀਪ ਸਿੰਘ ਅਤੇ ਕਾਰਜ ਸਿੰਘ ਖਿਲਾਫ ਅਬੋਹਰ ਥਾਣੇ ਵਿੱਚ ਅਪਰਾਧਿਕ ਧਮਕੀ ਦੇਣ, ਜ਼ਬਰੀ ਵਸੂਲੀ ਅਤੇ ਮਾਣਹਾਨੀ ਦੇ ਇਲਜ਼ਾਮਾਂ ਤਹਿਤ ਤੀਜਾ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਕਿ ਅਰਸ਼ਦੀਪ ਸਿੰਘ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਉਨ੍ਹਾਂ ਦੀ ਕੰਪਨੀ ਨਾਲ ਸਮਝੌਤਾ ਕੀਤਾ ਸੀ, ਬਾਅਦ ਵਿੱਚ ਅਰਸ਼ਦੀਪ ਸਿੰਘ ਅਕਤੂਬਰ 2023 ਵਿੱਚ ਬਿਨਾਂ ਕਿਸੇ ਕਾਰਨ ਕੈਨੇਡਾ ਤੋਂ ਵਾਪਸ ਆ ਗਿਆ।
ਉਨ੍ਹਾਂ ਅੱਗੇ ਇਲਜ਼ਾਮ ਲਾਇਆ ਕਿ ਭਾਨਾ ਸਿੱਧੂ ਨੇ ਉਨ੍ਹਾਂ ਨੂੰ ਅਰਸ਼ਦੀਪ ਸਿੰਘ ਦੇ ਪੈਸੇ ਵਾਪਸ ਕਰਨ ਲਈ ਫੋਨ ’ਤੇ ਧਮਕੀਆਂ ਦਿੱਤੀਆਂ।
ਸਿੱਧੂ ਮੂਸੇਵਾਲਾ ਦਾ ਰਿਹਾ ਹੈ ਸਾਥੀ
ਭਾਨਾ ਸਿੱਧੂ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟ ਦੁਨਾ ਦਾ ਨਿਵਾਸੀ ਹੈ। ਉਨ੍ਹਾਂ ਦੇ ਫੇਸਬੁੱਕ ਉੱਤੇ 10 ਲੱਖ ਤੋਂ ਵੱਧ ਫਾਲੋਅਰਜ਼ ਹਨ ਅਤੇ ਇੰਸਟਾਗ੍ਰਾਮ ''''ਤੇ 9.74 ਲੱਖ ਫਾਲੋਅਰਜ਼ ਹਨ।
33 ਸਾਲਾ ਭਾਨਾ ਸਿੱਧੂ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਜ਼ਦੀਕੀ ਸਾਥੀ ਰਿਹਾ ਹੈ। ਉਸਨੇ ਵੱਖ-ਵੱਖ ਪੰਜਾਬੀ ਫਿਲਮਾਂ ਜਿਵੇਂ ਮੂਸਾ ਜੱਟ ਅਤੇ ਹੋਰ ਕਈ ਪੰਜਾਬੀ ਗੀਤਾਂ ਵਿੱਚ ਕੰਮ ਕੀਤਾ ਹੈ।
ਭਾਨਾ ਸਿੱਧੂ ਦੇ ਛੋਟੇ ਭਰਾ ਅਮਨਦੀਪ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਭਾਨਾ ਸਿੱਧੂ ਨੇ 2011-12 ਵਿੱਚ ਸਮਾਜਿਕ ਕਾਰਜ ਸ਼ੁਰੂ ਕੀਤੇ ਸਨ ਅਤੇ ਬਾਅਦ ਵਿੱਚ ਉਹ ਕਿਸਾਨ ਯੂਨੀਅਨਾਂ ਵਿੱਚ ਸਰਗਰਮ ਰਿਹਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਭਾਨਾ ਸਿੱਧੂ ਨੇ ਨਵੀਂ ਦਿੱਲੀ ਵਿਖੇ ਇੱਕ ਸਾਲ ਤਕ ਚੱਲੇ ਕਿਸਾਨ ਧਰਨੇ ਦੌਰਾਨ ਆਪਣਾ ਪੂਰਾ ਸਮਰਥਨ ਦਿੱਤਾ।
ਕਮਾਈ ਬਾਰੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ 11 ਏਕੜ ਜ਼ਮੀਨ ਹੈ ਜਦਕਿ ਭਾਨਾ ਸਿੱਧੂ ਨੂੰ ਕਮਾਈ ਸੋਸ਼ਲ ਮੀਡੀਆ ਅਤੇ ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿੱਚ ਅਦਾਕਾਰੀ ਤੋਂ ਹੁੰਦੀ ਹੈ।
ਪਰਿਵਾਰ ਵਿੱਚ ਭਾਨਾ ਸਿੱਧੂ ਦੀ ਦਾਦੀ, ਪਿਤਾ ਅਤੇ ਤਿੰਨ ਭੈਣ-ਭਰਾ ਹਨ।
ਅਮਨਦੀਪ ਸਿੰਘ ਨੇ ਦੱਸਿਆ ਕਿ ਭਾਨਾ ਸਿੱਧੂ ਟਰੈਵਲ ਏਜੰਟਾਂ ਨੂੰ ਫੋਨ ਕਰਕੇ ਲੋਕਾਂ ਨੂੰ ਪੈਸੇ ਵਾਪਸ ਕਰਨ ਲਈ ਕਹਿੰਦਾ ਹੈ, ਜਿਨ੍ਹਾਂ ਵੱਲੋਂ ਲੋਕਾਂ ਨਾਲ ਕਥਿਤ ਤੌਰ ''''ਤੇ ਠੱਗੀ ਮਾਰੀ ਹੈ ਜਾਂ ਜਾਣਬੁਝ ਕੇ ਪੈਸੇ ਵਾਪਿਸ ਨਹੀਂ ਕਰ ਰਹੇ।
ਜਦਕਿ ਭਾਨਾ ਸਿੱਧੂ ਕੋਲ ਹਰ ਬੁੱਧਵਾਰ 500 ਦੇ ਕਰੀਬ ਲੋਕ ਉਨ੍ਹਾਂ ਦੇ ਪਿੰਡ ਆਉਂਦੇ ਹਨ, ਜਿਨ੍ਹਾਂ ਦੇ ਏਜੰਟਾਂ ਕੋਲ ਪੈਸੇ ਫਸੇ ਹੋਏ ਹੁੰਦੇ ਹਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਨਾ ਸਿੱਧੂ ਨੇ ਆਮ ਲੋਕਾਂ ਦੇ ਕਰੋੜਾਂ ਰੁਪਏ ਜੋ ਕਥਿਤ ਤੌਰ ’ਤੇ ਟਰੈਵਲ ਏਜੰਟਾਂ ਨੇ ਹੜੱਪ ਲਏ ਸਨ, ਵਾਪਿਸ ਕਰਵਾਏ ਹਨ।
ਉਨ੍ਹਾਂ ਨੇ ਕਿਹਾ ਕਿ ਪੁਲੀਸ ਉਨ੍ਹਾਂ ਖ਼ਿਲਾਫ਼ ਇੱਕ ਤਰਫਾ ਐਫਆਈਆਰ ਦਰਜ ਕਰ ਰਹੀ ਹੈ। ਜਦੋਂ ਵੀ ਕੋਈ ਕਿਸੇ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਂਦਾ ਹੈ, ਤਾਂ ਪੁਲਿਸ ਦਾ ਫਰਜ਼ ਬਣਦਾ ਹੈ ਕਿ ਉਹ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਬੁਲਾਵੇ ਅਤੇ ਉਨ੍ਹਾਂ ਦੇ ਬਿਆਨ ਦਰਜ ਕਰੇ।
ਅਮਨਦੀਪ ਨੇ ਕਿਹਾ ਕਿ ਪੁਲੀਸ ਨੇ ਭਾਨਾ ਸਿੱਧੂ ਖ਼ਿਲਾਫ਼ ਕੋਈ ਸ਼ਿਕਾਇਤ ਕਰਨ ਬਾਰੇ ਨਾ ਤਾਂ ਉਨ੍ਹਾਂ ਨੂੰ ਤਲਬ ਕੀਤਾ ਅਤੇ ਨਾ ਹੀ ਸੂਚਿਤ ਕੀਤਾ ਅਤੇ ਉਨ੍ਹਾਂ ਨੂੰ ਭਾਨੇ ਖ਼ਿਲਾਫ਼ ਦਰਜ ਐਫਆਈਆਰਜ਼ ਦੀ ਗਿਣਤੀ ਬਾਰੇ ਵੀ ਨਹੀਂ ਪਤਾ।
ਅਮਨਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਫਾਜ਼ਿਲਕਾ ਤੋਂ ਬਾਅਦ ਪੁਲਿਸ ਹੋਰ ਐਫਆਈਆਰ ਦਰਜ ਕਰੇਗੀ ਕਿਉਂਕਿ ਭਾਨਾ ਸਿੱਧੂ ਸਰਕਾਰ ਦੀਆਂ ਨਲਾਇਕੀਆਂ ਦਾ ਪਰਦਾਫਾਸ਼ ਕਰ ਰਿਹਾ ਸੀ । ਅਮਨਦੀਪ ਨੇ ਕਿਹਾ ਕਿ ਉਹ 29 ਜਨਵਰੀ ਨੂੰ ਆਪਣੇ ਪਿੰਡ ਵਿੱਚ ਇਸ ਮਾਮਲੇ ਵਿੱਚ ਅਗਲਾ ਰਣਨੀਤੀ ਤੈਅ ਕਰਨ ਲਈ ਇਕੱਠ ਕਰ ਰਹੇ ਹਨ।
ਭਾਨਾ ਸਿੱਧੂ ''''ਵਰਗੀ'''' ਹੋਰਾਂ ਨਾਲ ਵੀ ਹੋਈ ਹੈ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਵੇਂ 25 ਜਨਵਰੀ ਨੂੰ ਲੁਧਿਆਣਾ ਦੀ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਭਾਨਾ ਸਿੱਧੂ ਵਿਰੁੱਧ 26 ਜਨਵਰੀ ਨੂੰ ਪੰਜਾਬ ਪੁਲਿਸ ਨੇ ਨਵੀਂ ਐਫਆਈਆਰ ਦਰਜ ਕੀਤੀ ਹੈ, ਅਜਿਹਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਵੀ ਹੋਇਆ ਹੈ, ਜੋ ਕਿ ''''ਆਪ'''' ਸਰਕਾਰ ਦੇ ਸਖ਼ਤ ਆਲੋਚਕ ਹਨ।
ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 4 ਜਨਵਰੀ ਨੂੰ ਡਰੱਗਜ਼ ਮਾਮਲੇ ''''ਚ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਦੇ ਦਿੱਤੀ ਸੀ।
ਹਾਈਕੋਰਟ ਵੱਲੋਂ ਖਹਿਰਾ ਦੇ ਮਾਮਲੇ ''''ਚ ਫੈਸਲਾ ਸੁਣਾਏ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਪੰਜਾਬ ਪੁਲਿਸ ਨੇ ਉਨ੍ਹਾਂ ਖਿਲਾਫ ਅਪਰਾਧਿਕ ਧਮਕੀ ਦੇਣ ਦਾ ਨਵਾਂ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਬਾਅਦ ਵਿਚ ਕਪੂਰਥਲਾ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਤੇ ਉਹ ਜੇਲ੍ਹ ਤੋਂ ਬਾਹਰ ਆਏ।
ਹਾਈਕੋਰਟ ਨੇ ਕਿ ਪਟੀਸ਼ਨਰ ਦੇ ਖਿਲਾਫ ਇਕੱਠੇ ਕੀਤੇ ਗਏ ਸਬੂਤ ਬੇਤੁਕੇ ਅਤੇ ਅਧੂਰੇ ਹਨ।
ਸੁਪਰੀਮ ਕੋਰਟ ਨੇ ਹਾਈਕੋਰਟ ਵੱਲੋਂ ਖਹਿਰਾ ਨੂੰ ਜ਼ਮਾਨਤ ਦੇਣ ਨੂੰ ਚੁਣੌਤੀ ਦੇਣ ਵਾਲੀ ਪੰਜਾਬ ਸਰਕਾਰ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ।
ਸੁਖਪਾਲ ਖਹਿਰਾ ਨੇ ਪੰਜਾਬ ਦੇ ਇੱਕ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਸੀ, ਜਿਸ ਕਾਰਨ ਪਿਛਲੇ ਸਾਲ ਸਰਕਾਰ ਨੂੰ ਵੱਡੀ ਨਮੋਸ਼ੀ ਝੱਲਣੀ ਪਈ ਸੀ।
ਬਿਕਰਮ ਮਜੀਠੀਆ ਨੂੰ ਐਸਆਈਟੀ ਨੇ ਤਲਬ ਕੀਤਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ''''ਤੇ ਦਸੰਬਰ 2022 ''''ਚ ਕਾਂਗਰਸ ਸਰਕਾਰ ਦੌਰਾਨ ਡਰੱਗਜ਼ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਨੇ ਜ਼ਮਾਨਤ ''''ਤੇ ਰਿਹਾਅ ਕੀਤਾ ਸੀ।
ਦਸੰਬਰ 2023 ਵਿੱਚ ਬਿਕਰਮ ਸਿੰਘ ਮਜੀਠੀਆ, ਜੋ ਕਿ ਆਪ ਸਰਕਾਰ ਦੇ ਸਖ਼ਤ ਆਲੋਚਕ ਹਨ, ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਸਬੰਧਤ ਮੁੱਦਾ ਚੁੱਕਣ ਤੋਂ ਬਾਅਦ, ਤਲਬ ਕੀਤਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤੋਂ ਬਿਕਰਮ ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰਨ ਵਿੱਚ ਨਾਕਾਮ ਰਹੀ ਹੈ।
ਪੰਜਾਬ ਸਰਕਾਰ ਨੇ ਮਜੀਠੀਆ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦਾ ਤਿੰਨ ਵਾਰ ਪੁਨਰਗਠਨ ਕੀਤਾ ਹੈ ਅਤੇ ਹੁਣ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਐਸਆਈਟੀ ਦੇ ਮੁਖੀ ਹਨ।
ਪਿਛਲੇ ਸਾਲ ਅਕਤੂਬਰ 2023 ਵਿੱਚ ਪੰਜਾਬ ਪੁਲਿਸ ਨੇ ਇੱਕ ਹੋਰ ਅਕਾਲੀ ਦਲ ਦੇ ਆਗੂ, ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕੰਵਰ ਗਰੇਵਾਲ ਦੇ ਇੱਕ ਗੀਤ ਦੀ ਵੀਡੀਓ (ਜਿਸ ਵਿੱਚ ਭਗਵੰਤ ਮਾਨ ਦੀ ਆਲੋਚਨਾ ਕੀਤੀ ਗਈ ਸੀ) ਸੋਸ਼ਲ ਮੀਡਿਆ ’ਤੇ ਪੋਸਟ ਕਰਨ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
ਮੋਹਾਲੀ ਦੀ ਅਦਾਲਤ ਨੇ ਬੰਟੀ ਰੋਮਾਣਾ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਮੌਜੂਦਾ ਮਾਮਲਾ ਸਿਆਸੀ ਬਦਲਾਖੋਰੀ ਦਾ ਜਾਪਦਾ ਹੈ।
ਜਦੋਂ ਪੰਜਾਬ ਪੁਲਿਸ ''''ਤੇ ਬਣਿਆ ਅਗਵਾ ਕਰਨ ਦਾ ਕੇਸ
ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਨੇਤਾਵਾਂ ਅਪ੍ਰੈਲ 2022 ਵਿੱਚ ''''ਆਪ'''' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਥਿਤ ਤੌਰ ''''ਤੇ ਝੂਠੇ ਬਿਆਨ ਦੇਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਸੀ।
ਉਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਇਨ੍ਹਾਂ ਤੋਂ ਇਲਾਵਾ ਭਾਜਪਾ ਵਰਕਰ ਪ੍ਰੀਤੀ ਗਾਂਧੀ ਖ਼ਿਲਾਫ਼ ਵੀ ਅਜਿਹੇ ਹੀ ਵੱਖ-ਵੱਖ ਮਾਮਲਿਆਂ ਵਿੱਚ ਐੱਫਆਈਆਰ ਦਰਜ ਕੀਤੀ ਸੀ।
ਪੰਜਾਬ ਪੁਲਿਸ ਨੇ ਮਈ 2022 ਵਿੱਚ ਭਾਜਪਾ ਵੀ ਕੀਤਾ ਸੀ ਪਰ ਬਾਅਦ ਵਿੱਚ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਟੀਮ ਨੂੰ ਰੋਕ ਲਿਆ ਸੀ।
ਫਿਰ ਦਿੱਲੀ ਪੁਲਿਸ ਨੇ ਬੱਗਾ ਨੂੰ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਵਾਪਿਸ ਲੈ ਲਿਆ ਸੀ।
ਦਿੱਲੀ ਪੁਲੀਸ ਨੇ ਬੱਗਾ ਨੂੰ ਅਗਵਾ ਕਰਨ ਦੇ ਇਲਜ਼ਾਮਾਂ ਹੇਠ ਪੰਜਾਬ ਪੁਲੀਸ ਦੇ ਅਧਿਕਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਸੀ।
ਪੰਜਾਬ ਪੁਲਿਸ ਨੇ ਬੱਗਾ ਖਿਲਾਫ ਭੜਕਾਊ ਬਿਆਨ ਦੇਣ ਅਤੇ ਅਪਰਾਧਿਕ ਧਮਕੀ ਦੇਣ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਕਤੂਬਰ 2022 ਵਿੱਚ ਨੂੰ ਭਾਜਪਾ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਕੀਤੀਆਂ ਸੀ।
ਲੱਖਾ ਸਿਧਾਣਾ ਮਾਮਲੇ ''''ਚ ਪੰਜਾਬ ਪੁਲਿਸ ਦਾ ਯੂ-ਟਰਨ
ਤਰਨਤਾਰਨ ਪੁਲਿਸ ਨੇ ਅਕਤੂਬਰ 2022 ਵਿੱਚ ਗੈਂਗਸਟਰ ਤੋਂ ਕਾਰੁਕਨ ਬਣੇ ਲਖਵਿੰਦਰ ਸਿੰਘ ਉਰਫ਼ ਲੱਖਾ ਸਿਧਾਣਾ ਨੂੰ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਫਿਰੌਤੀ ਦੇ ਮਾਮਲੇ ਵਿੱਚ ਨਿਰਦੋਸ਼ ਘੋਸ਼ਿਤ ਕੀਤਾ ਸੀ।
ਇਹ ਮਾਮਲਾ 2022 ਵਿਚ ਹਰੀਕੇ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਬਠਿੰਡਾ ਦੇ ਮਹਿਰਾਜ ਸ਼ਹਿਰ ਵਿੱਚ ਸਿਧਾਣਾ ਦੀ ਨਿਰਧਾਰਤ ਰੈਲੀ ਤੋਂ ਇੱਕ ਦਿਨ ਪਹਿਲਾਂ ਤਰਨਤਾਰਨ ਪੁਲਿਸ ਨੇ ਯੂ-ਟਰਨ ਲਿਆ ਸੀ।
ਸਿਧਾਣਾ ਨੇ ਆਪਣੇ ਪ੍ਰਸ਼ੰਸਕਾਂ ਨੂੰ “ਅੱਤਿਆਚਾਰ” ਦਾ ਮੁਕਾਬਲਾ ਕਰਨ ਲਈ ਰੈਲੀ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਸੀ।
‘ਇਹ ''''ਆਪ'''' ਦੀ ਆਲੋਚਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ’
ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ''''ਆਪ'''' ਸਰਕਾਰ ਦਾ ਵੀ "ਭਾਜਪਾ ਵਰਗਾ ਹੀ ਕਿਰਦਾਰ ਹੈ ਜੋ ਲੋਕਾਂ ਦੀ ਆਵਾਜ਼ ਦਬਾ ਰਹੀ ਹੈ ਜਿਸ ਤਰ੍ਹਾਂ ਉਸਨੇ ਲੱਖਾ ਸਿਧਾਣਾ ਨਾਲ ਕੀਤਾ, ਸੁਖਪਾਲ ਸਿੰਘ ਖਹਿਰਾ ਨਾਲ ਕੀਤਾ ਅਤੇ ਮੇਰੇ ਕੋਲ ਦਰਜਨਾਂ ਮਿਸਾਲਾਂ ਹਨ। ਇਹ ਬਹੁਤ ਸਾਰੇ ਰਾਜਾਂ ਵਿੱਚ ਹੋ ਰਿਹਾ ਹੈ, ਪਰ ਆਪ ਸਰਕਾਰ ਹੱਦਾਂ ਪਾਰ ਕਰ ਚੁੱਕੀ ਹੈ।"
ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਵੇਰਕਾ ਨੇ ਕਿਹਾ, "ਸੂਬਾ ਸਰਕਾਰ ਵੱਲੋਂ ਪੁਲੀਸ ਨੂੰ 90 ਦੇ ਦਹਾਕੇ ਵਾਂਗ ਵਾਧੂ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੰਵਿਧਾਨ ਅਨੁਸਾਰ ਕੰਮ ਕਰਨਾ ਚਾਹੀਦਾ ਹੈ।"
ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਿਸ ਵੱਲੋਂ ਹਾਲ ਹੀ ਵਿੱਚਕਿੰਨੇ ਐਨਕਾਊਂਟਰ ਯੋਜਨਾ ਦੇ ਤਹਿਤ ਕੀਤੇ ਕਿਉਂਕਿ ਪਹਿਲਾਂ ਇਹ ਆਪ ਐਨਕਾਊਂਟਰ ਲਈ ਮਾਹੌਲ ਬਣਾਉਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰਕਾਰ ਅਤੇ ਪੁਲਿਸ ਦੇ ਅਕਸ ਨੂੰ ਢਾਹ ਲੱਗੇਗੀ ਕਿਉਂਕਿ ਜਨਤਾ ਪਹਿਲਾਂ ਹੀ ਗਲਤ ਅਤੇ ਸਹੀ ਬਾਰੇ ਪਤਾ ਹੁੰਦਾ ਹੈ।
''''ਕੋਈ ਬਦਲਾਖੋਰੀ, ਕਾਨੂੰਨ ਅਨੁਸਾਰ ਕੰਮ''''
ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੀ ਹੈ।
ਭਾਨਾ ਸਿੱਧੂ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਸਨ ਤੇ ਪੁਲੀਸ ਕਾਨੂੰਨ ਅਨੁਸਾਰ ਆਪਣੀ ਡਿਊਟੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਭਾਨਾ ਸਿੱਧੂ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਭਾਨਾ ਸਿੱਧੂ ਕੌਣ ਹੈ।