ਹੁਣ ਜਿਉਣਾ ਦੁੱਭਰ ਕਰ ਦੇਣ ਵਾਲੀ ਖੁਰਕ ਦੇ ਇਲਾਜ ਦੀ ਉਮੀਦ ਜਾਗੀ ਹੈ
Saturday, Jan 27, 2024 - 07:35 PM (IST)
ਖੁਰਕ ਨੂੰ ਅਕਸਰ ਗੰਭੀਰ ਬਿਮਾਰੀ ਨਹੀਂ ਮੰਨਿਆ ਜਾਂਦਾ ਹੈ। ਤੁਹਾਨੂੰ ਆਪਣੇ ਆਂਢ-ਗੁਆਂਢ ਵਿੱਚ ਸ਼ਾਇਦ ਹੀ ਕੋਈ ਅਜਿਹਾ ਬੰਦਾ ਮਿਲੇਗਾ ਜੋ ਇਸ ਨੂੰ ਗੰਭੀਰ ਬੀਮਾਰੀ ਸਮਝਦਾ ਹੋਵੇ।
ਹਾਲਾਂਕਿ, ਜੇ ਖੁਰਕ ਪੁਰਾਣੀ ਹੋ ਜਾਂਦੀ ਹੈ, ਤਾਂ ਇਹ ਮੁਸੀਬਤ ਬਣ ਸਕਦੀ ਹੈ।
ਇਕ ਖਾਸ ਕਿਸਮ ਦੀ ਖੁਰਕ ਵੀ ਹੁੰਦੀ ਹੈ ਜਿਸ ਨੂੰ ਤੁਸੀਂ ਸਿਰਫ਼ ਖੁਰਕ ਨਹੀਂ ਕਹਿ ਸਕਦੇ, ਇਸ ਤਰ੍ਹਾਂ ਦੀ ਖੁਰਕ ਬੰਦੇ ਦਾ ਸੁੱਖ-ਚੈਨ ਵੀ ਖੋਹ ਸਕਦੀ ਹੈ।
ਜੀ ਹਾਂ, ਇਹ ਯਕੀਨ ਕਰਨਾ ਔਖਾ ਹੋ ਸਕਦਾ ਹੈ, ਪਰ ਖੁਰਕ ਦਾ ਇੱਕ ਰੂਪ ਹੈ ਜਿਸ ਵਿੱਚ ਮਰੀਜ਼ ਨੂੰ ਲਗਾਤਾਰ ਖੁਰਕ ਰਹਿੰਦੀ ਹੈ ਅਤੇ ਵਾਰ-ਵਾਰ ਖੁਰਕਣ ਦੇ ਬਾਵਜੂਦ ਇਹ ਘੱਟ ਨਹੀਂ ਹੁੰਦੀ। ਵਿਅਕਤੀ ਨੂੰ ਖੂਨ ਵੀ ਵਗ ਸਕਦਾ ਹੈ, ਪਰ ਚੈਨ ਨਹੀਂ ਮਿਲਦਾ।
ਇਸ ਬਿਮਾਰੀ ਦਾ ਜ਼ਿਕਰ ਕਰਦੇ ਹੋਏ, ਦਿੱਲੀ-ਐੱਨਸੀਆਰ ਦੇ ਮੈਕਸ ਹਸਪਤਾਲ ਸਮੂਹ ਦੇ ਚਮੜੀ ਦੇ ਮਾਹਿਰ ਡਾਕਟਰ ਸੌਰਭ ਜਿੰਦਲ ਕਹਿੰਦੇ ਹਨ, "ਹਾਲਾਂਕਿ ਇਸ ਦੇ ਕੇਸ ਘੱਟ ਹਨ, ਪਰ ਹਰ ਕੇਸ ਆਪਣੇ ਆਪ ਵਿੱਚ ਗੰਭੀਰ ਹੁੰਦਾ ਹੈ।"
"ਸਾਡੇ ਕੋਲ ਆਉਣ ਵਾਲੇ ਮਰੀਜ਼ਾਂ ਵਿੱਚ ਅਜਿਹੇ ਲੋਕ ਵੀ ਹਨ ਜੋ ਖੁਰਕ ਘੱਟ ਕਰਨ ਲਈ ਮੋਮਬੱਤੀ ਨਾਲ ਸਰੀਰ ਦੇ ਉਸ ਹਿੱਸੇ ਨੂੰ ਸਾੜ ਵੀ ਦਿੰਦੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਥਿਤੀ ਕਿੰਨੀ ਗੰਭੀਰ ਹੋ ਸਕਦੀ ਹੈ।"
ਰਾਤ ਨੂੰ ਵਾਰ-ਵਾਰ ਨੀਂਦ ਵਿੱਚ ਵਿਘਨ ਤੁਹਾਡੀ ਦਿਮਾਗੀ ਸ਼ਕਤੀ ਉੱਤੇ ਅਸਰ ਪਾ ਸਕਦਾ ਹੈ।
ਡਾਕਟਰੀ ਭਾਸ਼ਾ ਵਿੱਚ ਇਸਨੂੰ ਪਰੂਰੀਗੋ ਨੋਡੂਲਰਿਸ (PN) ਕਿਹਾ ਜਾਂਦਾ ਹੈ। ਇਹ ਗੰਭੀਰ ਖੁਰਕ ਦੀ ਸਥਿਤੀ ਹੈ ਜੋ ਆਮ ਤੌਰ ''''ਤੇ ਛੇ ਹਫ਼ਤਿਆਂ ਤੱਕ ਰਹਿੰਦੀ ਹੈ।
ਖੁਰਕ ਦੇ ਨਾਲ-ਨਾਲ ਸਰੀਰ ਉੱਤੇ ਦਾਣੇਦਾਰ ਗੰਢਾਂ ਵੀ ਦਿਖਾਈ ਦਿੰਦੀਆਂ ਹਨ, ਜਿਨ੍ਹਾਂ ਨੂੰ ਨੋਡਿਊਲ ਕਿਹਾ ਜਾਂਦਾ ਹੈ। ਇਨ੍ਹਾਂ ਗੰਢਾਂ ਵਿੱਚ ਨਸਾਂ ਬਣ ਜਾਂਦੀਆਂ ਹਨ ਜੋ ਖੁਰਕ ਕਰਨ ਲਈ ਮਜਬੂਰ ਕਰਦੀਆਂ ਰਹਿੰਦੀਆਂ ਹਨ।
ਕਈ ਵਾਰ ਮਰੀਜ਼ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਉਹ ਕੋਈ ਹੋਰ ਕੰਮ ਨਹੀਂ ਕਰ ਸਕਦਾ ਅਤੇ ਨਾ ਹੀ ਆਰਾਮ ਨਾਲ ਬੈਠ ਜਾਂ ਸੌਂ ਸਕਦਾ ਹੈ।
ਲਗਾਤਾਰ ਖੁਰਕਣ ਕਾਰਨ ਬਹੁਤ ਸਾਰੇ ਲੋਕਾਂ ਦੀ ਚਮੜੀ ''''ਤੇ ਜ਼ਖ਼ਮ ਹੋ ਜਾਂਦੇ ਹਨ ਅਤੇ ਖੂਨ ਵੀ ਨਿਕਲਦਾ ਹੈ, ਪਰ ਕੋਈ ਰਾਹਤ ਮਹਿਸੂਸ ਨਹੀਂ ਹੁੰਦੀ। ਖੁਰਕ ਇੰਨੀ ਤੇਜ਼ ਹੁੰਦੀ ਹੈ ਕਿ ਵਿਅਕਤੀ ਨੂੰ ਜਲਣ ਅਤੇ ਚੁਬਣ ਮਹਿਸੂਸ ਹੋਣ ਲੱਗਦੀ ਹੈ।
ਲਾਗ ਦੀ ਬਿਮਾਰੀ ਨਹੀਂ
ਪਰੂਰੀਗੋ ਨੋਡੂਲਰਿਸ ਵਿੱਚ ਖੁਰਕ ਕਰਨ ਵਾਲੇ ਨੂੰ ਇੰਝ ਲਗਦਾ ਹੈ ਜਿਵੇਂ ਕਈ ਕੀੜੀਆਂ ਉਸ ਨੂੰ ਇੱਕੋ ਸਮੇਂ ਕੱਟਣ ਲੱਗ ਪਈਆਂ ਹੋਣ। ਇਹ ਅਚਾਨਕ ਤਿੱਖੀ ਖੁਰਕ ਤੋਂ ਵੱਖਰੀ ਸਥਿਤੀ ਹੈ ਕਿਉਂਕਿ ਇਸ ਵਿੱਚ ਖੁਰਕ ਲਗਾਤਾਰ ਮਹਿਸੂਸ ਹੁੰਦੀ ਹੈ।
ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਇਹ ਲਾਗ ਨਾਲ ਫੈਲਦੀ ਨਹੀਂ ਹੈ, ਯਾਨੀ ਇਹ ਕਿਸੇ ਨੂੰ ਛੂਹਣ ਜਾਂ ਨੇੜੇ ਆਉਣ ਨਾਲ ਨਹੀਂ ਫੈਲਦੀ ਹੈ। ਇਸ ਕਾਰਨ ਵੀ ਇਸ ਨੂੰ ਇੱਕ ਦੁਰਲੱਭ ਬਿਮਾਰੀ ਵਜੋਂ ਦੇਖਿਆ ਜਾਂਦਾ ਹੈ।
ਅਮਰੀਕਨ ਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਰੇਅਰ ਡਿਸਆਰਡਰਜ਼ (ਐਨਓਆਰਡੀ) ਦੇ ਅੰਕੜਿਆਂ ਅਨੁਸਾਰ ਇਹ ਬਿਮਾਰੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਤੀ 1 ਲੱਖ ਲੋਕਾਂ ਵਿੱਚ 22 ਤੋਂ 72 ਲੋਕਾਂ ਵਿੱਚ ਦੇਖੀ ਜਾਂਦੀ ਹੈ।
ਇਸ ਦੇ ਰਗੜੇ ਵਿੱਚ ਆਏ ਜ਼ਿਆਦਾਤਰ ਲੋਕ 40 ਤੋਂ 69 ਸਾਲ ਦੀ ਉਮਰ ਦੇ ਹੁੰਦੇ ਹਨ।
ਇੰਨਾ ਹੀ ਨਹੀਂ ਔਰਤਾਂ ਵੀ ਇਸ ਤਰ੍ਹਾਂ ਦੀ ਖੁਰਕ ਦਾ ਸ਼ਿਕਾਰ ਹੋ ਜਾਂਦੀਆਂ ਹਨ। ਐਨਓਆਰਡੀ ਦੇ ਅਨੁਸਾਰ, ਇਸ ਬਿਮਾਰੀ ਦੇ ਹਰ 100 ਮਰੀਜ਼ਾਂ ਵਿੱਚੋਂ, ਲਗਭਗ 54 ਔਰਤਾਂ ਹਨ।
ਪਰੂਰੀਗੋ ਨੋਡੂਲਰਿਸ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਅਜੇ ਤੱਕ ਇਸ ਦੇ ਕਾਰਨਾਂ ਬਿਲਕੁਲ ਸਟੀਕ ਜਾਣਕਾਰੀ ਨਹੀਂ ਹੈ, ਪਰ ਇਹ ਸਪੱਸ਼ਟ ਹੈ ਕਿ ਇਹ ਲਾਗਕਾਰੀ ਨਹੀਂ ਹੈ।
ਹਾਲਾਂਕਿ, ਪਰੂਰੀਗੋ ਨੋਡੂਲਰਿਸ, ਐਕਜ਼ੀਮਾ ਅਤੇ ਸਿਰੋਸਿਸ ਵਰਗੇ ਚਮੜੀ ਰੋਗਾਂ ਨਾਲੋਂ ਥੋੜ੍ਹੀ ਜ਼ਿਆਦਾ ਗੰਭੀਰ ਸਥਿਤੀ ਹੈ। ਇਸ ਤੋਂ ਇਲਾਵਾ ਇਹ ਗੁਰਦੇ, ਜਿਗਰ ਅਤੇ ਲਿੰਫੋਮਾ ਵਰਗੀਆਂ ਬਿਮਾਰੀਆਂ ਵਿੱਚ ਵੀ ਪੈਦਾ ਹੋ ਸਕਦੀ ਹੈ।
ਇਸ ਬਿਮਾਰੀ ਬਾਰੇ, ਨਿਊਯਾਰਕ ਦੇ ਮਾਊਂਟ ਸਿਨਾਈ ਵਿਖੇ ਆਈਕਾਨ ਸਕੂਲ ਆਫ਼ ਮੈਡੀਸਨ ਦੇ ਨਿਊਰੋ-ਇਮਯੂਨੋਲੋਜਿਸਟ ਬ੍ਰਾਇਨ ਕਿਮ ਨੇ ਬੀਬੀਸੀ ਫਿਊਚਰ ਨੂੰ ਦੱਸਿਆ, "ਲੋਕ ਤਿੱਖੀ ਅਤੇ ਪੁਰਾਣੀ ਖੁਰਕ ਨੂੰ ਗੰਭੀਰ ਦਰਦ ਸਮਝਦੇ ਹਨ, ਪਰ ਇਹ ਇਸ ਤੋਂ ਵੱਧ ਹੈ।"
"ਜ਼ਿਆਦਾ ਦਰਦ ਹੋਣ ਦੇ ਬਾਵਜੂਦ ਵੀ ਦਸ ਵਿਚੋਂ ਛੇ ਜਣੇ ਸੌਂ ਜਾਂਦੇ ਹਨ, ਪਰ ਪਰੂਰੀਗੋ ਨੋਡੁਲਰਿਸ ਵਿੱਚ ਇੱਕ ਪਲ ਦਾ ਵੀ ਚੈਨ ਨਹੀਂ ਹੁੰਦਾ। ਲੋਕ ਸਾਰੀ ਰਾਤ ਚਮੜੀ ਨੂੰ ਖੁਰਕਦੇ ਰਹਿੰਦੇ ਹਨ।"
ਅੱਜ ਤੋਂ 360 ਸਾਲ ਪਹਿਲਾਂ ਖੁਰਕ ਨੂੰ ਪਹਿਲੀ ਵਾਰ ਡਾਕਟਰੀ ਤੌਰ ''''ਤੇ ਇੱਕ ਬਿਮਾਰੀ ਵਜੋਂ ਪਛਾਣਿਆ ਗਿਆ ਸੀ। ਪਰ ਇੰਨੇ ਸਾਲਾਂ ਵਿੱਚ ਇਸ ਦੇ ਇਲਾਜ ਸਬੰਧੀ ਕੋਈ ਖਾਸ ਤਰੱਕੀ ਨਹੀਂ ਹੋਈ।
ਇਸ ਦਾ ਇੱਕ ਕਾਰਨ ਇਹ ਸੀ ਕਿ ਮਾਹਿਰਾਂ ਤੋਂ ਵੀ ਗੰਭੀਰ ਖੁਰਕ ਅਤੇ ਗੰਭੀਰ ਦਰਦ ਵਿੱਚ ਫਰਕ ਨਹੀਂ ਕੀਤਾ ਜਾਂਦਾ ਸੀ।
1920 ਦੇ ਦਹਾਕੇ ਵਿੱਚ, ਦੁਨੀਆ ਨੂੰ ਪਹਿਲੀ ਵਾਰ - ਗੰਭੀਰ ਖੁਰਕ ਅਤੇ ਗੰਭੀਰ ਦਰਦ -ਵਿੱਚ ਫਰਕ ਸਮਝ ਆਇਆ।
ਆਸਟ੍ਰੀਆ-ਜਰਮਨ ਫਿਜ਼ੀਓਲੋਜਿਸਟ ਮੈਕਸ ਵਾਨ ਫ੍ਰਾਈ ਨੇ ਸਰੀਰ ਵਿੱਚ ਇਕ ਛੋਟੇ ਜਿਹੇ ਅੰਗ ਦੀ ਖੋਜ ਕੀਤੀ ਜਿਸ ਕਾਰਨ ਖੁਰਕ ਤੋਂ ਕੁਝ ਸਮੇਂ ਬਾਅਦ ਦਰਦ ਮਹਿਸੂਸ ਹੁੰਦਾ ਹੈ।
ਲੰਬੇ ਵਕਫੇ ਤੋਂ ਬਾਅਦ, 2007 ਵਿੱਚ, ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਜ਼ੂ ਫੇਂਗ ਸ਼ੇਨ ਦੀ ਅਗਵਾਈ ਵਾਲੀ ਇੱਕ ਟੀਮ ਨੇ ਮਨੁੱਖੀ ਰੀੜ੍ਹ ਦੀ ਹੱਡੀ ਵਿੱਚ ਮੌਜੂਦ ਨਰਵ ਸੈੱਲ ਲੱਭੇ ਜੋ ਸਰੀਰ ਵਿੱਚ ਖੁਰਕ ਦਾ ਕਾਰਨ ਬਣਦੇ ਹਨ।
ਚੂਹਿਆਂ ''''ਤੇ ਕੀਤੇ ਗਏ ਅਧਿਐਨ ਵਿੱਚ ਦੇਖਿਆ ਗਿਆ ਕਿ ਜਦੋਂ ਇਨ੍ਹਾਂ ਵਿਸ਼ੇਸ਼ ਸੈੱਲਾਂ ਨੂੰ ਹਟਾਇਆ ਗਿਆ ਤਾਂ ਉਨ੍ਹਾਂ ਨੇ ਆਪਣੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਨਾਲ ਨਹੀਂ ਖੁਰਕਿਆ, ਹਾਲਾਂਕਿ ਉਨ੍ਹਾਂ ਨੂੰ ਦਰਦ ਮਹਿਸੂਸ ਹੋਇਆ।
ਦਰਅਸਲ, ਇਸ ਪ੍ਰਯੋਗ ਦੇ ਕਾਰਨ ਵਿਗਿਆਨੀਆਂ ਨੇ ਅਜਿਹੇ ਨਿਊਰੋਨਸ ਦੀ ਖੋਜ ਕੀਤੀ ਜਿਸ ਦੇ ਜ਼ਰੀਏ ਖੁਰਕ ਦੀ ਭਾਵਨਾ ਦਿਮਾਗ ਤੱਕ ਪਹੁੰਚਦੀ ਹੈ।
ਇਸ ਤੋਂ ਬਾਅਦ, 2017 ਵਿੱਚ, ਵਾਸ਼ਿੰਗਟਨ ਯੂਨੀਵਰਸਿਟੀ ਦੇ ਸੈਂਟਰ ਫਾਰ ਦਿ ਸਟੱਡੀ ਆਫ ਇਚ ਐਂਡ ਸੈਂਸਰਰੀ ਡਿਸਆਰਡਰਜ਼ ਵਿੱਚ ਕੰਮ ਕਰ ਰਹੇ ਡਾ: ਬ੍ਰਾਇਨ ਕਿਮ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਿਪੋਰਟ ਦਿੱਤੀ ਕਿ ਜਦੋਂ ਚਮੜੀ ਵਿੱਚ ਸੋਜ ਹੁੰਦੀ ਹੈ ਤਾਂ ਸਰੀਰ ਵਿੱਚ ਆਈਐਲ-4 ਅਤੇ ਆਈਐਲ-13 ਰਸਾਇਣ ਰਿਸਦੇ ਹਨ। ਇਮਿਊਨ ਸੈੱਲ, (ਜਿਨ੍ਹਾਂ ਨੂੰ ਸਾਇਟੋਕਿਨਸ ਕਹਿੰਦੇ ਹਨ), ਇਹ ਸੰਵੇਦਨਸ਼ੀਲ ਨਿਊਰੋਨ ਕਾਰਨ ਖੁਰਕ ਹੁੰਦੀ ਹੈ।
ਕੈਲੀਫੋਰਨੀਆ ਯੂਨੀਵਰਸਿਟੀ ਦੇ ਚਮੜੀ ਵਿਭਾਗ ਦੇ ਪ੍ਰੋਫੈਸਰ ਮਾਰਲਿਸ ਫਾਵਸੇਟ ਨੇ ਬੀਬੀਸੀ ਫਿਊਚਰ ਨੂੰ ਦੱਸਿਆ ਕਿ ਡਾ: ਬ੍ਰਾਇਨ ਕਿਮ ਦੀ ਖੋਜ ਨੇ ਅਜਿਹੇ ਅਣੂਆਂ ਦੀ ਖੋਜ ਵੀ ਕੀਤੀ ਹੈ ਜੋ ਇਨ੍ਹਾਂ ਨਿਊਰੋਨਾਂ ਦੀ ਸਰਗਰਮੀ ਨੂੰ ਘਟਾਉਂਦੇ ਹਨ।
ਇਨ੍ਹਾਂ ਮੁੱਦਿਆਂ ''''ਤੇ ਖੋਜ ਕਰਦੇ ਹੋਏ, ਫਾਸੇਟ ਨੇ 2023 ਵਿੱਚ ਕਮਾਲ ਦੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੀ ਖੋਜ ਦੇ ਅਨੁਸਾਰ, ਆਈਐਲਰ-31 ਇੱਕ ਅਜਿਹਾ ਰਸਾਇਣ ਹੈ, ਜਿਸ ਦੀ ਸਰਗਰਮੀ ਨੂੰ ਘਟਾ ਕੇ ਖੁਰਕ ਨੂੰ ਘੱਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੇ ਇੱਕ ਅਧਿਐਨ ਵਿੱਚ, ਇਹ ਸਪੱਸ਼ਟ ਹੋਇਆ ਹੈ ਕਿ ਸਰੀਰ ਵਿੱਚ ਇਸ ਕੈਮੀਕਲ ਨੂੰ ਘਟਾ ਕੇ, ਖੁਜਲੀ ਦੀ ਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ।
ਫਾਸੇਟ ਆਪਣੇ ਨਵੇਂ ਅਧਿਐਨ ਬਾਰੇ ਦੱਸਦੇ ਹੈ, "ਆਈਐਲ-31 ਰਸਾਇਣ ਨੂੰ ਕਾਬੂ ਕਰਨ ਵਾਲੀ ਦਵਾਈ ਦਾ ਇੱਕ ਅਸਰ ਇਹ ਹੋ ਸਕਦਾ ਹੈ ਕਿ ਇਹ ਇਮਿਊਨ ਸਿਸਟਮ ਨੂੰ ਨਸ਼ਟ ਕਰ ਸਕਦੀ ਹੈ ਅਤੇ ਭਾਵੇਂ ਇਸ ਨਾਲ ਖੁਰਕ ਭਾਵੇਂ ਮਹਿਸੂਸ ਨਾ ਹੋਵੇ, ਪਰ ਸੋਜ ਬੇਕਾਬੂ ਹੋ ਸਕਦੀ ਹੈ।"
ਅਜਿਹੀ ਖੁਰਕ ਦਾ ਇਲਾਜ ਕੀ ਹੈ?
ਦਰਅਸਲ, ਸਾਇੰਸਦਾਨ ਇਸ ਤਰ੍ਹਾਂ ਦੀ ਖੁਰਕ ਨੂੰ ਕੰਟਰੋਲ ਕਰਨ ਲਈ ਦਵਾਈਆਂ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਦਾਹਰਨ ਲਈ, ਨਿਮੋਲਿਜ਼ਮਾਬ ਦੇ ਦੂਜੇ ਅਤੇ ਤੀਜੇ ਪੜਾਅ ਦੇ ਟਰਾਇਲ ਹਾਲ ਹੀ ਵਿੱਚ ਨੇਪਰੇ ਚੜ੍ਹੇ ਹਨ।
ਇਸ ਖੁਰਕ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਡੁਪਿਲੁਮਬ ਦੀ ਵਰਤੋਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਸ਼ੁਰੂ ਵੀ ਹੋ ਗਈ ਹੈ। ਇਸਨੂੰ ਹਾਲ ਹੀ ਵਿੱਚ ਆਈਐਲ-4 ਅਤੇ ਆਈਐਲ-13 ਦੋਵਾਂ ਰਸਾਇਣਾਂ ਨੂੰ ਕੰਟਰੋਲ ਕਰਨ ਦਾ ਲਾਇਸੈਂਸ ਮਿਲਿਆ ਹੈ।
ਇਸ ਤੋਂ ਇਲਾਵਾ ਈਪੀ262, ਐਬਰੋਸਿਟੀਨਿਬ ਅਤੇ ਐਪਡਾਸਿਟੀਨਿਬ ਰਾਹੀਂ ਖੁਰਕ ਦੇ ਇਲਾਜ ਲਈ ਵੀ ਟਰਾਇਲ ਚੱਲ ਰਹੇ ਹਨ।
ਪਿਛਲੇ ਸਾਲ, ਯੂਨੀਵਰਸਿਟੀ ਆਫ਼ ਮਿਲਰ ਸਕੂਲ ਆਫ਼ ਮੈਡੀਸਨ ਵਿੱਚ ਚਮੜੀ ਵਿਗਿਆਨ ਦੇ ਪ੍ਰੋਫੈਸਰ ਡਾ. ਗਿਲ ਯੋਸੀਪੋਵਿਚ ਨੇ ਡਾ. ਬ੍ਰਾਇਨ ਕਿਮ ਦੀ ਟੀਮ ਦੇ ਨਾਲ, ਪਰੂਰੀਗੋ ਨੋਡੂਲਰਿਸ ਦੇ ਇਲਾਜ ਲਈ ਡੁਪਿਲੁਮਬ ਦੀ ਵਰਤੋਂ ਦੇ ਦੋ ਪੜਾਅ ਤਿੰਨ ਟਰਾਇਲ ਮੁਕੰਮਲ ਕੀਤੇ।
24 ਹਫ਼ਤਿਆਂ ਤੱਕ ਚੱਲੇ ਇੱਕ ਪ੍ਰਯੋਗ ਵਿੱਚ ਦੇਖਿਆ ਗਿਆ ਕਿ ਡੁਪਿਲੁਮਬ ਦੀ ਵਰਤੋਂ ਨਾਲ ਸੱਠ ਫੀਸਦੀ ਮਰੀਜ਼ਾਂ ਵਿੱਚ ਖੁਰਕ ਘੱਟ ਹੋ ਗਈ। ਇਸ ਪ੍ਰਯੋਗ ਤੋਂ ਬਾਅਦ ਹੀ, ਟ੍ਰਾਇਲ ਦੇ ਵਲੰਟੀਅਰਾਂ ਵਿੱਚ ਖੁਰਕ ਵਿੱਚ ਮਹੱਤਵਪੂਰਨ ਕਮੀ ਦੇਖੀ ਗਈ।
ਇਸ ਤੋਂ ਬਾਅਦ ਹੀ, ਯੂਐੱਸ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਨੇ ਹੁਣ ਪਰੂਰੀਗੋ ਨੋਡੂਲਰਿਸ ਦੇ ਮਰੀਜ਼ਾਂ ਦੇ ਇਲਾਜ ਲਈ ਡੁਪਿਲੁਮਬ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਯੋਸੀਪੋਵਿਚ ਕਹਿੰਦੇ ਹਨ, "ਪਰੂਰੀਗੋ ਨੋਡੂਲਰਿਸ ਸਭ ਤੋਂ ਜ਼ਿਆਦਾ ਖਾਰਸ਼ ਵਾਲੀ ਸਥਿਤੀਆਂ ਵਿੱਚੋਂ ਇੱਕ ਹੈ। ਅਜੇ ਤੱਕ ਇਸ ਦਾ ਕੋਈ ਅਸਰਦਾਰ ਇਲਾਜ ਨਹੀਂ ਸੀ, ਇਸ ਲਈ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਤਕਲੀਫ਼ ਹੋ ਰਹੀ ਸੀ। ਹਾਲਾਂਕਿ ਹੁਣ ਉਨ੍ਹਾਂ ਨੂੰ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ।"
ਆਈਕਾਨ ਸਕੂਲ ਆਫ਼ ਮੈਡੀਸਨ ਵਿਖੇ, ਡਾ. ਬ੍ਰਾਇਨ ਕਿਮ ਦੀ ਨਵੀਂ ਲੈਬ ਨਾਟਾਲਿਜੀਆ ਪੇਰੇਸਸੇਟਿਕਾ ਦੇ ਇਲਾਜ ਲਈ ਦਵਾਈ ਡਿਫੇਕਲੀਫਾਲਿਨ ਦੀ ਜਾਂਚ ਕਰ ਰਹੀ ਹੈ। ਇਸ ਨੂੰ ਯੂਐੱਸ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਨੇ ਵੀ ਮਨਜ਼ੂਰੀ ਦਿੱਤੀ ਹੈ।
ਜ਼ਾਹਿਰ ਹੈ ਕਿ ਇਹ ਦਵਾਈਆਂ ਉਮੀਦ ਦੇ ਰਹੀਆਂ ਹਨ। ਧਿਆਨ ਰਹੇ ਇਹ ਸਭ ਅਜੇ ਵੀ ਪ੍ਰਯੋਗ ਅਧੀਨ ਹਨ। ਜਿਵੇਂ ਕਿ ਯੋਸੀਪੋਵਿਚ ਕਹਿੰਦੇ ਹਨ, ਇਨ੍ਹਾਂ ਦਵਾਈਆਂ ਨੂੰ ਆਮ ਲੋਕਾਂ ਤੱਕ ਪਹੁੰਚਣ ਵਿੱਚ ਘੱਟੋ-ਘੱਟ ਪੰਜ ਸਾਲ ਲੱਗਣਗੇ।
ਡਾ: ਸੌਰਭ ਜਿੰਦਲ ਕਹਿੰਦੇ ਹਨ, “ਇਹ ਦਵਾਈਆਂ ਅਮਰੀਕਾ ਵਿੱਚ ਆਮ ਲੋਕਾਂ ਤੱਕ ਪਹੁੰਚਣ ਵਿੱਚ ਪੰਜ ਸਾਲ ਲੱਗਣਗੇ, ਜਦੋਂ ਕਿ ਭਾਰਤ ਵਰਗੇ ਦੇਸ਼ਾਂ ਵਿੱਚ ਇਸ ਨੂੰ ਘੱਟੋ-ਘੱਟ ਦਸ ਸਾਲ ਲੱਗ ਜਾਣਗੇ। ਫਿਰ ਵੀ ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਇਹ ਪ੍ਰਯੋਗ ਬਹੁਤ ਮਹੱਤਵਪੂਰਨ ਹਨ।
ਧਿਆਨ ਰੱਖਣਯੋਗ ਗੱਲਾਂ:
ਡਾ: ਸੌਰਭ ਜਿੰਦਲ ਪਰੂਰੀਗੋ ਨੋਡੂਲਰਿਸ ਦੇ ਮਰੀਜ਼ਾਂ ਦਾ ਇਲਾਜ ਕਿਵੇਂ ਕਰਦੇ ਹਨ, ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਚਮੜੀ ਦੀ ਦੇਖਭਾਲ ਦਾ ਜ਼ਿਕਰ ਕੀਤਾ। ਇਸ ਲਈ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦਵਾਉਂਦੇ ਹਨ-
1. ਪਹਿਲਾਂ ਉਹ ਦੇਖਦੇ ਹਨ ਕਿ ਕੀ ਮਰੀਜ਼ ਨੂੰ ਖੂਨ, ਲੀਵਰ ਅਤੇ ਗੁਰਦੇ ਦੀ ਕੋਈ ਸਮੱਸਿਆ ਹੈ ਜਾਂ ਨਹੀਂ। ਉਹ ਇਹ ਵੀ ਦੇਖਦੇ ਹਨ ਕਿ ਉਸ ਨੂੰ ਕਿਹੜੀਆਂ ਚੀਜ਼ਾਂ ਤੋਂ ਐਲਰਜੀ ਹੈ।
2. ਖੁਰਕ ਨੂੰ ਘਟਾਉਣ ਲਈ ਦਵਾਈਆਂ ਮੌਜੂਦ ਹਨ, ਪਰ ਇਹ ਪਰੂਰੀਗੋ ਨੋਡੂਲਰਿਸ ਵਿੱਚ ਬਹੁਤੀਆਂ ਕਾਰਗਰ ਨਹੀਂ ਹਨ। ਅਜਿਹੀ ਸਥਿਤੀ ''''ਚ ਖਾਰਸ਼ ਵਧ ਜਾਂਦੀ ਹੈ ਅਤੇ ਇੱਕ ਤਰ੍ਹਾਂ ਦਾ ਚੱਕਰ ਬਣ ਜਾਂਦਾ ਹੈ। ਉਹ ਮਰੀਜ਼ਾਂ ਨੂੰ ਸਮਝਾਉਂਦੇ ਹਨ ਕਿ ਜਿੰਨਾ ਹੋ ਸਕੇ ਖੁਰਕਣ ਤੋਂ ਬਚਣਾ ਚਾਹੀਦਾ ਹੈ।
3. ਪਰੂਰੀਗੋ ਨੋਡੂਲਰਿਸ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਹ ਉੱਥੇ ਹੀ ਹੁੰਦਾ ਹੈ ਜਿੱਥੇ ਹੱਥ ਪਹੁੰਚ ਸਕਦਾ ਹੈ, ਭਾਵ ਨਹੁੰਆਂ ਤੋਂ ਖੁਜਲੀ ਸ਼ੁਰੂ ਹੁੰਦੀ ਹੈ। ਹੱਥ ਪਿੱਠ ਦੇ ਉਪਰਲੇ ਹਿੱਸੇ ਤੱਕ ਹੱਥ ਨਹੀਂ ਪਹੁੰਚਦਾ ਤਾਂ ਇਹ ਉਥੇ ਨਹੀਂ ਹੁੰਦਾ. ਉਹ ਮਰੀਜ਼ਾਂ ਨੂੰ ਸਮਝਾਉਂਦੇ ਹਨ ਕਿ ਉਹ ਆਪਣੇ ਨਹੁੰ ਛੋਟੇ ਰੱਖਣ ਅਤੇ ਆਪਣੀ ਮੁੱਠੀ ਨੂੰ ਬੰਦ ਕਰਕੇ ਰੱਖਣ।
4. ਉਹ ਖਾਰਸ਼ ਵਾਲੀ ਥਾਂ ''''ਤੇ ਚੰਗੀ ਗੁਣਵੱਤਾ ਵਾਲਾ ਮਾਇਸਚਰਾਈਜ਼ਰ ਲਾਉਂਦੇ ਰਹਿਣ ਦੀ ਵੀ ਸਲਾਹ ਦਿੰਦੇ ਹਨ। ਖੁਸ਼ਕ ਚਮੜੀ ਵਿੱਚ ਇਹ ਸਮੱਸਿਆ ਵਧ ਸਕਦੀ ਹੈ।
5. ਇਸ ਬਿਮਾਰੀ ਦਾ ਅਜੇ ਤੱਕ ਕੋਈ ਰਵਾਇਤੀ ਇਲਾਜ ਨਹੀਂ ਹੈ, ਇਸ ਲਈ ਲੰਬੇ ਸਮੇਂ ਤੱਕ ਸਾਵਧਾਨੀ ਨਾਲ ਇਲਾਜ ਕਰਨਾ ਪੈਂਦਾ ਹੈ। ਕਈ ਵਾਰ ਇਹ ਰੋਗੀਆਂ ਲਈ ਦੁਖਦਾਈ ਹੋ ਸਕਦਾ ਹੈ, ਉਹ ਡਿਪਰੈਸ਼ਨ ਵਿੱਚ ਘਿਰ ਸਕਦੇ ਹਨ। ਇਸ ਲਈ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਕਾਊਂਸਲਿੰਗ ਕੀਤੀ ਜਾਂਦੀ ਹੈ।
6. ਅੱਧਖੜ ਉਮਰ ਦੀਆਂ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ। ਸਰੀਰਕ ਤੋਂ ਲੈ ਕੇ ਭਾਵਨਾਤਮਕ ਪੱਧਰ ਤੱਕ ਉਨ੍ਹਾਂ ਦੇ ਸਰੀਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਿਮਾਰੀ ਤੋਂ ਠੀਕ ਹੋਣ ਦੀ ਲੰਬੀ ਪ੍ਰਕਿਰਿਆ ਨੂੰ ਦੇਖਦੇ ਹੋਏ ਔਰਤਾਂ ਇਸ ਦੇ ਇਲਾਜ ਤੋਂ ਬਚਦੀਆਂ ਹਨ, ਜਦਕਿ ਉਨ੍ਹਾਂ ਨੂੰ ਡਾਕਟਰੀ ਸਲਾਹ ਦੀ ਜ਼ਿਆਦਾ ਲੋੜ ਹੁੰਦੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)